Skip to content

Skip to table of contents

ਅਧਿਆਪਕ—ਸਾਨੂੰ ਉਨ੍ਹਾਂ ਦੀ ਕਿਉਂ ਜ਼ਰੂਰਤ ਹੈ?

ਅਧਿਆਪਕ—ਸਾਨੂੰ ਉਨ੍ਹਾਂ ਦੀ ਕਿਉਂ ਜ਼ਰੂਰਤ ਹੈ?

ਅਧਿਆਪਕ​—ਸਾਨੂੰ ਉਨ੍ਹਾਂ ਦੀ ਕਿਉਂ ਜ਼ਰੂਰਤ ਹੈ?

“ਮਹਾਨ ਅਧਿਆਪਕ ਦੇ ਚਰਨਾਂ ਵਿਚ ਗੁਜ਼ਾਰਿਆ ਇਕ ਦਿਨ ਪੋਥੀਆਂ ਪੜ੍ਹਨ ਵਿਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।”​—ਜਪਾਨੀ ਕਹਾਵਤ।

ਕੀ ਤੁਹਾਨੂੰ ਉਹ ਅਧਿਆਪਕ ਯਾਦ ਹੈ ਜਿਸ ਨੇ ਸਕੂਲ ਵਿਚ ਤੁਹਾਡੇ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ? ਜਾਂ ਜੇ ਤੁਸੀਂ ਹਾਲੇ ਵੀ ਵਿਦਿਆਰਥੀ ਹੋ, ਤਾਂ ਸਕੂਲ ਵਿਚ ਤੁਹਾਡਾ ਕੋਈ ਮਨ-ਪਸੰਦ ਅਧਿਆਪਕ ਹੈ? ਤੁਸੀਂ ਉਸ ਨੂੰ ਕਿਉਂ ਪਸੰਦ ਕਰਦੇ ਹੋ?

ਇਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਦਿਲਾਂ ਵਿਚ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਬਹੁਤ ਦਿਲਚਸਪ ਢੰਗ ਨਾਲ ਸਿਖਾਉਂਦਾ ਹੈ। ਭਾਰਤ ਦੇ ਇਕ ਅੱਧ-ਖੜ੍ਹ ਉਮਰ ਦੇ ਬਿਜ਼ਨਿਸਮੈਨ ਨੇ ਕੋਲਕਾਤਾ ਵਿਚ ਆਪਣੇ ਇੰਗਲਿਸ਼ ਟੀਚਰ ਦੀ ਤਾਰੀਫ਼ ਕਰਦਿਆਂ ਕਿਹਾ ਕਿ “ਸੈਸੂਨ ਸਰ ਅੰਗ੍ਰੇਜ਼ੀ ਬੜੇ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀ ਜਿਸ ਕਰਕੇ ਇਸ ਭਾਸ਼ਾ ਵਿਚ ਮੇਰੀ ਦਿਲਚਸਪੀ ਵਧੀ। ਉਹ ਅਕਸਰ ਮੇਰੇ ਅੰਗ੍ਰੇਜ਼ੀ ਦੇ ਸਭ ਤੋਂ ਵਧੀਆ ਲੇਖਾਂ ਵਿਚ ਥੋੜ੍ਹਾ-ਬਹੁਤਾ ਸੁਧਾਰ ਕਰ ਕੇ ਉਨ੍ਹਾਂ ਨੂੰ ਕਈ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਦੇ ਦਿੰਦੇ ਸੀ। ਉਨ੍ਹਾਂ ਵਿੱਚੋਂ ਕੁਝ ਛਪੇ ਵੀ ਸਨ। ਮੈਨੂੰ ਇਨ੍ਹਾਂ ਲੇਖਾਂ ਲਈ ਮਿਲੇ ਪੈਸਿਆਂ ਨਾਲੋਂ ਆਪਣੇ ਛਪੇ ਲੇਖਾਂ ਨੂੰ ਦੇਖ ਕੇ ਜ਼ਿਆਦਾ ਖ਼ੁਸ਼ੀ ਮਿਲਦੀ ਸੀ। ਇਸ ਚੀਜ਼ ਨੇ ਲੇਖਕ ਵਜੋਂ ਮੇਰਾ ਹੌਸਲਾ ਵਧਾਇਆ ਅਤੇ ਮੇਰੇ ਵਿਚ ਆਤਮ-ਵਿਸ਼ਵਾਸ ਪੈਦਾ ਕੀਤਾ।”

ਮਿਊਨਿਖ, ਜਰਮਨੀ ਦੀ ਪੰਜਾਹ-ਕੁ ਸਾਲਾਂ ਦੀ ਇਕ ਹਸਮੁਖ ਔਰਤ ਮਾਰਗੈਟ ਨੇ ਕਿਹਾ ਕਿ “ਮੈਨੂੰ ਇਕ ਟੀਚਰ ਬਹੁਤ ਚੰਗੀ ਲੱਗਦੀ ਸੀ। ਉਹ ਸਾਨੂੰ ਔਖੀਆਂ ਗੱਲਾਂ ਬੜੇ ਸੌਖੇ ਤਰੀਕੇ ਨਾਲ ਸਮਝਾ ਦਿੰਦੀ ਸੀ। ਜਦੋਂ ਸਾਨੂੰ ਕੁਝ ਸਮਝ ਨਹੀਂ ਪੈਂਦਾ ਸੀ, ਤਾਂ ਉਹ ਬੜੇ ਪਿਆਰ ਨਾਲ ਸਾਨੂੰ ਕਹਿੰਦੀ ਸੀ ਕਿ ਅਸੀਂ ਉਸ ਤੋਂ ਇਸ ਬਾਰੇ ਦੁਬਾਰਾ ਪੁੱਛ ਸਕਦੇ ਸੀ। ਉਹ ਸਾਡੇ ਤੋਂ ਦੂਰ-ਦੂਰ ਨਹੀਂ ਰਹਿੰਦੀ ਸੀ ਸਗੋਂ ਸਾਡੀ ਸਹੇਲੀ ਵਾਂਗਰ ਸੀ। ਇਸ ਕਰਕੇ ਕਲਾਸ ਵਿਚ ਬੜਾ ਮਜ਼ਾ ਆਉਂਦਾ ਸੀ।”

ਆਸਟ੍ਰੇਲੀਆ ਦੇ ਰਹਿਣ ਵਾਲੇ ਪੀਟਰ ਨੇ ਹਿਸਾਬ ਦੇ ਆਪਣੇ ਟੀਚਰ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਨੇ “ਸਾਨੂੰ ਸਿਖਾਇਆ ਕਿ ਅਸੀਂ ਜੋ ਪੜ੍ਹਦੇ ਹਾਂ ਉਸ ਦਾ ਸਾਡੀ ਜ਼ਿੰਦਗੀ ਨਾਲ ਕੀ ਸੰਬੰਧ ਹੈ। ਜਦੋਂ ਅਸੀਂ ਜਿਉਮੈਟਰੀ ਸਿੱਖ ਰਹੇ ਸੀ, ਤਾਂ ਉਸ ਨੇ ਸਾਨੂੰ ਦਿਖਾਇਆ ਕਿ ਬਿਨਾਂ ਹੱਥ ਲਾਏ ਇਕ ਇਮਾਰਤ ਦਾ ਕਿਵੇਂ ਨਾਪ ਲਿਆ ਜਾ ਸਕਦਾ ਹੈ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਇੱਦਾਂ ਵੀ ਕੀਤਾ ਜਾ ਸਕਦਾ ਹੈ!”

ਉੱਤਰੀ ਇੰਗਲੈਂਡ ਵਿਚ ਰਹਿਣ ਵਾਲੀ ਪੌਲੀਨ ਨੇ ਆਪਣੇ ਅਧਿਆਪਕ ਨੂੰ ਸਾਫ਼-ਸਾਫ਼ ਦੱਸਿਆ ਕਿ ਉਸ ਨੂੰ “ਹਿਸਾਬ ਬਹੁਤ ਔਖਾ ਲੱਗਦਾ ਸੀ।” ਅਧਿਆਪਕ ਨੇ ਕਿਹਾ: “ਜੇ ਤੂੰ ਚਾਹੁੰਦੀ ਹੈ, ਤਾਂ ਮੈਂ ਤੇਰੀ ਮਦਦ ਕਰ ਸਕਦਾ ਹਾਂ।” ਪੌਲੀਨ ਨੇ ਅੱਗੇ ਕਿਹਾ ਕਿ “ਅਗਲੇ ਕੁਝ ਮਹੀਨਿਆਂ ਦੌਰਾਨ ਉਸ ਨੇ ਮੇਰੀ ਕਾਫ਼ੀ ਮਦਦ ਕੀਤੀ, ਸਕੂਲ ਤੋਂ ਬਾਅਦ ਵੀ। ਉਸ ਨੇ ਮੇਰੇ ਤੇ ਬਹੁਤ ਮਿਹਨਤ ਕੀਤੀ। ਇਸ ਕਰਕੇ ਮੈਂ ਵੀ ਦਿਲ ਲਾ ਕੇ ਮਿਹਨਤ ਕੀਤੀ ਅਤੇ ਮੇਰਾ ਹਿਸਾਬ ਸੁਧਰ ਗਿਆ।”

ਸਕਾਟਲੈਂਡ ਦੀ ਤੀਹਾਂ-ਕੁ ਸਾਲਾਂ ਦੀ ਐਂਜੀ ਨੇ ਆਪਣੇ ਹਿਸਟਰੀ ਟੀਚਰ ਮਿਸਟਰ ਗ੍ਰੇਅਮ ਬਾਰੇ ਕਿਹਾ ਕਿ “ਉਹ ਹਿਸਟਰੀ ਨੂੰ ਬੜਾ ਦਿਲਚਸਪ ਬਣਾ ਦਿੰਦਾ ਸੀ ਅਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਬੜੇ ਜੋਸ਼ ਨਾਲ ਕਹਾਣੀਆਂ ਦੇ ਤੌਰ ਤੇ ਸੁਣਾਉਂਦਾ ਹੁੰਦਾ ਸੀ। ਇਵੇਂ ਲੱਗਦਾ ਸੀ ਕਿ ਸਭ ਕੁਝ ਸਾਡੀਆਂ ਅੱਖਾਂ ਸਾਮ੍ਹਣੇ ਹੀ ਹੋ ਰਿਹਾ ਸੀ।” ਉਸ ਨੂੰ ਆਪਣੀ ਪਹਿਲੀ ਕਲਾਸ ਦੀ ਟੀਚਰ ਮਿਸਿਜ਼ ਹਯੂਇਟ ਵੀ ਯਾਦ ਹੈ। ਉਹ ਸਿਆਣੀ ਉਮਰ ਦੀ ਸੀ। “ਉਹ ਸਾਨੂੰ ਬਹੁਤ ਪਿਆਰ ਕਰਦੀ ਸੀ। ਇਕ ਦਿਨ ਮੈਂ ਉਸ ਨੂੰ ਇਕ ਸਵਾਲ ਪੁੱਛਣ ਲਈ ਗਈ। ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ ਜਿਸ ਤੋਂ ਮੈਂ ਬਹੁਤ ਖ਼ੁਸ਼ ਹੋਈ।”

ਗ੍ਰੀਸ ਦੇ ਦੱਖਣੀ ਹਿੱਸੇ ਵਿਚ ਰਹਿਣ ਵਾਲੇ ਟਿਮਥੀ ਨੇ ਦਿਲੋਂ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਦੇ ਹੋਏ ਕਿਹਾ: “ਮੈਨੂੰ ਹਾਲੇ ਵੀ ਆਪਣਾ ਸਾਇੰਸ ਦਾ ਟੀਚਰ ਯਾਦ ਹੈ। ਉਸ ਨੇ ਸੰਸਾਰ ਪ੍ਰਤੀ ਮੇਰੇ ਨਜ਼ਰੀਏ ਨੂੰ ਹਮੇਸ਼ਾ-ਹਮੇਸ਼ਾ ਲਈ ਬਦਲ ਦਿੱਤਾ। ਉਸ ਨੇ ਦਿਖਾਇਆ ਕਿ ਸਾਇੰਸ ਕਿੰਨੇ ਕਮਾਲ ਦੀ ਚੀਜ਼ ਹੈ। ਇਸ ਨੇ ਸਾਡੇ ਵਿਚ ਹੋਰ ਬਹੁਤ ਕੁਝ ਸਿੱਖਣ ਅਤੇ ਸਮਝਣ ਦੀ ਇੱਛਾ ਪੈਦਾ ਕੀਤੀ।”

ਅਮਰੀਕਾ ਵਿਚ ਕੈਲੇਫ਼ੋਰਨੀਆ ਦੀ ਰਮੋਨਾ ਨਾਂ ਦੀ ਇਕ ਹੋਰ ਲੜਕੀ ਨੇ ਲਿਖਿਆ ਕਿ “ਮੇਰੇ ਹਾਈ ਸਕੂਲ ਦੀ ਇਕ ਟੀਚਰ ਨੂੰ ਇੰਗਲਿਸ਼ ਬਹੁਤ ਪਸੰਦ ਸੀ। ਉਸ ਨੂੰ ਆਪਣਾ ਵਿਸ਼ਾ ਇੰਨਾ ਪਿਆਰਾ ਲੱਗਦਾ ਸੀ ਕਿ ਉਹ ਬੜੇ ਜੋਸ਼ ਨਾਲ ਪੜ੍ਹਾਉਂਦੀ ਸੀ। ਉਸ ਦੇ ਜੋਸ਼ ਦਾ ਪ੍ਰਭਾਵ ਸਾਡੇ ਉੱਤੇ ਵੀ ਪਿਆ! ਸਾਨੂੰ ਔਖੇ ਸਬਕ ਸੌਖੇ ਲੱਗਣ ਲੱਗ ਪਏ।”

ਕੈਨੇਡਾ ਦੀ ਰਹਿਣ ਵਾਲੀ ਜੇਨ ਨੇ ਆਪਣੇ ਪੀ ਟੀ ਟੀਚਰ ਬਾਰੇ ਗੱਲਾਂ ਕਰਦਿਆਂ ਕਿਹਾ ਕਿ “ਉਹ ਖੇਡਾਂ-ਖੇਡਾਂ ਵਿਚ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦਾ ਸੀ। ਉਸ ਨੇ ਸ਼ਹਿਰੋਂ ਬਾਹਰ ਲਿਜਾ ਕੇ ਸਾਨੂੰ ਸਕੀਇੰਗ ਕਰਨੀ ਅਤੇ ਬਰਫ਼ ਵਿਚ ਛੇਕ ਕਰ ਕੇ ਮੱਛੀਆਂ ਫੜਨੀਆਂ ਸਿਖਾਈਆਂ। ਅਸੀਂ ਕੈਂਪਫਾਇਰ ਉੱਤੇ ਇਕ ਤਰ੍ਹਾਂ ਦੀ ਅਮਰੀਕਨ ਰੋਟੀ ਵੀ ਪਕਾਉਣੀ ਸਿੱਖੀ। ਮੈਨੂੰ ਤਾਂ ਘਰ ਰਹਿ ਕੇ ਸਿਰਫ਼ ਪੁਸਤਕਾਂ ਪੜ੍ਹਨ ਦਾ ਸ਼ੌਕ ਹੁੰਦਾ ਸੀ, ਪਰ ਇਹ ਮੇਰੇ ਲਈ ਇਕ ਬਹੁਤ ਵਧੀਆ ਤਜਰਬਾ ਸੀ!”

ਸ਼ੰਘਾਈ ਦੀ ਜੰਮ-ਪਲ ਹੈਲਨ ਇਕ ਕਾਫ਼ੀ ਸ਼ਰਮਾਕਲ ਔਰਤ ਹੈ। ਉਹ ਹਾਂਗ ਕਾਂਗ ਵਿਚ ਪੜ੍ਹੀ ਸੀ। ਉਸ ਨੇ ਕਿਹਾ ਕਿ “ਪੰਜਵੀਂ ਕਲਾਸ ਵਿਚ ਮਿਸਟਰ ਚੈਨ ਪੀ ਟੀ ਅਤੇ ਪੇਂਟਿੰਗ ਕਰਨੀ ਸਿਖਾਉਂਦੇ ਹੁੰਦੇ ਸੀ। ਮੈਂ ਕੱਦ-ਕਾਠ ਵਿਚ ਕਾਫ਼ੀ ਛੋਟੀ ਸੀ ਅਤੇ ਮੈਨੂੰ ਨਾ ਵਾਲੀਬਾਲ ਅਤੇ ਨਾ ਹੀ ਬਾਸਕਟ ਬਾਲ ਚੰਗੀ ਤਰ੍ਹਾਂ ਖੇਡਣਾ ਆਉਂਦਾ ਸੀ। ਉਸ ਨੇ ਮੈਨੂੰ ਨਿਕੰਮੀ ਮਹਿਸੂਸ ਨਹੀਂ ਕਰਵਾਇਆ। ਉਸ ਨੇ ਮੈਨੂੰ ਬੈਡਮਿੰਟਨ ਨਾਲੇ ਦੂਜੀਆਂ ਖੇਡਾਂ ਖੇਡਣ ਦਾ ਹੌਸਲਾ ਦਿੱਤਾ ਜੋ ਮੈਂ ਆਸਾਨੀ ਨਾਲ ਖੇਡ ਸਕਦੀ ਸੀ। ਉਹ ਦੂਸਰਿਆਂ ਦਾ ਬਹੁਤ ਧਿਆਨ ਰੱਖਦਾ ਸੀ।

“ਮੈਨੂੰ ਡਰਾਇੰਗ ਤੇ ਪੇਂਟਿੰਗ ਕਰਨੀ ਵੀ ਨਹੀਂ ਆਉਂਦੀ ਸੀ। ਪਰ ਮੈਂ ਡੀਜ਼ਾਈਨ ਬਣਾਉਣੇ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ, ਇਸ ਲਈ ਉਸ ਨੇ ਮੈਨੂੰ ਇਹੀ ਕਰਨ ਦਾ ਸੁਝਾਅ ਦਿੱਤਾ। ਮੈਂ ਦੂਜਿਆਂ ਵਿਦਿਆਰਥੀਆਂ ਨਾਲੋਂ ਛੋਟੀ ਸੀ। ਇਸ ਲਈ ਉਸ ਨੇ ਮੈਨੂੰ ਇਸੇ ਕਲਾਸ ਵਿਚ ਹੀ ਇਕ ਹੋਰ ਸਾਲ ਰਹਿਣ ਵਾਸਤੇ ਮਨਾਇਆ। ਇਹ ਗੱਲ ਮੇਰੀ ਪੜ੍ਹਾਈ ਲਈ ਬਹੁਤ ਹੀ ਜ਼ਰੂਰੀ ਸੀ। ਮੇਰਾ ਭਰੋਸਾ ਵਧਦਾ ਗਿਆ ਅਤੇ ਮੈਂ ਚੰਗੀ ਤਰੱਕੀ ਕਰਦੀ ਗਈ। ਮੈਂ ਹਮੇਸ਼ਾ ਉਸ ਦੀ ਸ਼ੁਕਰਗੁਜ਼ਾਰ ਰਹਾਂਗੀ।”

ਕਿਸ ਤਰ੍ਹਾਂ ਦੇ ਟੀਚਰ ਸਾਡੀ ਪੜ੍ਹਾਈ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ? ਵਿਲਿਅਮ ਏਅਰਜ਼ ਆਪਣੀ ਪੁਸਤਕ ਟੂ ਟੀਚ—ਦ ਜਰਨੀ ਆਫ਼ ਏ ਟੀਚਰ ਵਿਚ ਇਸ ਗੱਲ ਦਾ ਜਵਾਬ ਦਿੰਦਾ ਹੈ: ‘ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ। ਚੰਗੀ ਸਿੱਖਿਆ ਦੇਣ ਲਈ ਖ਼ਾਸ ਤਕਨੀਕਾਂ, ਸਟਾਈਲ ਜਾਂ ਪਲੈਨ ਜ਼ਿਆਦਾ ਜ਼ਰੂਰੀ ਨਹੀਂ ਹਨ। ਸਿੱਖਿਆ ਦੇਣ ਲਈ ਸਭ ਤੋਂ ਜ਼ਰੂਰੀ ਹੈ ਪਿਆਰ।’ ਤਾਂ ਫਿਰ ਸਫ਼ਲ ਟੀਚਰ ਕਿਸ ਨੂੰ ਕਿਹਾ ਜਾ ਸਕਦਾ ਹੈ? ਉਹ ਦੱਸਦਾ ਹੈ ਕਿ ‘ਉਹੀ ਜਿਸ ਨੇ ਤੁਹਾਡੇ ਦਿਲ ਨੂੰ ਛੋਹਿਆ ਹੈ, ਉਹੀ ਜੋ ਤੁਹਾਡੇ ਦਿਲ ਦੀ ਗੱਲ ਸਮਝਿਆ, ਉਹੀ ਜਿਸ ਨੇ ਤੁਹਾਡੀ ਕਦਰ ਕੀਤੀ। ਅਤੇ ਉਹ ਜਿਸ ਦੇ ਸੰਗੀਤ, ਹਿਸਾਬ, ਲਾਤੀਨੀ ਭਾਸ਼ਾ ਅਤੇ ਪਤੰਗਾਂ ਵਰਗੀਆਂ ਚੀਜ਼ਾਂ ਲਈ ਜੋਸ਼ ਨੇ ਤੁਹਾਡੇ ਉੱਤੇ ਪ੍ਰਭਾਵ ਪਾਇਆ।’

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਵੀ ਕਈਆਂ ਟੀਚਰਾਂ ਦਾ ਧੰਨਵਾਦ ਕੀਤਾ ਹੈ ਅਤੇ ਇਸ ਗੱਲ ਨੇ ਮੁਸ਼ਕਲਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਿੱਖਿਆ ਦਿੰਦੇ ਰਹਿਣ ਦਾ ਹੌਸਲਾ ਦਿੱਤਾ ਹੈ। ਇਨ੍ਹਾਂ ਸਾਰੀਆਂ ਟਿੱਪਣੀਆਂ ਵਿਚ ਇਕ ਸਾਂਝੀ ਗੱਲ ਇਹੀ ਦੇਖੀ ਗਈ ਹੈ ਕਿ ਟੀਚਰਾਂ ਨੇ ਆਪਣੇ ਵਿਦਿਆਰਥੀਆਂ ਵਿਚ ਦਿਲਚਸਪੀ ਲਈ ਅਤੇ ਉਨ੍ਹਾਂ ਨੂੰ ਪਿਆਰ ਦਿਖਾਇਆ।

ਪਰ ਸਾਰਿਆਂ ਟੀਚਰਾਂ ਵਿਚ ਇਹ ਗੁਣ ਨਹੀਂ ਪਾਏ ਜਾਂਦੇ। ਫਿਰ ਇਸ ਗੱਲ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਟੀਚਰਾਂ ਨਾਲ ਕਿਹੜੀਆਂ ਸਖ਼ਤੀਆਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਕਰਕੇ ਉਹ ਆਪਣੇ ਵਿਦਿਆਰਥੀਆਂ ਲਈ ਸਭ ਕੁਝ ਨਹੀਂ ਕਰ ਸਕਦੇ। ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਲੋਕ ਅਧਿਆਪਕ ਕਿਉਂ ਬਣਦੇ ਹਨ?

[ਸਫ਼ਾ 4 ਉੱਤੇ ਤਸਵੀਰ]

‘ਸਿੱਖਿਆ ਦੇਣ ਲਈ ਸਭ ਤੋਂ ਜ਼ਰੂਰੀ ਹੈ ਪਿਆਰ’