ਵਫ਼ਾਦਾਰ ਰਹਿਣਾ ਮੇਰੀ ਮੁੱਖ ਚਿੰਤਾ ਹੈ
ਵਫ਼ਾਦਾਰ ਰਹਿਣਾ ਮੇਰੀ ਮੁੱਖ ਚਿੰਤਾ ਹੈ
ਔਲੇਕਸੀ ਡਾਵਿਡਯੁਕ ਦੀ ਜ਼ਬਾਨੀ
ਸਾਲ 1947 ਸੀ ਜਦੋਂ ਇਹ ਘਟਨਾ ਯੂਕਰੇਨ ਵਿਚ ਸਾਡੇ ਪਿੰਡ ਤੋਂ ਥੋੜ੍ਹੀ ਦੂਰ ਪੋਲੈਂਡ ਦੀ ਸਰਹੱਦ ਦੇ ਲਾਗੇ ਵਾਪਰੀ। ਮੇਰਾ ਦੋਸਤ, ਜੋ ਮੇਰੇ ਨਾਲੋਂ ਥੋੜ੍ਹਾ ਜਿਹਾ ਵੱਡਾ ਸੀ, ਪੋਲੈਂਡ ਤੋਂ ਯੂਕਰੇਨ ਤਕ ਬਾਈਬਲ ਦੇ ਪ੍ਰਕਾਸ਼ਨ ਚੋਰੀ-ਚੋਰੀ ਲਿਆਉਂਦਾ ਹੁੰਦਾ ਸੀ। ਇਕ ਰਾਤ ਸਰਹੱਦ ਤੇ ਖੜ੍ਹੇ ਇਕ ਪਹਿਰੇਦਾਰ ਨੇ ਉਸ ਨੂੰ ਦੇਖ ਲਿਆ ਅਤੇ ਉਸ ਦੇ ਮਗਰ ਦੌੜ ਕੇ ਉਸ ਨੂੰ ਗੋਲੀ ਮਾਰ ਦਿੱਤੀ। ਸਟੇਪਾਨ ਦੀ ਮੌਤ ਤੋਂ ਬਾਰਾਂ ਸਾਲ ਬਾਅਦ ਮੇਰੀ ਜ਼ਿੰਦਗੀ ਉੱਤੇ ਉਸ ਦਾ ਵੱਡਾ ਅਸਰ ਪਿਆ, ਪਰ ਮੈਂ ਇਸ ਬਾਰੇ ਬਾਅਦ ਵਿਚ ਦੱਸਾਂਗਾ।
ਜਦੋਂ 1932 ਵਿਚ ਮੇਰਾ ਜਨਮ ਹੋਇਆ ਸੀ ਤਾਂ ਸਾਡੇ ਪਿੰਡ ਲਾਸਕੀਫ ਵਿਚ ਦਸ ਪਰਿਵਾਰ ਬਾਈਬਲ ਸਟੂਡੈਂਟਸ ਸਨ, ਜਿਨ੍ਹਾਂ ਨੂੰ ਅੱਜ ਯਹੋਵਾਹ ਦੇ ਗਵਾਹ ਸੱਦਿਆ ਜਾਂਦਾ ਹੈ। ਮੇਰੇ ਮਾਪੇ ਵੀ ਇਸ ਗਰੁੱਪ ਵਿਚ ਸਨ ਅਤੇ ਉਨ੍ਹਾਂ ਨੇ ਲਗਭਗ 1975 ਵਿਚ ਆਪਣੀ ਮੌਤ ਤਕ ਯਹੋਵਾਹ ਪ੍ਰਤੀ ਵਫ਼ਾਦਾਰੀ ਦੀ ਵਧੀਆ ਮਿਸਾਲ ਕਾਇਮ ਰੱਖੀ। ਆਪਣੀ ਪੂਰੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਮੇਰੀ ਵੀ ਮੁੱਖ ਚਿੰਤਾ ਰਹੀ ਹੈ।—ਜ਼ਬੂਰ 18:25.
ਸਾਲ 1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ, ਅਤੇ ਇਸ ਵਜੋਂ ਸਾਡਾ ਇਲਾਕਾ, ਯਾਨੀ ਪੂਰਬੀ ਪੋਲੈਂਡ, ਸੋਵੀਅਤ ਸੰਘ ਦੇ ਇਲਾਕੇ ਵਿਚ ਮਿਲਾਇਆ ਗਿਆ ਸੀ। ਅਸੀਂ ਜੂਨ 1941 ਤਕ ਸੋਵੀਅਤ ਰਾਜ ਦੇ ਹੇਠ ਰਹੇ ਅਤੇ ਫਿਰ ਜਰਮਨ ਫ਼ੌਜਾਂ ਨੇ ਹਮਲਾ ਕਰ ਕੇ ਸਾਡੇ ਇਲਾਕੇ ਉੱਤੇ ਕਬਜ਼ਾ ਕਰ ਲਿਆ।
ਦੂਜੇ ਵਿਸ਼ਵ ਯੁੱਧ ਦੌਰਾਨ ਮੈਨੂੰ ਸਕੂਲੇ ਬਹੁਤ ਮੁਸ਼ਕਲਾਂ ਆਈਆਂ। ਬੱਚਿਆਂ ਨੂੰ ਦੇਸ਼ਭਗਤੀ ਦੇ ਗੀਤ ਗਾਉਣੇ ਸਿਖਾਏ ਜਾਂਦੇ ਸਨ ਅਤੇ ਫ਼ੌਜੀ ਕਾਰਵਾਈਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਦਰਅਸਲ, ਸਾਨੂੰ ਹੱਥ-ਗੋਲੇ ਸੁੱਟਣੇ ਵੀ ਸਿਖਾਏ ਜਾਂਦੇ ਸਨ। ਪਰ ਮੈਂ ਇਨ੍ਹਾਂ ਦੋ ਗੱਲਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਛੋਟੀ ਉਮਰ ਵਿਚ ਬਾਈਬਲੀ ਵਿਸ਼ਵਾਸਾਂ ਪ੍ਰਤੀ ਦ੍ਰਿੜ੍ਹ ਰਹਿਣ ਦੀ ਸਿੱਖਿਆ ਨੇ ਮੈਨੂੰ ਮਗਰਲੇ ਸਾਲਾਂ ਵਿਚ ਪਰਮੇਸ਼ੁਰ ਨੂੰ ਵਫ਼ਾਦਾਰੀ ਦਿਖਾਉਣ ਵਿਚ ਮਦਦ ਦਿੱਤੀ।
ਸਾਡੀ ਕਲੀਸਿਯਾ ਦੇ ਇਲਾਕੇ ਵਿਚ ਕਈਆਂ ਨੇ ਬਾਈਬਲ ਦੀ ਸੱਚਾਈ ਵਿਚ ਦਿਲਚਸਪੀ ਦਿਖਾਈ। ਇਸ ਲਈ ਸਾਡੇ ਕੋਲ ਦੋ ਪੂਰਣ-ਕਾਲੀ ਪ੍ਰਚਾਰਕ ਘੱਲੇ ਗਏ ਸਨ। ਉਨ੍ਹਾਂ ਵਿਚ ਇਕ ਦਾ ਨਾਂ ਇਲਯਾ ਫੇਡੋਰੋਵਿਜ ਸੀ ਅਤੇ ਉਸ ਨੇ ਮੇਰੇ ਨਾਲ ਸਟੱਡੀ ਕੀਤੀ ਅਤੇ ਮੈਨੂੰ ਪ੍ਰਚਾਰ ਕੰਮ ਵਿਚ ਵੀ ਸਿਖਲਾਈ ਦਿੱਤੀ। ਸਾਡੇ ਇਲਾਕੇ ਉੱਤੇ
ਜਰਮਨੀ ਦੇ ਕਬਜ਼ੇ ਦੌਰਾਨ ਇਲਯਾ ਨੂੰ ਦੇਸ਼ੋਂ ਕੱਢ ਕੇ ਨਾਜ਼ੀਆਂ ਦੇ ਇਕ ਨਜ਼ਰਬੰਦੀ-ਕੈਂਪ ਨੂੰ ਘੱਲਿਆ ਗਿਆ ਜਿੱਥੇ ਉਹ ਪੂਰਾ ਹੋ ਗਿਆ।ਯੁੱਧ ਵਿਚ ਨਿਰਪੱਖ ਰਹਿਣ ਦਾ ਪਿਤਾ ਜੀ ਦਾ ਸੰਘਰਸ਼
ਸਾਲ 1941 ਵਿਚ ਸੋਵੀਅਤ ਅਧਿਕਾਰੀਆਂ ਨੇ ਮੇਰੇ ਪਿਤਾ ਜੀ ਕੋਲੋਂ ਕਿਸੇ ਦਸਤਾਵੇਜ਼ ਤੇ ਦਸਤਖਤ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ ਤੇ ਦਸਤਖਤ ਕਰ ਕੇ ਮੇਰੇ ਪਿਤਾ ਜੀ ਵਾਅਦਾ ਕਰ ਰਹੇ ਹੋਣਗੇ ਕਿ ਉਹ ਯੁੱਧ ਦੀਆਂ ਕਾਰਵਾਈਆਂ ਲਈ ਪੈਸੇ ਦੇਣ ਲਈ ਤਿਆਰ ਸਨ। ਪਰ ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਯੁੱਧ ਵਿਚ ਕਿਸੇ ਦੀ ਵੀ ਮਦਦ ਨਹੀਂ ਕਰਨਗੇ ਅਤੇ ਕਿ ਸੱਚੇ ਪਰਮੇਸ਼ੁਰ ਦੇ ਸੇਵਕ ਵਜੋਂ ਉਹ ਨਿਰਪੱਖ ਰਹਿਣਗੇ। ਮੇਰੇ ਪਿਤਾ ਜੀ ਨੂੰ ਦੇਸ਼ ਦਾ ਦੁਸ਼ਮਣ ਕਹਿਲਾਇਆ ਗਿਆ ਅਤੇ ਉਨ੍ਹਾਂ ਨੂੰ ਚਾਰ ਸਾਲਾਂ ਦੀ ਕੈਦ ਦਿੱਤੀ ਗਈ। ਪਰ ਉਨ੍ਹਾਂ ਨੇ ਜੇਲ੍ਹ ਵਿਚ ਸਿਰਫ਼ ਚਾਰ ਦਿਨ ਕੱਟੇ। ਕਿਉਂ? ਕਿਉਂਕਿ ਉਨ੍ਹਾਂ ਦੇ ਕੈਦ ਹੋਣ ਤੋਂ ਬਾਅਦ, ਅਗਲੇ ਹੀ ਐਤਵਾਰ ਨੂੰ ਜਰਮਨ ਫ਼ੌਜੀਆਂ ਨੇ ਸਾਡੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ।
ਜਦੋਂ ਜੇਲ੍ਹਰਾਂ ਨੇ ਸੁਣਿਆ ਕੇ ਜਰਮਨ ਫ਼ੌਜੀ ਲਾਗੇ ਸਨ ਤਾਂ ਉਹ ਜੇਲ੍ਹ ਦੇ ਦਰਵਾਜ਼ਿਆਂ ਨੂੰ ਖੋਲ੍ਹ ਕੇ ਭੱਜ ਗਏ। ਜਦੋਂ ਕੈਦੀ ਬਾਹਰ ਨਿਕਲੇ ਤਾਂ ਉਨ੍ਹਾਂ ਵਿੱਚੋਂ ਕਈ ਸੋਵੀਅਤ ਫ਼ੌਜੀਆਂ ਦੁਆਰਾ ਮਾਰੇ ਗਏ ਸਨ। ਮੇਰੇ ਪਿਤਾ ਜੀ ਕੁਝ ਦੇਰ ਲਈ ਜੇਲ੍ਹ ਦੇ ਅੰਦਰ ਠਹਿਰੇ ਰਹੇ ਅਤੇ ਬਾਅਦ ਵਿਚ ਆਪਣੇ ਦੋਸਤ ਦੇ ਘਰ ਭੱਜ ਗਏ। ਉੱਥੋਂ ਉਨ੍ਹਾਂ ਨੇ ਮੇਰੀ ਮਾਤਾ ਨੂੰ ਸੁਨੇਹਾ ਘੱਲਿਆ ਕਿ ਉਹ ਉਨ੍ਹਾਂ ਨੂੰ ਕੁਝ ਖ਼ਾਸ ਦਸਤਾਵੇਜ਼ ਭੇਜੇ। ਉਨ੍ਹਾਂ ਵਿਚ ਇਹ ਦੱਸਿਆ ਗਿਆ ਸੀ ਕਿ ਮੇਰੇ ਪਿਤਾ ਜੀ ਨੂੰ ਯੁੱਧ ਵਿਚ ਸੋਵੀਅਤ ਫ਼ੌਜਾਂ ਦਾ ਸਾਥ ਨਾ ਦੇਣ ਲਈ ਕੈਦ ਕੀਤਾ ਗਿਆ ਸੀ। ਜਦੋਂ ਮੇਰੇ ਪਿਤਾ ਨੇ ਇਹ ਕਾਗਜ਼ ਜਰਮਨ ਅਧਿਕਾਰੀਆਂ ਨੂੰ ਦਿਖਾਏ ਤਾਂ ਉਨ੍ਹਾਂ ਨੇ ਪਿਤਾ ਜੀ ਨੂੰ ਛੱਡ ਦਿੱਤਾ।
ਜਰਮਨ ਅਧਿਕਾਰੀ ਉਨ੍ਹਾਂ ਸਾਰਿਆਂ ਦੇ ਨਾਂ ਜਾਣਨਾ ਚਾਹੁੰਦੇ ਸਨ ਜਿਨ੍ਹਾਂ ਨੇ ਸੋਵੀਅਤ ਫ਼ੌਜਾਂ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਮੇਰੇ ਪਿਤਾ ਜੀ ਕੋਲੋਂ ਇਨ੍ਹਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਮਝਾਇਆ ਕਿ ਉਹ ਇਨ੍ਹਾਂ ਗੱਲਾਂ ਵਿਚ ਕਿਸੇ ਦਾ ਪੱਖ ਨਹੀਂ ਲੈਂਦੇ ਸਨ। ਜੇ ਉਨ੍ਹਾਂ ਨੇ ਕਿਸੇ ਦਾ ਨਾਂ ਦਿੱਤਾ ਹੁੰਦਾ ਤਾਂ ਉਨ੍ਹਾਂ ਨੂੰ ਜ਼ਰੂਰ ਗੋਲੀ ਮਾਰੀ ਜਾਂਦੀ। ਇਸ ਲਈ ਮੇਰੇ ਪਿਤਾ ਜੀ ਨੇ ਨਿਰਪੱਖ ਰਹਿ ਕੇ ਕਈਆਂ ਦੀਆਂ ਜਾਨਾਂ ਵੀ ਬਚਾਈਆਂ ਅਤੇ ਉਹ ਲੋਕ ਮੇਰੇ ਪਿਤਾ ਜੀ ਦਾ ਬਹੁਤ ਸ਼ੁਕਰ ਕਰਦੇ ਸਨ।
ਲੁਕ-ਛਿਪ ਕੇ ਕੰਮ ਕਰਨਾ
ਅਗਸਤ 1944 ਵਿਚ ਸੋਵੀਅਤ ਫ਼ੌਜਾਂ ਯੂਕਰੇਨ ਨੂੰ ਵਾਪਸ ਆ ਗਈਆਂ, ਅਤੇ ਮਈ 1945 ਵਿਚ ਯੂਰਪ ਵਿਚ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਗਿਆ। ਇਸ ਤੋਂ ਬਾਅਦ ਸਰਕਾਰ ਦੀਆਂ ਸਖ਼ਤ ਪਾਲਸੀਆਂ ਕਰਕੇ ਸੋਵੀਅਤ ਸੰਗ ਵਿਚ ਰਹਿਣ ਵਾਲਿਆਂ ਨੂੰ ਬਾਕੀ ਦੀ ਦੁਨੀਆਂ ਤੋਂ ਅਲੱਗ ਰੱਖਿਆ ਗਿਆ ਸੀ। ਅਸਲ ਵਿਚ ਯੂਕਰੇਨ ਦੀ ਸਰਹੱਦ ਦੇ ਪਾਰ, ਯਾਨੀ ਪੋਲੈਂਡ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰਨਾ ਵੀ ਮੁਸ਼ਕਲ ਸੀ। ਕੁਝ ਦਲੇਰ ਗਵਾਹ ਚੋਰੀ-ਚੋਰੀ ਦੇਸ਼ ਦੀ ਸਰਹੱਦ ਪਾਰ ਕਰ ਕੇ ਪਹਿਰਾਬੁਰਜ ਦੀਆਂ ਕੁਝ ਬਹੁਮੁੱਲੀਆਂ ਕਾਪੀਆਂ ਵਾਪਸ ਲੈ ਆਉਂਦੇ ਸਨ। ਕਿਉਂ ਜੋ ਲਾਸਕੀਫ ਪਿੰਡ ਵਿਚ ਸਾਡਾ ਘਰ ਪੋਲੈਂਡ ਦੀ ਸਰਹੱਦ ਤੋਂ ਸਿਰਫ਼ ਪੰਜ ਮੀਲ ਦੂਰ ਸੀ, ਮੈਂ ਉਨ੍ਹਾਂ ਖ਼ਤਰਿਆਂ ਬਾਰੇ ਕਈ ਕਹਾਣੀਆਂ ਸੁਣੀਆਂ ਜੋ ਇਨ੍ਹਾਂ ਭਰਾਵਾਂ ਨੇ ਮੁੱਲ ਲਏ ਸਨ।
ਮਿਸਾਲ ਲਈ, ਸਿਲਵੇਸਟਰ ਨਾਮ ਦੇ ਇਕ ਗਵਾਹ ਨੇ ਦੋ ਵਾਰੀ ਸਰਹੱਦ ਪਾਰ ਕੀਤੀ ਅਤੇ ਬਿਨਾਂ ਮੁਸ਼ਕਲ ਵਾਪਸ ਆਇਆ। ਪਰ ਤੀਜੀ ਵਾਰ ਸਿਪਾਹੀਆਂ ਅਤੇ ਉਨ੍ਹਾਂ ਦੇ ਕੁੱਤਿਆਂ ਨੇ ਉਸ ਨੂੰ ਦੇਖ ਲਿਆ। ਸਿਪਾਹੀਆਂ ਨੇ ਉਸ ਨੂੰ ਰੋਕਣ ਲਈ ਹਾਕ ਮਾਰੀ, ਪਰ ਸਿਲਵੇਸਟਰ ਆਪਣੀ ਜਿੰਦ-ਜਾਨ ਬਚਾਉਣ ਲਈ ਭੱਜ ਨਿਕਲਿਆ। ਕੁੱਤਿਆਂ ਤੋਂ ਬਚਣ ਲਈ ਉਸ ਦਾ ਆਖ਼ਰੀ ਚਾਰਾ ਇਹ ਸੀ ਕਿ ਉਹ ਲਾਗੇ ਦੀ ਝੀਲ ਵਿਚ ਜਾ ਲੁਕੇ। ਪਾਣੀ ਉਸ ਦੀ ਗਰਦਨ ਤਕ ਸੀ, ਪਰ ਫਿਰ ਵੀ ਉਸ ਨੇ ਪੂਰੀ ਰਾਤ ਲੰਮੇ-ਲੰਮੇ ਘਾਹ ਵਿਚ ਲੁਕ ਕੇ ਕੱਟੀ। ਅਖ਼ੀਰ ਵਿਚ ਸਿਪਾਹੀਆਂ ਨੇ ਉਸ ਨੂੰ ਲੱਭਣਾ ਛੱਡ ਦਿੱਤਾ, ਅਤੇ ਸਿਲਵੇਸਟਰ ਥੱਕਿਆ ਅਤੇ ਡਗਮਗਾਉਂਦਾ ਹੋਇਆ ਆਪਣੇ ਘਰ ਚਲਾ ਗਿਆ।
ਜਿਵੇਂ ਸ਼ੁਰੂ ਵਿਚ ਦੱਸਿਆ ਸੀ ਸਿਲਵੇਸਟਰ ਦੇ ਭਤੀਜੇ ਸਟੇਪਾਨ ਨੂੰ ਗੋਲੀ ਮਾਰੀ ਗਈ ਸੀ ਜਦੋਂ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਲੇਕਿਨ, ਸਾਡੇ ਲਈ ਇਹ ਜ਼ਰੂਰੀ ਸੀ ਕਿ ਅਸੀਂ ਯਹੋਵਾਹ ਦੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੀਏ। ਸਟੇਪਾਨ ਵਰਗੇ ਦਲੇਰ ਭਰਾਵਾਂ ਦੇ ਜਤਨਾਂ ਕਰਕੇ ਸਾਨੂੰ ਅਧਿਆਤਮਿਕ ਭੋਜਨ ਅਤੇ ਜ਼ਰੂਰੀ ਹਿਦਾਇਤਾਂ ਮਿਲਦੀਆਂ ਰਹੀਆਂ।
ਅਗਲੇ ਸਾਲ, ਯਾਨੀ 1948 ਵਿਚ ਮੈਂ ਰਾਤ ਦੇ ਹਨੇਰੇ ਵਿਚ ਆਪਣੇ ਘਰ ਦੇ ਲਾਗੇ ਇਕ ਝੀਲ ਵਿਚ ਬਪਤਿਸਮਾ ਲਿਆ। ਜਿਨ੍ਹਾਂ ਹੋਰਨਾਂ ਨੇ ਬਪਤਿਸਮਾ ਲੈਣਾ ਸੀ ਉਹ ਸਾਡੇ ਘਰ ਵਿਚ ਇਕੱਠੇ ਹੋਏ, ਪਰ ਹਨੇਰੇ ਕਰਕੇ ਮੈਨੂੰ ਪਤਾ ਨਹੀਂ ਸੀ ਕਿ ਕੌਣ-ਕੌਣ ਉੱਥੇ ਆਏ ਸਨ ਅਤੇ ਸਭ ਕੁਝ ਚੁੱਪ-ਚੁਪੀਤੇ ਕੀਤਾ ਗਿਆ ਸੀ। ਬਪਤਿਸਮਾ ਲੈਣ ਵਾਲਿਆਂ ਨੇ ਇਕ ਦੂਸਰੇ ਨਾਲ ਗੱਲ ਨਹੀਂ ਕੀਤੀ। ਨਾ ਹੀ ਮੈਨੂੰ ਪਤਾ ਸੀ ਕਿ ਕਿਸ ਭਰਾ ਨੇ ਭਾਸ਼ਣ ਦਿੱਤਾ, ਕਿਸ ਨੇ ਝੀਲ ਦੇ ਲਾਗੇ ਮੈਨੂੰ ਬਪਤਿਸਮੇ ਦੇ ਸਵਾਲ ਪੁੱਛੇ, ਜਾਂ ਕਿਸ ਨੇ ਮੈਨੂੰ ਗੋਤਾ ਦਿੱਤਾ। ਕਈ ਸਾਲ ਬਾਅਦ ਜਦੋਂ ਮੈਂ ਆਪਣੇ ਇਕ ਦੋਸਤ ਨਾਲ ਆਪਣੇ ਤਜਰਬਿਆਂ ਬਾਰੇ ਗੱਲ ਕਰ ਰਿਹਾ ਸੀ, ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਦੋਹਾਂ ਨੇ ਉਸੇ ਰਾਤ ਬਪਤਿਸਮਾ ਲਿਆ ਸੀ!
ਸਾਲ 1949 ਵਿਚ ਯੂਕਰੇਨ ਦੇ ਗਵਾਹਾਂ ਨੂੰ ਬਰੁਕਲਿਨ ਤੋਂ ਇਕ ਖ਼ਾਸ ਸੁਨੇਹਾ ਆਇਆ। ਉਨ੍ਹਾਂ ਨੂੰ ਮਾਸਕੋ ਨੂੰ ਲਿਖ ਕੇ ਪਟੀਸ਼ਨ ਘੱਲਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਕਿ ਸੋਵੀਅਤ ਸੰਗ ਵਿਚ ਪ੍ਰਚਾਰ ਦੇ ਕੰਮ ਨੂੰ ਕਾਨੂੰਨੀ ਬਣਾਇਆ ਜਾਵੇ। ਇਹ ਹਿਦਾਇਤ ਦੇ ਅਨੁਸਾਰ, ਅੰਤਰਦੇਸ਼ੀ ਮਨਿਸਟਰ ਦੇ ਰਾਹੀਂ ਇਸ ਪਟੀਸ਼ਨ
ਯੂ.ਐੱਸ.ਐੱਸ.ਆਰ. ਦੀ ਇਕ ਪ੍ਰਧਾਨਗੀ ਮੰਡਲ ਨੂੰ ਘੱਲੀ ਗਈ। ਬਾਅਦ ਵਿਚ ਮੀਕੌਲਾ ਪਿਆਟੌਖਾ ਅਤੇ ਇਲਯਾ ਬਾਬੀਚੁਖ ਨੂੰ ਪਟੀਸ਼ਨ ਦੇ ਸੰਬੰਧ ਵਿਚ ਸਰਕਾਰ ਦਾ ਜਵਾਬ ਸੁਣਨ ਲਈ ਮਾਸਕੋ ਬੁਲਾਇਆ ਗਿਆ ਸੀ। ਉਹ ਰਾਜ਼ੀ ਹੋ ਗਏ ਅਤੇ ਗਰਮੀਆਂ ਨੂੰ ਮਾਸਕੋ ਚਲੇ ਗਏ।ਜਿਸ ਅਫ਼ਸਰ ਨੇ ਇਨ੍ਹਾਂ ਦੋ ਭਰਾਵਾਂ ਨਾਲ ਮੁਲਾਕਾਤ ਕੀਤੀ ਉਸ ਨੇ ਉਨ੍ਹਾਂ ਦੀ ਗੱਲਬਾਤ ਸੁਣੀ ਜਿਉਂ ਹੀ ਉਨ੍ਹਾਂ ਨੇ ਆਪਣੇ ਕੰਮ ਦੇ ਬਾਈਬਲ-ਸੰਬੰਧੀ ਕਾਰਨ ਦੱਸੇ। ਉਨ੍ਹਾਂ ਨੇ ਸਮਝਾਇਆ ਕਿ ਇਹ ਕੰਮ ਯਿਸੂ ਦੀ ਇਸ ਭਵਿੱਖਬਾਣੀ ਦੀ ਪੂਰਤੀ ਵਿਚ ਕੀਤਾ ਜਾ ਰਿਹਾ ਸੀ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:14) ਲੇਕਿਨ, ਅਫ਼ਸਰ ਨੇ ਕਿਹਾ ਕਿ ਸਰਕਾਰ ਸਾਨੂੰ ਕਦੀ ਵੀ ਕਾਨੂੰਨੀ ਇਜਾਜ਼ਤ ਨਹੀਂ ਦੇਵੇਗੀ।
ਭਰਾ ਵਾਪਸ ਆ ਕੇ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਚਲੇ ਗਏ ਤਾਂਕਿ ਉਹ ਯੂਕਰੇਨ ਵਿਚ ਸਾਡੇ ਕੰਮ ਲਈ ਕਾਨੂੰਨੀ ਮਾਨਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਣ। ਪਰ ਇਕ ਵਾਰ ਫਿਰ ਅਧਿਕਾਰੀਆਂ ਨੇ ਨਾ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇ ਯਹੋਵਾਹ ਦੇ ਗਵਾਹ ਸੋਵੀਅਤ ਰਾਜ ਨੂੰ ਸਮਰਥਨ ਦੇਣ ਲੱਗਣਗੇ ਤਦ ਹੀ ਉਨ੍ਹਾਂ ਉੱਤੇ ਕੋਈ ਮੁਸ਼ਕਲਾਂ ਨਹੀਂ ਆਉਣਗੀਆਂ। ਉਨ੍ਹਾਂ ਨੇ ਕਿਹਾ ਕਿ ਗਵਾਹਾਂ ਨੂੰ ਫ਼ੌਜ ਵਿਚ ਸੇਵਾ ਕਰਨ ਅਤੇ ਇਲੈਕਸ਼ਨਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਅਸੀਂ ਨਿਰਪੱਖ ਰਹਿਣ ਦੇ ਆਪਣੇ ਨਜ਼ਰੀਏ ਬਾਰੇ ਉਨ੍ਹਾਂ ਨੂੰ ਦੁਬਾਰਾ ਸਮਝਾਇਆ, ਯਾਨੀ ਕਿ ਆਪਣੇ ਮਾਲਕ ਯਿਸੂ ਮਸੀਹ ਦੀ ਰੀਸ ਵਿਚ ਸਾਨੂੰ ਇਸ ਜਗਤ ਦਾ ਹਿੱਸਾ ਨਹੀਂ ਹੋਣਾ ਚਾਹੀਦਾ।—ਯੂਹੰਨਾ 17:14-16.
ਇਸ ਤੋਂ ਥੋੜ੍ਹੀ ਦੇਰ ਬਾਅਦ ਭਰਾ ਪਿਆਟੌਖਾ ਅਤੇ ਭਰਾ ਬਾਬੀਚੁਖ ਨੂੰ ਗਿਰਫ਼ਤਾਰ ਕੀਤਾ ਗਿਆ, ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ 25 ਸਾਲਾਂ ਦੀ ਸਜ਼ਾ ਦਿੱਤੀ ਗਈ। ਉਸੇ ਸਮੇਂ ਦੌਰਾਨ, ਯਾਨੀ 1950 ਵਿਚ, ਅਧਿਕਾਰੀਆਂ ਨੇ ਕਈ ਗਵਾਹਾਂ ਨੂੰ ਗਿਰਫ਼ਤਾਰ ਕੀਤਾ। ਮੇਰੇ ਪਿਤਾ ਜੀ ਨੂੰ ਵੀ 25 ਸਾਲਾਂ ਦੀ ਸਜ਼ਾ ਮਿਲੀ ਅਤੇ ਉਨ੍ਹਾਂ ਨੂੰ ਖਬਾਰੋਵਸਕ ਲਿਜਾਇਆ ਗਿਆ ਸੀ। ਇਹ ਸੋਵੀਅਤ ਸੰਗ ਦੇ ਦੂਰ-ਦੁਰਾਡੇ ਪੂਰਬੀ ਇਲਾਕੇ ਵਿਚ ਸਾਡੇ ਘਰ ਤੋਂ 5,000 ਮੀਲ ਦੂਰ ਸੀ!
ਸਾਇਬੇਰੀਆ ਵਿਚ ਜਲਾਵਤਨੀ
ਫਿਰ ਅਪ੍ਰੈਲ 1951 ਵਿਚ ਸੋਵੀਅਤ ਰਾਜ ਨੇ ਪੱਛਮੀ ਗਣਰਾਜਾਂ ਵਿਚ ਗਵਾਹਾਂ ਦੇ ਵਿਰੁੱਧ ਇਕ ਮੁਹਿੰਮ ਚਲਾਈ। ਇਨ੍ਹਾਂ ਗਣਰਾਜਾਂ ਤੋਂ ਅੱਜ ਲਾਤਵੀਆ, ਏਸਟੋਨੀਆ, ਲਿਥੁਆਨੀਆ, ਮੌਲਡੋਵਾ, ਬੈਲਾਰੁਸ, ਅਤੇ ਯੂਕਰੇਨ ਦੇਸ਼ ਬਣ ਗਏ ਹਨ। ਇਸੇ ਮਹੀਨੇ ਦੌਰਾਨ, ਮਾਤਾ ਜੀ ਨੂੰ, ਮੈਨੂੰ ਅਤੇ ਤਕਰੀਬਨ 7,000 ਹੋਰਨਾਂ ਭੈਣਾਂ-ਭਰਾਵਾਂ ਨੂੰ ਸਾਇਬੇਰੀਆ ਘੱਲਿਆ ਗਿਆ। ਫ਼ੌਜੀ ਰਾਤ ਨੂੰ ਸਾਡੇ ਘਰ ਆ ਕੇ ਸਾਨੂੰ ਸਟੇਸ਼ਨ ਤਕ ਲੈ ਗਏ। ਉੱਥੇ ਸਾਰਿਆਂ ਨੂੰ 50-50 ਕਰ ਕੇ ਰੇਲ-ਗੱਡੀ ਦੇ ਉਨ੍ਹਾਂ ਡੱਬਿਆਂ ਵਿਚ ਬੰਦ ਕਰ ਦਿੱਤਾ ਜਿਨ੍ਹਾਂ ਵਿਚ ਪਸ਼ੂ ਰੱਖੇ ਜਾਂਦੇ ਸਨ। ਦੋ ਕੁ ਹਫ਼ਤਿਆਂ ਬਾਅਦ ਸਾਨੂੰ ਜ਼ਾਲਾਰੀ ਨਾਂ ਦੀ ਜਗ੍ਹਾ ਤੇ ਉਤਾਰਿਆ ਗਿਆ ਜੋ ਕਿ ਇਰਕੁਤਸਕ ਜ਼ਿਲ੍ਹੇ ਵਿਚ ਬੈਕਾਲ ਝੀਲ ਦੇ ਲਾਗੇ ਹੈ।
ਬਰਫ਼ ਪਈ ਹੋਈ ਸੀ ਅਤੇ ਠੰਢੀ-ਠੰਢੀ ਹਵਾ ਚੱਲ ਰਹੀ ਸੀ। ਮੇਰੇ ਆਲੇ-ਦੁਆਲੇ ਹਥਿਆਰਬੰਦ ਫ਼ੌਜੀ ਖੜ੍ਹੇ ਸਨ ਅਤੇ ਮੈਂ ਸੋਚਣ ਲੱਗ ਪਿਆ ਕਿ ਸਾਡਾ ਕੀ ਹੋਵੇਗਾ। ਮੈਂ ਇਸ ਜਗ੍ਹਾ ਵਿਚ ਯਹੋਵਾਹ ਦੇ ਪ੍ਰਤੀ ਕਿੱਦਾਂ ਵਫ਼ਾਦਾਰ ਰਹਿ ਸਕਾਂਗਾ? ਅਸੀਂ ਰੂਹਾਨੀ ਗੀਤ ਗਾਉਣ ਲੱਗ ਪਏ ਤਾਂਕਿ ਅਸੀਂ ਠੰਢ ਬਾਰੇ ਨਾ ਸੋਚੀਏ। ਫਿਰ ਆਲੇ-ਦੁਆਲੇ ਦੇ ਇਲਾਕੇ ਦੇ ਮੈਨੇਜਰ ਆਏ ਜਿਨ੍ਹਾਂ ਦੇ ਕਾਰੋਬਾਰਾਂ ਉੱਤੇ ਸੋਵੀਅਤ ਰਾਜ ਦੀ ਮਾਲਕੀਅਤ ਸੀ। ਇਨ੍ਹਾਂ ਵਿੱਚੋਂ ਕੁਝ ਵਪਾਰੀਆਂ ਨੂੰ ਮਜ਼ਦੂਰੀ ਲਈ ਆਦਮੀਆਂ ਦੀ ਲੋੜ ਸੀ ਅਤੇ ਦੂਸਰਿਆਂ ਨੂੰ ਪਸ਼ੂਆਂ ਦੀ ਦੇਖ-ਭਾਲ ਅਤੇ ਇਸ ਵਰਗੇ ਹੋਰ ਕੰਮਾਂ ਲਈ ਔਰਤਾਂ ਦੀ ਲੋੜ ਸੀ। ਮੈਨੂੰ ਅਤੇ ਮਾਤਾ ਜੀ ਨੂੰ ਟਾਗਨਿੰਸਕਾਯਾ ਦੇ ਪਣਬਿਜਲੀ ਘਰ ਦੀ ਉਸਾਰੀ ਵਿਚ ਮਦਦ ਕਰਨ ਲਈ ਲਿਜਾਇਆ ਗਿਆ।
ਜਦੋਂ ਅਸੀਂ ਉੱਥੇ ਪਹੁੰਚੇ ਤਾਂ ਅਸੀਂ ਲੱਕੜ ਦੇ ਬਣੇ ਬੈਰਕ ਦੇਖੇ, ਜੋ ਕਿ ਜਲਾਵਤਨਾਂ ਦੀ ਰਿਹਾਇਸ਼ ਲਈ ਸਨ। ਮੈਨੂੰ ਟ੍ਰੈਕਟਰ ਚਲਾਉਣ ਅਤੇ ਬਿਜਲੀ ਦਾ ਕੰਮ ਦਿੱਤਾ ਗਿਆ, ਅਤੇ ਮੇਰੀ ਮਾਤਾ ਜੀ ਨੂੰ ਫਾਰਮ ਵਿਚ ਕੰਮ ਤੇ ਲਗਾਇਆ ਗਿਆ ਸੀ। ਸਰਕਾਰ ਦੇ ਮੁਤਾਬਕ ਅਸੀਂ ਕੈਦੀ ਨਹੀਂ ਪਰ ਜਲਾਵਤਨ ਸਨ। ਇਸ ਲਈ ਸਾਨੂੰ ਬਿਜਲੀ ਘਰ ਦੇ ਲਾਗੇ-ਚਾਗੇ ਦੇ ਇਲਾਕਿਆਂ ਵਿਚ ਆਉਣ-ਜਾਣ ਦੀ ਇਜਾਜ਼ਤ ਸੀ, ਪਰ ਅਸੀਂ 30 ਮੀਲ ਦੀ ਦੂਰੀ ਦੇ ਅਗਲੇ ਪਿੰਡ ਨੂੰ ਨਹੀਂ ਜਾ ਸਕਦੇ ਸਨ। ਅਧਿਕਾਰੀਆਂ ਨੇ ਸਾਡੇ ਉੱਤੇ ਦਬਾਅ ਪਾਇਆ ਕਿ ਅਸੀਂ ਇਕ ਪੱਤਰ ਤੇ ਦਸਤਖਤ ਕਰੀਏ ਜਿਸ ਵਿਚ ਲਿਖਿਆ ਸੀ ਕਿ ਅਸੀਂ ਉੱਥੇ ਹਮੇਸ਼ਾ ਲਈ ਰਹਾਂਗੇ। ਮੈਂ ਸਿਰਫ਼ 19 ਸਾਲਾਂ ਦਾ ਸੀ ਅਤੇ ਮੈਂ ਹਮੇਸ਼ਾ ਲਈ ਉੱਥੇ ਨਹੀਂ ਰਹਿਣਾ ਚਾਹੁੰਦਾ ਸੀ, ਇਸ ਲਈ ਮੈਂ ਦਸਤਖਤ ਕਰਨ ਤੋਂ ਇਨਕਾਰ ਕੀਤਾ। ਪਰ ਫਿਰ ਵੀ ਅਸੀਂ ਇਸ ਇਲਾਕੇ ਵਿਚ 15 ਸਾਲ ਗੁਜ਼ਾਰੇ।
ਉੱਥੇ ਸਾਇਬੇਰੀਆ ਵਿਚ, ਪੋਲੈਂਡ ਦੀ ਸਰਹੱਦ 5 ਮੀਲ ਦੂਰ ਨਹੀਂ, ਲੇਕਿਨ 4,000 ਮੀਲ ਦੂਰ ਸੀ! ਗਵਾਹਾਂ ਨੇ ਕਲੀਸਿਯਾਵਾਂ ਵਿਚ ਇਕੱਠੇ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਭਰਾਵਾਂ ਨੂੰ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਪਹਿਲਾਂ-ਪਹਿਲਾਂ ਸਾਡੇ ਕੋਲ ਬਾਈਬਲ ਦੇ ਥੋੜ੍ਹੇ ਜਿਹੇ ਪ੍ਰਕਾਸ਼ਨ ਸਨ ਜਿਨ੍ਹਾਂ ਨੂੰ ਭਰਾ ਯੂਕਰੇਨ ਤੋਂ ਨਾਲ ਲੈ ਕੇ ਆਏ ਸਨ। ਇਨ੍ਹਾਂ ਦੀਆਂ ਹੱਥ ਨਾਲ ਕਾਪੀਆਂ ਬਣਾਈਆਂ ਗਈਆਂ ਅਤੇ ਆਪਸ ਵਿਚੀਂ ਵੰਡੀਆਂ ਗਈਆਂ।
ਜਲਦੀ ਹੀ ਅਸੀਂ ਮੀਟਿੰਗਾਂ ਕਰਨ ਲੱਗੇ। ਕਿਉਂ ਜੋ ਸਾਡੇ ਵਿੱਚੋਂ ਕਈ ਜਣੇ ਬੈਰਕਾਂ ਵਿਚ ਰਹਿੰਦੇ ਸਨ ਅਸੀਂ ਤਕਰੀਬਨ ਹਰ ਸ਼ਾਮ ਇਕੱਠੇ ਹੁੰਦੇ ਸਨ। ਸਾਡੀ ਕਲੀਸਿਯਾ ਵਿਚ 50 ਕੁ ਮੈਂਬਰ ਸਨ ਅਤੇ ਮੈਨੂੰ ਦੈਵ-ਸ਼ਾਸਕੀ ਸੇਵਕਾਈ ਸਕੂਲ ਕਰਨ ਲਈ ਕਿਹਾ ਗਿਆ ਸੀ। ਕਲੀਸਿਯਾ ਵਿਚ ਥੋੜ੍ਹੇ ਹੀ ਭਰਾ ਸਨ, ਇਸ ਲਈ ਭੈਣਾਂ ਨੇ ਵੀ ਸਕੂਲ ਵਿਚ ਭਾਸ਼ਣ ਦਿੱਤੇ। ਇਹ 1958 ਵਿਚ ਯਹੋਵਾਹ ਦੇ ਗਵਾਹਾਂ ਦੀਆਂ ਬਾਕੀ ਕਲੀਸਿਯਾਵਾਂ ਵਿਚ ਵੀ ਸ਼ੁਰੂ ਕੀਤਾ ਗਿਆ ਸੀ।
ਸਾਰਿਆਂ ਨੇ ਆਪਣੇ ਭਾਸ਼ਣਾਂ ਨੂੰ ਤਿਆਰ ਕਰਨ ਵਿਚ ਬਹੁਤ ਮਿਹਨਤ ਕੀਤੀ ਕਿਉਂਕਿ ਉਹ ਜਾਣਦੇ ਸਨ ਕਿ ਸਕੂਲ ਦੇ ਰਾਹੀਂ ਯਹੋਵਾਹ ਦੀ ਪ੍ਰਸ਼ੰਸਾ ਹੋਵੇਗੀ ਅਤੇ ਭੈਣਾਂ-ਭਰਾਵਾਂ ਨੂੰ ਵੀ ਹੌਸਲਾ ਮਿਲੇਗਾ।ਸਾਡੀ ਸੇਵਕਾਈ ਉੱਤੇ ਬਰਕਤ
ਬੈਰਕਾਂ ਵਿਚ ਦੂਸਰੇ ਲੋਕ ਵੀ ਸਾਡੇ ਨਾਲ ਰਹਿੰਦੇ ਹੁੰਦੇ ਸਨ, ਅਤੇ ਭਾਵੇਂ ਕਿ ਬਾਈਬਲ ਬਾਰੇ ਗੱਲਬਾਤ ਕਰਨੀ ਮਨ੍ਹਾ ਸੀ, ਇਕ ਦਿਨ ਵੀ ਨਹੀਂ ਲੰਘਿਆ ਜਦੋਂ ਅਸੀਂ ਉਨ੍ਹਾਂ ਨਾਲ ਸੱਚਾਈ ਬਾਰੇ ਗੱਲ ਨਹੀਂ ਕੀਤੀ। ਸਾਲ 1953 ਵਿਚ ਸੋਵੀਅਤ ਸੰਗ ਦੇ ਪ੍ਰਧਾਨ, ਜੋਸਿਫ ਸਟਾਲਿਨ ਦੀ ਮੌਤ ਮਗਰੋਂ ਹਾਲਾਤ ਕੁਝ ਹੱਦ ਤਕ ਬਿਹਤਰ ਹੋ ਗਏ। ਦੂਸਰਿਆਂ ਨਾਲ ਬਾਈਬਲ ਬਾਰੇ ਗੱਲ ਕਰਨ ਲਈ ਸਾਨੂੰ ਹੋਰ ਆਜ਼ਾਦੀ ਮਿਲੀ। ਯੂਕਰੇਨ ਵਿਚ ਆਪਣੇ ਦੋਸਤਾਂ ਦੀਆਂ ਚਿੱਠੀਆਂ ਰਾਹੀਂ ਸਾਨੂੰ ਪਤਾ ਲੱਗਾ ਕਿ ਸਾਡੇ ਇਲਾਕੇ ਵਿਚ ਦੂਸਰੇ ਗਵਾਹ ਕਿੱਥੇ-ਕਿੱਥੇ ਰਹਿੰਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਮਿਲ ਸਕੇ। ਇਸ ਤਰ੍ਹਾਂ ਅਸੀਂ ਆਪਣੀਆਂ ਕਲੀਸਿਯਾਵਾਂ ਨੂੰ ਸਰਕਟਾਂ ਵਿਚ ਸੰਗਠਿਤ ਕਰ ਸਕੇ।
ਸਾਲ 1954 ਵਿਚ ਮੇਰਾ ਵਿਆਹ ਓਲਗਾ ਦੇ ਨਾਲ ਹੋਇਆ, ਉਹ ਵੀ ਯੂਕਰੇਨ ਤੋਂ ਆਈ ਹੋਈ ਸੀ। ਸਾਲਾਂ ਦੌਰਾਨ ਉਸ ਨੇ ਮੈਨੂੰ ਯਹੋਵਾਹ ਦੀ ਸੇਵਾ ਵਿਚ ਬਹੁਤ ਸਹਾਰਾ ਦਿੱਤਾ ਹੈ। ਸਟੇਪਾਨ, ਜੋ ਕਿ 1947 ਵਿਚ ਯੂਕਰੇਨ ਅਤੇ ਪੋਲੈਂਡ ਦੀ ਸਰਹੱਦ ਤੇ ਮਾਰਿਆ ਗਿਆ ਸੀ, ਓਲਗਾ ਦਾ ਭਰਾ ਸੀ। ਬਾਅਦ ਵਿਚ ਸਾਡੀ ਧੀ ਦਾ ਜਨਮ ਹੋਇਆ ਜਿਸ ਦਾ ਅਸੀਂ ਵਾਲੰਟੀਨਾ ਨਾਂ ਰੱਖਿਆ।
ਮੈਂ ਅਤੇ ਓਲਗਾ ਨੇ ਸਾਇਬੇਰੀਆ ਵਿਚ ਆਪਣੀ ਮਸੀਹੀ ਸੇਵਕਾਈ ਵਿਚ ਬਹੁਤ ਬਰਕਤਾਂ ਦਾ ਆਨੰਦ ਮਾਣਿਆ। ਮਿਸਾਲ ਲਈ, ਇਕ ਦਿਨ ਸਾਨੂੰ ਜੋਰਜ ਨਾਂ ਦਾ ਆਦਮੀ ਮਿਲਿਆ ਜੋ ਕਿ ਬੈਪਟਿਸਟ ਧਰਮ ਦੇ ਇਕ ਗਰੁੱਪ ਦਾ ਆਗੂ ਸੀ। ਅਸੀਂ ਉਸ ਨੂੰ ਮਿਲਣ ਜਾਂਦੇ ਹੁੰਦੇ ਸਨ ਅਤੇ ਜਿਹੜੇ ਵੀ ਪਹਿਰਾਬੁਰਜ ਰਸਾਲੇ ਸਾਨੂੰ ਮਿਲਦੇ ਸਨ ਅਸੀਂ ਉਨ੍ਹਾਂ ਵਿੱਚੋਂ ਉਸ ਨਾਲ ਸਟੱਡੀ ਕਰਦੇ ਸਨ। ਜੋਰਜ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਜੋ ਵੀ ਯਹੋਵਾਹ ਦੇ ਸੇਵਕ ਬਾਈਬਲ ਵਿੱਚੋਂ ਸਿਖਾਉਂਦੇ ਹਨ ਉਹ ਸੱਚਾਈ ਹੈ। ਅਸੀਂ ਬੈਪਟਿਸਟ ਚਰਚ ਵਿੱਚੋਂ ਉਸ ਦੇ ਕਈ ਦੋਸਤਾਂ ਨਾਲ ਵੀ ਸਟੱਡੀ ਕਰਨ ਲੱਗੇ। ਅਸੀਂ ਕਿੰਨੇ ਖ਼ੁਸ਼ ਹੋਏ ਜਦੋਂ ਜੋਰਜ ਅਤੇ ਉਸ ਦੇ ਕਈ ਮਿੱਤਰ ਬਪਤਿਸਮਾ ਲੈ ਕੇ ਸਾਡੇ ਰੂਹਾਨੀ ਭਰਾ ਬਣੇ!
ਸੰਨ 1956 ਵਿਚ ਮੈਂ ਸਫ਼ਰੀ ਨਿਗਾਹਬਾਨ ਬਣਿਆ ਅਤੇ ਮੈਂ ਆਪਣੇ ਇਲਾਕੇ ਵਿਚ ਹਰ ਹਫ਼ਤੇ ਵੱਖੋ-ਵੱਖਰੀ ਕਲੀਸਿਯਾ ਨੂੰ ਮਿਲਣ ਜਾਂਦਾ ਹੁੰਦਾ ਸੀ। ਮੈਂ ਕੰਮ ਤੇ ਦਿਹਾੜੀ ਲਾ ਕੇ ਸ਼ਾਮ ਨੂੰ ਆਪਣੇ ਮੋਟਰ ਸਾਈਕਲ ਤੇ ਚੜ੍ਹ ਕੇ ਕਲੀਸਿਯਾ ਨੂੰ ਮਿਲਣ ਜਾਂਦਾ ਹੁੰਦਾ ਸੀ। ਅਤੇ ਸਵੇਰ ਨੂੰ ਸਾਝਰੇ ਉੱਠ ਕੇ ਮੈਂ ਫੇਰ ਕੰਮ ਤੇ ਜਾਂਦਾ ਹੁੰਦਾ ਸੀ। ਮੀਖਾਈਲੋ ਸੇਰਡਿਨਸਕੀ ਸਫ਼ਰੀ ਕੰਮ ਵਿਚ ਮੇਰੀ ਮਦਦ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਪਰ 1958 ਵਿਚ ਉਹ ਸੜਕ ਤੇ ਇਕ ਹਾਦਸੇ ਵਿਚ ਮਾਰਿਆ ਗਿਆ। ਉਸ ਦੀ ਮੌਤ ਬੁੱਧਵਾਰ ਨੂੰ ਹੋਈ ਸੀ ਪਰ ਉਸ ਨੂੰ ਐਤਵਾਰ ਤਕ ਦਾਗ ਨਹੀਂ ਦਿੱਤੇ ਗਏ ਸਨ ਤਾਂਕਿ ਕਈ ਹੋਰ ਗਵਾਹਾਂ ਨੂੰ ਹਾਜ਼ਰ ਹੋਣ ਦਾ ਮੌਕਾ ਮਿਲ ਸਕੇ।
ਜਦੋਂ ਸਾਡੇ ਵਿੱਚੋਂ ਕਈ ਜਣੇ ਕਬਰਸਤਾਨ ਨੂੰ ਜਾ ਰਹੇ ਸਨ ਤਾਂ ਸਰਕਾਰੀ ਅਫ਼ਸਰ ਸਾਡੇ ਮਗਰ-ਮਗਰ ਆਏ। ਬਾਈਬਲ ਤੇ ਆਧਾਰਿਤ ਜੀ ਉਠਾਏ ਜਾਣ ਦੀ ਆਪਣੀ ਉਮੀਦ ਬਾਰੇ ਗੱਲ ਕਰਨ ਲਈ ਮੈਨੂੰ ਗਿਰਫ਼ਤਾਰ ਕੀਤਾ ਜਾ ਸਕਦਾ ਸੀ। ਪਰ ਮੀਖਾਈਲੋ ਅਤੇ ਭਵਿੱਖ ਵਿਚ ਉਸ ਦੀ ਉਮੀਦ ਬਾਰੇ ਗੱਲ ਕਰਨ ਲਈ ਮੈਂ ਦਿਲੋਂ ਪ੍ਰੇਰਿਤ ਹੋਇਆ। ਮੈਂ ਬਾਈਬਲ ਵਿੱਚੋਂ ਹਵਾਲੇ ਵੀ ਦਿਖਾਏ ਪਰ ਅਫ਼ਸਰਾਂ ਨੇ ਮੈਨੂੰ ਗਿਰਫ਼ਤਾਰ ਨਹੀਂ ਕੀਤਾ। ਉਨ੍ਹਾਂ ਨੂੰ ਪਤਾ ਸੀ ਕਿ ਇਵੇਂ ਕਰਨ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਅਸਲ ਵਿਚ ਉਹ ਮੈਨੂੰ ਜਾਣਦੇ ਸੀ ਅਤੇ ਪੁੱਛ-ਪੜਤਾਲ ਲਈ ਮੈਂ ਕਈ ਵਾਰ ਉਨ੍ਹਾਂ ਦੇ ਹੈੱਡ-ਕੁਆਰਟਰਾਂ ਵਿਚ “ਮਹਿਮਾਨ” ਬਣਿਆ ਸੀ।
ਇਕ “ਭਰਾ” ਦੁਆਰਾ ਧੋਖਾ
ਸੰਨ 1959 ਵਿਚ ਸਰਕਾਰੀ ਅਫ਼ਸਰਾਂ ਨੇ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਨ ਵਾਲੇ 12 ਗਵਾਹਾਂ ਨੂੰ
ਗਿਰਫ਼ਤਾਰ ਕਰ ਲਿਆ। ਕਈ ਹੋਰਨਾਂ ਨੂੰ, ਅਤੇ ਮੈਨੂੰ ਵੀ ਪੁੱਛ-ਪੜਤਾਲ ਲਈ ਬੁਲਾਇਆ ਗਿਆ ਸੀ। ਜਦੋਂ ਮੇਰੀ ਵਾਰੀ ਆਈ, ਤਾਂ ਮੈਂ ਅਫ਼ਸਰਾਂ ਦੀਆਂ ਗੱਲਾਂ ਸੁਣ ਕੇ ਹੱਕਾ-ਬੱਕਾ ਰਹਿ ਗਿਆ। ਉਨ੍ਹਾਂ ਨੂੰ ਸਾਡੇ ਕੰਮ ਬਾਰੇ ਸਾਰੀਆਂ ਗੱਲਾਂ ਬਾਰੇ ਪਤਾ ਸੀ। ਉਨ੍ਹਾਂ ਨੂੰ ਇਹ ਸਭ ਕੁਝ ਕਿੱਦਾਂ ਪਤਾ ਲੱਗਾ? ਇੱਕੋ ਜਵਾਬ ਸੀ। ਕੋਈ ਵਿਅਕਤੀ ਜਿਸ ਨੂੰ ਸਾਡੇ ਬਾਰੇ ਬਹੁਤ ਕੁਝ ਪਤਾ ਸੀ ਕਾਫ਼ੀ ਚਿਰ ਤੋਂ ਸਰਕਾਰ ਦੇ ਨਾਲ ਕੰਮ ਕਰਦਾ ਆਇਆ ਸੀ।ਜਿਨ੍ਹਾਂ 12 ਭਰਾਵਾਂ ਨੂੰ ਗਿਰਫ਼ਤਾਰ ਕੀਤਾ ਗਿਆ ਉਨ੍ਹਾਂ ਨੇ ਸਲਾਹ ਕੀਤੀ ਕਿ ਉਹ ਅਧਿਕਾਰੀਆਂ ਨੂੰ ਕੁਝ ਵੀ ਨਹੀਂ ਦੱਸਣਗੇ। ਇਸ ਤਰ੍ਹਾਂ ਜਿਸ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਉਸ ਨੂੰ ਆਪ ਅਦਾਲਤ ਵਿਚ ਆ ਕੇ ਗਵਾਹੀ ਦੇਣੀ ਪਵੇਗੀ। ਭਾਵੇਂ ਮੈਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਮੈਂ ਦੇਖਣ ਲਈ ਚਲਾ ਗਿਆ ਕਿ ਅਦਾਲਤ ਵਿਚ ਕੀ ਹੋਵੇਗਾ। ਜੱਜ ਨੇ 12 ਜਣਿਆਂ ਨੂੰ ਸਵਾਲ ਪੁੱਛੇ ਪਰ ਉਨ੍ਹਾਂ ਨੇ ਕੁਝ ਨਹੀਂ ਕਿਹਾ। ਫਿਰ ਇਸ ਤੋਂ ਬਾਅਦ ਕਨਸਟੰਟੀਨ ਪੌਲਿਸ਼ਚੁਖ ਨਾਂ ਦੇ ਇਕ ਭਰਾ, ਜਿਸ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਸੀ, ਨੇ 12 ਭਰਾਵਾਂ ਦੇ ਵਿਰੁੱਧ ਗਵਾਹੀ ਦਿੱਤੀ। ਮੁਕੱਦਮੇ ਦੇ ਅਖ਼ੀਰ ਵਿਚ ਕੁਝ ਭਰਾਵਾਂ ਨੂੰ ਕੈਦ ਦੀ ਸਜ਼ਾ ਦਿੱਤੀ ਗਈ। ਅਦਾਲਤ ਤੋਂ ਬਾਹਰ ਪੌਲਿਸ਼ਚੁਖ ਮੈਨੂੰ ਟੱਕਰ ਪਿਆ।
“ਤੁਸੀਂ ਸਾਨੂੰ ਕਿਉਂ ਧੋਖਾ ਦੇ ਰਹੇ ਹੋ?” ਮੈਂ ਉਸ ਨੂੰ ਪੁੱਛਿਆ।
“ਕਿਉਂਕਿ ਮੈਂ ਹੁਣ ਨਹੀਂ ਮੰਨਦਾ,” ਉਸ ਨੇ ਜਵਾਬ ਦਿੱਤਾ।
“ਕੀ ਨਹੀਂ ਮੰਨਦਾ?” ਮੈਂ ਪੁੱਛਿਆ।
“ਮੈਂ ਹੁਣ ਬਾਈਬਲ ਨੂੰ ਨਹੀਂ ਮੰਨ ਸਕਦਾ,” ਉਸ ਨੇ ਕਿਹਾ।
ਪੌਲਿਸ਼ਚੁਖ ਜੱਜ ਨੂੰ ਮੇਰੇ ਬਾਰੇ ਵੀ ਦੱਸ ਸਕਦਾ ਸੀ ਪਰ ਆਪਣੀ ਗਵਾਹੀ ਵਿਚ ਉਸ ਨੇ ਮੇਰਾ ਨਾਂ ਨਹੀਂ ਲਿਆ। ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਮੇਰੇ ਬਾਰੇ ਕਿਉਂ ਨਹੀਂ ਦੱਸਿਆ।
ਉਸ ਨੇ ਕਿਹਾ: “ਮੈਂ ਨਹੀਂ ਚਾਹੁੰਦਾ ਕਿ ਤੈਨੂੰ ਜੇਲ੍ਹ ਹੋ ਜਾਵੇ। ਮੈਨੂੰ ਹਾਲੇ ਵੀ ਤੁਹਾਡੀ ਪਤਨੀ ਦੇ ਭਰਾ ਸਟੇਪਾਨ ਦੀ ਮੌਤ ਬਾਰੇ ਦੁੱਖ ਲੱਗਦਾ ਹੈ। ਜਿਸ ਰਾਤ ਉਹ ਮਰਿਆ ਮੈਂ ਹੀ ਉਹ ਨੂੰ ਸਰਹੱਦ ਪਾਰ ਕਰਨ ਲਈ ਘੱਲਿਆ ਸੀ। ਮੈਨੂੰ ਇਸ ਬਾਰੇ ਬੜਾ ਅਫ਼ਸੋਸ ਹੈ।”
ਮੈਂ ਉਸ ਦੀਆਂ ਗੱਲਾਂ ਤੋਂ ਹੈਰਾਨ ਹੋ ਗਿਆ। ਉਸ ਦੀ ਜ਼ਮੀਰ ਕਿੰਨੀ ਵਿਗੜੀ ਹੋਈ ਸੀ! ਉਸ ਨੂੰ ਸਟੇਪਾਨ ਦੀ ਮੌਤ ਬਾਰੇ ਅਫ਼ਸੋਸ ਸੀ, ਪਰ ਹੁਣੇ ਹੀ ਉਸ ਨੇ ਯਹੋਵਾਹ ਦੇ ਸੇਵਕਾਂ ਨੂੰ ਧੋਖਾ ਦਿੱਤਾ ਸੀ। ਮੈਂ ਪੌਲਿਸ਼ਚੁਖ ਨੂੰ ਫਿਰ ਕਦੀ ਨਹੀਂ ਦੇਖਿਆ। ਕੁਝ ਮਹੀਨਿਆਂ ਬਾਅਦ ਉਹ ਮਰ ਗਿਆ। ਮੈਂ ਸਾਲਾਂ ਤੋਂ ਇਸ ਭਰਾ ਤੇ ਭਰੋਸਾ ਰੱਖਦਾ ਆਇਆ ਸੀ ਪਰ ਉਸ ਨੇ ਭਰਾਵਾਂ ਨਾਲ ਕਿੰਨਾ ਬੁਰਾ ਕੀਤਾ। ਇਸ ਮਾਮਲੇ ਨੇ ਮੇਰੇ ਮਨ ਅਤੇ ਦਿਲ ਨੂੰ ਗਹਿਰੀ ਤਰ੍ਹਾਂ ਜ਼ਖ਼ਮੀ ਕੀਤਾ। ਪਰ ਇਸ ਤੋਂ ਮੈਂ ਇਕ ਬਹੁਤ ਜ਼ਰੂਰੀ ਸਬਕ ਸਿੱਖਿਆ: ਪੌਲਿਸ਼ਚੁਖ ਇਸ ਕਰਕੇ ਬੇਵਫ਼ਾ ਬਣਿਆ ਕਿਉਂਕਿ ਉਸ ਨੇ ਬਾਈਬਲ ਪੜ੍ਹਨੀ ਅਤੇ ਉਸ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ ਸੀ।
ਸਾਨੂੰ ਇਹ ਗੱਲ ਜ਼ਰੂਰ ਧਿਆਨ ਵਿਚ ਰੱਖਣੀ ਚਾਹੀਦੀ ਹੈ: ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਹੈ ਤਾਂ ਸਾਨੂੰ ਬਾਕਾਇਦਾ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” ਇਸ ਤੋਂ ਇਲਾਵਾ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਚੌਕਸ ਰਹਿਣ ਲਈ ਕਿਹਾ ਸੀ। ਕਿਉਂ? “ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ।”—ਕਹਾਉਤਾਂ 4:23; ਇਬਰਾਨੀਆਂ 3:12.
ਯੂਕਰੇਨ ਨੂੰ ਵਾਪਸੀ
ਜਦੋਂ 1966 ਵਿਚ ਸਾਇਬੇਰੀਆ ਵਿਚ ਸਾਡੀ ਜਲਾਵਤਨੀ ਖ਼ਤਮ ਹੋਈ, ਮੈਂ ਅਤੇ ਓਲਗਾ ਯੂਕਰੇਨ ਨੂੰ ਵਾਪਸ ਚਲੇ ਗਏ। ਅਸੀਂ ਸੌਖਾਲ ਪਿੰਡ ਨੂੰ ਆ ਗਏ ਜੋ ਕਿ ਲੈਵੀਫ਼ ਤੋਂ 50 ਕੁ ਮੀਲ ਦੂਰ ਹੈ। ਉੱਥੇ ਬਥੇਰਾ ਕੰਮ ਸੀ ਕਿਉਂਕਿ ਸੌਖਾਲ, ਅਤੇ ਲਾਗੇ ਦੇ ਚੇਰਵੌਨੌਗ੍ਰਾਡ, ਅਤੇ ਸੌਸਨੀਫਕਾ ਸ਼ਹਿਰਾਂ ਵਿਚ ਸਿਰਫ਼ 34 ਗਵਾਹ ਸਨ। ਅੱਜ ਇਸ ਇਲਾਕੇ ਵਿਚ 11 ਕਲੀਸਿਯਾਵਾਂ ਹਨ!
ਓਲਗਾ 1993 ਵਿਚ ਆਪਣੀ ਮੌਤ ਤਕ ਵਫ਼ਾਦਾਰ ਰਹੀ। ਤਿੰਨਾਂ ਸਾਲਾਂ ਬਾਅਦ ਮੈਂ ਲਿਡਿਯਾ ਨਾਲ ਵਿਆਹ ਕਰਵਾਇਆ ਅਤੇ ਉਸ ਨੇ ਹੁਣ ਤਕ ਮੇਰੀ ਮਦਦ ਕੀਤੀ ਹੈ। ਇਸ ਦੇ ਨਾਲ-ਨਾਲ, ਮੇਰੀ ਧੀ ਵਾਲੰਟੀਨਾ ਆਪਣੇ ਪਰਿਵਾਰ ਦੇ ਨਾਲ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਨੇ ਵੀ ਮੇਰਾ ਹੌਸਲਾ ਬਹੁਤ ਵਧਾਇਆ ਹੈ। ਪਰ ਮੈਨੂੰ ਸਭ ਤੋਂ ਵੱਡੀ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਮੈਂ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ ਹਾਂ, ਜੋ ਖ਼ੁਦ ਵਫ਼ਾਦਾਰ ਹੈ।—2 ਸਮੂਏਲ 22:26.
ਔਲੇਕਸੀ ਡਾਵਿਡਯੁਕ 18 ਫਰਵਰੀ 2000 ਨੂੰ ਯਹੋਵਾਹ ਦੇ ਇਕ ਵਫ਼ਾਦਾਰ ਸੇਵਕ ਵਜੋਂ ਮਰ ਗਿਆ ਜਦੋਂ ਇਹ ਲੇਖ ਛਪਾਈ ਵਾਸਤੇ ਤਿਆਰ ਕੀਤਾ ਜਾ ਰਿਹਾ ਸੀ।
[ਸਫ਼ਾ 20 ਉੱਤੇ ਤਸਵੀਰ]
ਸਾਲ 1952 ਵਿਚ ਪੂਰਬੀ ਸਾਇਬੇਰੀਆ ਵਿਚ ਸਾਡੀ ਕਲੀਸਿਯਾ ਜੋ ਬੈਰਕਾਂ ਵਿਚ ਮਿਲਦੀ ਹੁੰਦੀ ਸੀ
[ਸਫ਼ਾ 23 ਉੱਤੇ ਤਸਵੀਰ]
ਸਾਲ 1953 ਵਿਚ ਦੈਵ-ਸ਼ਾਸਕੀ ਸੇਵਕਾਈ ਸਕੂਲ
[ਸਫ਼ਾ 23 ਉੱਤੇ ਤਸਵੀਰ]
ਸਾਲ 1958 ਵਿਚ ਮੀਖਾਈਲੋ ਸੇਰਡਿਨਸਕੀ ਦੇ ਦਾਗ
[ਸਫ਼ਾ 24 ਉੱਤੇ ਤਸਵੀਰ]
ਆਪਣੀ ਪਤਨੀ ਲਿਡਿਯਾ ਦੇ ਨਾਲ