ਜੰਗਲ ਵਿਚ ਬੱਚੇ ਦੀ ਦੇਖ-ਭਾਲ ਕਰਨੀ
ਜੰਗਲ ਵਿਚ ਬੱਚੇ ਦੀ ਦੇਖ-ਭਾਲ ਕਰਨੀ
ਕੀਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਅਫ਼ਰੀਕਾ ਦੇ ਵਿਸ਼ਾਲ ਘਾਹ-ਭਰੇ ਮੈਦਾਨਾਂ ਵਿਚ ਇਕ ਬੱਚੇ ਦਾ ਜਨਮ ਹੁੰਦਾ ਹੈ। ਸਵੇਰ ਦੀ ਧੁੱਪ ਵਿਚ ਉਹ ਧੜੰਮ ਕਰ ਕੇ ਜ਼ਮੀਨ ਤੇ ਡਿੱਗਦਾ ਹੈ। ਹੌਲੀ-ਹੌਲੀ ਮਾਂ ਆਪਣੇ ਗਿੱਲੇ ਤੇ ਚਮਕਦੇ ਨਵ-ਜੰਮੇ ਬੱਚੇ ਨੂੰ ਉਸ ਦੇ ਲੜਖੜਾ ਰਹੇ ਪੈਰਾਂ ਤੇ ਖੜ੍ਹਾ ਕਰਦੀ ਹੈ। ਬੱਚੇ ਦਾ ਭਾਰ ਸਿਰਫ਼ 120 ਕਿਲੋ ਹੈ ਅਤੇ ਉਹ 3 ਫੁੱਟ ਲੰਮਾ ਹੈ। ਦੂਸਰੀਆਂ ਮਾਵਾਂ ਤੇ ਭੈਣਾਂ ਇਸ ਨੰਨ੍ਹੇ ਬੱਚੇ ਨੂੰ ਚੰਗੀ ਤਰ੍ਹਾਂ ਦੇਖਣ, ਛੋਹਣ, ਤੇ ਸੁੰਘਣ ਲਈ ਛੇਤੀ-ਛੇਤੀ ਲਾਗੇ ਆਉਂਦੀਆਂ ਹਨ। ਹਾਂ, ਹਾਥੀ ਦਾ ਇਹ ਵੱਛਾ ਬਾਕੀ ਦੇ ਝੁੰਡ ਵਿਚ ਹਲਚਲ ਮਚਾ ਦਿੰਦਾ ਹੈ।
ਹਜ਼ਾਰਾਂ ਮੀਲ ਦੂਰ, ਅਮਰੀਕਾ ਵਿਚ, ਇਕ ਬੋਤਲ ਦੇ ਢੱਕਣ ਜਿੱਡਾ ਛੋਟਾ ਆਲ੍ਹਣਾ ਦਰਖ਼ਤ ਦੀ ਡਾਲੀ ਤੇ ਟਿਕਿਆ ਹੋਇਆ ਹੈ। ਬੀ ਹਮਿੰਗ ਬਰਡ ਨਾਂ ਦੇ ਪੰਛੀਆਂ ਦਾ ਇਕ ਜੋੜਾ ਆਲ੍ਹਣੇ ਵਿਚ ਆਪਣੇ ਦੋ ਚੂਚਿਆਂ ਦੀ ਦੇਖ-ਭਾਲ ਕਰ ਰਿਹਾ ਹੈ। ਇਹ ਰੰਗ-ਬਰੰਗੇ ਪੰਛੀ ਸਿਰਫ਼ ਮੱਖੀ ਜਿੱਡੇ ਹੁੰਦੇ ਹਨ ਪਰ ਫਿਰ ਵੀ ਬੜੀ ਤੇਜ਼ੀ ਨਾਲ ਉੱਡਦੇ ਹਨ। ਇਹ ਨਿਡਰ ਮਾਪੇ ਆਪਣੇ ਚੂਚਿਆਂ ਲਾਗੇ ਆਉਣ ਵਾਲਿਆਂ ਵੱਡਿਆਂ ਜਾਨਵਰਾਂ ਅਤੇ ਇੱਥੋਂ ਤਕ ਕੇ ਇਨਸਾਨਾਂ ਨੂੰ ਵੀ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਛੋਟੇ ਜਾਨਵਰ ਸਾਨੂੰ ਸਾਰਿਆਂ ਨੂੰ ਪਸੰਦ ਆਉਂਦੇ ਹਨ। ਛੋਟੇ ਨਿਆਣੇ ਕਤੂਰਿਆਂ ਦੇ ਜਨਮ ਤੋਂ ਖ਼ੁਸ਼ ਹੁੰਦੇ ਹਨ। ਕੀ ਸਾਡਾ ਜੀਅ ਖ਼ੁਸ਼ ਨਹੀਂ ਹੁੰਦਾ ਜਦੋਂ ਅਸੀਂ ਇਕ ਬਲੂੰਗੜੇ ਨੂੰ ਖੇਡਦੇ ਦੇਖਦੇ ਹਾਂ, ਜਾਂ ਇਕ ਿਨੱਕੇ ਜਿਹੇ ਪਿਆਰੇ ਬਾਂਦਰ ਨੂੰ ਆਪਣੀ ਮਾਂ ਨਾਲ ਚਿੰਬੜੇ ਹੋਏ ਦੇਖਦੇ ਹਾਂ, ਜਾਂ ਆਪਣੇ ਆਲ੍ਹਣੇ ਤੋਂ ਵੱਡੀਆਂ-ਵੱਡੀਆਂ ਅੱਖਾਂ ਨਾਲ ਟਿਕਟਿਕੀ ਲਾ ਕੇ ਦੇਖਣ ਵਾਲੇ ਇਕ ਿਨੱਕੇ ਜਿਹੇ ਉੱਲੂ ਨੂੰ ਦੇਖਦੇ ਹਾਂ?
ਜਾਨਵਰਾਂ ਦੇ ਬੱਚੇ ਅਕਸਰ ਉੱਨੇ ਬੇਬੱਸ ਨਹੀਂ ਹੁੰਦੇ ਜਿੰਨੇ ਕਿ ਇਨਸਾਨਾਂ ਦੇ ਬੱਚੇ ਹੁੰਦੇ ਹਨ। ਕੁਝ ਤਾਂ ਧਰਤੀ ਉੱਤੇ ਆਪਣੇ ਿਨੱਕੇ-ਿਨੱਕੇ ਪੈਰ ਰੱਖਣ ਤੋਂ ਥੋੜ੍ਹੀ ਦੇਰ ਬਾਅਦ ਹੀ ਦੌੜਨ ਦੇ ਕਾਬਲ ਹੋ ਜਾਂਦੇ ਹਨ। ਦੂਸਰੇ ਬੱਚੇ ਜਨਮ ਤੋਂ ਬਾਅਦ ਖ਼ੁਦ ਆਪਣੀ ਦੇਖ-ਭਾਲ ਕਰਨ ਲਈ ਬਿਲਕੁਲ ਇਕੱਲੇ ਛੱਡੇ ਜਾਂਦੇ ਹਨ। ਲੇਕਿਨ, ਕਈਆਂ ਛੋਟਿਆਂ ਜਾਨਵਰਾਂ ਅਤੇ ਕੀੜੇ-ਮਕੌੜਿਆਂ ਦਾ ਬਚਾਅ ਉਨ੍ਹਾਂ ਦੇ ਮਾਪਿਆਂ ਦੇ ਪਾਲਣ-ਪੋਸਣ, ਰਖਵਾਲੀ, ਸਿਖਲਾਈ, ਅਤੇ ਦੇਖ-ਭਾਲ ਉੱਤੇ ਨਿਰਭਰ ਕਰਦਾ ਹੈ। ਅਤੇ ਇਹ ਸਾਰੀ ਦੇਖ-ਭਾਲ ਮਾਪਿਆਂ ਅਤੇ ਬੱਚਿਆਂ ਦੇ ਨਜ਼ਦੀਕੀ ਬੰਧਨ ਕਾਰਨ ਹੁੰਦੀ ਹੈ।
ਅਨੋਖੇ ਮਾਂ-ਬਾਪ
ਜ਼ਿਆਦਾਤਰ ਕੀੜੇ-ਮਕੌੜੇ, ਮੱਛੀਆਂ, ਜਲਥਲੀ ਅਤੇ ਰੀਂਗਣ ਵਾਲੇ ਜਾਨਵਰ ਆਪਣੇ ਬੱਚਿਆਂ ਵਿਚ ਬਹੁਤ ਹੀ ਘੱਟ ਦਿਲਚਸਪੀ ਲੈਂਦੇ ਹਨ। ਲੇਕਿਨ, ਕੁਝ ਜਾਨਵਰ ਆਪਣੇ ਬੱਚਿਆਂ ਦਾ ਬਹੁਤ ਖ਼ਿਆਲ ਰੱਖਦੇ ਹਨ। ਇਕ ਅਨੋਖਾ ਜਾਨਵਰ ਡਰਾਉਣਾ ਮਗਰਮੱਛ ਹੈ। ਇਹ ਠੰਢੇ ਖ਼ੂਨ ਵਾਲਾ ਰੀਂਗਣ ਵਾਲਾ ਜਾਨਵਰ ਮਾਂ-ਬਾਪ ਵਜੋਂ ਆਪਣੇ ਬੱਚਿਆਂ ਦੀ ਅਨੋਖੀ ਦੇਖ-ਭਾਲ ਕਰਦਾ ਹੈ। ਗਰਮ ਰੇਤ ਵਿਚ ਆਂਡੇ ਦੇਣ ਤੋਂ ਬਾਅਦ, ਮਾਂ-ਬਾਪ ਆਪਣੀ ਹੋਣ ਵਾਲੀ ਔਲਾਦ ਦੀ ਰੱਖਿਆ ਕਰਨ ਲਈ ਉਨ੍ਹਾਂ ਦੇ ਲਾਗੇ ਰਹਿੰਦੇ ਹਨ। ਜਦੋਂ ਿਨੱਕੇ ਮਗਰਮੱਛ ਆਂਡਿਆਂ ਵਿੱਚੋਂ ਨਿਕਲਣ ਵਾਲੇ ਹੁੰਦੇ ਹਨ, ਉਹ ਕੁੜ-ਕੁੜ ਕਰਨ ਲੱਗ ਪੈਂਦੇ ਹਨ, ਤਾਂਕਿ ਮਾਂ ਆਂਡਿਆਂ ਨੂੰ ਰੇਤ ਵਿੱਚੋਂ ਕੱਢ ਸਕੇ। ਬਾਅਦ ਵਿਚ ਉਹ ਆਪਣੇ ਤਕੜੇ ਜਬਾੜ੍ਹਿਆਂ ਵਿਚ ਨਰਮੀ ਨਾਲ ਆਪਣੇ ਬੱਚਿਆਂ ਨੂੰ ਇਕੱਠਾ ਕਰਦੀ ਹੈ ਅਤੇ ਉਨ੍ਹਾਂ ਤੋਂ ਰੇਤ ਧੋਣ ਲਈ ਉਨ੍ਹਾਂ ਨੂੰ ਪਾਣੀ ਦੇ ਕਿਨਾਰੇ ਲੈ ਜਾਂਦੀ ਹੈ। ਮਗਰਮੱਛ ਦਾ ਪਿਉ ਵੀ ਆਪਣੇ ਬੱਚਿਆਂ ਨੂੰ ਪਾਣੀ ਕੋਲ ਲਿਜਾਂਦਾ ਦੇਖਿਆ ਗਿਆ ਹੈ। ਕੁਝ ਦਿਨਾਂ ਲਈ, ਛੋਟੇ-ਛੋਟੇ ਮਗਰਮੱਛ ਆਪਣੀ ਮਾਂ ਦੇ ਲਾਗੇ-ਲਾਗੇ ਰਹਿੰਦੇ ਹਨ ਅਤੇ ਉਸ ਦੇ ਮਗਰ-ਮਗਰ ਫਿਰਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਰੱਖਿਆ ਵਾਸਤੇ ਉਸ ਦੀ ਵੱਡੀ ਸ਼ਕਤੀ ਦਾ ਲਾਭ ਉਠਾਉਂਦੇ ਹਨ।
ਹੈਰਾਨੀ ਦੀ ਗੱਲ ਹੈ ਕਿ ਕੁਝ ਮੱਛੀਆਂ ਵੀ ਆਪਣੇ ਬੱਚਿਆਂ ਦੀ ਚੰਗੀ ਦੇਖ-ਭਾਲ ਕਰਦੀਆਂ ਹਨ। ਟਿਲਾਪੀਆ ਮੱਛੀਆਂ ਦਰਿਆਈ ਮੱਛੀਆਂ ਹਨ, ਅਤੇ ਉਹ ਆਪਣੇ ਆਂਡਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਉਨ੍ਹਾਂ ਨੂੰ ਆਪਣੇ ਮੂੰਹ ਵਿਚ ਰੱਖਦੀਆਂ ਹਨ। ਜਦੋਂ ਨਿੱਕੀਆਂ-ਨਿੱਕੀਆਂ ਮੱਛੀਆਂ ਆਂਡਿਆਂ ਵਿੱਚੋਂ ਨਿਕਲਦੀਆਂ ਹਨ ਤਾਂ ਉਹ ਆਜ਼ਾਦੀ ਨਾਲ ਘੁੰਮਦੀਆਂ-ਫਿਰਦੀਆਂ ਹਨ। ਪਰ ਫਿਰ ਵੀ ਉਹ ਆਪਣੇ ਮਾਪਿਆਂ ਦੇ ਲਾਗੇ-ਲਾਗੇ ਰਹਿੰਦੀਆਂ ਹਨ। ਜੇਕਰ ਕੋਈ ਖ਼ਤਰਾ ਸਾਮ੍ਹਣੇ ਆਉਂਦਾ ਹੈ ਤਾਂ ਮਾਪੇ ਆਪਣਾ ਮੂੰਹ ਖੋਲ੍ਹ ਲੈਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਮੂੰਹ ਅੰਦਰ ਵੜ ਕੇ ਲੁਕ ਜਾਂਦੇ ਹਨ। ਜਦੋਂ ਖ਼ਤਰਾ ਲੰਘ ਜਾਂਦਾ ਹੈ ਤਾਂ ਬੱਚੇ ਫਿਰ ਤੋਂ ਬਾਹਰ ਨਿਕਲ ਆਉਂਦੇ ਹਨ।
ਮਧੂ-ਮੱਖੀਆਂ ਅਤੇ ਕੀੜੇ-ਮਕੌੜੇ ਵੀ ਆਪਣੇ ਬੱਚਿਆਂ ਦੀ ਦੇਖ-ਭਾਲ ਅਤੇ ਸੁਰੱਖਿਆ ਕਰਨ ਦਾ ਅਨੋਖਾ ਝੁਕਾਅ ਪ੍ਰਗਟ ਕਰਦੇ ਹਨ। ਇਨ੍ਹਾਂ ਨੂੰ ਸਮੂਹਕ ਕੀੜੇ-ਮਕੌੜੇ ਕਿਹਾ ਜਾਂਦਾ ਹੈ ਕਿਉਂਕਿ ਇਹ ਇਕੱਠੇ ਰਹਿੰਦੇ ਹਨ, ਆਪਣਿਆਂ ਆਂਡਿਆਂ ਦੀ ਸੁਰੱਖਿਆ ਲਈ ਜਗ੍ਹਾ ਤਿਆਰ ਕਰਦੇ ਹਨ, ਅਤੇ ਆਪਣੇ ਬੱਚਿਆਂ ਦੀ ਖ਼ੁਰਾਕ ਦਾ ਪ੍ਰਬੰਧ ਕਰਦੇ ਹਨ। ਮਧੂ-ਮੱਖੀ ਇਸ ਗੱਲ ਵਿਚ ਚੰਗੀ ਮਿਸਾਲ ਪੇਸ਼ ਕਰਦੀ ਹੈ। ਹਜ਼ਾਰਾਂ ਹੀ ਮਧੂ-ਮੱਖੀਆਂ ਛੱਤੇ ਵਿਚ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਇਕੱਠੀਆਂ ਕੰਮ ਕਰਦੀਆਂ ਹਨ। ਕੁਦਰਤੀ ਬੁੱਧ ਕਾਰਨ ਉਹ ਇਸ ਪਾਲਣ-ਸਥਾਨ ਦੀ ਉਸਾਰੀ, ਮੁਰੰਮਤ, ਅਤੇ ਸਾਫ਼-ਸਫ਼ਾਈ ਕਰਦੀਆਂ ਹਨ, ਇੱਥੋਂ ਤਕ ਕਿ ਉਹ ਉਸ ਦੀ ਗਰਮੀ ਤੇ ਨਮੀ ਨੂੰ ਵੀ ਠੀਕ ਰੱਖਦੀਆਂ ਹਨ।
ਪੰਛੀਆਂ ਦੇ ਮਾਪੇ
ਪੰਛੀ ਆਮ ਤੌਰ ਤੇ ਬਹੁਤ ਚੰਗੇ ਮਾਪੇ ਹੁੰਦੇ ਹਨ। ਉਹ ਆਲ੍ਹਣੇ ਲਈ ਜਗ੍ਹਾ ਚੁਣਨ ਵਿਚ, ਆਲ੍ਹਣਾ ਬਣਾਉਣ ਵਿਚ, ਅਤੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਵਿਚ ਬਹੁਤ ਸਾਰਾ ਸਮਾਂ ਅਤੇ ਬਲ ਲਗਾਉਂਦੇ ਹਨ। ਇਕ ਅਫ਼ਰੀਕੀ ਨਰ ਹਾਰਨਬਿਲ 1,600 ਤੋਂ ਜ਼ਿਆਦਾ ਵਾਰ ਆਪਣੇ ਆਲ੍ਹਣੇ ਨੂੰ ਜਾਂਦਾ ਦੇਖਿਆ ਗਿਆ ਸੀ। ਉਸ ਨੇ ਪ੍ਰਜਨਨ ਦੇ 120 ਦਿਨਾਂ ਦੌਰਾਨ ਆਪਣੇ ਸਾਥੀ ਨੂੰ ਫਲ ਦੇ ਕੁਝ 24,000 ਡੱਕਰੇ ਲਿਆ ਕੇ ਦਿੱਤੇ!
ਵਾਂਡਰਿੰਗ ਐਲਬਾਟਰੋਸ ਨਾਂ ਦਾ ਪੰਛੀ ਵੀ ਭਰੋਸੇਯੋਗ ਪ੍ਰਬੰਧ ਕਰਨ ਵਾਲਾ ਹੈ। ਉਹ ਖਾਣੇ ਦੀ ਭਾਲ ਵਿਚ ਹਜ਼ਾਰਾਂ ਮੀਲ ਉੱਡਦਾ ਹੈ ਜਦ
ਕਿ ਉਸ ਦੀ ਸਾਥਣ ਧੀਰਜ ਨਾਲ ਆਲ੍ਹਣੇ ਵਿਚ ਉਸ ਦੀ ਵਾਪਸੀ ਦਾ ਇੰਤਜ਼ਾਰ ਕਰਦੀ ਹੈ।ਉਜਾੜ ਵਿਚ ਰਹਿਣ ਵਾਲੀਆਂ ਚਿੜੀਆਂ ਆਪਣਿਆਂ ਚੂਚਿਆਂ ਦੀ ਪਿਆਸ ਮਿਟਾਉਣ ਲਈ ਇਕ ਚੰਗਾ ਤਰੀਕਾ ਅਪਣਾਉਂਦੀਆਂ ਹਨ। ਉਹ ਪਾਣੀ ਦੇ ਕੋਲ ਉੱਡ ਕੇ ਆਪਣੀ ਛਾਤੀ ਦੇ ਖੰਭਾਂ ਨੂੰ ਪਾਣੀ ਨਾਲ ਗਿੱਲਾ ਕਰ ਕੇ ਆਪਣੇ ਆਲ੍ਹਣੇ ਕੋਲ ਵਾਪਸ ਮੁੜ ਆਉਂਦੀਆਂ ਹਨ। ਫਿਰ ਚੂਚੇ ਉਨ੍ਹਾਂ ਦੇ ਗਿੱਲੇ ਖੰਭਾਂ ਤੋਂ ਪਾਣੀ ਪੀ ਲੈਂਦੇ ਹਨ।
ਜਦੋਂ ਜ਼ਿਆਦਾ ਚੂਚੇ ਹੋਣ ਅਤੇ ਮਾਪਿਆਂ ਕੋਲੋਂ ਉਨ੍ਹਾਂ ਸਾਰਿਆਂ ਦੀ ਦੇਖ-ਭਾਲ ਨਹੀਂ ਹੁੰਦੀ, ਤਾਂ ਕੁਝ ਕਿਸਮ ਦੀਆਂ ਚਿੜੀਆਂ ਦੂਸਰੀਆਂ ਚਿੜੀਆਂ ਕੋਲੋਂ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਮਦਦ ਲੈਂਦੀਆਂ ਹਨ। ਸਹਾਇਤਾ ਕਰਨ ਵਾਲੀਆਂ ਚਿੜੀਆਂ ਅਕਸਰ ਮਾਪਿਆਂ ਦੇ ਵੱਡੇ ਹੋਏ ਚੂਚੇ ਹੀ ਹੁੰਦੇ ਹਨ ਅਤੇ ਉਹ ਇਨ੍ਹਾਂ ਿਨੱਕੇ ਚੂਚਿਆਂ ਦੀ ਦੇਖ-ਭਾਲ ਅਤੇ ਸੁਰੱਖਿਆ ਕਰਨ ਵਿਚ ਮਦਦ ਦੇਣ ਲਈ ਤਿਆਰ ਹੁੰਦੇ ਹਨ।
ਮਾਪਿਆਂ ਵੱਲੋਂ ਰਖਵਾਲੀ
ਚੂਚਿਆਂ ਦੀ ਰਖਵਾਲੀ ਕਰਨੀ ਇਕ ਵੱਡਾ ਕੰਮ ਹੈ। ਚਿੜੀਆਂ ਅਕਸਰ ਮੀਂਹ ਆਉਣ ਦੇ ਸਮੇਂ ਆਪਣੇ ਖੰਭ ਫੈਲਾ ਕੇ ਆਲ੍ਹਣੇ ਨੂੰ ਢੱਕ ਲੈਂਦੀਆਂ ਹਨ ਤਾਂਕਿ ਉਨ੍ਹਾਂ ਦੇ ਚੂਚੇ ਨਿੱਘੇ
ਅਤੇ ਸੁੱਕੇ ਰਹਿ ਸਕਣ। ਸਟਾਰਲਿੰਗ ਚਿੜੀਆਂ ਆਪਣੇ ਆਲ੍ਹਣੇ ਦੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕਰਦੀਆਂ ਹਨ। ਆਪਣੇ ਆਲ੍ਹਣੇ ਨੂੰ ਕੀੜਿਆਂ-ਮਕੌੜਿਆਂ ਤੋਂ ਬਚਾਉਣ ਲਈ ਇਹ ਚੁਸਤ ਚਿੜੀਆਂ ਜ਼ਹਿਰੀਲੇ ਪੌਦਿਆਂ ਤੋਂ ਪੱਤੇ ਵਗੈਰਾ ਇਕੱਠਾ ਕਰ ਕੇ ਆਪਣੇ ਆਲ੍ਹਣੇ ਦੇ ਵਿਚ ਅਤੇ ਆਲੇ-ਦੁਆਲੇ ਰੱਖ ਲੈਂਦੀਆਂ ਹਨ। ਇਹ ਕੀੜੇ-ਮਾਰਨ ਵਾਲੀ ਦਵਾਈ ਵਾਂਗ ਕੰਮ ਕਰਦੇ ਹਨ, ਅਤੇ ਨੁਕਸਾਨ ਕਰਨ ਵਾਲੇ ਕੀੜਿਆਂ-ਮਕੌੜਿਆਂ ਨੂੰ ਮਾਰ ਦਿੰਦੇ ਹਨ ਜਾਂ ਆਲ੍ਹਣੇ ਵਿਚ ਆਉਣ ਤੋਂ ਰੋਕ ਦਿੰਦੇ ਹਨ।
ਨਾਰੀ ਵੁਡਕਾਕ ਆਪਣੇ ਚੂਚਿਆਂ ਦੀ ਸੁਰੱਖਿਆ ਕਰਨ ਵਿਚ ਮਾਅਰਕੇ ਵਾਲੀ ਚੁਸਤੀ ਦਿਖਾਉਂਦੀ ਹੈ। ਜਦੋਂ ਖ਼ਤਰਾ ਹੋਵੇ, ਉਹ ਆਪਣੇ ਚੂਚੇ ਨੂੰ ਆਪਣੀਆਂ ਲੱਤਾਂ ਵਿਚਾਲੇ ਚੰਗੀ ਤਰ੍ਹਾਂ ਫੜ ਲੈਂਦੀ ਹੈ, ਫਿਰ ਆਪਣੇ ਖੰਭ ਫੈਲਾ ਕੇ ਆਪਣੇ ਕੀਮਤੀ ਮਾਲ ਨੂੰ ਕਿਸੀ ਸੁਰੱਖਿਅਤ ਜਗ੍ਹਾ ਲੈ ਜਾਂਦੀ ਹੈ। ਕੁਝ ਦਲੇਰ ਮਾਪੇ ਚਤੁਰਾਈ ਨਾਲ ਜ਼ਖ਼ਮੀ ਹੋਣ ਦਾ ਦਿਖਾਵਾ ਕਰਦੇ ਹਨ ਤਾਂਕਿ ਸ਼ਿਕਾਰੀ ਜਾਨਵਰ ਦਾ ਧਿਆਨ ਚੂਚਿਆਂ ਤੋਂ ਹਟਾਇਆ ਜਾਵੇ। ਜ਼ਖ਼ਮੀ ਚਿੜੀ ਵਾਂਗ ਜ਼ਮੀਨ ਉੱਤੇ ਆਪਣੇ ਖੰਭ ਫੜਫੜਾਉਂਦੀ ਹੋਈ, ਮਾਂ ਸ਼ਿਕਾਰੀ ਜਾਨਵਰ ਨੂੰ ਆਲ੍ਹਣੇ ਤੋਂ ਪਰੇ ਲੈ ਜਾਂਦੀ ਹੈ, ਅਤੇ ਜਦੋਂ ਚੂਚਿਆਂ ਲਈ ਖ਼ਤਰਾ ਘੱਟ ਜਾਂਦਾ ਹੈ ਤਾਂ ਉਹ ਨਾਟਕ ਬੰਦ ਕਰ ਕੇ ਉੱਡ ਜਾਂਦੀ ਹੈ। ਜ਼ਮੀਨ ਉੱਤੇ ਆਲ੍ਹਣੇ ਬਣਾਉਣ ਵਾਲੀਆਂ ਚਿੜੀਆਂ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਵਰਤ ਕੇ ਸ਼ਿਕਾਰੀ ਜਾਨਵਰਾਂ ਨੂੰ ਡਰਾਉਂਦੀਆਂ ਹਨ। ਉੱਤਰੀ ਅਮਰੀਕਾ ਦੀਆਂ ਖੁੱਡਾਂ ਵਿਚ ਰਹਿਣ ਵਾਲਾ ਉੱਲੂ ਸੱਪ ਵਾਂਗ ਸੀਂ-ਸੀਂ ਕਰਦਾ ਹੈ ਜਦੋਂ ਉਸ ਦੀ ਖੁੱਡ ਨੇੜੇ ਕੋਈ ਜਾਨਵਰ ਆਉਂਦਾ ਹੈ। ਉੱਥੇ ਦੇ ਪਹਿਲੇ ਵਾਸੀ ਇਨ੍ਹਾਂ ਖੁੱਡਾਂ ਤੋਂ ਦੂਰ ਰਹਿੰਦੇ ਸਨ ਕਿਉਂਕਿ ਉਹ ਸੋਚਦੇ ਸਨ ਕਿ ਇਨ੍ਹਾਂ ਿਨੱਕੇ ਉੱਲੂਆਂ ਦੀਆਂ ਖੁੱਡਾਂ ਵਿਚ ਉਨ੍ਹਾਂ ਦੇ ਨਾਲ-ਨਾਲ ਸੱਪ ਵੀ ਰਹਿੰਦੇ ਸਨ।
ਥਣਧਾਰੀ ਮਾਵਾਂ
ਜਾਨਵਰਾਂ ਦੀ ਦੁਨੀਆਂ ਵਿਚ, ਬੱਚਿਆਂ ਦੀ ਸਭ ਤੋਂ ਜ਼ਿਆਦਾ ਦੇਖ-ਭਾਲ ਥਣਧਾਰੀ ਮਾਪੇ ਕਰਦੇ ਹਨ। ਹਥਣੀਆਂ ਆਪਣੇ ਵੱਛਿਆਂ ਦੀ ਹੀ ਦੇਖ-ਭਾਲ ਵਿਚ ਲੱਗੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦਾ ਅਜਿਹਾ ਨਜ਼ਦੀਕੀ ਰਿਸ਼ਤਾ ਹੁੰਦਾ ਹੈ ਜੋ 50 ਸਾਲਾਂ ਲਈ ਕਾਇਮ ਰਹਿ ਸਕਦਾ ਹੈ। ਵੱਛਾ ਆਪਣੀ ਮਾਂ ਉੱਤੇ ਬਹੁਤ ਨਿਰਭਰ ਹੁੰਦਾ ਹੈ। ਸੂਰਜ ਦੀ ਧੁੱਪ ਵਿਚ ਮਾਂ ਆਪਣੇ ਵੱਡੇ ਸਰੀਰ ਨਾਲ ਆਪਣੇ ਵੱਛੇ ਨੂੰ ਛਾਂ ਦਿੰਦੀ ਹੈ, ਉਸ ਨੂੰ ਦੁੱਧ ਚੁੰਘਾਉਂਦੀ ਹੈ, ਅਤੇ ਉਸ ਨੂੰ ਉਸ ਦੇ ਛੋਟੇ ਜਿਹੇ ਤਣੇ ਨਾਲ ਆਪਣੇ ਮੂੰਹ ਵਿੱਚੋਂ ਪੌਦੇ-ਪੱਤੇ ਖਾਣ ਦਿੰਦੀ ਹੈ। ਨਿਯਮਿਤ ਤੌਰ ਤੇ ਉਹ ਵੱਛੇ ਉੱਤੇ ਪਾਣੀ ਪਾਉਂਦੀ ਅਤੇ ਆਪਣੇ ਤਣੇ ਨਾਲ ਮਲ਼ ਕੇ ਉਸ ਨੂੰ ਨਹਾਉਂਦੀ ਹੈ। ਹਾਥੀ ਦੇ ਵੱਛੇ ਨੂੰ ਪਾਲਣਾ ਪੂਰੇ ਪਰਿਵਾਰ ਦਾ ਕੰਮ ਹੁੰਦਾ ਹੈ। ਝੁੰਡ ਦੀਆਂ ਦੂਸਰੀਆਂ ਹਥਣੀਆਂ ਵੀ ਝੁੰਡ ਦੇ ਵੱਛਿਆਂ ਨੂੰ ਖ਼ੁਰਾਕ ਦੇਣ, ਸਿਖਾਉਣ, ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਵਿਚ ਵੱਡਾ ਹਿੱਸਾ ਲੈਂਦੀਆਂ ਹਨ।
ਇਕ ਹੋਰ ਬਹੁਤ ਹੀ ਵੱਡਾ ਜਾਨਵਰ ਦਰਿਆਈ ਘੋੜੀ ਹੈ ਜੋ ਕਿ ਆਪਣੇ ਵੱਛੇ ਨੂੰ ਪਾਣੀ ਹੇਠਾਂ ਜਨਮ ਦੇ ਸਕਦੀ ਹੈ। ਵੱਛੇ ਪਾਣੀ ਦੇ ਹੇਠਾਂ ਦੁੱਧ ਚੁੰਘ ਸਕਦੇ ਹਨ, ਉਹ ਸਾਹ ਲੈਣ ਲਈ ਉੱਤੇ ਨੂੰ ਆਉਂਦੇ ਹਨ ਅਤੇ ਫਿਰ ਪਾਣੀ ਹੇਠਾਂ ਜਾ ਕੇ ਦੁੱਧ ਚੁੰਘਣ ਲੱਗਦੇ ਹਨ। ਦਰਿਆਈ ਘੋੜੀ ਆਪਣੇ ਨਵ-ਜੰਮੇ ਵੱਛਿਆਂ ਦੀ ਸੁਰੱਖਿਆ ਕਰਨ ਲਈ ਕਿਸੇ ਵੀ ਖ਼ਤਰੇ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿੰਦੀ ਹੈ।
ਵਰਵਿਟ ਬਾਂਦਰੀਆਂ ਵੀ ਚੰਗੀਆਂ ਮਾਵਾਂ ਹੁੰਦੀਆਂ ਹਨ। ਜਨਮ ਦੇਣ ਤੋਂ ਬਾਅਦ, ਪਹਿਲੇ ਕੁਝ ਘੰਟਿਆਂ ਲਈ ਮਾਂ ਆਪਣੀਆਂ ਬਾਹਾਂ ਵਿਚ ਆਪਣੇ ਬੱਚੇ ਦੀ ਗਰਦਨ ਜਾਂ ਮੋਢਿਆਂ ਨੂੰ ਸਹਾਰਾ ਦੇ ਕੇ ਉਸ ਨੂੰ ਚੰਗੀ ਤਰ੍ਹਾਂ ਫੜ ਕੇ ਰੱਖਦੀ ਹੈ। ਪਹਿਲੇ ਹਫ਼ਤੇ ਲਈ ਬੱਚਾ ਸ਼ਾਇਦ ਬਹੁਤਾ ਸਮਾਂ ਆਪਣੀ ਮਾਂ ਦੇ ਨਾਲ ਚਿੰਬੜਿਆ ਰਹਿੰਦਾ ਹੈ। ਮਾਂ ਸ਼ਾਇਦ ਦੂਸਰੀਆਂ ਬਾਂਦਰੀਆਂ ਨੂੰ ਆਪਣਾ ਬੱਚਾ ਫੜਨ ਦੇਵੇ, ਜੋ ਕਿ ਇਸ ਸੁੰਦਰ ਨਵੇਂ ਬੱਚੇ ਨੂੰ ਛੋਹਣ, ਉਸ ਦੇ ਵਾਲਾਂ ਨੂੰ ਸੁਆਰਨ ਤੇ ਸਾਫ਼ ਕਰਨ, ਅਤੇ ਉਸ ਨਾਲ ਖੇਡਣ ਵਿਚ ਸਮਾਂ ਲਗਾਉਂਦੀਆਂ ਹਨ।
ਜੀ ਹਾਂ, ਕਈ ਜਾਨਵਰ ‘ਬੜੇ ਸਿਆਣੇ ਹਨ’ ਅਤੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਅਨੋਖੀ ਯੋਗਤਾ ਦਿਖਾਉਂਦੇ ਹਨ। (ਕਹਾਉਤਾਂ 30:24-28) ਕਿਸੇ ਜ਼ਰੂਰਤ ਨੂੰ ਮਹਿਸੂਸ ਕਰ ਕੇ ਜਾਂ ਕਿਸੇ ਮਾਮਲੇ ਨੂੰ ਦੇਖ ਕੇ ਚੁਸਤੀ ਨਾਲ ਕਾਰਵਾਈ ਕਰਨ ਦੀ ਉਨ੍ਹਾਂ ਦੀ ਯੋਗਤਾ ਸਿਰਫ਼ ਇਤਫ਼ਾਕ ਦੀ ਗੱਲ ਨਹੀਂ ਹੈ। ਇਹ ਇਕ ਬੁੱਧੀਮਾਨ ਸ੍ਰੋਤ ਤੋਂ ਇਕ ਬੁੱਧੀਮਾਨ ਡੀਜ਼ਾਈਨ ਦਾ ਨਤੀਜਾ ਹੈ। ਉਹ ਸ੍ਰੋਤ ਸਾਰੀਆਂ ਵਸਤਾਂ ਦਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਹੈ।—ਜ਼ਬੂਰ 104:24.
[ਸਫ਼ਾ 15 ਉੱਤੇ ਤਸਵੀਰ]
ਛੋਟੇ ਉੱਲੂ
[ਸਫ਼ਾ 16 ਉੱਤੇ ਤਸਵੀਰ]
ਟਿਲਾਪੀਆ ਮੱਛੀ ਆਪਣੇ ਆਂਡੇ ਮੂੰਹ ਵਿਚ ਰੱਖਦੀ ਹੈ
[ਕ੍ਰੈਡਿਟ ਲਾਈਨ]
Courtesy LSU Agricultural Center
[ਸਫ਼ਾ 16 ਉੱਤੇ ਤਸਵੀਰਾਂ]
ਮਗਰਮੱਛ ਆਪਣਿਆਂ ਬੱਚਿਆਂ ਨੂੰ ਚੁੱਕਦੇ ਹਨ
[ਕ੍ਰੈਡਿਟ ਲਾਈਨ]
© Adam Britton, http://crocodilian.com
[ਸਫ਼ਾ 17 ਉੱਤੇ ਤਸਵੀਰ]
ਐਲਬਾਟਰੋਸ ਅਤੇ ਉਸ ਦਾ ਚੂਚਾ
[ਸਫ਼ਾ 17 ਉੱਤੇ ਤਸਵੀਰ]
ਹਾਰਨਬਿਲ
[ਸਫ਼ਾ 17 ਉੱਤੇ ਤਸਵੀਰ]
ਸਟਾਰਲਿੰਗ
[ਸਫ਼ਾ 17 ਉੱਤੇ ਤਸਵੀਰ]
ਵੁਡਕਾਕ
[ਸਫ਼ਾ 18 ਉੱਤੇ ਤਸਵੀਰ]
ਦਰਿਆਈ ਘੋੜੀਆਂ ਆਪਣੇ ਨਵ-ਜੰਮੇ ਵੱਛਿਆਂ ਦੀ ਸੁਰੱਖਿਆ ਕਰਨ ਲਈ ਕਿਸੇ ਵੀ ਖ਼ਤਰੇ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿੰਦੀਆਂ ਹਨ
[ਕ੍ਰੈਡਿਟ ਲਾਈਨ]
© Joe McDonald
[ਸਫ਼ਾ 18 ਉੱਤੇ ਤਸਵੀਰ]
ਨਾਰੀ ਲੰਗੂਰ ਆਪਣੇ ਬੱਚਿਆਂ ਨੂੰ ਸਾਫ਼ ਰੱਖਦੀਆਂ ਹਨ
[ਸਫ਼ਾ 18 ਉੱਤੇ ਤਸਵੀਰ]
ਵਰਵਿਟ ਬਾਂਦਰ
[ਕ੍ਰੈਡਿਟ ਲਾਈਨ]
© Joe McDonald