“ਮਨੁੱਖੀ ਇਤਿਹਾਸ ਦੀ ਸਭ ਤੋਂ ਜਾਨਲੇਵਾ ਮਹਾਂਮਾਰੀ”
“ਮਨੁੱਖੀ ਇਤਿਹਾਸ ਦੀ ਸਭ ਤੋਂ ਜਾਨਲੇਵਾ ਮਹਾਂਮਾਰੀ”
ਦੱਖਣੀ ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
“ਏਡਜ਼ ਦੀ ਮਹਾਂਮਾਰੀ ਨੇ ਧਰਤੀ ਉੱਤੇ ਹੋਏ ਕਿਸੇ ਵੀ ਯੁੱਧ ਨਾਲੋਂ ਜ਼ਿਆਦਾ ਤਬਾਹੀ ਮਚਾਈ ਹੈ।”—ਅਮਰੀਕਾ ਦਾ ਸਟੇਟ ਸੈਕਟਰੀ, ਕੌਲਨ ਪਾਵੇਲ।
ਏਡਜ਼ ਉੱਤੇ ਪਹਿਲੀ ਸਰਕਾਰੀ ਰਿਪੋਰਟ ਜੂਨ 1981 ਵਿਚ ਦਿੱਤੀ ਗਈ ਸੀ। ਐੱਚ. ਆਈ. ਵੀ. ਅਤੇ ਏਡਜ਼ ਸੰਬੰਧੀ ਸੰਯੁਕਤ ਰਾਸ਼ਟਰ ਦੇ ਸਾਂਝੇ ਪ੍ਰੋਗ੍ਰਾਮ (UNAIDS) ਦਾ ਕਾਰਜਕਾਰੀ ਡਾਇਰੈਕਟਰ ਪੀਟਰ ਪਿਯੋ ਕਹਿੰਦਾ ਹੈ: “ਜਦੋਂ ਏਡਜ਼ ਬਾਰੇ ਪਹਿਲਾਂ-ਪਹਿਲ ਪਤਾ ਲੱਗਾ ਸੀ, ਉਦੋਂ ਸਾਡੇ ਵਿੱਚੋਂ ਕੋਈ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਇਹ ਮਹਾਂਮਾਰੀ ਇਸ ਹੱਦ ਤਕ ਫੈਲ ਜਾਵੇਗੀ।” ਵੀਹ ਸਾਲਾਂ ਵਿਚ ਇਹ ਬੀਮਾਰੀ ਸਭ ਤੋਂ ਜਾਨਲੇਵਾ ਮਹਾਂਮਾਰੀ ਬਣ ਗਈ ਹੈ। ਇਸ ਮਹਾਂਮਾਰੀ ਦੇ ਅਜੇ ਹੋਰ ਜ਼ਿਆਦਾ ਫੈਲਣ ਦੇ ਆਸਾਰ ਨਜ਼ਰ ਆ ਰਹੇ ਹਨ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 3 ਕਰੋੜ 60 ਲੱਖ ਤੋਂ ਵੀ ਜ਼ਿਆਦਾ ਲੋਕ ਐੱਚ. ਆਈ. ਵੀ. ਨਾਲ ਪੀੜਿਤ ਹਨ ਅਤੇ 2 ਕਰੋੜ 20 ਲੱਖ ਲੋਕ ਏਡਜ਼ ਨਾਲ ਮਰ ਚੁੱਕੇ ਹਨ। * ਭਾਵੇਂ ਕਿ ਕਈ ਦੇਸ਼ਾਂ ਵਿਚ ਅਤੇ ਖ਼ਾਸਕਰ ਅਮੀਰ ਦੇਸ਼ਾਂ ਵਿਚ ਰੈੱਟਰੋਵਾਇਰਸ-ਵਿਰੋਧੀ ਦਵਾਈਆਂ ਦਿੱਤੀਆਂ ਗਈਆਂ ਸਨ, ਪਰ ਫਿਰ ਵੀ ਸਾਲ 2000 ਦੌਰਾਨ ਦੁਨੀਆਂ ਭਰ ਵਿਚ ਇਸ ਮਹਾਂਮਾਰੀ ਨੇ 30 ਲੱਖ ਲੋਕਾਂ ਦੀਆਂ ਜਾਨਾਂ ਲਈਆਂ ਸਨ। ਇਕ ਸਾਲ ਵਿਚ ਏਡਜ਼ ਨਾਲ ਮਰਨ ਵਾਲਿਆਂ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ।
ਏਡਜ਼ ਦਾ ਅਫ਼ਰੀਕਾ ਉੱਤੇ ਹਮਲਾ
ਇਸ ਮਹਾਂਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਉਪ-ਸਹਾਰਾ ਦੇਸ਼ਾਂ (ਸਹਾਰਾ ਰੇਗਿਸਤਾਨ ਦੇ ਦੱਖਣ ਵਿਚ ਪੈਂਦੇ ਦੇਸ਼) ਉੱਤੇ ਪਿਆ ਹੈ। ਇਨ੍ਹਾਂ ਦੇਸ਼ਾਂ ਵਿਚ ਅੰਦਾਜ਼ਨ 2 ਕਰੋੜ 53 ਲੱਖ ਲੋਕਾਂ ਨੂੰ ਇਹ ਬੀਮਾਰੀ ਹੈ। ਸਾਲ 2000 ਵਿਚ ਇਨ੍ਹਾਂ ਦੇਸ਼ਾਂ ਵਿਚ 2 ਕਰੋੜ 40 ਲੱਖ ਲੋਕ ਮਰੇ ਜੋ ਕਿ ਦੁਨੀਆਂ ਭਰ ਵਿਚ ਏਡਜ਼ ਨਾਲ ਮਰਨ ਵਾਲੇ ਲੋਕਾਂ ਦੀ 80 ਪ੍ਰਤਿਸ਼ਤ ਗਿਣਤੀ ਹੈ। ਇਨ੍ਹਾਂ ਦੇਸ਼ਾਂ ਵਿਚ ਜ਼ਿਆਦਾਤਰ ਲੋਕ ਏਡਜ਼ ਨਾਲ ਹੀ ਮਰਦੇ ਹਨ। *
ਦੱਖਣੀ ਅਫ਼ਰੀਕਾ ਵਿਚ ਜਿੰਨੇ ਲੋਕ ਐੱਚ. ਆਈ. ਵੀ. ਨਾਲ ਪੀੜਿਤ ਹਨ, ਉੱਨੇ ਹੋਰ ਕਿਸੇ ਵੀ ਦੇਸ਼ ਵਿਚ ਨਹੀਂ ਹਨ। ਅਨੁਮਾਨ ਲਗਾਇਆ ਗਿਆ ਹੈ ਕਿ ਇੱਥੇ 4 ਕਰੋੜ 70 ਲੱਖ ਲੋਕਾਂ ਨੂੰ ਇਹ ਬੀਮਾਰੀ ਹੈ। ਇੱਥੇ ਹਰ ਮਹੀਨੇ 5,000 ਬੱਚੇ ਐੱਚ. ਆਈ. ਵੀ. ਪਾਜ਼ਿਟਿਵ ਪੈਦਾ ਹੁੰਦੇ ਹਨ। ਜੁਲਾਈ 2000 ਵਿਚ ਡਰਬਨ ਵਿਚ ਹੋਈ 13ਵੀਂ ਅੰਤਰਰਾਸ਼ਟਰੀ ਏਡਜ਼ ਕਾਨਫ਼ਰੰਸ ਵਿਚ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਕਿਹਾ: ‘ਸਾਨੂੰ ਇਹ ਜਾਣ ਕੇ ਗਹਿਰਾ ਸਦਮਾ ਪਹੁੰਚਿਆ ਹੈ ਕਿ ਦੱਖਣੀ ਅਫ਼ਰੀਕਾ ਦੇ ਹਰ ਦੋ ਨੌਜਵਾਨਾਂ ਵਿੱਚੋਂ ਇਕ, ਯਾਨੀ ਦੇਸ਼ ਦੇ ਅੱਧੇ ਨੌਜਵਾਨ ਏਡਜ਼ ਨਾਲ ਮਰ ਜਾਣਗੇ। ਇਹ ਬੜੇ ਦੁੱਖ ਦੀ ਗੱਲ ਹੈ ਕਿਉਂਕਿ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਇਸ ਨਾਮੁਰਾਦ ਬੀਮਾਰੀ ਅਤੇ ਇਸ ਦੇ ਦੁਖਦਾਈ ਅਸਰਾਂ ਤੋਂ ਬਚਾਇਆ ਜਾ ਸਕਦਾ ਸੀ ਜਾਂ ਅਜੇ ਵੀ ਬਚਾਇਆ ਜਾ ਸਕਦਾ ਹੈ।’
ਏਡਜ਼ ਦਾ ਦੂਸਰੇ ਦੇਸ਼ਾਂ ਉੱਤੇ ਧਾਵਾ
ਪੂਰਬੀ ਯੂਰਪ, ਏਸ਼ੀਆ ਅਤੇ ਕੈਰੀਬੀਅਨ ਵਿਚ ਐੱਚ. ਆਈ. ਵੀ. ਨਾਲ ਪੀੜਿਤ ਲੋਕਾਂ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ। ਸਾਲ 1999 ਦੇ ਅਖ਼ੀਰ ਤਕ ਪੂਰਬੀ ਯੂਰਪ ਵਿਚ 4,20,000 ਲੋਕਾਂ ਨੂੰ ਇਹ ਇਨਫੈਕਸ਼ਨ ਹੋ ਚੁੱਕੀ ਸੀ। ਅੰਦਾਜ਼ਾ ਲਾਇਆ ਗਿਆ ਹੈ ਕਿ ਸਾਲ 2000 ਦੇ ਅੰਤ ਤਕ ਇਹ ਗਿਣਤੀ ਵਧ ਕੇ 7,00,000 ਤਕ ਪਹੁੰਚ ਗਈ ਸੀ।
ਅਮਰੀਕਾ ਦੇ ਛੇ ਵੱਡੇ ਸ਼ਹਿਰਾਂ ਵਿਚ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 12.3 ਪ੍ਰਤਿਸ਼ਤ ਸਮਲਿੰਗੀ ਨੌਜਵਾਨ ਪੁਰਸ਼ਾਂ ਨੂੰ ਐੱਚ. ਆਈ. ਵੀ. ਦੀ ਇਨਫੈਕਸ਼ਨ ਹੈ। ਇਸ ਤੋਂ ਇਲਾਵਾ, ਇਨ੍ਹਾਂ ਵਿੱਚੋਂ ਸਿਰਫ਼ 29 ਪ੍ਰਤਿਸ਼ਤ ਨੌਜਵਾਨਾਂ ਨੂੰ ਇਸ ਇਨਫੈਕਸ਼ਨ ਬਾਰੇ ਪਤਾ ਸੀ। ਇਸ ਸਰਵੇਖਣ ਵਿਚ ਅਗਵਾਈ ਲੈਣ ਵਾਲੀ ਮਹਾਂਮਾਰੀ-ਵਿਗਿਆਨੀ ਨੇ ਕਿਹਾ: “ਸਾਨੂੰ ਇਹ ਜਾਣ ਕੇ ਬੜੀ ਨਿਰਾਸ਼ਾ ਹੋਈ ਕਿ ਐੱਚ. ਆਈ. ਵੀ. ਤੋਂ ਪੀੜਿਤ ਆਦਮੀਆਂ ਵਿੱਚੋਂ ਜ਼ਿਆਦਾਤਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ। ਇਸ ਦਾ ਇਹ ਮਤਲਬ ਹੋਇਆ ਕਿ ਇਸ ਬੀਮਾਰੀ ਤੋਂ ਪੀੜਿਤ ਨਵੇਂ ਲੋਕ ਅਣਜਾਣੇ ਵਿਚ ਹੀ ਦੂਸਰਿਆਂ ਵਿਚ ਇਹ ਇਨਫੈਕਸ਼ਨ ਫੈਲਾ ਰਹੇ ਹਨ।”
ਮਈ 2001 ਦੌਰਾਨ ਏਡਜ਼ ਦੇ ਮਾਹਰਾਂ ਨੇ ਸਵਿਟਜ਼ਰਲੈਂਡ ਵਿਚ ਇਕ ਮੀਟਿੰਗ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਇਸ ਬੀਮਾਰੀ ਨੂੰ “ਮਨੁੱਖੀ ਇਤਿਹਾਸ ਦੀ ਸਭ ਤੋਂ ਜਾਨਲੇਵਾ ਮਹਾਂਮਾਰੀ” ਕਿਹਾ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਏਡਜ਼ ਦੀ ਮਾਰ ਖ਼ਾਸ ਕਰਕੇ ਉਪ-ਸਹਾਰਾ ਦੇਸ਼ਾਂ ਉੱਤੇ ਪਈ ਹੈ। ਸਾਡਾ ਅਗਲਾ ਲੇਖ ਇਸ ਦਾ ਕਾਰਨ ਦੱਸੇਗਾ। (g02 11/08)
[ਫੁਟਨੋਟ]
^ ਪੈਰਾ 5 ਇਹ ਅੰਦਾਜ਼ਨ ਅੰਕੜੇ UNAIDS ਵੱਲੋਂ ਦਿੱਤੇ ਗਏ ਹਨ।
[ਸਫ਼ੇ 3 ਉੱਤੇ ਸੁਰਖੀ]
‘ਇਹ ਬੜੇ ਦੁੱਖ ਦੀ ਗੱਲ ਹੈ ਕਿਉਂਕਿ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਇਸ ਨਾਮੁਰਾਦ ਬੀਮਾਰੀ ਅਤੇ ਇਸ ਦੇ ਦੁਖਦਾਈ ਅਸਰਾਂ ਤੋਂ ਬਚਾਇਆ ਜਾ ਸਕਦਾ ਸੀ ਜਾਂ ਅਜੇ ਵੀ ਬਚਾਇਆ ਜਾ ਸਕਦਾ ਹੈ।’—ਨੈਲਸਨ ਮੰਡੇਲਾ
[ਸਫ਼ੇ 2, 3 ਉੱਤੇ ਤਸਵੀਰ]
ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਐੱਚ. ਆਈ. ਵੀ. ਨਾਲ ਪੀੜਿਤ ਹਨ
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
UN/DPI Photo 198594C/Greg Kinch