ਕੀ ਸਾਰੇ ਡਾਕਟਰੀ ਇਲਾਜ ਠੀਕ ਹਨ?
ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਸਾਰੇ ਡਾਕਟਰੀ ਇਲਾਜ ਠੀਕ ਹਨ?
ਆਮ ਤੌਰ ਤੇ ਸਾਰਿਆਂ ਲੋਕਾਂ ਨੂੰ ਬੀਮਾਰੀਆਂ ਅਤੇ ਸੱਟਾਂ ਲੱਗਦੀਆਂ ਰਹਿੰਦੀਆਂ ਹਨ। ਅਤੇ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਕਈ ਲੋਕ ਡਾਕਟਰੀ ਇਲਾਜ ਭਾਲਦੇ ਹਨ। ਯਿਸੂ ਮਸੀਹ ਜਾਣਦਾ ਸੀ ਕਿ ਕੁਝ ਹੱਦ ਤਕ ਡਾਕਟਰੀ ਇਲਾਜ ਤੋਂ ਲਾਭ ਮਿਲ ਸਕਦਾ ਹੈ। ਇਸ ਲਈ ਉਸ ਨੇ ਕਿਹਾ ਕਿ “ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ।”—ਲੂਕਾ 5:31.
ਇਹ ਸ਼ਬਦ ਲੂਕਾ ਨੇ ਲਿਖੇ ਸਨ, ਜੋ ਕਿ ਖ਼ੁਦ ਇਕ ਡਾਕਟਰ ਸੀ। (ਕੁਲੁੱਸੀਆਂ 4:14) ਹੋ ਸਕਦਾ ਹੈ ਕਿ ਸਾਥ-ਸਾਥ ਸਫ਼ਰ ਕਰਨ ਕਰਕੇ ਪੌਲੁਸ ਰਸੂਲ ਨੂੰ ਲੂਕਾ ਦੀ ਡਾਕਟਰੀ ਸਲਾਹ ਤੋਂ ਕੁਝ ਫ਼ਾਇਦਾ ਹੋਇਆ ਹੋਵੇ। ਪਰ ਕੀ ਬਾਈਬਲ ਵਿਚ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਮਸੀਹੀਆਂ ਨੂੰ ਕਿਸ ਤਰ੍ਹਾਂ ਦੀ ਡਾਕਟਰੀ ਦੇਖ-ਭਾਲ ਸਵੀਕਾਰ ਕਰਨੀ ਚਾਹੀਦੀ ਹੈ? ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਡਾਕਟਰੀ ਇਲਾਜ ਚੁਣਦੇ ਹੋ?
ਸ਼ਾਸਤਰ-ਸੰਬੰਧੀ ਸਲਾਹ
ਬਾਈਬਲ ਸਾਨੂੰ ਡਾਕਟਰੀ ਇਲਾਜ ਦੇ ਸੰਬੰਧ ਵਿਚ ਸਹੀ ਚੋਣ ਕਰਨ ਲਈ ਸਲਾਹ ਦੇ ਸਕਦੀ ਹੈ। ਮਿਸਾਲ ਲਈ, ਬਿਵਸਥਾ ਸਾਰ 18:10-12 ਤੋਂ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਫਾਲ ਪਾਉਣੇ ਅਤੇ ਜਾਦੂ-ਟੂਣੇ ਕਰਨੇ ਪਰਮੇਸ਼ੁਰ ਦੀ ਨਜ਼ਰ ਵਿਚ “ਘਿਣਾਉਣੇ” ਕੰਮ ਹਨ। ਇਹ “ਜਾਦੂਗਰੀ” ਹੈ, ਅਤੇ ਪੌਲੁਸ ਨੇ ਵੀ ਇਸ ਬਾਰੇ ਚੇਤਾਵਨੀ ਦਿੱਤੀ ਸੀ। (ਗਲਾਤੀਆਂ 5:19-21) ਇਸ ਲਈ, ਸੱਚੇ ਮਸੀਹੀ ਬੀਮਾਰੀ ਦਾ ਕਾਰਨ ਭਾਲਣ ਲਈ ਜਾਂ ਇਲਾਜ ਕਰਵਾਉਣ ਲਈ ਜਾਦੂਗਰੀ ਦੇ ਹਰੇਕ ਕਿਸਮ ਤੋਂ ਦੂਰ ਰਹਿੰਦੇ ਹਨ।
ਬਾਈਬਲ ਇਹ ਵੀ ਦੱਸਦੀ ਹੈ ਕਿ ਸਾਡਾ ਸਿਰਜਣਹਾਰ ਜੀਵਨ ਅਤੇ ਲਹੂ ਦੀ ਪਵਿੱਤਰਤਾ ਨੂੰ ਬਹੁਤ ਹੀ ਵੱਡੀ ਗੱਲ ਸਮਝਦਾ ਹੈ। (ਉਤਪਤ 9:3, 4) ਯਹੋਵਾਹ ਦੇ ਗਵਾਹਾਂ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਉਹ ‘ਲਹੂ ਤੋਂ ਬਚੇ ਰਹਿਣ।’ (ਰਸੂਲਾਂ ਦੇ ਕਰਤੱਬ 15:28, 29) ਉਹ ਇਸ ਹੁਕਮ ਦੀ ਪਾਲਣਾ ਦ੍ਰਿੜ੍ਹਤਾ ਨਾਲ ਕਰਦੇ ਹਨ। ਇਸ ਲਈ ਉਹ ਅਜਿਹੀ ਡਾਕਟਰੀ ਕਾਰਵਾਈ ਨੂੰ ਕਬੂਲ ਨਹੀਂ ਕਰਦੇ ਜੋ ਬਾਈਬਲ ਦਾ ਇਹ ਹੁਕਮ ਤੋੜਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਹਰ ਡਾਕਟਰੀ ਇਲਾਜ ਨੂੰ ਠੁਕਰਾਉਂਦੇ ਹਨ। ਸਗੋਂ, ਉਹ ਆਪਣੇ ਲਈ ਅਤੇ ਆਪਣਿਆਂ ਬੱਚਿਆਂ ਲਈ ਸਭ ਤੋਂ ਵਧੀਆ ਇਲਾਜਾਂ ਦੀ ਖੋਜ ਕਰਦੇ ਹਨ। ਪਰ ਉਹ ਚਾਹੁੰਦੇ ਹਨ ਕਿ ਸਿਹਤ ਦੇ ਮਾਹਰ ਉਨ੍ਹਾਂ ਦਾ ਇਲਾਜ ਕਰਦੇ ਹੋਏ ਅਜਿਹੇ ਤਰੀਕੇ ਵਰਤਣ ਜਿਨ੍ਹਾਂ ਦੁਆਰਾ ਉਨ੍ਹਾਂ ਦੇ ਧਰਮੀ ਸਿਧਾਂਤ ਨਾ ਤੋੜੇ ਜਾਣ।
ਸੋਚ-ਸਮਝ ਕੇ ਚੱਲੋ
ਰਾਜਾ ਸੁਲੇਮਾਨ ਨੇ ਚੇਤਾਵਨੀ ਦਿੱਤੀ ਸੀ ਕਿ “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਭਾਵੇਂ ਕਿ ਕੋਈ ਡਾਕਟਰੀ ਫ਼ੈਸਲਾ ਬਾਈਬਲ ਦੇ ਸਿਧਾਂਤਾਂ ਦੇ ਵਿਰੁੱਧ ਨਾ ਹੋਵੇ, ਫਿਰ ਵੀ ਸਾਨੂੰ ‘ਦੇਖ ਭਾਲ ਕੇ ਚੱਲਣਾ’ ਚਾਹੀਦਾ ਹੈ। ਹਰ ਤਰ੍ਹਾਂ ਦਾ ਇਲਾਜ ਫ਼ਾਇਦੇਮੰਦ ਨਹੀਂ ਹੁੰਦਾ। ਜਦੋਂ ਯਿਸੂ ਨੇ ਕਿਹਾ ਸੀ ਕਿ “ਰੋਗੀਆਂ ਨੂੰ ਹਕੀਮ ਦੀ ਲੋੜ ਹੈ,” ਉਹ ਆਪਣੇ ਸਮੇਂ ਦੇ ਹਰੇਕ ਡਾਕਟਰੀ ਇਲਾਜ ਨੂੰ ਮਨਜ਼ੂਰੀ ਨਹੀਂ ਦੇ ਰਿਹਾ ਸੀ। ਉਹ ਜਾਣਦਾ ਸੀ ਕਿ ਕੁਝ ਇਲਾਜ ਚੰਗੇ ਅਤੇ ਕੁਝ ਗ਼ਲਤ ਜਾਂ ਬੇਕਾਰ ਸਨ। *
ਇਸੇ ਤਰ੍ਹਾਂ ਅੱਜ ਵੀ ਕੁਝ ਇਲਾਜ ਬੇਕਾਰ, ਇੱਥੋਂ ਤਕ ਕਿ ਕੁਝ ਦਵਾਈਆਂ ਨਕਲੀ ਵੀ ਹੋ ਸਕਦੀਆਂ ਹਨ। ਜੇ ਅਸੀਂ ਸੋਚ-ਸਮਝ ਕੇ ਨਾ ਚੱਲੀਏ ਤਾਂ ਅਸੀਂ ਆਪਣੇ ਆਪ ਨੂੰ ਬੇਲੋੜੇ ਖ਼ਤਰੇ ਵਿਚ ਪਾ ਸਕਦੇ ਹਾਂ। ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜੋ ਇਲਾਜ ਇਕ ਵਿਅਕਤੀ ਨੂੰ ਠੀਕ ਬਹਿੰਦਾ ਹੈ ਉਹ ਦੂਸਰੇ ਨੂੰ ਸ਼ਾਇਦ ਠੀਕ ਨਾ ਬੈਠੇ, ਹੋ ਸਕਦਾ ਹੈ ਕਿ ਇਹ ਉਸ ਨੂੰ ਨੁਕਸਾਨ ਵੀ ਪਹੁੰਚਾਵੇ। ਇਲਾਜ ਬਾਰੇ ਫ਼ੈਸਲਾ ਕਰਦੇ ਹੋਏ, ਇਕ ਸਮਝਦਾਰ ਵਿਅਕਤੀ ‘ਹਰੇਕ ਗੱਲ ਨੂੰ ਸੱਤ ਮੰਨਣ’ ਦੀ ਬਜਾਇ ਇਲਾਜ ਚੁਣਨ ਵਿਚ ਸਾਵਧਾਨੀ ਨਾਲ ਵਿਚਾਰ ਕਰੇਗਾ, ਉਦੋਂ ਵੀ ਜਦੋਂ ਉਸ ਦੇ ਨੇਕ-ਦਿਲ ਦੋਸਤ ਸਲਾਹ ਦਿੰਦੇ ਹਨ। ਭਰੋਸੇਯੋਗ ਜਾਣਕਾਰੀ ਹਾਸਲ ਕਰਨ ਦੁਆਰਾ ਉਹ “ਸੁਰਤ” ਦਿਖਾਵੇਗਾ, ਅਤੇ ਇਕ ਸਮਝਦਾਰ ਫ਼ੈਸਲਾ ਕਰਨ ਦੇ ਯੋਗ ਹੋਵੇਗਾ।—ਤੀਤੁਸ 2:12.
ਸਮਝਦਾਰ ਅਤੇ ਸੰਤੁਲਿਤ ਹੋਵੋ
ਆਪਣੀ ਸਿਹਤ ਬਾਰੇ ਚਿੰਤਾ ਕਰਨੀ ਠੀਕ ਹੈ। ਸਰੀਰਕ ਭਲਾਈ ਵੱਲ ਸੰਤੁਲਿਤ ਧਿਆਨ ਦੇਣ ਦੁਆਰਾ ਅਸੀਂ ਜੀਵਨ ਦੇ ਤੋਹਫ਼ੇ ਲਈ ਅਤੇ ਆਪਣੇ ਸਿਰਜਣਹਾਰ ਲਈ ਕਦਰ ਦਿਖਾਉਂਦੇ ਹਾਂ। (ਜ਼ਬੂਰ 36:9) ਚੰਗਾ ਡਾਕਟਰੀ ਇਲਾਜ ਭਾਲਦੇ ਹੋਏ, ਮਸੀਹੀਆਂ ਨੂੰ ਸਿਹਤ ਦੇ ਮਾਮਲਿਆਂ ਵਿਚ ਸੰਤੁਲਿਤ ਹੋਣਾ ਚਾਹੀਦਾ ਹੈ। ਮਿਸਾਲ ਲਈ, ਜੇ ਇਕ ਤੰਦਰੁਸਤ ਵਿਅਕਤੀ ਹੱਦੋਂ ਵੱਧ ਸਿਹਤ ਅਤੇ ਕਸਰਤ ਵੱਲ ਧਿਆਨ ਦੇਣ ਲੱਗ ਪਵੇ, ਤਾਂ ਉਹ ‘ਜ਼ਿਆਦਾ ਜ਼ਰੂਰੀ ਗੱਲਾਂ’ ਦੀ ਮਹੱਤਤਾ ਭੁੱਲ ਸਕਦਾ ਹੈ।—ਫ਼ਿਲਿੱਪੀਆਂ 1:10; 2:3, 4.
ਯਿਸੂ ਦੇ ਜ਼ਮਾਨੇ ਵਿਚ ਇਕ ਔਰਤ ਸੀ ਜੋ ਬਹੁਤ ਚਿਰ ਤੋਂ ਬੀਮਾਰ ਸੀ। ਉਸ ਨੇ ਆਪਣੀ ਬੀਮਾਰੀ ਦਾ ਇਲਾਜ ਭਾਲਣ ਲਈ ਹਕੀਮਾਂ ਕੋਲ ਜਾ-ਜਾ ਕੇ “ਆਪਣਾ ਸਭ ਕੁਝ ਖਰਚ ਕਰ ਦਿੱਤਾ।” ਇਸ ਦਾ ਨਤੀਜਾ ਕੀ ਨਿਕਲਿਆ? ਰਾਜ਼ੀ ਹੋਣ ਦੀ ਬਜਾਇ, ਉਸ ਦੀ ਬੀਮਾਰੀ ਵਧਦੀ ਗਈ, ਜਿਸ ਕਰਕੇ ਉਹ ਬਹੁਤ ਹੀ ਨਿਰਾਸ਼ ਹੋਈ। (ਮਰਕੁਸ 5:25, 26) ਆਰਾਮ ਪਾਉਣ ਲਈ ਉਸ ਨੇ ਹਰ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਸ ਔਰਤ ਦੀ ਮਿਸਾਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਉਸ ਸਮੇਂ ਦੇ ਡਾਕਟਰੀ ਵਿਗਿਆਨ ਕੋਲ ਹਰ ਇਲਾਜ ਨਹੀਂ ਸੀ। ਅੱਜ ਵੀ, ਡਾਕਟਰੀ ਖੋਜ ਅਤੇ ਤਕਨਾਲੋਜੀ ਵਿਚ ਤਰੱਕੀ ਦੇ ਬਾਵਜੂਦ, ਬਹੁਤ ਸਾਰੇ ਬੀਮਾਰ ਲੋਕ ਹਨ ਜਿਨ੍ਹਾਂ ਨੂੰ ਕੋਈ ਇਲਾਜ ਨਹੀਂ ਮਿਲਦਾ। ਇਸ ਲਈ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਡਾਕਟਰੀ ਵਿਗਿਆਨ ਕੋਲ ਹਰੇਕ ਬੀਮਾਰੀ ਦਾ ਇਲਾਜ ਨਹੀਂ ਹੈ। ਸੰਪੂਰਣ ਸਿਹਤ ਹਾਲੇ ਨਹੀਂ ਮਿਲ ਸਕਦੀ। ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਵੱਲੋਂ ‘ਕੌਮਾਂ ਦਾ ਇਲਾਜ’ ਹਾਲੇ ਭਵਿੱਖ ਵਿਚ ਹੋਣਾ ਹੈ। (ਪਰਕਾਸ਼ ਦੀ ਪੋਥੀ 22:1, 2) ਇਸ ਲਈ ਸਾਨੂੰ ਆਪਣੀ ਆਸ਼ਾ ਡਾਕਟਰੀ ਇਲਾਜ ਉੱਤੇ ਨਹੀਂ ਰੱਖਣੀ ਚਾਹੀਦੀ।—ਫ਼ਿਲਿੱਪੀਆਂ 4:5.
ਹਾਂ, ਸਾਨੂੰ ਸੋਚ-ਸਮਝ ਕੇ ਚੋਣ ਕਰਨੀ ਚਾਹੀਦੀ ਹੈ। ਜਦੋਂ ਸਾਨੂੰ ਡਾਕਟਰੀ ਇਲਾਜ ਬਾਰੇ ਕੋਈ ਫ਼ੈਸਲਾ ਕਰਨਾ ਪਵੇ ਤਾਂ ਸਾਡੀ ਚੋਣ ਤੋਂ ਇਹ ਜ਼ਾਹਰ ਹੋਣਾ ਚਾਹੀਦਾ ਹੈ ਕਿ ਅਸੀਂ ਸਿਰਫ਼ ਚੰਗੀ ਸਿਹਤ ਹੀ ਨਹੀਂ ਚਾਹੁੰਦੇ ਪਰ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਵੀ ਕਾਇਮ ਰੱਖਣਾ ਚਾਹੁੰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਦੇ ਵਾਅਦੇ ਦੀ ਪੂਰਤੀ ਦੀ ਆਸ਼ਾ ਰੱਖ ਸਕਦੇ ਹਾਂ ਕਿ ਸ਼ਾਨਦਾਰ ਨਵੇਂ ਸੰਸਾਰ ਵਿਚ “ਕੋਈ ਵਾਸੀ ਨਾ ਆਖੇਗਾ, ਮੈਂ ਬੀਮਾਰ ਹਾਂ।”—ਯਸਾਯਾਹ 33:24.
[ਫੁਟਨੋਟ]
^ ਪੈਰਾ 9 ਉਦਾਹਰਣ ਲਈ, ਡੀਓਸਕੋਰੀਡੀਜ਼ ਦੇ ਪਹਿਲੀ ਸਦੀ ਦੇ ਵਿਸ਼ਵ-ਕੋਸ਼ ਵਿਚ ਦਾਅਵਾ ਕੀਤਾ ਗਿਆ ਸੀ ਕਿ ਸ਼ਰਾਬ ਅਤੇ ਬੱਕਰੇ ਦੇ ਖਾਦ ਨੂੰ ਰਲਾ ਕੇ ਪੀਣ ਦੁਆਰਾ ਪੀਲੀਆ ਹਟਾਇਆ ਜਾ ਸਕਦਾ ਸੀ! ਨਿਰਸੰਦੇਹ, ਅਸੀਂ ਹੁਣ ਜਾਣਦੇ ਹਾਂ ਕਿ ਅਜਿਹੀ ਦਵਾਈ ਰੋਗੀ ਦੀ ਸਿਹਤ ਨੂੰ ਹੋਰ ਖ਼ਰਾਬ ਬਣਾ ਸਕਦੀ ਹੈ।
[ਸਫ਼ਾ 26 ਉੱਤੇ ਤਸਵੀਰ]
“ਡਾਕਟਰ,” 1891, by Sir Luke Fildes
[ਕ੍ਰੈਡਿਟ ਲਾਈਨ]
Tate Gallery, London/Art Resource, NY