ਪਸ਼ੂ ਜਗਤ ਵਿਚ ਬੱਚਿਆਂ ਦਾ ਪਾਲਣ-ਪੋਸਣ
ਪਸ਼ੂ ਜਗਤ ਵਿਚ ਬੱਚਿਆਂ ਦਾ ਪਾਲਣ-ਪੋਸਣ
ਸਪੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਇਨਸਾਨੀ ਮਾਂ-ਬਾਪ ਅਕਸਰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਵੀਹ ਕੁ ਸਾਲ ਲਗਾ ਦਿੰਦੇ ਹਨ। ਪਰ ਜ਼ਿਆਦਾਤਰ ਪਸ਼ੂ-ਪੰਛੀਆਂ ਕੋਲ ਇੰਨਾ ਸਮਾਂ ਨਹੀਂ ਹੁੰਦਾ। ਉਨ੍ਹਾਂ ਨੂੰ ਗਰਮੀਆਂ ਦੇ ਕੁਝ ਹੀ ਮਹੀਨਿਆਂ ਵਿਚ ਆਪਣੇ ਨਿਆਣਿਆਂ ਨੂੰ ਜ਼ਰੂਰੀ ਪੋਸ਼ਣ ਅਤੇ ਸਿਖਲਾਈ ਦੇ ਕੇ ਆਜ਼ਾਦ ਜ਼ਿੰਦਗੀ ਜੀਣ ਦੇ ਕਾਬਲ ਬਣਾਉਣਾ ਹੁੰਦਾ ਹੈ। ਆਓ ਆਪਾਂ ਕੁਝ ਜਾਨਵਰਾਂ ਦੀਆਂ ਉਦਾਹਰਣਾਂ ਦੇਖੀਏ ਜੋ ਹਰ ਸਾਲ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਨ ਵਿਚ ਡਾਢੀ ਮਿਹਨਤ ਕਰਦੇ ਹਨ।
1. ਸਫ਼ੈਦ ਸਾਰਸ ਇੱਥੇ ਤਸਵੀਰ ਵਿਚ ਦਿਖਾਏ ਗਏ ਸਾਰਸ ਨੂੰ ਗਰਮੀਆਂ ਵਿਚ ਆਰਾਮ ਕਰਨ ਦਾ ਬਿਲਕੁਲ ਵਿਹਲ ਨਹੀਂ ਮਿਲਦਾ। ਆਪਣੇ ਬੋਟਾਂ ਦੀ ਭੁੱਖ ਮਿਟਾਉਣ ਲਈ ਉਸ ਨੂੰ ਲਗਾਤਾਰ ਕਿਸੇ ਨਜ਼ਦੀਕੀ ਝੀਲ ਵਿੱਚੋਂ ਡੱਡੂ, ਛੋਟੀਆਂ-ਛੋਟੀਆਂ ਮੱਛੀਆਂ ਜਾਂ ਫਿਰ ਕਿਰਲੀਆਂ ਜਾਂ ਟਿੱਡੇ ਫੜ ਕੇ ਲਿਆਉਣੇ ਪੈਂਦੇ ਹਨ। ਇਸ ਤੋਂ ਇਲਾਵਾ ਉਸ ਨੂੰ ਸਮੇਂ-ਸਮੇਂ ਤੇ ਆਲ੍ਹਣੇ ਦੀ ਮੁਰੰਮਤ ਵੀ ਕਰਨੀ ਪੈਂਦੀ ਹੈ। ਨਰ ਤੇ ਮਾਦਾ ਸਾਰਸ ਬੋਟਾਂ ਨੂੰ ਖੁਆਉਣ ਲਈ ਸਾਰਾ ਦਿਨ ਆਲ੍ਹਣੇ ਦਾ ਚੱਕਰ ਲਾਉਂਦੇ ਰਹਿੰਦੇ ਹਨ। ਬੋਟ ਕਾਫ਼ੀ ਸਾਰਾ ਭੋਜਨ ਖਾ ਸਕਦੇ ਹਨ। ਪਹਿਲੇ ਕੁਝ ਹਫ਼ਤਿਆਂ ਦੌਰਾਨ ਉਹ ਦਿਨ ਵਿਚ ਆਪਣੇ ਸਰੀਰ ਦੇ ਅੱਧੇ ਭਾਰ ਦੇ ਬਰਾਬਰ ਭੋਜਨ ਖਾ ਜਾਂਦੇ ਹਨ! ਉੱਡਣ ਜੋਗੇ ਹੋ ਜਾਣ ਤੋਂ ਬਾਅਦ ਵੀ ਉਹ ਕਈ ਹਫ਼ਤਿਆਂ ਤਕ ਭੋਜਨ ਲਈ ਆਪਣੇ ਮਾਪਿਆਂ ਉੱਤੇ ਨਿਰਭਰ ਕਰਦੇ ਹਨ।
2. ਚੀਤਾ ਬੱਚਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਕੇਵਲ ਮਾਂ ਦੀ ਹੁੰਦੀ ਹੈ। ਮਾਦਾ ਚੀਤਾ ਆਮ ਤੌਰ ਤੇ ਤਿੰਨ ਤੋਂ ਪੰਜ ਬੱਚੇ ਦਿੰਦੀ ਹੈ। ਦੁੱਧ ਚੁੰਘਾਉਣ ਵੇਲੇ ਮਾਂ ਨੂੰ ਆਪਣੇ ਪੋਸ਼ਣ ਲਈ ਲਗਭਗ ਹਰ ਦਿਨ ਸ਼ਿਕਾਰ ਕਰਨਾ ਪੈਂਦਾ ਹੈ। ਇਹ ਸੌਖਾ ਕੰਮ ਨਹੀਂ ਕਿਉਂਕਿ ਸ਼ਿਕਾਰ ਅਕਸਰ ਉਸ ਦੇ ਪੰਜਿਆਂ ਵਿੱਚੋਂ ਨਿਕਲ ਜਾਂਦਾ ਹੈ। ਇਸ ਤੋਂ ਇਲਾਵਾ, ਉਸ ਨੂੰ ਹਰ ਤੀਜੇ-ਚੌਥੇ ਦਿਨ ਘੁਰਨਾ ਬਦਲਣਾ ਪੈਂਦਾ ਹੈ ਕਿਉਂਕਿ ਸ਼ੇਰ ਹਰ ਵੇਲੇ ਚੀਤਿਆਂ ਦੇ ਕਮਜ਼ੋਰ ਬੱਚਿਆਂ ਦੀ ਭਾਲ ਵਿਚ ਰਹਿੰਦੇ ਹਨ। ਜਦੋਂ ਬੱਚੇ ਸੱਤਾਂ ਮਹੀਨਿਆਂ ਦੇ ਹੋ ਜਾਂਦੇ ਹਨ, ਤਾਂ ਮਾਂ ਉਨ੍ਹਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੀ ਹੈ। ਇਸ ਕੰਮ ਲਈ ਉਸ ਨੂੰ ਇਕ ਹੋਰ ਸਾਲ ਲੱਗ ਜਾਂਦਾ ਹੈ। ਬੱਚੇ ਆਮ ਤੌਰ ਤੇ ਇਕ-ਡੇਢ ਸਾਲ ਤਕ ਆਪਣੀ ਮਾਂ ਨਾਲ ਰਹਿੰਦੇ ਹਨ।
3. ਛੋਟਾ ਗ੍ਰੀਬ ਇਸ ਪੰਛੀ ਦੇ ਬੋਟ ਹਰ ਵੇਲੇ ਆਪਣੇ ਮਾਪਿਆਂ ਦੇ ਨਾਲ-ਨਾਲ ਰਹਿੰਦੇ ਹਨ। ਅੰਡਿਆਂ ਵਿੱਚੋਂ ਨਿਕਲਦੇ ਸਾਰ ਉਹ ਪਾਣੀ ਵਿਚ ਤਰਦੇ ਆਪਣੇ ਆਲ੍ਹਣੇ ਨੂੰ ਛੱਡ ਦਿੰਦੇ ਹਨ ਅਤੇ ਆਪਣੀ ਮਾਤਾ ਜਾਂ ਪਿਤਾ ਦੀ ਪਿੱਠ ਉੱਤੇ ਸਵਾਰ ਹੋ ਜਾਂਦੇ ਹਨ। ਮਾਤਾ ਜਾਂ ਪਿਤਾ ਆਪਣੇ ਖੰਭ ਇਕੱਠੇ ਕਰ ਲੈਂਦਾ ਹੈ ਜਿਨ੍ਹਾਂ ਵਿਚਕਾਰ ਬੋਟਾਂ ਨੂੰ ਨਿੱਘ ਤੇ ਸੁਰੱਖਿਆ ਮਿਲਦੀ ਹੈ। ਨਰ ਤੇ ਮਾਦਾ ਗ੍ਰੀਬ ਵਾਰੋ-ਵਾਰੀ ਬੋਟਾਂ ਨੂੰ ਸਾਂਭਦੇ ਹਨ। ਮਿਸਾਲ ਲਈ, ਜੇ ਇਕ ਬੋਟਾਂ ਨੂੰ ਸਾਂਭਦਾ ਹੈ, ਤਾਂ ਦੂਜਾ ਪਾਣੀ ਵਿਚ ਚੁੱਭੀ ਮਾਰ ਕੇ ਮੱਛੀਆਂ ਫੜਦਾ ਹੈ। ਬੋਟ ਛੇਤੀ ਹੀ ਮੱਛੀਆਂ ਦਾ ਸ਼ਿਕਾਰ ਕਰਨਾ ਸਿੱਖ ਲੈਂਦੇ ਹਨ, ਪਰ ਫਿਰ ਵੀ ਉਹ ਕਾਫ਼ੀ ਸਮੇਂ ਲਈ ਆਪਣੇ ਮਾਪਿਆਂ ਦੇ ਨਾਲ ਹੀ ਰਹਿੰਦੇ ਹਨ।
4. ਜਿਰਾਫ ਜਿਰਾਫ ਆਮ ਤੌਰ ਤੇ ਇਕ ਸਮੇਂ ਤੇ ਇੱਕੋ ਬੱਚੇ ਨੂੰ ਜਨਮ ਦਿੰਦਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ, ਨਵ-ਜੰਮਿਆ ਜਿਰਾਫ ਕਾਫ਼ੀ ਵੱਡਾ ਹੁੰਦਾ ਹੈ। ਇਸ ਦਾ ਭਾਰ 60 ਕਿਲੋ ਅਤੇ ਕੱਦ ਛੇ ਫੁੱਟ ਹੋ ਸਕਦਾ ਹੈ! ਪੈਦਾ ਹੋਣ ਦੇ ਇਕ ਘੰਟੇ ਬਾਅਦ ਹੀ ਬੱਚਾ ਆਪਣੇ ਪੈਰਾਂ ਤੇ ਖਲੋ ਜਾਂਦਾ ਹੈ ਅਤੇ ਮਾਂ ਦਾ ਦੁੱਧ ਚੁੰਘਣ ਲੱਗਦਾ ਹੈ। ਨੌਂ ਮਹੀਨਿਆਂ ਤਕ ਉਹ ਮਾਂ ਦਾ ਦੁੱਧ ਚੁੰਘਦਾ ਹੈ ਭਾਵੇਂ ਉਹ ਜਨਮ ਤੋਂ ਕੁਝ ਸਮੇਂ ਬਾਅਦ ਹੀ ਘਾਹ ਚਰਨਾ ਵੀ ਸ਼ੁਰੂ ਕਰ ਦਿੰਦਾ ਹੈ। ਕੋਈ ਖ਼ਤਰਾ ਪੈਦਾ ਹੋਣ ਤੇ ਬੱਚਾ ਝੱਟ ਆਪਣੀ ਮਾਂ ਦੀਆਂ ਲੰਮੀਆਂ ਲੱਤਾਂ ਵਿਚਕਾਰ ਖੜ੍ਹ ਜਾਂਦਾ ਹੈ ਕਿਉਂਕਿ ਮਾਂ ਸ਼ਿਕਾਰੀ ਜਾਨਵਰਾਂ ਨੂੰ ਠੁੱਡਾ ਮਾਰ ਕੇ ਭਜਾ ਦਿੰਦੀ ਹੈ।
5. ਆਮ ਕਿੰਗਫ਼ਿਸ਼ਰ ਆਪਣੇ ਬੋਟਾਂ ਲਈ ਮੱਛੀ ਫੜਨ ਵੇਲੇ ਕਿੰਗਫ਼ਿਸ਼ਰ ਨੂੰ ਬਹੁਤ ਸਾਵਧਾਨੀ ਤੇ ਕੁਸ਼ਲਤਾ ਵਰਤਣੀ ਪੈਂਦੀ ਹੈ। ਪੰਛੀਆਂ ਦੇ ਮਾਹਰਾਂ ਨੇ ਦੇਖਿਆ ਹੈ ਕਿ ਨਰ ਤੇ ਮਾਦਾ ਕਿੰਗਫ਼ਿਸ਼ਰ ਦੋਵੇਂ ਮਿਲ ਕੇ ਆਪਣੇ ਬੋਟਾਂ ਨੂੰ ਸਿਰਫ਼ ਇਕ ਜਾਂ ਦੋ ਸੈਂਟੀਮੀਟਰ ਲੰਬੀਆਂ ਮੱਛੀਆਂ ਖੁਆਉਂਦੇ ਹਨ। ਉਹ ਮੱਛੀ ਨੂੰ ਆਪਣੀ ਚੁੰਝ ਵਿਚ ਇਸ ਤਰ੍ਹਾਂ ਫੜਦੇ ਹਨ ਕਿ ਮੱਛੀ ਦਾ ਸਿਰ ਬਾਹਰ ਵੱਲ ਰਹੇ। ਇਸ ਤਰ੍ਹਾਂ ਬੋਟ ਦੇ ਮੂੰਹ ਵਿਚ ਪਹਿਲਾਂ ਮੱਛੀ ਦਾ ਸਿਰ ਜਾਂਦਾ ਹੈ ਜਿਸ
ਨਾਲ ਉਹ ਮੱਛੀ ਨੂੰ ਆਸਾਨੀ ਨਾਲ ਨਿਗਲ ਸਕਦਾ ਹੈ। ਜਦੋਂ ਬੋਟ ਥੋੜ੍ਹੇ ਵੱਡੇ ਹੋ ਜਾਂਦੇ ਹਨ, ਤਾਂ ਮਾਪੇ ਉਨ੍ਹਾਂ ਲਈ ਥੋੜ੍ਹੀਆਂ ਵੱਡੀਆਂ ਮੱਛੀਆਂ ਫੜ ਕੇ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਵਾਰ ਖਾਣਾ ਖੁਆਉਂਦੇ ਹਨ। ਸ਼ੁਰੂ-ਸ਼ੁਰੂ ਵਿਚ ਬੋਟ ਹਰ 45 ਮਿੰਟਾਂ ਬਾਅਦ ਖਾਣਾ ਖਾਂਦੇ ਹਨ। ਪਰ ਜਦੋਂ ਉਹ ਲਗਭਗ 18 ਦਿਨਾਂ ਦੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਹਰ 15 ਮਿੰਟਾਂ ਬਾਅਦ ਮੱਛੀ ਖੁਆਉਣੀ ਪੈਂਦੀ ਹੈ! ਇੱਥੇ ਤਸਵੀਰ ਵਿਚ ਦਿਖਾਇਆ ਗਿਆ ਬੋਟ ਆਲ੍ਹਣਾ ਛੱਡ ਚੁੱਕਾ ਹੈ ਅਤੇ ਛੇਤੀ ਹੀ ਆਪ ਮੱਛੀਆਂ ਫੜਨ ਲੱਗ ਪਵੇਗਾ। ਤੁਸੀਂ ਸ਼ਾਇਦ ਸੋਚੋਗੇ ਕਿ ਇਸ ਨਾਲ ਉਸ ਦੇ ਮਾਂ-ਪਿਓ ਨੂੰ ਆਰਾਮ ਮਿਲੇਗਾ। ਪਰ ਨਹੀਂ! ਇਸ ਸਮੇਂ ਦੌਰਾਨ ਮਾਦਾ ਕਿੰਗਫ਼ਿਸ਼ਰ ਅਕਸਰ ਦੂਸਰੀ ਵਾਰ ਅੰਡੇ ਦਿੰਦੀ ਹੈ ਅਤੇ ਬੱਚਿਆਂ ਦਾ ਪਾਲਣ-ਪੋਸਣ ਕਰਨ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ।ਹਾਲਾਂਕਿ ਇਨਸਾਨ ਪਸ਼ੂ-ਪੰਛੀਆਂ ਬਾਰੇ ਕਾਫ਼ੀ ਕੁਝ ਜਾਣ ਗਿਆ ਹੈ, ਫਿਰ ਵੀ ਕਈ ਜਾਨਵਰਾਂ ਬਾਰੇ ਉਨ੍ਹਾਂ ਦਾ ਗਿਆਨ ਅਜੇ ਅਧੂਰਾ ਹੈ। ਪਰ ਪ੍ਰਕਿਰਤੀ-ਵਿਗਿਆਨੀ ਇੰਨਾ ਜ਼ਰੂਰ ਜਾਣ ਗਏ ਹਨ ਕਿ ਪਸ਼ੂ ਜਗਤ ਵਿਚ ਮਾਤਾ-ਪਿਤਾ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਹਨ। ਇਹ ਸੋਚਣ ਵਾਲੀ ਗੱਲ ਹੈ। ਜੇ ਪਰਮੇਸ਼ੁਰ ਨੇ ਜਾਨਵਰਾਂ ਵਿਚ ਅਜਿਹਾ ਗੁਣ ਪਾਇਆ ਹੈ, ਤਾਂ ਫਿਰ ਕੀ ਉਹ ਇਨਸਾਨਾਂ ਤੋਂ ਇਹ ਆਸ ਨਹੀਂ ਰੱਖੇਗਾ ਕਿ ਉਹ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨ? (g05 3/22)