ਕੀ ਦੂਸਰੀਆਂ ਜਾਤਾਂ ਦੇ ਲੋਕਾਂ ਨਾਲ ਨਫ਼ਰਤ ਕਰਨੀ ਠੀਕ ਹੈ?
ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਦੂਸਰੀਆਂ ਜਾਤਾਂ ਦੇ ਲੋਕਾਂ ਨਾਲ ਨਫ਼ਰਤ ਕਰਨੀ ਠੀਕ ਹੈ?
ਤੁਹਾਨੂੰ ਕਿੱਦਾਂ ਲੱਗੇਗਾ ਜੇ ਤੁਹਾਡੀ ਜਾਤ ਕਰਕੇ ਤੁਹਾਨੂੰ ਚਲਾਕ, ਹਿੰਸਕ, ਬੁੱਧੂ ਜਾਂ ਬਦਚਲਣ ਸਮਝਿਆ ਜਾਵੇ? ਤੁਹਾਨੂੰ ਜ਼ਰੂਰ ਬੁਰਾ ਲੱਗੇਗਾ। ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਦੀ ਜਾਤ ਕਰਕੇ ਉਨ੍ਹਾਂ ਨੂੰ ਬੁਰਾ ਹੀ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਸਦੀਆਂ ਦੌਰਾਨ ਅਣਗਿਣਤ ਬੇਕਸੂਰ ਲੋਕਾਂ ਨਾਲ ਉਨ੍ਹਾਂ ਦੀ ਜਾਤ ਜਾਂ ਕੌਮ ਕਰਕੇ ਬੁਰਾ ਸਲੂਕ ਕੀਤਾ ਗਿਆ ਹੈ ਅਤੇ ਜਾਨੋਂ ਵੀ ਮਾਰਿਆ ਗਿਆ ਹੈ। ਅੱਜ-ਕੱਲ੍ਹ ਤਕਰੀਬਨ ਸਾਰਾ ਖ਼ੂਨ-ਖ਼ਰਾਬਾ ਜਾਤ-ਪਾਤ ਕਰਕੇ ਹੀ ਹੋ ਰਿਹਾ ਹੈ। ਪਰ ਅਜਿਹੇ ਕੰਮਾਂ ਵਿਚ ਹਿੱਸਾ ਲੈਣ ਵਾਲੇ ਲੋਕ ਕਹਿੰਦੇ ਹਨ ਕਿ ਉਹ ਰੱਬ ਨੂੰ ਮੰਨਦੇ ਹਨ ਅਤੇ ਬਾਈਬਲ ਤੇ ਵਿਸ਼ਵਾਸ ਕਰਦੇ ਹਨ। ਦੂਸਰੇ ਲੋਕ ਕਹਿੰਦੇ ਹਨ ਕਿ ਪੱਖਪਾਤ ਤਾਂ ਹੁੰਦਾ ਹੀ ਰਹੇਗਾ ਕਿਉਂਕਿ ਇਨਸਾਨਾਂ ਦਾ ਸੁਭਾਅ ਹੀ ਐਸਾ ਹੈ ਕਿ ਉਹ ਜਾਤ-ਪਾਤ ਦਾ ਫ਼ਰਕ ਕਰਨ।
ਕੀ ਬਾਈਬਲ ਵਿਚ ਲਿਖਿਆ ਹੈ ਕਿ ਕਿਸੇ ਦੀ ਜਾਤ ਕਰਕੇ ਉਸ ਨਾਲ ਨਫ਼ਰਤ ਕਰਨੀ ਠੀਕ ਹੈ? ਕੀ ਅਜਿਹੇ ਕੋਈ ਹਾਲਾਤ ਹਨ ਜਿਨ੍ਹਾਂ ਵਿਚ ਅਸੀਂ ਕਿਸੇ ਹੋਰ ਜਾਤ ਦੇ ਲੋਕਾਂ ਨਾਲ ਨਫ਼ਰਤ ਕਰ ਸਕਦੇ ਹਾਂ? ਕੀ ਅਸੀਂ ਆਸ ਰੱਖ ਸਕਦੇ ਹਾਂ ਕਿ ਅਗਾਹਾਂ ਨੂੰ ਜਾਤ-ਪਾਤ ਤੇ ਨਫ਼ਰਤ ਖ਼ਤਮ ਕੀਤੇ ਜਾਣਗੇ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਲੋਕਾਂ ਨੇ ਆਪਣੀ ਕਰਨੀ ਦੇ ਨਤੀਜੇ ਭਰੇ
ਜੇ ਅਸੀਂ ਪੁਰਾਣੇ ਜ਼ਮਾਨੇ ਵਿਚ ਮਨੁੱਖਜਾਤੀ ਨਾਲ ਪਰਮੇਸ਼ੁਰ ਦੇ ਵਰਤਾਉ ਨੂੰ ਉੱਪਰੋਂ-ਉੱਪਰੋਂ ਦੇਖੀਏ, ਤਾਂ ਅਸੀਂ ਸ਼ਾਇਦ ਗ਼ਲਤ ਨਤੀਜਾ ਕੱਢੀਏ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲੋਕਾਂ ਦੀ ਜਾਤ ਕਰਕੇ ਉਨ੍ਹਾਂ ਨਾਲ ਨਫ਼ਰਤ ਕਰਨੀ ਠੀਕ ਹੈ। ਕੀ ਬਾਈਬਲ ਵਿਚ ਪਰਮੇਸ਼ੁਰ ਨੇ ਪੂਰੇ ਕਬੀਲਿਆਂ ਤੇ ਕੌਮਾਂ ਦਾ ਨਾਸ਼ ਨਹੀਂ ਕੀਤਾ ਸੀ? ਹਾਂ ਕੀਤਾ ਸੀ, ਪਰ ਜੇ ਅਸੀਂ ਧਿਆਨ ਨਾਲ ਬਾਈਬਲ ਪੜ੍ਹੀਏ, ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਲੋਕ ਉਨ੍ਹਾਂ ਦੀ ਜਾਤ ਕਰਕੇ ਨਹੀਂ, ਸਗੋਂ ਇਸ ਲਈ ਖ਼ਤਮ ਕੀਤੇ ਗਏ ਸਨ ਕਿਉਂਕਿ ਉਹ ਬਹੁਤ ਭੈੜੇ ਸਨ, ਉਨ੍ਹਾਂ ਨੇ ਪਰਮੇਸ਼ੁਰ ਦਾ ਅਨਾਦਰ ਕੀਤਾ ਅਤੇ ਉਹ ਉਸ ਦੇ ਹੁਕਮਾਂ ਤੇ ਨਹੀਂ ਚੱਲੇ।
ਮਿਸਾਲ ਲਈ, ਯਹੋਵਾਹ ਪਰਮੇਸ਼ੁਰ ਨੇ ਕਨਾਨੀ ਲੋਕਾਂ ਨੂੰ ਉਨ੍ਹਾਂ ਦੇ ਘਿਣਾਉਣੇ ਤੇ ਭੈੜੇ ਕੰਮਾਂ ਕਰਕੇ ਠੁਕਰਾਇਆ। ਉਹ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹੋਏ ਆਪਣੇ ਬੱਚਿਆਂ ਦੀਆਂ ਬਲੀਆਂ ਵੀ ਚੜ੍ਹਾਉਂਦੇ ਸਨ। (ਬਿਵਸਥਾ ਸਾਰ 7:5; 18:9-12) ਪਰ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਤੇ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ। ਇਸ ਕਰਕੇ ਯਹੋਵਾਹ ਨੇ ਉਨ੍ਹਾਂ ਦੀਆਂ ਜਾਨਾਂ ਬਖ਼ਸ਼ੀਆਂ ਤੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ। (ਯਹੋਸ਼ੁਆ 9:3, 25-27; ਇਬਰਾਨੀਆਂ 11:31) ਰਾਹਾਬ ਨਾਂ ਦੀ ਇਕ ਕਨਾਨੀ ਔਰਤ ਯਿਸੂ ਮਸੀਹ ਦੀ ਵੱਡੀ-ਵਡੇਰੀ ਵੀ ਬਣੀ।—ਮੱਤੀ 1:5.
ਪਰਮੇਸ਼ੁਰ ਨੇ ਜੋ ਸ਼ਰਾ ਇਸਰਾਏਲੀਆਂ ਨੂੰ ਦਿੱਤੀ ਸੀ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਦਾ ਪੱਖ ਨਹੀਂ ਕਰਦਾ। ਇਸ ਦੇ ਉਲਟ ਉਹ ਸਾਰਿਆਂ ਲੋਕਾਂ ਦੀ ਭਲਿਆਈ ਚਾਹੁੰਦਾ ਹੈ। ਲੇਵੀਆਂ 19:33, 34 ਵਿਚ ਪਰਮੇਸ਼ੁਰ ਨੇ ਦਇਆ ਨਾਲ ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ ਸੀ: “ਜੇ ਕਦੀ ਓਪਰਾ ਤੇਰੇ ਨਾਲ ਤੁਹਾਡੇ ਦੇਸ ਵਿੱਚ ਵੱਸੇ ਤਾਂ ਤੁਸਾਂ ਉਸ ਨੂੰ ਦੁਖ ਨਾ ਦੇਣਾ। ਪਰ ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।” ਬਾਈਬਲ ਵਿਚ ਇਸ ਤਰ੍ਹਾਂ ਦੇ ਹੋਰ ਹੁਕਮ ਕੂਚ ਅਤੇ ਬਿਵਸਥਾ ਸਾਰ ਦੀਆਂ ਪੁਸਤਕਾਂ ਵਿਚ ਮਿਲਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਹ ਨਹੀਂ ਕਿਹਾ ਸੀ ਕਿ ਜਾਤ ਕਰਕੇ ਕਿਸੇ ਨਾਲ ਨਫ਼ਰਤ ਕਰਨੀ ਠੀਕ ਹੈ। ਇਸ ਦੀ ਬਜਾਇ ਉਹ ਚਾਹੁੰਦਾ ਸੀ ਕਿ ਲੋਕ ਪਿਆਰ ਨਾਲ ਮਿਲ ਕੇ ਰਹਿਣ।
ਯਿਸੂ ਨੇ ਲੋਕਾਂ ਨੂੰ ਮਿਲ ਕੇ ਰਹਿਣ ਦੀ ਸਿੱਖਿਆ ਦਿੱਤੀ
ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਯਹੂਦੀ ਤੇ ਸਾਮਰੀ ਲੋਕ ਆਮ ਕਰਕੇ ਇਕ-ਦੂਜੇ ਨਾਲ ਨਫ਼ਰਤ ਕਰਦੇ ਸਨ। ਇਕ ਵਾਰ ਸਾਮਰੀ ਪਿੰਡ ਦੇ ਲੋਕਾਂ ਨੇ ਯਿਸੂ ਨੂੰ ਕਬੂਲ ਨਹੀਂ ਕੀਤਾ ਕਿਉਂਕਿ ਉਹ ਇਕ ਯਹੂਦੀ ਸੀ ਜੋ ਯਰੂਸ਼ਲਮ ਵੱਲ ਜਾ ਰਿਹਾ ਸੀ। ਜੇ ਤੁਸੀਂ ਉੱਥੇ ਹੁੰਦੇ, ਤਾਂ ਤੁਸੀਂ ਇਸ ਬਾਰੇ ਕੀ ਕਰਦੇ? ਯਿਸੂ ਦੇ ਚੇਲੇ ਵੀ ਸ਼ਾਇਦ ਬਾਕੀ ਲੋਕਾਂ ਵਾਂਗ ਸਾਮਰੀ ਲੋਕਾਂ ਨੂੰ ਬੁਰਾ ਸਮਝਦੇ ਸਨ ਕਿਉਂਕਿ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਪ੍ਰਭੁ ਜੀ ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਈ ਅਕਾਸ਼ੋਂ ਅੱਗ ਵਰਸੇ ਅਤੇ ਇਨ੍ਹਾਂ ਦਾ ਨਾਸ ਕਰੇ?” (ਲੂਕਾ 9:51-56) ਕੀ ਯਿਸੂ ਨੇ ਆਪਣੇ ਚੇਲਿਆਂ ਦੀ ਪੱਖਪਾਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਗੱਲ ਮੰਨ ਲਈ ਸੀ? ਬਿਲਕੁਲ ਨਹੀਂ, ਸਗੋਂ ਉਸ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਸ਼ਾਂਤੀ ਨਾਲ ਹੋਰ ਕਿਸੇ ਪਿੰਡ ਨੂੰ ਚੱਲਿਆ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਨੇ ਉਸ ਸਾਮਰੀ ਬੰਦੇ ਦੀ ਕਹਾਣੀ ਦੱਸੀ ਜਿਸ ਨੇ ਇਕ ਯਹੂਦੀ ਦੀ ਮਦਦ ਕੀਤੀ ਸੀ। ਇਸ ਕਹਾਣੀ ਨੇ ਵਧੀਆ ਢੰਗ ਨਾਲ ਸਿਖਾਇਆ ਕਿ ਕੋਈ ਬੰਦਾ ਆਪਣੀ ਜਾਤ ਕਰਕੇ ਹੀ ਤੁਹਾਡਾ ਦੁਸ਼ਮਣ ਨਹੀਂ ਬਣ ਜਾਂਦਾ। ਹੋ ਸਕਦਾ ਹੈ ਕਿ ਉਹੀ ਬੰਦਾ ਤੁਹਾਡੀ ਕੋਈ ਮਦਦ ਕਰੇ।
ਮਸੀਹੀ ਕਲੀਸਿਯਾ ਵਿਚ ਵੱਖ-ਵੱਖ ਜਾਤਾਂ ਦੇ ਲੋਕ
ਯਿਸੂ ਨੇ ਧਰਤੀ ਉੱਤੇ ਪ੍ਰਚਾਰ ਕਰਦੇ ਸਮੇਂ ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਚੇਲੇ ਬਣਾਇਆ ਸੀ ਜੋ ਉਸ ਵਾਂਗ ਯਹੂਦੀ ਸਨ। ਪਰ ਉਸ ਨੇ ਇਹ ਵੀ ਕਿਹਾ ਸੀ ਕਿ ਹੋਰ ਜਾਤਾਂ ਦੇ ਲੋਕ ਵੀ ਉਸ ਦੇ ਚੇਲੇ ਬਣਨਗੇ। (ਮੱਤੀ 28:19) ਕੀ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਚੇਲਿਆਂ ਵਜੋਂ ਕਬੂਲ ਕੀਤਾ ਜਾਣਾ ਸੀ? ਹਾਂ! ਪਤਰਸ ਰਸੂਲ ਨੇ ਕਿਹਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਬਾਅਦ ਵਿਚ ਪੌਲੁਸ ਰਸੂਲ ਨੇ ਵੀ ਇਹੀ ਗੱਲ ਦੁਹਰਾਈ ਜਦੋਂ ਉਸ ਨੇ ਸਮਝਾਇਆ ਕਿ ਮਸੀਹੀ ਕਲੀਸਿਯਾ ਵਿਚ ਕਿਸੇ ਦੀ ਜਾਤ ਦਾ ਕੋਈ ਫ਼ਰਕ ਨਹੀਂ ਪੈਂਦਾ।—ਕੁਲੁੱਸੀਆਂ 3:11.
ਪਰਕਾਸ਼ ਦੀ ਪੋਥੀ ਤੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਹਰ ਜਾਤ ਦੇ ਲੋਕਾਂ ਨੂੰ ਸਵੀਕਾਰ ਕਰਦਾ ਹੈ। ਪਰਮੇਸ਼ੁਰ ਵੱਲੋਂ ਇਕ ਦਰਸ਼ਣ ਵਿਚ ਯੂਹੰਨਾ ਰਸੂਲ ਨੇ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਦੇਖੀ, ਜਿਸ ਨੂੰ ਪਰਮੇਸ਼ੁਰ ਤੋਂ ਮੁਕਤੀ ਮਿਲੀ ਸੀ। (ਪਰਕਾਸ਼ ਦੀ ਪੋਥੀ 7:9, 10) ਇਹ “ਵੱਡੀ ਭੀੜ” ਉਨ੍ਹਾਂ ਲੋਕਾਂ ਦੀ ਬਣੀ ਹੈ ਜੋ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਤੇ ਉਸ ਨਵੇਂ ਸਮਾਜ ਦਾ ਹਿੱਸਾ ਬਣਨਗੇ ਜਿਸ ਵਿਚ ਹਰ ਤਰ੍ਹਾਂ ਦੇ ਲੋਕ ਸ਼ਾਂਤੀ ਤੇ ਏਕਤਾ ਵਿਚ ਰਹਿਣਗੇ।
ਸੋ ਮਸੀਹੀਆਂ ਨੂੰ ਦੂਸਰਿਆਂ ਦੀ ਜਾਤ ਦਾ ਫ਼ਰਕ ਨਹੀਂ ਕਰਨਾ ਚਾਹੀਦਾ। ਜੇ ਅਸੀਂ ਲੋਕਾਂ ਦੀ ਜਾਤ ਭੁੱਲ ਕੇ ਹਰ ਇਨਸਾਨ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਦੇਖੀਏ, ਤਾਂ ਅਸੀਂ ਲੋਕਾਂ ਲਈ ਆਪਣੇ ਪਿਆਰ ਦਾ ਸਬੂਤ ਦੇਵਾਂਗੇ। ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਇਸ ਸਹੀ ਨਜ਼ਰੀਏ ਤੋਂ ਦੇਖਣ? ਯਿਸੂ ਨੇ ਸਮਝਾਇਆ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਜਦੋਂ ਅਸੀਂ ਲੋਕਾਂ ਦੀ ਜਾਤ ਦੇ ਬਾਵਜੂਦ ਉਨ੍ਹਾਂ ਨਾਲ ਪਿਆਰ ਕਰਦੇ ਹਾਂ, ਤਾਂ ਜ਼ਿੰਦਗੀ ਵਧੀਆ ਹੁੰਦੀ ਹੈ। ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਦੂਸਰਿਆਂ ਨਾਲ ਸ਼ਾਂਤੀ ਨਾਲ ਰਹਿੰਦੇ ਹਾਂ। ਇਸ ਤੋਂ ਵੱਧ ਅਸੀਂ ਆਪਣੇ ਪਿਆਰੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਦੇ ਹੋਰ ਨਜ਼ਦੀਕ ਹੁੰਦੇ ਹਾਂ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਕਿਸੇ ਦੀ ਜਾਤ ਕਰਕੇ ਉਸ ਨਾਲ ਨਫ਼ਰਤ ਨਾ ਕਰੀਏ! (g03 8/08)