ਗਰਭਕਾਲ ਦੌਰਾਨ ਸਾਵਧਾਨੀਆਂ ਵਰਤੋ
ਗਰਭਕਾਲ ਦੌਰਾਨ ਸਾਵਧਾਨੀਆਂ ਵਰਤੋ
ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਸੰਯੁਕਤ ਰਾਸ਼ਟਰ ਆਬਾਦੀ ਫ਼ੰਡ ਨਾਂ ਦੇ ਸੰਗਠਨ ਦਾ ਕਹਿਣਾ ਹੈ ਕਿ ਹਰ ਸਾਲ ਪੰਜ ਲੱਖ ਤੋਂ ਜ਼ਿਆਦਾ ਔਰਤਾਂ ਗਰਭ ਸੰਬੰਧੀ ਸਮੱਸਿਆਵਾਂ ਕਰਕੇ ਦਮ ਤੋੜ ਦਿੰਦੀਆਂ ਹਨ। ਇਸ ਤੋਂ ਇਲਾਵਾ, ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ਼) ਕਹਿੰਦਾ ਹੈ ਕਿ ਹਰ ਸਾਲ ਛੇ ਕਰੋੜ ਤੋਂ ਜ਼ਿਆਦਾ ਔਰਤਾਂ ਗਰਭਕਾਲ ਦੌਰਾਨ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਲਗਭਗ ਇਕ-ਤਿਹਾਈ ਔਰਤਾਂ ਉਮਰ ਭਰ ਲਈ ਕਿਸੇ ਨੁਕਸ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਇਨਫ਼ੈਕਸ਼ਨ ਹੋ ਜਾਂਦੀ ਹੈ। ਗ਼ਰੀਬ ਦੇਸ਼ਾਂ ਵਿਚ ਔਰਤਾਂ ਇਕ ਤੋਂ ਬਾਅਦ ਇਕ ਬੱਚਾ ਪੈਦਾ ਕਰਨ ਅਤੇ ਆਪਣੀ ਸਿਹਤ ਦਾ ਖ਼ਿਆਲ ਨਾ ਰੱਖਣ ਕਰਕੇ ਬਹੁਤ ਕਮਜ਼ੋਰ ਤੇ ਬੀਮਾਰ ਹੋ ਜਾਂਦੀਆਂ ਹਨ। ਜੀ ਹਾਂ, ਗਰਭ-ਅਵਸਥਾ ਨੁਕਸਾਨਦੇਹ, ਇੱਥੋਂ ਤਕ ਕਿ ਖ਼ਤਰਨਾਕ ਵੀ ਸਾਬਤ ਹੋ ਸਕਦੀ ਹੈ। ਕੀ ਗਰਭਵਤੀ ਔਰਤ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕੋਈ ਕਦਮ ਚੁੱਕ ਸਕਦੀ ਹੈ?
ਗਰਭ ਠਹਿਰਨ ਤੋਂ ਪਹਿਲਾਂ ਸਿਹਤ-ਸੰਭਾਲ
ਚੰਗੀ ਯੋਜਨਾ। ਪਤੀ-ਪਤਨੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨੇ ਬੱਚੇ ਚਾਹੀਦੇ ਹਨ। ਗ਼ਰੀਬ ਦੇਸ਼ਾਂ ਵਿਚ ਇਹ ਆਮ ਦੇਖਿਆ ਗਿਆ ਹੈ ਕਿ ਕਈ ਨਿਆਣਿਆਂ ਦੀ ਮਾਂ ਨੇ ਇਕ ਬੱਚੇ ਨੂੰ ਕੁੱਛੜ ਚੁੱਕਿਆ ਹੁੰਦਾ ਹੈ ਤੇ ਦੂਜਾ ਢਿੱਡ ਵਿਚ ਪਲ ਰਿਹਾ ਹੁੰਦਾ ਹੈ। ਜੇ ਪਤੀ-ਪਤਨੀ ਦੋਵੇਂ ਚੰਗੀ ਤਰ੍ਹਾਂ ਪਰਿਵਾਰ ਨਿਯੋਜਨ ਕਰਨ, ਤਾਂ ਬੱਚਿਆਂ ਵਿਚ ਸਹੀ ਫ਼ਾਸਲਾ ਹੋਵੇਗਾ। ਇਸ ਤਰ੍ਹਾਂ ਮਾਂ ਇਕ ਬੱਚੇ ਨੂੰ ਜਨਮ ਦੇਣ ਮਗਰੋਂ ਆਰਾਮ ਕਰ ਸਕੇਗੀ ਅਤੇ ਮੁੜ ਤੰਦਰੁਸਤ ਹੋ ਸਕੇਗੀ।
ਖ਼ੁਰਾਕ। ਗਰਭਵਤੀਆਂ ਦੀ ਮਦਦ ਕਰਨ ਲਈ ਬਣਾਈ ਗਈ ਇਕ ਸੰਸਥਾ ਮੁਤਾਬਕ, ਇਕ ਤੀਵੀਂ ਨੂੰ ਗਰਭ ਧਾਰਨ ਤੋਂ ਘੱਟੋ-ਘੱਟ ਚਾਰ ਮਹੀਨੇ ਪਹਿਲਾਂ ਸਾਰੀਆਂ ਹਾਨੀਕਾਰਕ ਚੀਜ਼ਾਂ ਖਾਣੀਆਂ-ਪੀਣੀਆਂ ਛੱਡ ਦੇਣੀਆਂ ਚਾਹੀਦੀਆਂ ਹਨ ਅਤੇ ਚੰਗੀ ਖ਼ੁਰਾਕ ਖਾਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਮਿਸਾਲ ਲਈ, ਜੇ ਇਕ ਗਰਭਵਤੀ ਔਰਤ ਚੋਖੀ ਮਾਤਰਾ ਵਿਚ ਫੋਲਿਕ ਐਸਿਡ ਲੈਂਦੀ ਹੈ, ਤਾਂ ਉਸ ਦੇ ਬੱਚੇ ਨੂੰ ਸਪਾਈਨਾ ਬਿਫ਼ਿਡਾ ਨਾਂ ਦੀ ਬੀਮਾਰੀ ਹੋਣ ਦਾ ਘੱਟ ਖ਼ਤਰਾ ਹੁੰਦਾ ਹੈ। ਇਹ ਬੀਮਾਰੀ ਭਰੂਣ ਦੀ ਰੀੜ੍ਹ ਦੀ ਹੱਡੀ ਦਾ ਪੂਰੀ ਤਰ੍ਹਾਂ ਵਿਕਾਸ ਨਾ ਹੋਣ ਕਰਕੇ ਹੁੰਦੀ ਹੈ। ਭਰੂਣ ਦੀ ਰੀੜ੍ਹ ਦੀ ਹੱਡੀ ਦਾ ਮੁਢਲਾ ਵਿਕਾਸ ਗਰਭ ਧਾਰਨ ਤੋਂ 24ਵੇਂ ਤੋਂ 28ਵੇਂ ਦਿਨ ਦੌਰਾਨ ਪੂਰਾ ਹੋ ਜਾਂਦਾ ਹੈ ਜਦੋਂ ਬਹੁਤ ਸਾਰੀਆਂ ਤੀਵੀਆਂ ਨੂੰ ਅਜੇ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਗਰਭਵਤੀ ਹਨ। ਇਸ ਲਈ ਕੁਝ ਔਰਤਾਂ ਜੋ ਮਾਂ ਬਣਨ ਬਾਰੇ ਸੋਚ ਰਹੀਆਂ ਹਨ, ਗਰਭ ਧਾਰਨ ਤੋਂ ਪਹਿਲਾਂ ਹੀ ਫੋਲਿਕ ਐਸਿਡ ਲੈਣਾ ਸ਼ੁਰੂ ਕਰ ਦਿੰਦੀਆਂ ਹਨ।
ਗਰਭਵਤੀ ਔਰਤਾਂ ਲਈ ਲੋਹਾ ਵੀ ਬਹੁਤ ਜ਼ਰੂਰੀ ਹੈ। ਗਰਭ-ਅਵਸਥਾ ਵਿਚ ਇਕ ਤੀਵੀਂ ਨੂੰ ਦੁੱਗਣੀ ਮਾਤਰਾ ਵਿਚ ਲੋਹੇ ਦੀ ਲੋੜ ਪੈਂਦੀ ਹੈ। ਬਹੁਤ ਸਾਰੀਆਂ ਔਰਤਾਂ, ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਦੀਆਂ ਔਰਤਾਂ ਵਿਚ ਲੋਹੇ ਦੀ ਕਮੀ ਹੋਣ ਕਰਕੇ ਉਨ੍ਹਾਂ ਨੂੰ ਅਨੀਮੀਆ ਹੋ ਜਾਂਦਾ ਹੈ। ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ ਜਦੋਂ ਤੀਵੀਂ ਇਕ ਤੋਂ ਬਾਅਦ ਇਕ ਬੱਚਾ ਪੈਦਾ ਕਰਦੀ ਹੈ *
ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸ ਦੇ ਸਰੀਰ ਨੂੰ ਲੋਹੇ ਦੀ ਘਾਟ ਪੂਰੀ ਕਰਨ ਦਾ ਮੌਕਾ ਨਹੀਂ ਮਿਲਦਾ।ਉਮਰ। ਵੀਹ ਤੋਂ ਜ਼ਿਆਦਾ ਉਮਰ ਵਿਚ ਬੱਚੇ ਪੈਦਾ ਕਰਨ ਦੇ ਮੁਕਾਬਲੇ 16 ਸਾਲ ਤੋਂ ਘੱਟ ਉਮਰ ਵਿਚ ਬੱਚੇ ਪੈਦਾ ਕਰਨ ਤੇ ਮਾਂ ਦੇ ਮਰਨ ਦੀ ਸੰਭਾਵਨਾ 60 ਪ੍ਰਤਿਸ਼ਤ ਜ਼ਿਆਦਾ ਹੁੰਦੀ ਹੈ। ਦੂਜੇ ਪਾਸੇ, 35 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਦੇ ਨਿਆਣਿਆਂ ਵਿਚ ਡਾਊਨਸ ਸਿਨਡ੍ਰੋਮ ਵਰਗੇ ਜਮਾਂਦਰੂ ਨੁਕਸ ਪੈਦਾ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਅੱਲ੍ਹੜ ਉਮਰ ਵਿਚ ਜਾਂ ਵੱਧ ਉਮਰ ਵਿਚ ਮਾਂ ਬਣਨ ਵਾਲੀਆਂ ਔਰਤਾਂ ਨੂੰ ਪ੍ਰੀਐਕਲੈਮਸੀਆ ਨਾਂ ਦੀ ਬੀਮਾਰੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਬੀਮਾਰੀ ਵਿਚ, ਗਰਭ ਦੇ 5ਵੇਂ ਮਹੀਨੇ ਤੋਂ ਬਾਅਦ ਮਾਂ ਦਾ ਬਲੱਡ-ਪ੍ਰੈਸ਼ਰ ਬਹੁਤ ਹੀ ਵਧ ਜਾਂਦਾ ਹੈ, ਉਸ ਦੀਆਂ ਲੱਤਾਂ ਸੁੱਜ ਜਾਂਦੀਆਂ ਹਨ ਅਤੇ ਉਸ ਦੇ ਪਿਸ਼ਾਬ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਆਉਣ ਲੱਗ ਪੈਂਦਾ ਹੈ। ਇਸ ਹਾਲਤ ਵਿਚ ਜੱਚਾ ਤੇ ਬੱਚਾ ਦੋਨਾਂ ਦੀ ਜ਼ਿੰਦਗੀ ਖ਼ਤਰੇ ਵਿਚ ਹੁੰਦੀ ਹੈ।
ਇਨਫ਼ੈਕਸ਼ਨ। ਜੇ ਕਿਸੇ ਔਰਤ ਦੀ ਮੂਤਰ-ਨਾਲੀ, ਜਣਨ-ਅੰਗਾਂ ਜਾਂ ਅੰਤੜੀਆਂ ਵਿਚ ਇਨਫ਼ੈਕਸ਼ਨ ਹੈ, ਤਾਂ ਇਹ ਗਰਭ-ਅਵਸਥਾ ਦੌਰਾਨ ਹੋਰ ਵਧ ਸਕਦੀ ਹੈ। ਇਸ ਨਾਲ ਬੱਚੇ ਦਾ ਸਮੇਂ ਤੋਂ ਪਹਿਲਾਂ ਪੈਦਾ ਹੋਣ ਅਤੇ ਮਾਂ ਨੂੰ ਪ੍ਰੀਐਕਲੈਮਸੀਆ ਹੋਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਇਸ ਲਈ, ਜੇ ਕੋਈ ਇਨਫ਼ੈਕਸ਼ਨ ਹੈ, ਤਾਂ ਇਸ ਦਾ ਇਲਾਜ ਗਰਭ ਧਾਰਨ ਤੋਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ।
ਗਰਭ-ਅਵਸਥਾ ਦੌਰਾਨ ਸਿਹਤ-ਸੰਭਾਲ
ਜਣੇਪੇ ਤੋਂ ਪਹਿਲਾਂ ਦੇਖ-ਭਾਲ। ਪੂਰੇ ਗਰਭਕਾਲ ਦੌਰਾਨ ਨਿਯਮਿਤ ਤੌਰ ਤੇ ਡਾਕਟਰ ਤੋਂ ਜਾਂਚ ਕਰਾਉਂਦੇ ਰਹਿਣ ਨਾਲ ਮਾਂ ਦੀ ਜ਼ਿੰਦਗੀ ਨੂੰ ਘੱਟ ਖ਼ਤਰਾ ਹੋਵੇਗਾ। ਜਿਨ੍ਹਾਂ ਦੇਸ਼ਾਂ ਵਿਚ ਕਲੀਨਿਕਾਂ ਤੇ ਹਸਪਤਾਲਾਂ ਦੀ ਘਾਟ ਹੈ, ਉੱਥੇ ਮਾਹਰ ਦਾਈਆਂ ਦੀ ਮਦਦ ਲਈ ਜਾ ਸਕਦੀ ਹੈ।
ਬਾਕਾਇਦਾ ਜਾਂਚ ਕਰਾਉਣ ਨਾਲ ਡਾਕਟਰਾਂ ਨੂੰ ਪਤਾ ਲੱਗ ਸਕਦਾ ਹੈ ਕਿ ਗਰਭਵਤੀ ਔਰਤ ਨੂੰ ਕੋਈ ਗੰਭੀਰ ਸਿਹਤ-ਸਮੱਸਿਆ ਤਾਂ ਨਹੀਂ ਜੋ ਬਾਅਦ ਵਿਚ ਮੁਸ਼ਕਲਾਂ ਖੜ੍ਹੀ ਕਰ ਸਕਦੀ ਹੈ। ਸ਼ਾਇਦ ਤੀਵੀਂ ਦੇ ਗਰਭ ਵਿਚ ਇਕ ਤੋਂ ਜ਼ਿਆਦਾ ਭਰੂਣ ਪਲ ਰਹੇ ਹੋਣ ਜਾਂ ਉਸ ਨੂੰ ਹਾਈ ਬਲੱਡ-ਪ੍ਰੈਸ਼ਰ, ਦਿਲ ਅਤੇ ਗੁਰਦਿਆਂ ਦੀ ਬੀਮਾਰੀ ਜਾਂ ਸ਼ੂਗਰ ਦੀ ਬੀਮਾਰੀ ਹੋ ਸਕਦੀ ਹੈ। ਕੁਝ ਦੇਸ਼ਾਂ ਵਿਚ ਨਵਜੰਮੇ ਬੱਚਿਆਂ ਨੂੰ ਟੈਟਨਸ ਦੀ ਬੀਮਾਰੀ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਨੂੰ ਟੈਟਨਸ ਦੇ ਟੀਕੇ ਲਾਏ ਜਾਂਦੇ ਹਨ। ਗਰਭ ਦੇ 6ਵੇਂ ਤੇ 7ਵੇਂ ਮਹੀਨੇ ਵਿਚਕਾਰ ਤੀਵੀਂ ਦੀ ਜਾਂਚ ਕਰ ਕੇ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਗਰੁੱਪ ਬੀ ਸਟ੍ਰੈਪਟੋਕੌਕਸ ਇਨਫ਼ੈਕਸ਼ਨ ਤਾਂ ਨਹੀਂ। ਜੇ ਇਹ ਵਿਸ਼ਾਣੂ ਤੀਵੀਂ ਦੀਆਂ ਹੇਠਲੀਆਂ ਆਂਦਰਾਂ ਵਿਚ ਮੌਜੂਦ ਹੋਣ, ਤਾਂ ਇਹ ਜਣੇਪੇ ਵੇਲੇ ਬੱਚੇ ਵਿਚ ਵੀ ਆ ਸਕਦੇ ਹਨ।
ਗਰਭਵਤੀ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਡਾਕਟਰਾਂ ਨੂੰ ਆਪਣੀ ਸਿਹਤ ਬਾਰੇ ਪੂਰੀ-ਪੂਰੀ ਜਾਣਕਾਰੀ ਦੇਣ। ਜੇ ਉਸ ਨੇ ਕੋਈ ਗੱਲ ਪੁੱਛਣੀ ਹੈ, ਤਾਂ ਉਸ ਨੂੰ ਬਿਨਾਂ ਝਿਜਕੇ ਡਾਕਟਰ ਤੋਂ ਪੁੱਛ ਲੈਣੀ ਚਾਹੀਦੀ ਹੈ। ਜੇ ਅੱਗੇ ਦਿੱਤੀਆਂ ਸਮੱਸਿਆਵਾਂ ਵਿੱਚੋਂ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਨੂੰ ਫ਼ੌਰਨ ਡਾਕਟਰ ਕੋਲ ਜਾਣਾ ਚਾਹੀਦਾ ਹੈ: ਯੋਨੀ ਤੋਂ ਖ਼ੂਨ ਵਹਿਣਾ, ਅਚਾਨਕ ਚਿਹਰਾ ਸੁੱਜਣਾ, ਲਗਾਤਾਰ ਜਾਂ ਤੇਜ਼ ਸਿਰਦਰਦ ਹੋਣਾ ਜਾਂ ਉਂਗਲਾਂ ਵਿਚ ਦਰਦ ਹੋਣਾ, ਅਚਾਨਕ ਨਜ਼ਰ ਧੁੰਧਲੀ ਪੈ ਜਾਣੀ, ਢਿੱਡ ਵਿਚ ਕੜਵੱਲ ਪੈਣੇ, ਲਗਾਤਾਰ ਉਲਟੀਆਂ ਆਉਣੀਆਂ, ਠੰਢ ਲੱਗਣੀ ਜਾਂ ਬੁਖ਼ਾਰ ਚੜ੍ਹਨਾ, ਭਰੂਣ ਦੀ ਹਿਲ-ਜੁਲ ਵਿਚ ਤਬਦੀਲੀ ਆਉਣੀ, ਯੋਨੀ ਤੋਂ ਪਾਣੀ ਵਹਿਣਾ, ਪਿਸ਼ਾਬ ਕਰਦੇ ਸਮੇਂ ਦਰਦ ਮਹਿਸੂਸ ਹੋਣਾ ਜਾਂ ਬਹੁਤ ਘੱਟ ਪਿਸ਼ਾਬ ਆਉਣਾ।
ਸ਼ਰਾਬ ਤੇ ਨਸ਼ੇ। ਗਰਭਵਤੀ ਔਰਤਾਂ ਦੁਆਰਾ ਸ਼ਰਾਬ ਪੀਣ, ਨਸ਼ੇ ਕਰਨ ਅਤੇ ਤਮਾਖੂ ਦੀ ਵਰਤੋਂ ਕਰਨ ਨਾਲ ਬੱਚੇ ਵਿਚ ਦਿਮਾਗ਼ੀ ਜਾਂ ਸਰੀਰਕ ਨੁਕਸ ਪੈ ਸਕਦੇ ਹਨ ਅਤੇ ਬੱਚੇ ਦੇ ਸੁਭਾਅ ਵਿਚ ਚਿੜਚਿੜਾਪਣ ਵੀ ਆ ਸਕਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਨਸ਼ੇ ਕਰਨ ਵਾਲੀਆਂ ਔਰਤਾਂ ਦੇ ਬੱਚਿਆਂ ਵਿਚ ਉਹੋ ਲੱਛਣ ਨਜ਼ਰ ਆਉਂਦੇ ਹਨ ਜੋ ਨਸ਼ਾ ਨਾ ਮਿਲਣ ਤੇ ਅਮਲੀਆਂ ਵਿਚ ਨਜ਼ਰ ਆਉਂਦੇ ਹਨ। ਭਾਵੇਂ ਕਿ ਕੁਝ ਲੋਕ ਮੰਨਦੇ ਹਨ ਕਿ ਵਾਈਨ ਦਾ ਇਕ-ਅੱਧਾ ਗਲਾਸ ਪੀਣ ਵਿਚ ਕੋਈ ਹਰਜ਼ ਨਹੀਂ, ਪਰ ਮਾਹਰਾਂ ਦਾ ਕਹਿਣਾ ਹੈ ਕਿ ਗਰਭਕਾਲ ਦੌਰਾਨ ਸ਼ਰਾਬ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਹੀ ਬਿਹਤਰ ਹੈ। ਜਦੋਂ ਦੂਸਰੇ ਸਿਗਰਟ ਪੀਂਦੇ ਹਨ, ਤਾਂ ਗਰਭਵਤੀ ਤੀਵੀਆਂ ਨੂੰ ਉਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਦਵਾਈਆਂ। ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਔਰਤ ਨੂੰ ਆਪਣੇ ਗਰਭਵਤੀ ਹੋਣ ਬਾਰੇ ਡਾਕਟਰ ਨੂੰ ਦੱਸ ਦੇਣਾ ਚਾਹੀਦਾ ਹੈ ਕਿਉਂਕਿ ਡਾਕਟਰ ਨੂੰ ਦਵਾਈਆਂ ਦੇ ਅਸਰਾਂ ਬਾਰੇ ਪਤਾ ਹੁੰਦਾ ਹੈ। ਕੁਝ ਵਿਟਾਮਿਨਾਂ ਦੀਆਂ ਗੋਲੀਆਂ ਵੀ ਨੁਕਸਾਨਦੇਹ ਹੋ ਸਕਦੀਆਂ ਹਨ। ਮਿਸਾਲ ਲਈ, ਜ਼ਿਆਦਾ ਵਿਟਾਮਿਨ ਏ ਲੈਣ ਨਾਲ ਭਰੂਣ ਵਿਚ ਗੰਭੀਰ ਨੁਕਸ ਪੈ ਸਕਦਾ ਹੈ।
ਭਾਰ। ਗਰਭਵਤੀ ਔਰਤ ਦਾ ਭਾਰ ਬਹੁਤ ਹੀ ਜ਼ਿਆਦਾ ਜਾਂ ਘੱਟ ਨਹੀਂ ਹੋਣਾ ਚਾਹੀਦਾ। ਸਹੀ ਖ਼ੁਰਾਕ ਦੁਆਰਾ ਇਲਾਜ ਸੰਬੰਧੀ ਇਕ ਕਿਤਾਬ ਕਹਿੰਦੀ ਹੈ ਕਿ ਸਹੀ ਭਾਰ ਵਾਲੇ ਨਵਜੰਮੇ ਬੱਚਿਆਂ ਦੀ ਤੁਲਨਾ ਵਿਚ ਘੱਟ ਵਜ਼ਨ ਵਾਲੇ ਨਵਜੰਮੇ ਬੱਚਿਆਂ ਦੇ ਮਰਨ ਦਾ ਖ਼ਤਰਾ 40 ਗੁਣਾ ਜ਼ਿਆਦਾ ਹੁੰਦਾ ਹੈ। ਦੂਜੇ ਪਾਸੇ, ਜੇ ਗਰਭਵਤੀ ਦੁੱਗਣਾ ਭੋਜਨ ਖਾਂਦੀ ਹੈ, ਤਾਂ ਉਸ ਦਾ ਭਾਰ ਬਹੁਤ ਹੀ ਵਧ ਜਾਵੇਗਾ। ਉਹ ਲੋੜ ਮੁਤਾਬਕ ਭੋਜਨ ਖਾ ਰਹੀ ਹੈ ਜਾਂ ਨਹੀਂ, ਇਸ ਬਾਰੇ ਖ਼ਾਸ ਕਰਕੇ ਗਰਭ ਦੇ ਚੌਥੇ ਮਹੀਨੇ ਤੋਂ ਉਸ ਦੇ ਵਧ ਰਹੇ ਭਾਰ ਤੋਂ ਪਤਾ ਲੱਗ ਸਕਦਾ ਹੈ। *
ਸਫ਼ਾਈ ਅਤੇ ਹੋਰ ਜ਼ਰੂਰੀ ਗੱਲਾਂ। ਗਰਭਵਤੀ ਔਰਤਾਂ ਆਮ ਵਾਂਗ ਨਹਾ-ਧੋ ਸਕਦੀਆਂ ਹਨ, ਪਰ ਉਨ੍ਹਾਂ ਨੂੰ ਵਜਾਈਨਲ ਡੂਸ਼ (ਯੋਨੀ ਨੂੰ ਧੋਣ
ਲਈ ਖ਼ਾਸ ਤਰਲ ਪਦਾਰਥ ਅਤੇ ਯੰਤਰ) ਨਹੀਂ ਵਰਤਣੇ ਚਾਹੀਦੇ। ਗਰਭਵਤੀ ਤੀਵੀਂ ਨੂੰ ਉਨ੍ਹਾਂ ਵਿਅਕਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਖਸਰੇ ਵਰਗੀ ਕੋਈ ਵੀ ਵਾਇਰਲ ਇਨਫ਼ੈਕਸ਼ਨ ਹੋਵੇ। ਇਸ ਤੋਂ ਇਲਾਵਾ, ਉਸ ਨੂੰ ਅੱਧ-ਪੱਕਿਆ ਮੀਟ ਖਾਣ ਅਤੇ ਬਿੱਲੀਆਂ ਦੇ ਮਲ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਤੋਂ ਹੋਣ ਵਾਲੀਆਂ ਗੰਭੀਰ ਇਨਫ਼ੈਕਸ਼ਨਾਂ ਨਾਲ ਗਰਭ ਡਿੱਗ ਸਕਦਾ ਹੈ ਜਾਂ ਬੱਚੇ ਵਿਚ ਨੁਕਸ ਪੈ ਸਕਦਾ ਹੈ। ਖਾਣਾ ਪਕਾਉਣ ਜਾਂ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਣੇ ਜ਼ਰੂਰੀ ਹਨ। ਕੱਚੀਆਂ ਸਾਗ-ਸਬਜ਼ੀਆਂ ਜਾਂ ਹੋਰ ਚੀਜ਼ਾਂ ਨੂੰ ਵੀ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਆਮ ਤੌਰ ਤੇ ਗਰਭਕਾਲ ਦੌਰਾਨ ਸਰੀਰਕ ਸੰਬੰਧ ਰੱਖੇ ਜਾ ਸਕਦੇ ਹਨ, ਪਰ ਗਰਭਕਾਲ ਦੇ ਆਖ਼ਰੀ ਕੁਝ ਹਫ਼ਤਿਆਂ ਦੌਰਾਨ ਪਰਹੇਜ਼ ਕਰਨਾ ਚਾਹੀਦਾ ਹੈ। ਪਤੀ-ਪਤਨੀ ਨੂੰ ਉਦੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਦੋਂ ਪਤਨੀ ਨੂੰ ਖ਼ੂਨ ਵਗਣ ਦੀ ਸਮੱਸਿਆ ਹੈ, ਉਸ ਦੇ ਢਿੱਡ ਵਿਚ ਕੜਵੱਲ ਪੈਂਦੇ ਹਨ ਜਾਂ ਉਸ ਦਾ ਪਹਿਲਾਂ ਗਰਭ ਡਿੱਗਿਆ ਹੋਵੇ।ਸੁਰੱਖਿਅਤ ਜਣੇਪਾ
ਜੋ ਔਰਤ ਗਰਭਕਾਲ ਦੌਰਾਨ ਆਪਣੀ ਸਿਹਤ ਦੀ ਚੰਗੀ ਦੇਖ-ਭਾਲ ਕਰਦੀ ਹੈ, ਉਸ ਨੂੰ ਆਮ ਤੌਰ ਤੇ ਜਣੇਪੇ ਦੌਰਾਨ ਘੱਟ ਸਮੱਸਿਆਵਾਂ ਆਉਂਦੀਆਂ ਹਨ। ਉਹ ਪਹਿਲਾਂ ਹੀ ਇਹ ਫ਼ੈਸਲਾ ਕਰ ਲੈਂਦੀ ਹੈ ਕਿ ਉਹ ਆਪਣੇ ਬੱਚੇ ਨੂੰ ਘਰ ਵਿਚ ਜਾਂ ਹਸਪਤਾਲ ਵਿਚ ਜਨਮ ਦੇਵੇਗੀ। ਉਸ ਨੂੰ ਜਣੇਪੇ ਬਾਰੇ ਚੋਖਾ ਗਿਆਨ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਦਾਈ ਜਾਂ ਡਾਕਟਰ ਨੂੰ ਕਿਵੇਂ ਸਹਿਯੋਗ ਦੇ ਸਕਦੀ ਹੈ। ਤੀਵੀਂ ਨੂੰ ਪਹਿਲਾਂ ਹੀ ਦਾਈ ਜਾਂ ਡਾਕਟਰ ਨੂੰ ਅਜਿਹੀਆਂ ਗੱਲਾਂ ਬਾਰੇ ਆਪਣੀ ਇੱਛਾ ਦੱਸ ਦੇਣੀ ਚਾਹੀਦੀ ਹੈ: ਜਣੇਪੇ ਵੇਲੇ ਮਾਂ ਨੂੰ ਕਿਸ ਸਥਿਤੀ ਵਿਚ ਲਿਟਾਉਣਾ ਜਾਂ ਬਿਠਾਉਣਾ ਹੈ, ਬੱਚੇ ਨੂੰ ਸੌਖ ਨਾਲ ਕੱਢਣ ਲਈ ਛੋਟਾ ਓਪਰੇਸ਼ਨ (episiotomy) ਕਰਨਾ ਹੈ ਜਾਂ ਨਹੀਂ, ਬੱਚੇ ਨੂੰ ਬਾਹਰ ਕੱਢਣ ਲਈ ਚਿਮਟੀ ਦੀ ਵਰਤੋਂ ਕਰਨੀ ਹੈ ਜਾਂ ਨਹੀਂ, ਮਾਂ ਨੂੰ ਦਰਦ ਵਾਸਤੇ ਦਵਾਈਆਂ ਦੇਣੀਆਂ ਚਾਹੀਦੀਆਂ ਹਨ ਜਾਂ ਨਹੀਂ ਅਤੇ ਬੱਚੇ ਦੀ ਸਿਹਤ ਉੱਤੇ ਨਜ਼ਰ ਰੱਖਣ ਲਈ ਇਲੈਕਟ੍ਰਾਨਿਕ ਯੰਤਰ ਵਰਤੇ ਜਾਣੇ ਚਾਹੀਦੇ ਹਨ ਜਾਂ ਨਹੀਂ। ਗਰਭਵਤੀ ਤੀਵੀਂ ਨੂੰ ਆਪਣੇ ਡਾਕਟਰ ਨਾਲ ਅੱਗੇ ਦੱਸੀਆਂ ਗੱਲਾਂ ਬਾਰੇ ਵੀ ਚਰਚਾ ਕਰਨੀ ਚਾਹੀਦੀ ਹੈ: ਜੇ ਘਰੇ ਬੱਚਾ ਜੰਮਣ ਦੌਰਾਨ ਕੋਈ ਸਮੱਸਿਆ ਉੱਠ ਖੜ੍ਹੀ ਹੋਈ, ਤਾਂ ਮਾਂ ਨੂੰ ਕਿਹੜੇ ਹਸਪਤਾਲ ਜਾਂ ਕਲੀਨਿਕ ਲਿਜਾਇਆ ਜਾਵੇਗਾ? ਜ਼ਿਆਦਾ ਖ਼ੂਨ ਵਹਿਣ ਦੀ ਹਾਲਤ ਵਿਚ ਇਲਾਜ ਦੇ ਕਿਹੜੇ ਤਰੀਕੇ ਅਪਣਾਏ ਜਾਣਗੇ? ਬਹੁਤ ਸਾਰੀਆਂ ਔਰਤਾਂ ਦੀ ਮੌਤ ਜ਼ਿਆਦਾ ਖ਼ੂਨ ਵਹਿ ਜਾਣ ਕਰਕੇ ਹੀ ਹੁੰਦੀ ਹੈ, ਇਸ ਲਈ ਜਿਹੜੇ ਮਰੀਜ਼ ਖ਼ੂਨ ਨਹੀਂ ਲੈਂਦੇ, ਉਨ੍ਹਾਂ ਨੂੰ ਬਚਾਉਣ ਲਈ ਢੁਕਵੀਆਂ ਦਵਾਈਆਂ ਤਿਆਰ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਇਹੀ ਗੱਲ ਵੱਡੇ ਓਪਰੇਸ਼ਨ (ਸਿਸੇਰੀਅਨ) ਦੀ ਹਾਲਤ ਵਿਚ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ।
ਬਾਈਬਲ ਕਹਿੰਦੀ ਹੈ ਕਿ ਬੱਚੇ ਪਰਮੇਸ਼ੁਰ ਵੱਲੋਂ “ਮਿਰਾਸ” ਹਨ। (ਜ਼ਬੂਰਾਂ ਦੀ ਪੋਥੀ 127:3) ਤੀਵੀਂ ਨੂੰ ਗਰਭ-ਅਵਸਥਾ ਅਤੇ ਜਣੇਪੇ ਬਾਰੇ ਜਿੰਨੀ ਜ਼ਿਆਦਾ ਜਾਣਕਾਰੀ ਹੋਵੇ ਉੱਨਾ ਹੀ ਚੰਗਾ ਹੈ। ਗਰਭ ਧਾਰਨ ਤੋਂ ਪਹਿਲਾਂ ਅਤੇ ਗਰਭਕਾਲ ਦੌਰਾਨ ਆਪਣੀ ਚੰਗੀ ਦੇਖ-ਰੇਖ ਕਰਨ ਅਤੇ ਜਣੇਪੇ ਸੰਬੰਧੀ ਚੰਗੀ ਤਿਆਰੀ ਕਰਨ ਨਾਲ ਉਹ ਆਪਣੀ ਅਤੇ ਆਪਣੇ ਬੱਚੇ ਦੀ ਸਿਹਤ ਦੀ ਰਾਖੀ ਕਰ ਰਹੀ ਹੋਵੇਗੀ। (g03 1/08)
[ਫੁਟਨੋਟ]
^ ਪੈਰਾ 7 ਕਲੇਜੀ, ਦਾਲਾਂ, ਹਰੇ ਪੱਤੇ ਵਾਲੀਆਂ ਸਬਜ਼ੀਆਂ, ਗਿਰੀਆਂ ਅਤੇ ਪੌਸ਼ਟਿਕ ਤੱਤ ਮਿਲਾਏ ਹੋਏ ਸੀਰੀਅਲਾਂ ਵਿਚ ਫੋਲਿਕ ਐਸਿਡ ਅਤੇ ਲੋਹਾ ਹੁੰਦਾ ਹੈ। ਭੋਜਨ ਵਿੱਚੋਂ ਲੋਹੇ ਨੂੰ ਸੋਖਣ ਵਿਚ ਸਰੀਰ ਦੀ ਮਦਦ ਕਰਨ ਲਈ ਤੀਵੀਂ ਨੂੰ ਵਿਟਾਮਿਨ-ਸੀ ਨਾਲ ਭਰਪੂਰ ਭੋਜਨ ਵੀ ਖਾਣਾ ਚਾਹੀਦਾ ਹੈ। ਇਹ ਵਿਟਾਮਿਨ ਖ਼ਾਸ ਕਰਕੇ ਤਾਜ਼ੇ ਫਲਾਂ ਵਿਚ ਹੁੰਦਾ ਹੈ।
^ ਪੈਰਾ 16 ਮਾਹਰਾਂ ਦੇ ਮੁਤਾਬਕ, ਗਰਭਕਾਲ ਦੌਰਾਨ ਸਹੀ ਭਾਰ ਵਾਲੀ ਤੀਵੀਂ ਦਾ ਭਾਰ 9 ਤੋਂ 12 ਕਿਲੋ ਵਧਣਾ ਚਾਹੀਦਾ ਹੈ। ਜੇ ਗਰਭਵਤੀ ਅੱਲ੍ਹੜ ਉਮਰ ਦੀ ਹੈ ਜਾਂ ਬਹੁਤ ਹੀ ਕਮਜ਼ੋਰ ਹੈ, ਤਾਂ ਉਸ ਨੂੰ 12 ਤੋਂ 15 ਕਿਲੋ ਭਾਰ ਵਧਾਉਣਾ ਚਾਹੀਦਾ ਹੈ, ਜਦ ਕਿ ਮੋਟੀਆਂ ਔਰਤਾਂ ਦਾ ਭਾਰ ਸਿਰਫ਼ 7 ਤੋਂ 9 ਕਿਲੋ ਹੀ ਵਧਣਾ ਚਾਹੀਦਾ ਹੈ।
[ਸਫ਼ੇ 22 ਉੱਤੇ ਡੱਬੀ]
ਗਰਭਵਤੀ ਔਰਤਾਂ ਲਈ ਚੰਗੀ ਸਲਾਹ
● ਆਮ ਤੌਰ ਤੇ ਇਕ ਗਰਭਵਤੀ ਦੇ ਰੋਜ਼ਾਨਾ ਭੋਜਨ ਵਿਚ ਫਲ, ਸਬਜ਼ੀਆਂ (ਖ਼ਾਸਕਰ ਹਰੀਆਂ, ਸੰਤਰੀ ਤੇ ਲਾਲ ਸਬਜ਼ੀਆਂ), ਫਲੀਆਂ (ਜਿਵੇਂ ਲੋਬੀਆ, ਸੋਇਆਬੀਨ, ਦਾਲਾਂ ਅਤੇ ਛੋਲੇ), ਅਨਾਜ (ਕਣਕ, ਮੱਕੀ ਅਤੇ ਜੌਂ; ਜੇ ਇਹ ਸਾਬਤ ਹੋਣ ਜਾਂ ਇਨ੍ਹਾਂ ਵਿਚ ਪੌਸ਼ਟਿਕ ਤੱਤ ਮਿਲਾਏ ਹੋਣ, ਤਾਂ ਹੋਰ ਵੀ ਵਧੀਆ ਹੈ), ਪਸ਼ੂਆਂ ਤੋਂ ਮਿਲਣ ਵਾਲੀਆਂ ਚੀਜ਼ਾਂ (ਮੱਛੀ, ਮੁਰਗਾ, ਮੀਟ, ਆਂਡੇ, ਪਨੀਰ ਅਤੇ ਸਪਰੇਟਾ ਦੁੱਧ)। ਚਰਬੀ, ਖੰਡ ਅਤੇ ਨਮਕ ਘੱਟ ਮਾਤਰਾ ਵਿਚ ਲੈਣੇ ਚਾਹੀਦੇ ਹਨ। ਬਹੁਤ ਸਾਰਾ ਪਾਣੀ ਪੀਓ। ਚਾਹ-ਕੌਫ਼ੀ ਅਤੇ ਉਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੋ ਜਿਨ੍ਹਾਂ ਵਿਚ ਰਸਾਇਣਕ ਪਦਾਰਥ, ਨਕਲੀ ਰੰਗ ਤੇ ਫਲੇਵਰ ਮਿਲਾਏ ਹੁੰਦੇ ਹਨ। ਕੱਪੜਿਆਂ ਨੂੰ ਲਾਉਣ ਵਾਲਾ ਮਾਵਾ ਜਾਂ ਮਿੱਟੀ ਵਰਗੀਆਂ ਚੀਜ਼ਾਂ ਖਾਣ ਨਾਲ ਸਰੀਰ ਵਿਚ ਜ਼ਹਿਰ ਫੈਲ ਸਕਦਾ ਹੈ ਅਤੇ ਤੀਵੀਂ ਕੁਪੋਸ਼ਣ ਦੀ ਸ਼ਿਕਾਰ ਹੋ ਸਕਦੀ ਹੈ।
● ਵਾਤਾਵਰਣ ਨੂੰ ਖ਼ਰਾਬ ਕਰਨ ਵਾਲੀਆਂ ਨੁਕਸਾਨਦੇਹ ਚੀਜ਼ਾਂ ਜਿਵੇਂ ਐਕਸ-ਰੇ ਅਤੇ ਖ਼ਤਰਨਾਕ ਰਸਾਇਣਾਂ ਤੋਂ ਬਚੋ। ਸਪ੍ਰੇ ਜਾਂ ਕੀਟਨਾਸ਼ਕ ਦਵਾਈਆਂ ਘੱਟ ਇਸਤੇਮਾਲ ਕਰੋ। ਧੁੱਪ ਵਿਚ ਜਾਂ ਅੱਗ ਲਾਗੇ ਜ਼ਿਆਦਾ ਦੇਰ ਨਾ ਬੈਠੋ ਅਤੇ ਨਾ ਹੀ ਹੱਦੋਂ ਵਧ ਕਸਰਤ ਕਰੋ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਜ਼ਿਆਦਾ ਵਧ ਜਾਵੇਗਾ। ਜ਼ਿਆਦਾ ਦੇਰ ਖੜ੍ਹੇ ਨਾ ਰਹੋ ਅਤੇ ਨਾ ਹੀ ਆਪਣੇ ਆਪ ਨੂੰ ਜ਼ਿਆਦਾ ਥਕਾਓ। ਕਾਰ ਵਿਚ ਬੈਠਣ ਵੇਲੇ ਸੀਟ ਬੈਲਟ ਨੂੰ ਸਹੀ ਤਰੀਕੇ ਨਾਲ ਲਾਓ।