ਬੇਮੁਹੱਬਤੇ ਰਿਸ਼ਤੇ ਵਿਚ ਕੈਦ
ਬੇਮੁਹੱਬਤੇ ਰਿਸ਼ਤੇ ਵਿਚ ਕੈਦ
“ਅਜਿਹੀ ਦੁਨੀਆਂ ਵਿਚ ਜਿੱਥੇ ਤਲਾਕ ਵਧਦਾ ਜਾਂਦਾ ਹੈ, ਬਹੁਤ ਸਾਰੇ ਵਿਆਹੁਤਾ ਰਿਸ਼ਤੇ ਨਾ ਸਿਰਫ਼ ਦੁੱਖ ਕਾਰਨ ਟੁੱਟ ਜਾਣਗੇ ਪਰ ਇਸ ਤੋਂ ਇਲਾਵਾ ਕਈ ਹੋਰ ਰਿਸ਼ਤੇ ਦੁਖੀ ਹੋ ਜਾਣਗੇ।”—ਅਮਰੀਕਾ ਵਿਚ ਪਰਿਵਾਰਾਂ ਲਈ ਕੌਂਸਲ।
ਇਹ ਕਿਹਾ ਗਿਆ ਹੈ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਸੁਖ ਅਤੇ ਸਭ ਤੋਂ ਜ਼ਿਆਦਾ ਦੁੱਖ ਇੱਕੋ ਚੀਜ਼ ਤੋਂ ਆਉਂਦਾ ਹੈ—ਵਿਆਹੁਤਾ ਬੰਧਨ। ਸੱਚ-ਮੁੱਚ, ਬਹੁਤ ਹੀ ਘੱਟ ਚੀਜ਼ਾਂ ਹਨ ਜੋ ਇੰਨਾ ਆਨੰਦ ਜਾਂ ਇੰਨਾ ਦੁੱਖ ਲਿਆ ਸਕਦੀਆਂ ਹਨ। ਜਿਵੇਂ ਇਸ ਲੇਖ ਦੀ ਡੱਬੀ ਵਿਚ ਦੱਸਿਆ ਗਿਆ ਹੈ, ਬਹੁਤ ਸਾਰੇ ਵਿਆਹੁਤਾ ਜੋੜੇ ਦੁਖੀ ਹਨ।
ਪਰ ਤਲਾਕ ਦੇ ਵਧਦੇ ਅੰਕੜੇ ਇਸ ਸਮੱਸਿਆ ਬਾਰੇ ਸਭ ਕੁਝ ਨਹੀਂ ਦੱਸਦੇ। ਹਾਂ, ਬਹੁਤ ਸਾਰੇ ਵਿਆਹੁਤਾ ਬੰਧਨ ਟੁੱਟ ਰਹੇ ਹਨ, ਪਰ ਫਿਰ ਵੀ ਕਈ ਪਤੀ-ਪਤਨੀ ਮੁਸੀਬਤ-ਭਰੇ ਰਿਸ਼ਤੇ ਵਿਚ ਇਕੱਠੇ ਰਹਿੰਦੇ ਹਨ। ਤੀਹਾਂ ਸਾਲਾਂ ਤੋਂ ਜ਼ਿਆਦਾ ਚਿਰ ਲਈ ਵਿਆਹੀ ਹੋਈ ਇਕ ਔਰਤ ਨੇ ਕਿਹਾ ਕਿ “ਸਾਡਾ ਪਰਿਵਾਰ ਬਹੁਤ ਖ਼ੁਸ਼ ਹੁੰਦਾ ਸੀ, ਪਰ ਪਿਛਲੇ 12 ਸਾਲ ਬਹੁਤ ਹੀ ਦੁਖੀ ਰਹੇ ਹਨ। ਮੇਰੇ ਪਤੀ ਨੂੰ ਮੇਰਿਆਂ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਹੈ। ਉਹ ਤਾਂ ਮੇਰਾ ਦੁਸ਼ਮਣ ਹੀ ਬਣ ਗਿਆ ਹੈ।” ਇਸੇ ਤਰ੍ਹਾਂ, 25 ਕੁ ਸਾਲਾਂ ਤੋਂ ਵਿਆਹੇ ਹੋਏ ਇਕ ਆਦਮੀ ਨੇ ਅਫ਼ਸੋਸ ਨਾਲ ਕਿਹਾ: “ਮੇਰੀ ਪਤਨੀ ਨੇ ਮੈਨੂੰ ਦੱਸ ਦਿੱਤਾ ਕਿ ਉਹ ਮੈਨੂੰ ਹੁਣ ਪਿਆਰ ਨਹੀਂ ਕਰਦੀ। ਉਹ ਕਹਿੰਦੀ ਹੈ ਕਿ ਜੇ ਅਸੀਂ ਇੱਕੋ ਹੀ ਘਰ ਵਿਚ ਰਹਿਣਾ ਹੈ ਤਾਂ ਸਾਡੇ ਹਾਲਾਤ ਸਿਰਫ਼ ਇਸੇ ਤਰ੍ਹਾਂ ਬਰਦਾਸ਼ਤ ਕੀਤੇ ਜਾ ਸਕਣਗੇ ਜੇ ਅਸੀਂ ਪੂਰੀ ਆਜ਼ਾਦੀ ਨਾਲ ਆਪਣੀ-ਆਪਣੀ ਜ਼ਿੰਦਗੀ ਗੁਜ਼ਾਰੀਏ।”
ਕੁਝ ਲੋਕ ਜੋ ਅਜਿਹੇ ਔਖੇ ਹਾਲਾਤਾਂ ਵਿਚ ਰਹਿੰਦੇ ਹਨ ਆਪਣੇ ਰਿਸ਼ਤੇ ਨੂੰ ਤੋੜ ਦਿੰਦੇ ਹਨ। ਪਰ, ਕਈਆਂ ਲਈ ਤਲਾਕ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਕਿਉਂ? ਡਾ. ਕੈਰਨ ਕਾਇਜ਼ਰ ਦੇ ਅਨੁਸਾਰ ਬੱਚੇ, ਸਮਾਜ, ਪੈਸੇ, ਦੋਸਤ-ਮਿੱਤਰ, ਰਿਸ਼ਤੇਦਾਰ, ਅਤੇ ਧਾਰਮਿਕ ਵਿਸ਼ਵਾਸ ਵਰਗੀਆਂ ਗੱਲਾਂ ਸ਼ਾਇਦ ਇਕ ਜੋੜੇ ਨੂੰ ਇਕੱਠੇ ਰਹਿਣ ਲਈ ਮਜਬੂਰ ਕਰ ਦੇਣ, ਭਾਵੇਂ ਕਿ ਉਨ੍ਹਾਂ ਵਿਚਕਾਰ ਪਿਆਰ ਠੰਢਾ ਪੈ ਗਿਆ ਹੋਵੇ। ਉਹ ਕਹਿੰਦੀ ਹੈ ਕਿ “ਅਜਿਹੇ ਵਿਆਹੁਤਾ ਸਾਥੀ ਕਾਨੂੰਨੀ ਤੌਰ ਤੇ ਤਲਾਕ ਲੈਣ ਦੀ ਬਜਾਇ ਇਕ ਦੂਸਰੇ ਨਾਲ ਰਹਿਣਾ ਚੁਣਦੇ ਹਨ ਭਾਵੇਂ ਕਿ ਉਹ ਇਕ ਦੂਸਰੇ ਤੋਂ ਜਜ਼ਬਾਤੀ ਤੌਰ ਤੇ ਤਲਾਕ ਲੈ ਚੁੱਕੇ ਹਨ।”
ਜਿਨ੍ਹਾਂ ਜੋੜਿਆਂ ਵਿਚਕਾਰ ਪਿਆਰ ਠੰਢਾ ਪੈ ਗਿਆ ਹੈ ਕੀ ਉਨ੍ਹਾਂ ਨੂੰ ਹਾਰ ਮੰਨ ਲੈਣੀ ਚਾਹੀਦੀ ਹੈ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਅਸੰਤੁਸ਼ਟ ਰਹੇਗੀ? ਕੀ ਇਨ੍ਹਾਂ ਹਾਲਾਤਾਂ ਵਿਚ ਤਲਾਕ ਲੈਣ ਜਾਂ ਬੇਮੁਹੱਬਤੇ ਰਿਸ਼ਤੇ ਵਿਚ ਜ਼ਿੰਦਗੀ ਕੱਟਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ? ਕਈਆਂ ਦੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਦੁਖੀ ਵਿਆਹੁਤਾ ਰਿਸ਼ਤਿਆਂ ਨੂੰ ਨਾ ਸਿਰਫ਼ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ, ਪਰ ਉਨ੍ਹਾਂ ਵਿਚ ਫਿਰ ਤੋਂ ਪਿਆਰ ਵੀ ਜਗਾਇਆ ਜਾ ਸਕਦਾ ਹੈ।
[ਸਫ਼ਾ 3 ਉੱਤੇ ਡੱਬੀ]
ਸੰਸਾਰ ਭਰ ਵਿਚ ਤਲਾਕ
• ਆਸਟ੍ਰੇਲੀਆ: ਸੰਨ 1960 ਦੇ ਦਹਾਕੇ ਦੇ ਮੁਢਲਿਆਂ ਸਾਲਾਂ ਤੋਂ ਤਲਾਕ ਦੀ ਗਿਣਤੀ ਚਾਰ ਗੁਣਾ ਜ਼ਿਆਦਾ ਵੱਧ ਗਈ ਹੈ।
• ਬਰਤਾਨੀਆ: ਅਨੁਮਾਨਾਂ ਅਨੁਸਾਰ, ਦਸਾਂ ਵਿੱਚੋਂ ਚਾਰ ਵਿਆਹਾਂ ਦਾ ਤਲਾਕ ਹੋ ਜਾਵੇਗਾ।
• ਕੈਨੇਡਾ ਅਤੇ ਜਪਾਨ: ਤਿੰਨਾਂ ਵਿੱਚੋਂ ਇਕ ਵਿਆਹ ਉੱਤੇ ਤਲਾਕ ਦਾ ਅਸਰ ਪੈਂਦਾ ਹੈ।
• ਸੰਯੁਕਤ ਰਾਜ ਅਮਰੀਕਾ: ਸੰਨ 1970 ਤੋਂ ਵਿਆਹੁਤਾ ਜੋੜਿਆਂ ਦੇ ਇਕੱਠੇ ਰਹਿਣ ਦੀ ਸਿਰਫ਼ 50 ਫੀ ਸਦੀ ਆਸ ਹੈ।
• ਜ਼ਿਮਬਾਬਵੇ: ਪੰਜਾਂ ਵਿਆਹਾਂ ਵਿੱਚੋਂ ਦੋ ਦਾ ਤਲਾਕ ਹੋ ਜਾਂਦਾ ਹੈ।