ਸਦੀਆਂ ਪੁਰਾਣੀ ਸਹੁੰ ਜੋ ਅੱਜ ਵੀ ਖਾਧੀ ਜਾਂਦੀ ਹੈ
ਸਦੀਆਂ ਪੁਰਾਣੀ ਸਹੁੰ ਜੋ ਅੱਜ ਵੀ ਖਾਧੀ ਜਾਂਦੀ ਹੈ
ਕੀ ਤੁਸੀਂ ਜਾਣਦੇ ਹੋ ਕਿ ਅਨੇਕ ਮੈਡੀਕਲ ਕਾਲਜਾਂ ਵਿਚ ਨਵੇਂ ਡਾਕਟਰਾਂ ਨੂੰ ਸਹੁੰ ਖਾਣੀ ਪੈਂਦੀ ਹੈ? ਉਹ ਸਹੁੰ ਚੁੱਕਦੇ ਹਨ ਕਿ ਉਹ ਡਾਕਟਰ ਬਣਨ ਤੇ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਣਗੇ। ਕਈ ਲੋਕਾਂ ਅਨੁਸਾਰ ਇਹ ਰਸਮ ਤਕਰੀਬਨ 2,400 ਸਾਲ ਪਹਿਲਾਂ ਹਿਪੋਕ੍ਰਾਟੀਸ ਨਾਂ ਦੇ ਇਕ ਯੂਨਾਨੀ ਵੈਦ ਨੇ ਸ਼ੁਰੂ ਕੀਤੀ ਸੀ। ਇਸ ਲਈ ਇਸ ਨੂੰ ਹਿਪੋਕ੍ਰਾਟੀਸ ਦੀ ਸਹੁੰ ਕਿਹਾ ਜਾਂਦਾ ਹੈ। ਲੇਕਿਨ ਕੀ ਇਸ ਸਹੁੰ ਦੇ ਲਫ਼ਜ਼ਾਂ ਨੂੰ ਵਾਕਈ ਹਿਪੋਕ੍ਰਾਟੀਸ ਨੇ ਲਿਖਿਆ ਸੀ?
ਸਬੂਤ ਦਿਖਾਉਂਦੇ ਹਨ ਕਿ ਸ਼ਾਇਦ ਕਿਸੇ ਹੋਰ ਨੇ ਇਹ ਲਫ਼ਜ਼ ਲਿਖੇ ਸਨ। ਇਸ ਦੇ ਨਾਲ-ਨਾਲ ਅੱਜ ਡਾਕਟਰ ਇਸ ਸਹੁੰ ਦੇ ਅਨੁਸਾਰ ਪੂਰੀ ਤਰ੍ਹਾਂ ਨਹੀਂ ਚੱਲਦੇ। ਤਾਂ ਫਿਰ, ਆਓ ਆਪਾਂ ਅਸਲੀਅਤ ਦਾ ਪਤਾ ਕਰੀਏ।
ਇਸ ਸਹੁੰ ਦੇ ਲਫ਼ਜ਼ ਕਿਸ ਨੇ ਲਿਖੇ ਸਨ?
ਪੁਰਾਣੇ ਜ਼ਮਾਨੇ ਵਿਚ ਲੋਕ ਇਹ ਵਿਸ਼ਵਾਸ ਕਰਦੇ ਸਨ ਕਿ ਦੇਵੀ-ਦੇਵਤੇ ਹੀ ਉਨ੍ਹਾਂ ਨੂੰ ਬੀਮਾਰ ਕਰਦੇ ਸਨ। ਇਸ ਲਈ ਉਹ ਠੀਕ ਹੋਣ ਵਾਸਤੇ ਕਈ ਦੇਵੀ-ਦੇਵਤਿਆਂ ਨੂੰ ਬੇਨਤੀ ਕਰਦੇ ਸਨ। ਪਰ ਹਿਪੋਕ੍ਰਾਟੀਸ ਜਾਣਦਾ ਸੀ ਕਿ ਅਸਲ ਵਿਚ ਲੋਕ ਆਪਣੀਆਂ ਸਰੀਰਕ ਕਮੀਆਂ-ਕਮਜ਼ੋਰੀਆਂ ਕਾਰਨ ਬੀਮਾਰ ਹੁੰਦੇ ਹਨ। ਪਰ ਇਸ ਸਹੁੰ ਵਿਚ ਕਈ ਦੇਵੀ-ਦੇਵਤਿਆਂ ਮੋਹਰੇ ਬੇਨਤੀ ਕੀਤੀ ਜਾਂਦੀ ਹੈ। ਤਾਂ ਫਿਰ ਇਸ ਗੱਲ ਬਾਰੇ ਸ਼ੱਕ ਪੈਦਾ ਹੁੰਦਾ ਹੈ ਕਿ ਹਿਪੋਕ੍ਰਾਟੀਸ ਨੇ ਇਹ ਸਹੁੰ ਲਿਖੀ ਸੀ।
ਇਹ ਵੀ ਦੇਖਿਆ ਜਾਂਦਾ ਹੈ ਕਿ ਉਸ ਜ਼ਮਾਨੇ ਦੇ ਕਈ ਡਾਕਟਰ ਉਨ੍ਹਾਂ ਇਲਾਜਾਂ ਦਾ ਸਹਾਰਾ ਲੈਂਦੇ ਸਨ ਜੋ ਇਸ ਸਹੁੰ ਵਿਚ ਮਨ੍ਹਾ ਸਨ। (ਸਫ਼ਾ 23 ਉੱਤੇ ਡੱਬੀ ਦੇਖੋ।) ਮਿਸਾਲ ਲਈ, ਇਸ ਸਹੁੰ ਵਿਚ ਲਿਖਿਆ ਗਿਆ ਹੈ ਕਿ ਡਾਕਟਰਾਂ ਲਈ ਗਰਭਪਾਤ ਕਰਨਾ ਤੇ ਆਤਮ-ਹੱਤਿਆ ਵਿਚ ਸਹਿਯੋਗ ਦੇਣਾ ਮਨ੍ਹਾ ਹੈ। ਪਰ ਉਸ ਸਮੇਂ ਵਿਚ ਇਹ ਕੰਮ ਨਾ ਕਾਨੂੰਨੀ ਤੌਰ ਤੇ ਅਤੇ ਨਾ ਧਾਰਮਿਕ ਤੌਰ ਤੇ ਮਨ੍ਹਾ ਸਨ। ਇਸ ਸਹੁੰ ਵਿਚ ਡਾਕਟਰਾਂ ਲਈ ਓਪਰੇਸ਼ਨ ਕਰਨਾ ਵੀ ਮਨ੍ਹਾ ਹੈ। ਪਰ ਹਿਪੋਕ੍ਰਾਟੀਸ ਨੇ ਆਪਣੀਆਂ ਲਿਖਤਾਂ ਵਿਚ ਵਿਦਿਆਰਥੀਆਂ ਨੂੰ ਓਪਰੇਸ਼ਨ ਕਰਨ ਦੇ ਢੰਗ ਸਿਖਾਏ ਸਨ।
ਇਨ੍ਹਾਂ ਗੱਲਾਂ ਕਰਕੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਸਹੁੰ ਕਿਸ ਨੇ ਲਿਖੀ ਸੀ? ਇਸ ਸਹੁੰ ਵਿਚ ਪਾਈਆਂ ਗੱਲਾਂ ਤੋਂ ਲੱਗਦਾ ਹੈ ਕਿ ਸ਼ਾਇਦ ਪਾਇਥਾਗੋਰਸ ਨਾਂ ਦੇ ਵਿਦਵਾਨ ਦੇ ਸ਼ਾਗਿਰਦਾਂ
ਨੇ ਇਸ ਨੂੰ ਲਿਖਿਆ ਸੀ। ਚੌਥੀ ਸਦੀ ਵਿਚ ਰਹਿਣ ਵਾਲੇ ਇਹ ਸ਼ਾਗਿਰਦ ਗਰਭਪਾਤ ਤੇ ਆਤਮ-ਹੱਤਿਆ ਵਰਗੇ ਕੰਮਾਂ ਦਾ ਵਿਰੋਧ ਕਰਦੇ ਸਨ ਅਤੇ ਉਹ ਓਪਰੇਸ਼ਨ ਕਰਨ ਦੇ ਖ਼ਿਲਾਫ਼ ਸਨ।ਕੀ ਅੱਜ ਵੀ ਇਹ ਸਹੁੰ ਖਾਧੀ ਜਾਂਦੀ ਹੈ?
ਇਸ ਸਹੁੰ ਦੇ ਲਫ਼ਜ਼ ਭਾਵੇਂ ਕਿਸੇ ਨੇ ਵੀ ਲਿਖੇ ਹੋਣ, ਪਰ ਇਹ ਡਾਕਟਰੀ ਮਾਮਲਿਆਂ ਤੇ ਵੱਡਾ ਪ੍ਰਭਾਵ ਪਾਉਂਦੀ ਆਈ ਹੈ, ਖ਼ਾਸ ਕਰਕੇ ਇਖਲਾਕੀ ਮਾਮਲਿਆਂ ਵਿਚ। ਕਿਹਾ ਜਾਂਦਾ ਹੈ ਕਿ ਇਹ ਸਹੁੰ ਡਾਕਟਰੀ ਖੇਤਰ ਦੇ ਪੱਕੇ ਇਖਲਾਕੀ ਅਸੂਲਾਂ ਨੂੰ ਦਰਸਾਉਂਦੀ ਹੈ ਅਤੇ ਇਸ ਦੇ ਆਧਾਰ ਉੱਤੇ ਡਾਕਟਰ ਤੇ ਮਰੀਜ਼ ਇਕ-ਦੂਸਰੇ ਨਾਲ ਆਦਰ-ਸਨਮਾਨ ਨਾਲ ਪੇਸ਼ ਆ ਸਕਦੇ ਹਨ। ਸੰਨ 1913 ਵਿਚ ਕੈਨੇਡਾ ਦੇ ਇਕ ਡਾਕਟਰ ਨੇ ਕਿਹਾ ਕਿ ‘ਇਹ ਜਾਣਨਾ ਜ਼ਰੂਰੀ ਨਹੀਂ ਹੈ ਕਿ ਹਿਪੋਕ੍ਰਾਟੀਸ ਦੀ ਸਹੁੰ ਕਿਸ ਨੇ ਲਿਖੀ ਸੀ। ਜ਼ਰੂਰੀ ਗੱਲ ਇਹ ਹੈ ਕਿ ਪੱਚੀ ਸਦੀਆਂ ਤਕ ਡਾਕਟਰਾਂ ਦੇ ਅਸੂਲ ਇਸ ਸਹੁੰ ਤੇ ਹੀ ਆਧਾਰਿਤ ਰਹੇ ਹਨ ਅਤੇ ਕਈ ਕਾਲਜਾਂ ਵਿਚ ਵਿਦਿਆਰਥੀ ਇਹ ਸਹੁੰ ਖਾ ਕੇ ਹੀ ਡਾਕਟਰ ਬਣ ਸਕਦੇ ਹਨ।’
ਪਰ 20ਵੀਂ ਸਦੀ ਦੇ ਸ਼ੁਰੂ ਵਿਚ ਵਿਗਿਆਨਕ ਤਰੱਕੀ ਹੋਣ ਕਰਕੇ ਕੁਝ ਡਾਕਟਰਾਂ ਨੇ ਮਹਿਸੂਸ ਕੀਤਾ ਕਿ ਇਹ ਸਹੁੰ ਕੋਈ ਮਾਅਨੇ ਨਹੀਂ ਰੱਖਦੀ ਸੀ ਅਤੇ ਬਹੁਤ ਪੁਰਾਣੀ ਹੋ ਚੁੱਕੀ ਸੀ। ਪਰ ਵਿਗਿਆਨਕ ਤਰੱਕੀ ਦੇ ਬਾਵਜੂਦ ਡਾਕਟਰਾਂ ਨੂੰ ਫਿਰ ਵੀ ਅਸੂਲਾਂ ਤੇ ਚੱਲਣ ਦੀ ਲੋੜ ਹੈ।
ਸੰਨ 1928 ਵਿਚ ਅਮਰੀਕਾ ਅਤੇ ਕੈਨੇਡਾ ਵਿਚ ਸਿਰਫ਼ ਕੁਝ ਹੀ ਕਾਲਜਾਂ ਨੇ ਡਾਕਟਰਾਂ ਤੋਂ ਇਹ ਸਹੁੰ ਖਾਣ ਦੀ ਮੰਗ ਕੀਤੀ ਸੀ। ਪਰ 1993 ਤਕ ਲਗਭਗ ਹਰ ਮੈਡੀਕਲ ਕਾਲਜ ਵਿਚ ਸਹੁੰ ਚੁਕਾਉਣ ਦੀ ਰਸਮ ਸ਼ੁਰੂ ਹੋ ਚੁੱਕੀ ਸੀ। ਬਰਤਾਨੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਵੀ ਤਕਰੀਬਨ 50 ਫੀ ਸਦੀ ਮੈਡੀਕਲ ਕਾਲਜ ਆਪਣੇ ਵਿਦਿਆਰਥੀਆਂ ਤੋਂ ਇਹ ਸਹੁੰ ਚੁਕਾਉਂਦੇ ਹਨ।
ਸਹੁੰ ਵਿਚ ਤਬਦੀਲੀਆਂ
ਸਦੀਆਂ ਦੌਰਾਨ ਹਿਪੋਕ੍ਰਾਟੀਸ ਦੀ ਸਹੁੰ ਵਿਚ ਲੋਕਾਂ ਨੇ ਆਪਣੇ ਰਸਮਾਂ-ਰਿਵਾਜਾਂ ਅਨੁਸਾਰ ਤਬਦੀਲੀਆਂ ਕੀਤੀਆਂ। ਅੱਜ ਦੇ ਆਧੁਨਿਕ ਖ਼ਿਆਲਾਂ ਅਨੁਸਾਰ ਵੀ ਇਸ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ।
ਡਾਕਟਰਾਂ ਦੀ ਨਵੀਂ ਸਮਝ ਦੇ ਮੁਤਾਬਕ ਸਹੁੰ ਵਿੱਚੋਂ ਪੁਰਾਣੇ ਵਿਚਾਰ ਕੱਢ ਕੇ ਨਵੇਂ ਵਿਚਾਰ ਪਾ ਦਿੱਤੇ ਗਏ ਹਨ। ਮਿਸਾਲ ਲਈ ਅੱਜ ਕਈ ਲੋਕ ਇਹ ਮੰਨਦੇ ਹਨ ਕਿ ਮਰੀਜ਼ਾਂ ਨੂੰ ਆਪਣਾ ਇਲਾਜ ਚੁਣਨ ਦਾ ਪੂਰਾ ਹੱਕ ਹੈ, ਪਰ ਪੁਰਾਣੇ ਜ਼ਮਾਨੇ ਵਿਚ ਮਰੀਜ਼ਾਂ ਨੂੰ ਇਹ ਹੱਕ ਨਹੀਂ ਦਿੱਤਾ ਜਾਂਦਾ ਸੀ। ਇਸ ਲਈ ਅੱਜ-ਕੱਲ੍ਹ ਦੀਆਂ ਨਵੀਆਂ ਸਹੁੰਆਂ ਵਿਚ ਮਰੀਜ਼ਾਂ ਦੇ ਹੱਕਾਂ ਬਾਰੇ ਜ਼ਿਕਰ ਪਾਇਆ ਜਾਂਦਾ ਹੈ।
ਇਸ ਦੇ ਨਾਲ-ਨਾਲ ਡਾਕਟਰ ਅਤੇ ਮਰੀਜ਼ ਦੇ ਰਿਸ਼ਤੇ ਵਿਚ ਫ਼ਰਕ ਆ ਗਿਆ ਹੈ। ਮਿਸਾਲ ਲਈ, ਪੁਰਾਣੇ ਜ਼ਮਾਨਿਆਂ ਵਿਚ ਡਾਕਟਰ ਉਹੀ ਕਰਦੇ ਸਨ ਜੋ ਉਨ੍ਹਾਂ ਨੂੰ ਸਹੀ ਲੱਗਦਾ ਸੀ, ਪਰ ਅੱਜ-ਕੱਲ੍ਹ ਕਈ ਦੇਸ਼ਾਂ ਵਿਚ ਡਾਕਟਰ ਮਰੀਜ਼ ਨੂੰ ਪੂਰੀ ਗੱਲ ਸਮਝਾ ਕੇ ਹੀ ਕਦਮ ਚੁੱਕ ਸਕਦੇ ਹਨ। ਇਸ ਲਈ ਹਿਪੋਕ੍ਰਾਟੀਸ ਦੀ ਸਹੁੰ ਜੋ ਅੱਜ ਚੁੱਕੀ ਜਾਂਦੀ ਹੈ ਉਹ ਪਹਿਲਾਂ ਨਾਲੋਂ ਬਹੁਤ ਬਦਲ ਚੁੱਕੀ ਹੈ।
ਨਵੀਆਂ ਸਹੁੰਆਂ ਵਿਚ ਹੋਰ ਵੀ ਤਬਦੀਲੀਆਂ ਆਈਆਂ ਹਨ। ਮਿਸਾਲ ਲਈ, 1993 ਵਿਚ ਅਮਰੀਕਾ ਅਤੇ ਕੈਨੇਡਾ ਵਿਚ ਚੁਕਵਾਈਆਂ ਗਈਆਂ ਡਾਕਟਰੀ ਸਹੁੰਆਂ ਵਿੱਚੋਂ ਸਿਰਫ਼ 43 ਫੀ ਸਦੀ ਸਹੁੰਆਂ ਵਿਚ ਇਹ ਲਿਖਿਆ ਸੀ ਕਿ ਡਾਕਟਰ ਆਪਣੀਆਂ ਗ਼ਲਤੀਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ। ਪਰ ਉਨ੍ਹਾਂ ਵਿਚ ਇਹ ਨਹੀਂ ਲਿਖਿਆ ਸੀ ਕਿ ਸਹੁੰ ਦੀਆਂ ਸ਼ਰਤਾਂ ਤੋੜਨ ਤੇ ਡਾਕਟਰਾਂ ਨੂੰ ਸਜ਼ਾ ਦਿੱਤੀ ਜਾਵੇਗੀ। ਕਈਆਂ ਵਿਚ ਇਹ ਵੀ ਨਹੀਂ ਲਿਖਿਆ ਹੈ ਕਿ ਡਾਕਟਰਾਂ ਨੂੰ ਗਰਭਪਾਤ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਲਾਇਲਾਜ ਮਰੀਜ਼ਾਂ ਨੂੰ ਮੌਤ ਦੀ ਨੀਂਦ ਸੁਲਾਉਣਾ ਚਾਹੀਦਾ ਹੈ। ਕਈਆਂ ਵਿਚ ਇਸ ਦਾ ਜ਼ਿਕਰ ਵੀ ਨਹੀਂ ਹੈ ਕਿ ਡਾਕਟਰਾਂ ਨੂੰ ਮਰੀਜ਼ਾਂ ਨਾਲ ਲਿੰਗੀ ਸੰਬੰਧ ਨਹੀਂ ਰੱਖਣੇ ਚਾਹੀਦੇ।
ਸਹੁੰ ਦੀ ਅਹਿਮੀਅਤ
ਇੰਨੀਆਂ ਤਬਦੀਲੀਆਂ ਦੇ ਬਾਵਜੂਦ ਵੀ ਇਹ ਸਹੁੰ ਹਾਲੇ ਬਹੁਤ ਮਹੱਤਵਪੂਰਣ ਸਮਝੀ ਜਾਂਦੀ ਹੈ। ਆਮ ਕਰਕੇ ਡਾਕਟਰ ਸਹੁੰ ਇਸ ਲਈ ਖਾਂਦੇ ਹਨ ਕਿਉਂਕਿ ਉਹ ਮਰੀਜ਼ਾਂ ਦੀ ਦੇਖ-ਭਾਲ ਕਰਨ ਵਿਚ ਕੋਈ ਕਮੀ ਨਹੀਂ ਛੱਡਣੀ ਚਾਹੁੰਦੇ।
ਇਕ ਮੈਡੀਕਲ ਰਸਾਲੇ ਵਿਚ ਇਕ ਪ੍ਰੋਫ਼ੈਸਰ ਨੇ ਕਿਹਾ ਕਿ “ਸ਼ਾਇਦ ਕਈਆਂ ਨੂੰ ਇਹ ਸਹੁੰ ਬਹੁਤ ਪੁਰਾਣੀ ਲੱਗਦੀ ਹੈ। ਪਰ ਫਿਰ ਵੀ ਜੇ ਅਸੀਂ ਇਸ ਸਹੁੰ ਨੂੰ ਭੁਲਾ ਦੇਈਏ, ਤਾਂ ਡਾਕਟਰੀ ਸਿਰਫ਼ ਇਕ ਧੰਦਾ ਹੀ ਰਹਿ ਜਾਵੇਗਾ।”
ਹਾਂ, ਹਿਪੋਕ੍ਰਾਟੀਸ ਦੀ ਸਹੁੰ ਬਾਰੇ ਬਹਿਸ ਸ਼ਾਇਦ ਚੱਲਦੀ ਰਹੇਗੀ। ਪਰ ਅਸੀਂ ਸਾਰੇ ਉਨ੍ਹਾਂ ਡਾਕਟਰਾਂ ਦੀ ਬਹੁਤ ਕਦਰ ਕਰਦੇ ਹਾਂ ਜੋ ਬੀਮਾਰਾਂ ਨੂੰ ਠੀਕ ਕਰਨ ਲਈ ਬੜੀ ਮਿਹਨਤ ਕਰਦੇ ਹਨ। (g04 4/22)
[ਸਫ਼ੇ 23 ਉੱਤੇ ਡੱਬੀ]
ਹਿਪੋਕ੍ਰਾਟੀਸ ਦੀ ਸਹੁੰ
ਮੈਂ ਅਪਾਲੋ, ਅਸਕਲੀਪਿਅਸ, ਹਾਈਜੀਆ, ਪੈਨਾਕੀਆ ਅਤੇ ਹੋਰ ਸਾਰੇ ਦੇਵੀ-ਦੇਵਤਿਆਂ ਦੀ ਕਸਮ ਖਾਂਦਾ ਹਾਂ ਕਿ ਮੈਂ ਮਰੀਜ਼ਾਂ ਦਾ ਇਲਾਜ ਕਰਨ ਦਾ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾਵਾਂਗਾ:
ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਗੁਰੂ ਨੂੰ ਆਪਣੇ ਮਾਂ-ਬਾਪ ਜਿੰਨਾ ਮਾਣਯੋਗ ਸਮਝਾਂਗਾ। ਜੇ ਮੇਰੇ ਗੁਰੂ ਨੂੰ ਪੈਸੇ ਦੀ ਲੋੜ ਹੋਵੇ, ਤਾਂ ਮੈਂ ਇਹ ਲੋੜ ਪੂਰੀ ਕਰਾਂਗਾ। ਉਸ ਦੇ ਪੁੱਤਰਾਂ ਨੂੰ ਮੈਂ ਆਪਣੇ ਭਰਾਵਾਂ ਬਰਾਬਰ ਸਮਝਾਂਗਾ। ਮੈਂ ਉਨ੍ਹਾਂ ਨੂੰ ਇਹ ਕਲਾ ਮੁਫ਼ਤ ਸਿਖਾਵਾਂਗਾ। ਮੈਂ ਆਪਣੇ ਪੁੱਤਰਾਂ ਨੂੰ ਵੀ ਇਹ ਕਲਾ ਸਿਖਾਵਾਂਗਾ ਤੇ ਹੋਰ ਜਿਹੜਾ ਮਰਜ਼ੀ ਸਿੱਖਣਾ ਚਾਹੇ ਮੈਂ ਉਨ੍ਹਾਂ ਨੂੰ ਵੀ ਸਿਖਾਵਾਂਗਾ ਬਸ਼ਰਤੇ ਕਿ ਉਨ੍ਹਾਂ ਨੇ ਵੀ ਇਹ ਸਹੁੰ ਖਾਧੀ ਹੈ।
ਮੈਂ ਮਰੀਜ਼ਾਂ ਨੂੰ ਆਪਣੀ ਖ਼ੁਰਾਕ ਵਿਚ ਤਬਦੀਲੀ ਕਰਨ ਦਾ ਸੁਝਾਅ ਦੇਵਾਂਗਾ ਤਾਂਕਿ ਉਨ੍ਹਾਂ ਦਾ ਭਲਾ ਹੋਵੇ; ਮੈਂ ਉਨ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗਾ।
ਮੈਂ ਕਿਸੇ ਨੂੰ ਜ਼ਹਿਰੀਲੀ ਦਵਾਈ ਦੇ ਕੇ ਆਤਮ-ਹੱਤਿਆ ਕਰਨ ਵਿਚ ਮਦਦ ਨਹੀਂ ਕਰਾਂਗਾ ਤੇ ਨਾ ਹੀ ਇਸ ਤਰ੍ਹਾਂ ਕਰਨ ਦਾ ਉਸ ਨੂੰ ਸੁਝਾਅ ਦਿਆਂਗਾ। ਮੈਂ ਗਰਭਪਾਤ ਕਰਨ ਵਿਚ ਕਿਸੇ ਔਰਤ ਦੀ ਮਦਦ ਨਹੀਂ ਕਰਾਂਗਾ। ਮੈਂ ਜੀਵਨ ਅਤੇ ਆਪਣੀ ਕਲਾ ਨੂੰ ਇਕ ਅਨਮੋਲ ਦਾਤ ਸਮਝਾਂਗਾ।
ਮੈਂ ਖ਼ੁਦ ਕਿਸੇ ਦਾ ਓਪਰੇਸ਼ਨ ਨਹੀਂ ਕਰਾਂਗਾ। ਮੈਂ ਇਹ ਕੰਮ ਓਪਰੇਸ਼ਨ ਦੇ ਮਾਹਰਾਂ ਲਈ ਛੱਡ ਦੇਵਾਂਗਾ।
ਮੈਂ ਬੀਮਾਰਾਂ ਦਾ ਸਿਰਫ਼ ਇਲਾਜ ਕਰਨ ਲਈ ਉਨ੍ਹਾਂ ਦੇ ਘਰਾਂ ਵਿਚ ਜਾਵਾਂਗਾ। ਮੈਂ ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰਾਂਗਾ। ਮੈਂ ਆਪਣੇ ਕਿਸੇ ਵੀ ਮਰੀਜ਼ ਨਾਲ ਸਰੀਰਕ ਸੰਬੰਧ ਨਹੀਂ ਰੱਖਾਂਗਾ ਚਾਹੇ ਉਹ ਔਰਤ ਹੋਵੇ ਜਾਂ ਮਰਦ, ਚਾਹੇ ਆਜ਼ਾਦ ਹੋਵੇ ਜਾਂ ਗ਼ੁਲਾਮ।
ਮੈਂ ਆਪਣੇ ਮਰੀਜ਼ਾਂ ਦੇ ਨਿੱਜੀ ਮਾਮਲੇ ਬਾਰੇ ਦੂਸਰਿਆਂ ਨੂੰ ਨਹੀਂ ਦੱਸਾਂਗਾ। ਇਨ੍ਹਾਂ ਬਾਰੇ ਗੱਲ ਕਰਨੀ ਮੇਰੇ ਲਈ ਸ਼ਰਮ ਦੀ ਗੱਲ ਹੋਵੇਗੀ।
ਜੇ ਮੈਂ ਇਹ ਸਹੁੰ ਪੂਰੀ ਤਰ੍ਹਾਂ ਨਿਭਾਵਾਂ, ਤਾਂ ਮੇਰੀ ਜ਼ਿੰਦਗੀ ਤੇ ਕਲਾ ਫਲਦੀ-ਫੁੱਲਦੀ ਰਹੇ। ਜੇ ਮੈਂ ਇਹ ਪੂਰੀ ਤਰ੍ਹਾਂ ਨਾ ਨਿਭਾਵਾਂ, ਪਰ ਇਸ ਤੋਂ ਮੁਕਰ ਜਾਵਾਂ ਤਾਂ ਮੈਨੂੰ ਆਪਣੀ ਕਰਨੀ ਦਾ ਫਲ ਮਿਲੇ।
[ਸਫ਼ੇ 22 ਉੱਤੇ ਤਸਵੀਰ]
ਹਿਪੋਕ੍ਰਾਟੀਸ ਦੀਆਂ ਕਿਤਾਬਾਂ ਵਿੱਚੋਂ ਇਕ ਸਫ਼ਾ
[ਸਫ਼ੇ 22 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Hippocrates and page: Courtesy of the National Library of Medicine