ਕੀ ਪਰਮੇਸ਼ੁਰ ਨੂੰ ਹਿੰਸਾ ਪਸੰਦ ਹੈ?
ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਪਰਮੇਸ਼ੁਰ ਨੂੰ ਹਿੰਸਾ ਪਸੰਦ ਹੈ?
ਹਿੰਸਾ ਹਰ ਪਾਸੇ ਫੈਲੀ ਹੋਈ ਹੈ ਤੇ ਇਸ ਦੇ ਕਈ ਰੂਪ ਹਨ। ਹਿੰਸਾ ਸਿਰਫ਼ ਲੜਾਈਆਂ ਵਿਚ ਹੀ ਨਹੀਂ ਹੁੰਦੀ। ਸਗੋਂ ਖੇਡਾਂ ਤੇ ਮਨੋਰੰਜਨ ਵਿਚ, ਸਕੂਲਾਂ ਵਿਚ, ਕੰਮ ਦੀ ਥਾਂ ਤੇ, ਬਦਮਾਸ਼ਾਂ ਦੀਆਂ ਟੋਲੀਆਂ ਵਿਚ ਅਤੇ ਨਸ਼ਿਆਂ ਦੇ ਵਪਾਰ ਵਿਚ ਵੀ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ ਹਨ। ਬਹੁਤ ਸਾਰੇ ਪਰਿਵਾਰਾਂ ਵਿਚ ਵੀ ਕੁੱਟ-ਕਟਾਈ ਹੁੰਦੀ ਹੈ। ਉਦਾਹਰਣ ਲਈ ਹਾਲ ਹੀ ਵਿਚ ਇਕ ਅਧਿਐਨ ਕੀਤਾ ਗਿਆ ਜਿਸ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿਚ ਪਿਛਲੇ ਪੰਜਾਂ ਸਾਲਾਂ ਦੌਰਾਨ 12 ਲੱਖ ਆਦਮੀ ਤੇ ਔਰਤਾਂ ਨੇ ਘੱਟੋ-ਘੱਟ ਇਕ ਵਾਰ ਆਪਣੀਆਂ ਘਰ ਵਾਲੀਆਂ ਜਾਂ ਘਰ ਵਾਲਿਆਂ ਨੂੰ ਮਾਰਿਆ-ਕੁੱਟਿਆ। ਇਕ ਹੋਰ ਅਧਿਐਨ ਨੇ ਸਿੱਟਾ ਕੱਢਿਆ ਕਿ ਜਿਹੜੀਆਂ ਪਤਨੀਆਂ ਨੂੰ ਉਨ੍ਹਾਂ ਦੇ ਘਰ ਵਾਲੇ ਕੁੱਟਦੇ ਹਨ, ਉਨ੍ਹਾਂ ਵਿੱਚੋਂ 50 ਪ੍ਰਤੀਸ਼ਤ ਪਤੀ ਆਪਣੇ ਬੱਚਿਆਂ ਨੂੰ ਵੀ ਬਹੁਤ ਕੁੱਟਦੇ ਹਨ।
ਯਕੀਨਨ ਇਸ ਹਿੰਸਾ ਬਾਰੇ ਸੁਣ ਕੇ ਤੁਹਾਨੂੰ ਬਹੁਤ ਦੁੱਖ ਹੁੰਦਾ ਹੋਣਾ ਤੇ ਡਰ ਵੀ ਲੱਗਦਾ ਹੋਣਾ। ਪਰ ਹਿੰਸਾ ਅੱਜ ਦੇ ਮਨੋਰੰਜਨ ਦਾ ਇਕ ਜ਼ਰੂਰੀ ਅੰਗ ਬਣ ਚੁੱਕੀ ਹੈ। ਲੋਕ ਅੱਜ ਫ਼ਿਲਮਾਂ ਵਿਚ ਸਿਰਫ਼ ਹਿੰਸਾ ਦੀ ਐਕਟਿੰਗ ਦੇਖ ਕੇ ਹੀ ਖ਼ੁਸ਼ ਨਹੀਂ ਹੁੰਦੇ, ਸਗੋਂ ਉਹ ਟੀ ਵੀ ਉੱਤੇ ਅਸਲੀ ਮਾਰ-ਧਾੜ ਨੂੰ ਦੇਖਣਾ ਚਾਹੁੰਦੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਲੋਕ ਬਾਕਸਿੰਗ ਤੇ ਦੂਸਰੀਆਂ ਹਿੰਸਕ ਖੇਡਾਂ ਨੂੰ ਬੜੇ ਸ਼ੌਕ ਨਾਲ ਦੇਖਦੇ ਹਨ। ਪਰ ਪਰਮੇਸ਼ੁਰ ਇਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
ਹਿੰਸਾ ਦਾ ਲੰਬਾ ਇਤਿਹਾਸ
ਹਿੰਸਾ ਦਾ ਇਤਿਹਾਸ ਬਹੁਤ ਹੀ ਲੰਬਾ ਹੈ। ਇਤਿਹਾਸ ਵਿਚ ਪਹਿਲੀ ਵਾਰ ਕਿਸੇ ਇਨਸਾਨ ਵੱਲੋਂ ਕੀਤੇ ਗਏ ਹਿੰਸਕ ਹਮਲੇ ਨੂੰ ਬਾਈਬਲ ਵਿਚ ਉਤਪਤ 4:2-15 ਵਿਚ ਦਰਜ ਕੀਤਾ ਗਿਆ ਹੈ। ਆਦਮ ਤੇ ਹੱਵਾਹ ਦੇ ਜੇਠੇ ਮੁੰਡੇ ਕਇਨ ਨੇ ਆਪਣੇ ਭਰਾ ਹਾਬਲ ਨਾਲ ਨਫ਼ਰਤ ਕਰਕੇ ਬੜੀ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਨੂੰ ਦੇਖ ਕੇ ਪਰਮੇਸ਼ੁਰ ਨੇ ਕੀ ਕੀਤਾ? ਬਾਈਬਲ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਕਇਨ ਨੂੰ ਆਪਣੇ ਭਰਾ ਦਾ ਕਤਲ ਕਰਨ ਕਰਕੇ ਸਖ਼ਤ ਸਜ਼ਾ ਦਿੱਤੀ।
ਉਤਪਤ 6:11 ਵਿਚ ਅਸੀਂ ਪੜ੍ਹਦੇ ਹਾਂ ਕਿ ਉਸ ਵਾਰਦਾਤ ਤੋਂ 1,500 ਤੋਂ ਜ਼ਿਆਦਾ ਸਾਲਾਂ ਬਾਅਦ ਧਰਤੀ “ਜ਼ੁਲਮ ਨਾਲ ਭਰੀ ਹੋਈ ਸੀ।” ਤਾਂ ਫਿਰ, ਇਸ ਵੇਲੇ ਵੀ ਪਰਮੇਸ਼ੁਰ ਨੇ ਕੀ ਕੀਤਾ ਸੀ? ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ ਤਾਂਕਿ ਜਦੋਂ ਉਹ ਉਸ ਹਿੰਸਕ ਦੁਨੀਆਂ ਨੂੰ ‘ਨਾਸ ਕਰਨ’ ਲਈ ਜਲ-ਪਰਲੋ ਲਿਆਵੇਗਾ, ਤਾਂ ਨੂਹ ਤੇ ਉਸ ਦਾ ਪਰਿਵਾਰ ਬਚ ਜਾਵੇ। (ਉਤਪਤ 6:12-14, 17) ਪਰ ਲੋਕ ਉਸ ਵੇਲੇ ਇੰਨੇ ਹਿੰਸਕ ਕਿਉਂ ਬਣ ਗਏ ਸਨ?
ਬਾਗ਼ੀ ਦੂਤਾਂ ਦਾ ਪ੍ਰਭਾਵ
ਉਤਪਤ ਦਾ ਬਿਰਤਾਂਤ ਦੱਸਦਾ ਹੈ ਕਿ ਪਰਮੇਸ਼ੁਰ ਦੇ ਕੁਝ ਬਾਗ਼ੀ ਪੁੱਤਰਾਂ ਨੇ ਆਦਮੀਆਂ ਦਾ ਰੂਪ ਧਾਰ ਕੇ ਤੀਵੀਆਂ ਨਾਲ ਵਿਆਹ ਕਰਾਇਆ ਸੀ ਜਿਨ੍ਹਾਂ ਤੋਂ ਉਨ੍ਹਾਂ ਨੇ ਬੱਚੇ ਪੈਦਾ ਕੀਤੇ। (ਉਤਪਤ 6:1-4) ਉਨ੍ਹਾਂ ਦੇ ਬੱਚਿਆਂ ਨੂੰ ਨੈਫ਼ਲਿਮ ਕਿਹਾ ਜਾਂਦਾ ਸੀ ਤੇ ਉਹ ਬੜੇ ਉੱਚੇ ਕੱਦ-ਕਾਠ ਦੇ ਸਨ ਅਤੇ ਬਹੁਤ ਮਸ਼ਹੂਰ ਸਨ। ਆਪਣੇ ਦੁਸ਼ਟ ਪਿਤਾਵਾਂ ਦੇ ਪ੍ਰਭਾਵ ਅਧੀਨ ਉਨ੍ਹਾਂ ਨੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੂਰੀ ਧਰਤੀ ਹੜ੍ਹ ਦੇ ਪਾਣੀ ਨਾਲ ਭਰ ਗਈ, ਤਾਂ ਉਹ ਗੁੰਡੇ ਖ਼ਤਮ ਹੋ ਗਏ। ਪਰ ਬਾਗ਼ੀ ਦੂਤਾਂ ਨੇ ਆਦਮੀਆਂ ਦੇ ਰੂਪ ਛੱਡ ਕੇ ਫਿਰ ਤੋਂ ਆਤਮਿਕ ਰੂਪ ਧਾਰ ਲਏ।
ਬਾਈਬਲ ਵਿਚ ਇਹ ਗੱਲ ਸਾਫ਼-ਸਾਫ਼ ਦੱਸੀ ਗਈ ਹੈ ਕਿ ਇਹ ਅਫ਼ਸੀਆਂ 6:12) ਉਨ੍ਹਾਂ ਦੇ ਲੀਡਰ ਸ਼ਤਾਨ ਨੂੰ ਪਹਿਲਾ “ਮਨੁੱਖ ਘਾਤਕ” ਕਿਹਾ ਗਿਆ ਹੈ। (ਯੂਹੰਨਾ 8:44) ਇਸ ਲਈ ਧਰਤੀ ਉੱਤੇ ਅੱਜ ਜੋ ਹਿੰਸਾ ਹੋ ਰਹੀ ਹੈ, ਉਸ ਦੇ ਪਿੱਛੇ ਸ਼ਤਾਨ ਦਾ ਹੀ ਹੱਥ ਹੈ।
ਬਾਗ਼ੀ ਦੂਤ ਲੋਕਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਹਨ। (ਬਾਈਬਲ ਇਹ ਚੇਤਾਵਨੀ ਦਿੰਦੀ ਹੈ ਕਿ ਹਿੰਸਾ ਵਿਚ ਇਨਸਾਨ ਨੂੰ ਭੈੜੇ ਰਾਹ ਵੱਲ ਲੈ ਜਾਣ ਦੀ ਤਾਕਤ ਹੈ। ਕਹਾਉਤਾਂ 16:29 ਵਿਚ ਦੱਸਿਆ ਹੈ: “ਅਨ੍ਹੇਰ [“ਹਿੰਸਾਤਮਕ ਸੁਭਾ ਵਾਲਾ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ।” ਅੱਜ ਬਹੁਤ ਸਾਰੇ ਲੋਕ ਹਿੰਸਕ ਕੰਮਾਂ ਨਾਲ ਸਹਿਮਤ ਹੋਣ, ਇਨ੍ਹਾਂ ਨੂੰ ਹੱਲਾਸ਼ੇਰੀ ਦੇਣ ਜਾਂ ਇਨ੍ਹਾਂ ਵਿਚ ਹਿੱਸਾ ਲੈਣ ਲਈ ਫੁਸਲਾਏ ਗਏ ਹਨ। ਤੇ ਲੱਖਾਂ ਲੋਕ ਹਿੰਸਾ ਨਾਲ ਭਰਪੂਰ ਮਨੋਰੰਜਨ ਦਾ ਆਨੰਦ ਮਾਣਨ ਲਈ ਭਰਮਾਏ ਗਏ ਹਨ। ਭਜਨ 73:6 ਦੇ ਸ਼ਬਦ ਮੌਜੂਦਾ ਪੀੜ੍ਹੀ ਦਾ ਬਿਲਕੁਲ ਠੀਕ ਵਰਣਨ ਕਰਦੇ ਹਨ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਹੰਕਾਰ ਉਹਨਾਂ ਦੇ ਗਲ ਦਾ ਹਾਰ ਬਣਿਆ, ਅਤੇ ਹਿੰਸਾ ਉਹਨਾਂ ਦਾ ਪਹਿਨਣ ਵਾਲਾ ਕੱਪੜਾ।” (ਨਵਾਂ ਅਨੁਵਾਦ।)
ਪਰਮੇਸ਼ੁਰ ਨੂੰ ਹਿੰਸਾ ਨਾਲ ਨਫ਼ਰਤ ਹੈ
ਇਸ ਹਿੰਸਕ ਸੰਸਾਰ ਵਿਚ ਮਸੀਹੀਆਂ ਦਾ ਚਾਲ-ਚਲਣ ਕਿਹੋ ਜਿਹਾ ਹੋਣਾ ਚਾਹੀਦਾ ਹੈ? ਬਾਈਬਲ ਵਿਚ ਯਾਕੂਬ ਦੇ ਪੁੱਤਰਾਂ ਸ਼ਿਮਓਨ ਤੇ ਲੇਵੀ ਦੇ ਬਾਰੇ ਦਿੱਤੇ ਬਿਰਤਾਂਤ ਤੋਂ ਸਾਨੂੰ ਚੰਗੀ ਸਲਾਹ ਮਿਲਦੀ ਹੈ। ਉਨ੍ਹਾਂ ਦੀ ਭੈਣ ਦੀਨਾਹ ਸ਼ਕਮ ਸ਼ਹਿਰ ਦੇ ਅਨੈਤਿਕ ਲੋਕਾਂ ਨਾਲ ਉੱਠਣ-ਬੈਠਣ ਲੱਗ ਪਈ। ਇਸ ਕਰਕੇ ਸ਼ਕਮ ਦੇ ਇਕ ਬੰਦੇ ਨੇ ਉਸ ਦਾ ਬਲਾਤਕਾਰ ਕੀਤਾ। ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਸ਼ਿਮਓਨ ਤੇ ਲੇਵੀ ਨੇ ਬਹੁਤ ਬੇਦਰਦੀ ਨਾਲ ਸ਼ਕਮ ਦੇ ਸਾਰੇ ਬੰਦਿਆਂ ਨੂੰ ਵੱਢ ਦਿੱਤਾ। ਬਾਅਦ ਵਿਚ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਯਾਕੂਬ ਨੇ ਆਪਣੇ ਪੁੱਤਰਾਂ ਦੇ ਬੇਕਾਬੂ ਕ੍ਰੋਧ ਕਰਕੇ ਉਨ੍ਹਾਂ ਨੂੰ ਸਰਾਪ ਦਿੱਤਾ: ‘ਸ਼ਿਮਓਨ ਅਤੇ ਲੇਵੀ ਸਕੇ ਭਰਾ ਹਨ, ਉਹਨਾਂ ਦੀਆਂ ਤਲਵਾਰਾਂ ਹਿੰਸਾ ਨੂੰ ਪਿਆਰੀਆਂ ਹਨ। ਮੇਰਾ ਮਨ ਉਹਨਾਂ ਦਾ ਸੰਗ ਨਹੀਂ ਕਰੇਗਾ, ਉਹਨਾਂ ਦੀ ਸਭਾ ਵਿਚ ਨਹੀਂ ਹੋਵੇਗਾ।’—ਉਤਪਤ 49:5, 6, ਨਵਾਂ ਅਨੁਵਾਦ।
ਇਨ੍ਹਾਂ ਸ਼ਬਦਾਂ ਅਨੁਸਾਰ ਮਸੀਹੀ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਨ ਜਿਹੜੇ ਹਿੰਸਾ ਨੂੰ ਹੱਲਾਸ਼ੇਰੀ ਦਿੰਦੇ ਹਨ ਜਾਂ ਜਿਹੜੇ ਹਿੰਸਕ ਕੰਮ ਕਰਦੇ ਹਨ। ਇਹ ਗੱਲ ਸਾਫ਼ ਹੈ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਨਫ਼ਰਤ ਕਰਦਾ ਹੈ ਜਿਹੜੇ ਹਿੰਸਾ ਨੂੰ ਹੱਲਾਸ਼ੇਰੀ ਦਿੰਦੇ ਹਨ। ਬਾਈਬਲ ਦੱਸਦੀ ਹੈ: “ਪ੍ਰਭੂ ਭਲਿਆਂ ਅਤੇ ਦੁਸ਼ਟਾਂ ਦੋਹਾਂ ਨੂੰ ਪਰਖਦਾ ਹੈ, ਉਹ ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, ਨਵਾਂ ਅਨੁਵਾਦ।) ਮਸੀਹੀਆਂ ਨੂੰ ਆਪਣੇ ਕ੍ਰੋਧ ਨੂੰ ਕਾਬੂ ਵਿਚ ਰੱਖਣ ਅਤੇ ਇੱਥੋਂ ਤਕ ਕਿ ਗੁੱਸੇ ਵਿਚ ਆ ਕੇ ਬੁਰਾ-ਭਲਾ ਕਹਿਣ ਤੋਂ ਬਚਣ ਦੀ ਨਸੀਹਤ ਦਿੱਤੀ ਜਾਂਦੀ ਹੈ।—ਗਲਾਤੀਆਂ 5:19-21; ਅਫ਼ਸੀਆਂ 4:31.
ਕੀ ਹਿੰਸਾ ਕਦੇ ਖ਼ਤਮ ਹੋਵੇਗੀ?
ਹਬੱਕੂਕ ਨਬੀ ਨੇ ਯਹੋਵਾਹ ਪਰਮੇਸ਼ੁਰ ਨੂੰ ਪੁੱਛਿਆ ਸੀ: ‘ਮੈਂ ਕਦੋਂ ਤੋਂ ਹਿੰਸਾ ਬਾਰੇ ਪੁਕਾਰ ਰਿਹਾ ਹਾਂ, ਕੀ ਤੂੰ ਇਸ ਤੋਂ ਨਹੀਂ ਬਚਾਵੇਂਗਾ।’ (ਹੱਬਕੂਕ 1:2, ਨਵਾਂ ਅਨੁਵਾਦ) ਸ਼ਾਇਦ ਤੁਹਾਡੇ ਮਨ ਦੇ ਵਿਚ ਵੀ ਇਹੀ ਸਵਾਲ ਪੈਦਾ ਹੁੰਦਾ ਹੋਵੇਗਾ। ਪਰਮੇਸ਼ੁਰ ਨੇ ਹਬੱਕੂਕ ਦੀ ਦੁਹਾਈ ਸੁਣੀ ਤੇ “ਦੁਸ਼ਟ” ਲੋਕਾਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ। (ਹਬੱਕੂਕ 3:13) ਬਾਈਬਲ ਦੀ ਭਵਿੱਖਬਾਣੀਆਂ ਨਾਲ ਭਰੀ ਯਸਾਯਾਹ ਦੀ ਕਿਤਾਬ ਵਿੱਚੋਂ ਵੀ ਸਾਨੂੰ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ਇਸ ਵਿਚ ਪਰਮੇਸ਼ੁਰ ਵਾਅਦਾ ਕਰਦਾ ਹੈ: “ਹਿੰਸਾਤਮਕ ਰੌਲਾ ਅੱਗੇ ਤੋਂ ਤੇਰੇ ਵਿਚ ਸੁਣਾਈ ਨਹੀਂ ਦੇਵੇਗਾ, ਅਤੇ ਤੇਰਾ ਦੇਸ਼ ਫਿਰ ਤਬਾਹੀ ਨਹੀਂ ਦੇਖੇਗਾ, ਮੈਂ ਤੇਰੀ ਰਖਿਆ ਪੱਕੀ ਕੰਧ ਦੇ ਵਾਂਗ ਕਰਾਂਗਾ; ਜ਼ੁਲਮ ਤੇਰੇ ਦੇਸ ਵਿੱਚ ਫੇਰ ਸੁਣਿਆ ਨਾ ਜਾਵੇਗਾ, ਨਾ ਤੇਰੀਆਂ ਹੱਦਾਂ ਵਿੱਚ ਬਰਬਾਦੀ ਯਾ ਤਬਾਹੀ।”—ਯਸਾਯਾਹ 60:18, ਨਵਾਂ ਅਨੁਵਾਦ।
ਯਹੋਵਾਹ ਦੇ ਗਵਾਹਾਂ ਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਬਹੁਤ ਜਲਦੀ ਇਸ ਧਰਤੀ ਉੱਤੋਂ ਹਿੰਸਾ ਤੇ ਇਸ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। ਉਸ ਸਮੇਂ ਤੇ ਧਰਤੀ ਹਿੰਸਾ ਨਾਲ ਭਰੀ ਹੋਣ ਦੀ ਬਜਾਇ ਇਹ “ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।”—ਹਬੱਕੂਕ 2:14.
[ਸਫ਼ਾ 16 ਉੱਤੇ ਤਸਵੀਰ]
ਜਦੋਂ ਕਇਨ ਨੇ ਹਾਬਲ ਦਾ ਖ਼ੂਨ ਕੀਤਾ ਸੀ, ਉਦੋਂ ਦੁਨੀਆਂ ਵਿਚ ਹਿੰਸਾ ਦੀ ਸ਼ੁਰੂਆਤ ਹੋ ਗਈ