ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਪੁਰਾਣੇ ਮਿਸਰ ਵਿਚ ਟੁਥ-ਪੇਸਟ
ਇਲੈਕਟ੍ਰਾਨਿਕ ਟੈਲੀਗ੍ਰਾਫ਼ ਨੇ ਰਿਪੋਰਟ ਕੀਤਾ: “ਵੀਐਨਾ ਦੇ ਇਕ ਮਿਊਜ਼ੀਅਮ ਵਿਚ ਪਪਾਇਰੀ ਕਾਗਜ਼ ਉੱਤੇ ਟੁਥ-ਪੇਸਟ ਦਾ ਨੁਸਖਾ ਮਿਲਿਆ। ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਫਾਰਮੂਲਾ ਹੈ ਜੋ 1873 ਵਿਚ ਕੋਲਗੇਟ ਕੰਪਨੀ ਦੁਆਰਾ ਬਣਾਏ ਟੁਥ-ਪੇਸਟ ਤੋਂ 1,500 ਸਾਲ ਪਹਿਲਾਂ ਵਰਤਿਆ ਜਾਂਦਾ ਸੀ। ਕਾਲਖ, ਗੂੰਦ ਅਤੇ ਪਾਣੀ ਦੀ ਸਿਆਹੀ ਬਣਾ ਕੇ ਮਿਸਰ ਦੇ ਇਕ ਗ੍ਰੰਥੀ ਨੇ ਫਿੱਕੇ ਜਿਹੇ ਅੱਖਰਾਂ ਵਿਚ ਲਿਖਿਆ ਕਿ ‘ਚਿੱਟੇ ਦੰਦਾਂ ਲਈ ਪਾਊਡਰ’ ਕਿੱਦਾਂ ਬਣਾਈਦਾ ਹੈ। ਜਦੋਂ ਇਹ ਪਾਊਡਰ ਮੂੰਹ ਵਿਚ ਥੁੱਕ ਨਾਲ ਰਲਦਾ ਹੈ, ਤਾਂ ਇਕ ‘ਸਾਫ਼ ਟੁਥ-ਪੇਸਟ’ ਬਣ ਜਾਂਦਾ ਹੈ।” ਇਸ ਪੁਰਾਣੇ ਦਸਤਾਵੇਜ਼ ਵਿਚ ਦੱਸਿਆ ਗਿਆ ਹੈ ਕਿ ਕਿਨ੍ਹਾਂ ਚੀਜ਼ਾਂ ਨੂੰ ਪੀਹ ਕੇ ਪਾਊਡਰ ਬਣਾਇਆ ਜਾਂਦਾ ਹੈ—ਪਹਾੜੀ ਲੂਣ, ਪੁਦੀਨਾ, ਆਇਰਿਸ ਬੂਟੇ ਦੇ ਸੁੱਕੇ ਫੁੱਲ ਅਤੇ ਕਾਲੀ ਮਿਰਚ। ਇਸ ਦਸਤਾਵੇਜ਼ ਕਰਕੇ ਵੀਐਨਾ ਵਿਚ ਹੋਏ ਦੰਦ-ਚਿਕਿਤਸਕਾਂ ਦੇ ਸੰਮੇਲਨ ਵਿਚ ਹਲਚਲ ਮਚ ਗਈ। ਡਾਕਟਰ ਹਾਈਨਜ਼ ਨੋਈਮਨ ਨੇ ਕਿਹਾ: “ਦੰਦ-ਚਿਕਿਤਸਕਾਂ ਨੂੰ ਪਤਾ ਨਹੀਂ ਸੀ ਕਿ ਪੁਰਾਣੇ ਸਮਿਆਂ ਵਿਚ ਇੰਨਾ ਵਧੀਆ ਟੁਥ-ਪੇਸਟ ਇਸਤੇਮਾਲ ਕੀਤਾ ਜਾਂਦਾ ਸੀ।” ਉਸ ਨੇ ਇਸ ਨਾਲ ਆਪਣੇ ਦੰਦ ਸਾਫ਼ ਕਰਨ ਤੋਂ ਬਾਅਦ ਕਿਹਾ ਕਿ “ਉਸ ਦਾ ਮੂੰਹ ਤਾਜ਼ਾ ਅਤੇ ਸਾਫ਼” ਸੀ। ਰਿਪੋਰਟ ਵਿਚ ਅੱਗੇ ਦੱਸਿਆ ਗਿਆ: “ਦੰਦ-ਚਿਕਿਤਸਕਾਂ ਨੇ ਹਾਲ ਹੀ ਵਿਚ ਆਇਰਿਸ ਬੂਟੇ ਦੇ ਫ਼ਾਇਦਿਆਂ ਬਾਰੇ ਪਤਾ ਲਗਾਇਆ ਹੈ। ਇਸ ਨਾਲ ਮਸੂੜਿਆਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਟੁਥ-ਪੇਸਟ ਦੀਆਂ ਕੰਪਨੀਆਂ ਹੁਣ ਇਸ ਦੀ ਵਰਤੋਂ ਕਰ ਰਹੀਆਂ ਹਨ।” (g03 11/22)
ਪਰਿਵਾਰ ਵਿਚ ਗੱਲਬਾਤ ਕਰਨ ਦੀ ਲੋੜ
ਲੰਡਨ ਦੀ ਟਾਈਮਜ਼ ਅਖ਼ਬਾਰ ਨੇ ਰਿਪੋਰਟ ਕੀਤਾ: “ਪਰਿਵਾਰ ਦੇ ਮੈਂਬਰ ਗੱਲਬਾਤ ਕਰਨ ਦੀ ਬਜਾਇ ਇਕ-ਦੂਜੇ ਨੂੰ ਸਿਰਫ਼ ‘ਹੂੰ-ਹਾਂ’ ਕਹਿਣ ਤੇ ਆ ਗਏ ਹਨ। ਇਸ ਕਰਕੇ ਬੱਚੇ ਚੰਗੀ ਤਰ੍ਹਾਂ ਬੋਲਣਾ ਨਹੀਂ ਸਿੱਖ ਪਾਉਂਦੇ।” ਐਲਨ ਵੈੱਲਜ਼ ਉਸ ਸਰਕਾਰੀ ਸੰਸਥਾ ਦਾ ਡਾਇਰੈਕਟਰ ਹੈ ਜੋ ਬਰਤਾਨੀਆ ਵਿਚ ਪੜ੍ਹਾਈ-ਲਿਖਾਈ ਦੇ ਮਿਆਰਾਂ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਹੈ। ਉਹ ਦੱਸਦਾ ਹੈ ਕਿ ਇਸ ਦਾ ਕਾਰਨ ਹੈ ਕਿ ਬੱਚੇ “ਟੀ.ਵੀ. ਅਤੇ ਕੰਪਿਊਟਰ ਦੇ ਮੋਹਰੇ ਬੈਠੇ ਰਹਿੰਦੇ ਹਨ ਅਤੇ ਪਰਿਵਾਰ ਖਾਣ ਵੇਲੇ ਇਕੱਠੇ ਸਮਾਂ ਨਹੀਂ ਗੁਜ਼ਾਰਦੇ।” ਵੈੱਲਜ਼ ਨੇ ਇਹ ਕਾਰਨ ਵੀ ਦੱਸਿਆ ਕਿ ਕਈ ਘਰਾਣਿਆਂ ਵਿਚ ਸਿਰਫ਼ ਮਾਂ ਜਾਂ ਪਿਤਾ ਹੈ ਅਤੇ ਦਾਦਕੇ ਜਾਂ ਨਾਨਕੇ ਨਹੀਂ ਹਨ। ਇਸ ਦੇ ਨਾਲ-ਨਾਲ ਬਹੁਤ ਘੱਟ ਹੀ ਮਾਪੇ ਆਪਣੇ ਬੱਚਿਆਂ ਨਾਲ ਪੜ੍ਹਦੇ ਹਨ। ਉਹ ਮੰਨਦਾ ਹੈ ਕਿ ਇਸ ਕਰਕੇ ਚਾਰ-ਪੰਜ ਸਾਲਾਂ ਦੇ ਬੱਚੇ ਸਕੂਲ ਦਾਖ਼ਲ ਹੁੰਦਿਆਂ ਪੁਰਾਣਿਆਂ ਸਮਿਆਂ ਦੇ ਬੱਚਿਆਂ ਵਾਂਗ “ਗੱਲਬਾਤ ਕਰਨ ਦੇ ਕਾਬਲ ਨਹੀਂ ਹੁੰਦੇ ਅਤੇ ਆਪਣੇ ਜਜ਼ਬਾਤ ਨਹੀਂ ਦੱਸ ਸਕਦੇ।” ਵੈੱਲਜ਼ ਨੇ ਸੁਝਾਅ ਦਿੱਤਾ ਕਿ ਮਾਪੇ ਖ਼ੁਦ ਸਿੱਖਿਆ ਲੈਣ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਕਿੱਦਾਂ ਗੱਲਬਾਤ ਕਰਨੀ ਚਾਹੀਦੀ ਹੈ। (g03 9/22)
ਧਰਮ ਵਿਚ ਕੋਈ ਦਿਲਚਸਪੀ ਨਹੀਂ
ਜਪਾਨੀ ਅਖ਼ਬਾਰ ਆਈ. ਐੱਚ. ਟੀ. ਅਸਾਹੀ ਸ਼ਿੱਮਬੁਨ ਨੇ ਦੱਸਿਆ: “ਇੱਦਾਂ ਲੱਗਦਾ ਹੈ ਕਿ [ਜਪਾਨੀ] ਲੋਕ ਅੱਜ-ਕੱਲ੍ਹ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਧਰਮ ਦਾ ਸਹਾਰਾ ਨਹੀਂ ਲੈ ਰਹੇ।” ਆਦਮੀ-ਔਰਤਾਂ ਨੂੰ ਇਹ ਸਵਾਲ ਪੁੱਛਿਆ ਗਿਆ: “ਕੀ ਤੁਹਾਡਾ ਕੋਈ ਧਰਮ ਹੈ ਜਾਂ ਤੁਹਾਨੂੰ ਧਾਰਮਿਕ ਵਿਸ਼ਿਆਂ ਵਿਚ ਕੋਈ ਦਿਲਚਸਪੀ ਹੈ?” ਅਤੇ ਉਨ੍ਹਾਂ ਵਿੱਚੋਂ ਸਿਰਫ਼ 13 ਪ੍ਰਤਿਸ਼ਤ ਨੇ ਹਾਂ ਕਹੀ। ਇਨ੍ਹਾਂ ਦੇ ਨਾਲ-ਨਾਲ 9 ਪ੍ਰਤਿਸ਼ਤ ਆਦਮੀ ਅਤੇ 10 ਪ੍ਰਤਿਸ਼ਤ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਧਰਮ ਵਿਚ “ਥੋੜ੍ਹੀ-ਬਹੁਤੀ” ਦਿਲਚਸਪੀ ਹੈ। ਅਖ਼ਬਾਰ ਨੇ ਅੱਗੇ ਦੱਸਿਆ ਕਿ “ਇਹ ਗੱਲ ਧਿਆਨਯੋਗ ਹੈ ਕਿ 20-30 ਸਾਲਾਂ ਵਿਚਕਾਰ ਦੀਆਂ ਔਰਤਾਂ ਵਿੱਚੋਂ ਸਿਰਫ਼ 6 ਪ੍ਰਤਿਸ਼ਤ ਨੂੰ ਧਰਮ ਵਿਚ ਦਿਲਚਸਪੀ ਸੀ।” ਇਸ ਸਾਲਾਨਾ ਸਰਵੇ ਤੋਂ ਦੇਖਿਆ ਗਿਆ ਹੈ ਕਿ ਜਪਾਨ ਵਿਚ 77 ਪ੍ਰਤਿਸ਼ਤ ਆਦਮੀ ਅਤੇ 76 ਪ੍ਰਤਿਸ਼ਤ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਧਰਮ ਵਿਚ ਕੋਈ ਦਿਲਚਸਪੀ ਨਹੀਂ। ਅਜਿਹਾ ਸਰਵੇ 1978 ਵਿਚ ਕੀਤਾ ਗਿਆ ਸੀ ਅਤੇ ਇਹ ਦੇਖਿਆ ਗਿਆ ਹੈ ਕਿ ਉਸ ਸਮੇਂ ਤੋਂ ਲੈ ਕੇ ਧਰਮ ਵਿਚ ਦਿਲਚਸਪੀ ਰੱਖਣ ਵਾਲਿਆਂ ਦੀ ਗਿਣਤੀ ਅੱਧੀ ਹੋ ਗਈ ਹੈ। ਆਮ ਕਰਕੇ ਸਰਵੇ ਵਿਚ ਸਿਆਣੇ ਲੋਕ ਧਰਮ ਵਿਚ ਦਿਲਚਸਪੀ ਲੈਂਦੇ ਸਨ, ਖ਼ਾਸ ਕਰਕੇ ਜਿਨ੍ਹਾਂ ਦੀ ਉਮਰ 60 ਸਾਲਾਂ ਤੋਂ ਜ਼ਿਆਦਾ ਸੀ। (g03 10/08)
ਸਿੱਖਿਆ ਲੈਣ ਲਈ ਜ਼ਿਆਦਾ ਬੁੱਢੇ ਨਹੀਂ
ਨੇਪਾਲ ਵਿਚ ਬਹੁਤੇ ਲੋਕ ਇੰਨੇ ਪੜ੍ਹੇ-ਲਿਖੇ ਨਹੀਂ ਹਨ। ਪਰ 12 ਤੋਂ ਜ਼ਿਆਦਾ ਪੋਤੇ-ਪੋਤੀਆਂ ਵਾਲਾ ਇਕ ਸਿਆਣਾ ਆਦਮੀ ਸਿੱਖਿਆ ਹਾਸਲ ਕਰਨ ਦੀ ਆਪਣੀ ਕੋਸ਼ਿਸ਼ ਲਈ ਮਸ਼ਹੂਰ ਬਣ ਗਿਆ ਹੈ। ਬਾਲ ਬਹਾਦਰ ਕਾਰਕੀ ਉਰਫ਼ ਲੇਖਕ ਬਾਜ਼ੇ ਦਾ ਜਨਮ 1917 ਵਿਚ ਹੋਇਆ ਅਤੇ ਉਸ ਨੇ ਦੂਜੇ ਵਿਸ਼ਵ ਯੁੱਧ ਵਿਚ ਲੜਾਈ ਕੀਤੀ। ਉਸ ਨੇ ਚਾਰ ਕੋਸ਼ਿਸ਼ਾਂ ਤੋਂ ਬਾਅਦ 84 ਸਾਲਾਂ ਦੀ ਉਮਰ ਤੇ ਬੁਨਿਆਦੀ ਸਿੱਖਿਆ ਦਾ ਸਰਟੀਫਿਕੇਟ ਹਾਸਲ ਕੀਤਾ। ਹੁਣ 86 ਸਾਲਾਂ ਦੀ ਉਮਰ ਤੇ ਉਹ ਕਾਲਜ ਕੋਰਸ ਕਰ ਰਿਹਾ ਹੈ। ਉਹ ਲਗਨ ਨਾਲ ਅੰਗ੍ਰੇਜ਼ੀ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਦੂਸਰਿਆਂ ਨੂੰ ਵੀ ਇਸ ਵਿਚ ਸਿੱਖਿਆ ਦਿੰਦਾ ਹੈ। ਉਸ ਨੇ ਕਿਹਾ ਕਿ ਜਦੋਂ ਉਹ ਕਲਾਸ ਵਿਚ ਨੌਜਵਾਨਾਂ ਨਾਲ ਬੈਠਾ ਹੁੰਦਾ, ਤਾਂ ਉਹ ਵੀ ਜਵਾਨ ਮਹਿਸੂਸ ਕਰਨ ਲੱਗਦਾ ਹੈ। ਜਦੋਂ ਉਹ ਪਿਛਲੀ ਵਾਰ ਰਾਜਧਾਨੀ ਕਾਠਮੰਡੂ ਨੂੰ ਗਿਆ, ਤਾਂ ਉਸ ਨੂੰ ਆਪਣੀਆਂ ਕੋਸ਼ਿਸ਼ਾਂ ਲਈ ਤੋਹਫ਼ੇ ਮਿਲੇ ਅਤੇ ਉਸ ਦੀ ਬੜੀ ਸ਼ਲਾਘਾ ਕੀਤੀ ਗਈ। ਉਸ ਨੇ ਦੂਸਰੇ ਸਿਆਣਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਉਮਰ ਦੇ ਬਾਵਜੂਦ ਕਦੀ ਹਾਰ ਨਾ ਮੰਨਣ। ਪਰ, ਲੇਖਕ ਬਾਜ਼ੇ ਦੀ ਇਕ ਸ਼ਿਕਾਇਤ ਸੀ। ਉਸ ਨੂੰ ਬਸ ਫੜਨ ਲਈ ਤਿੰਨ ਦਿਨ ਲਈ ਤੁਰ ਕੇ ਸਫ਼ਰ ਕਰਨਾ ਪਿਆ ਕਿਉਂਕਿ ਉਸ ਨੂੰ ਡਿਸਕਾਊਂਟ ਨਹੀਂ ਮਿਲਿਆ ਅਤੇ ਉਸ ਲਈ ਹਵਾਈ ਜਹਾਜ਼ ਦਾ ਟਿਕਟ ਜ਼ਿਆਦਾ ਮਹਿੰਗਾ ਸੀ। ਉਸ ਨੇ ਕਾਠਮੰਡੂ ਪੋਸਟ ਅਖ਼ਬਾਰ ਨੂੰ ਦੱਸਿਆ: “ਮੈਂ ਵਿਦਿਆਰਥੀ ਹਾਂ, ਇਸ ਲਈ ਹਵਾਈ ਕੰਪਨੀਆਂ ਨੂੰ ਮੈਨੂੰ ਵਿਦਿਆਰਥੀ ਦਾ ਡਿਸਕਾਊਂਟ ਦੇਣਾ ਚਾਹੀਦਾ ਹੈ।” (g03 12/22)