ਬਾਗ਼ਬਾਨੀ ਤੁਹਾਡੇ ਲਈ ਲਾਭਦਾਇਕ ਹੈ
ਬਾਗ਼ਬਾਨੀ ਤੁਹਾਡੇ ਲਈ ਲਾਭਦਾਇਕ ਹੈ
ਕੀ ਤੁਹਾਨੂੰ ਬਾਗ਼ਬਾਨੀ ਕਰਨੀ ਪਸੰਦ ਹੈ? ਜੇ ਹਾਂ, ਤਾਂ ਤੁਸੀਂ ਆਪਣੇ ਇਸ ਸ਼ੌਕ ਤੋਂ ਖ਼ੁਸ਼ੀ ਹਾਸਲ ਕਰਨ ਦੇ ਨਾਲ-ਨਾਲ ਲਾਭ ਵੀ ਉਠਾ ਸਕਦੇ ਹੋ। ਲੰਡਨ ਦੀ ਅਖ਼ਬਾਰ ਇੰਡੀਪੇਨਡੰਟ ਮੁਤਾਬਕ ਖੋਜਕਾਰਾਂ ਨੂੰ ਸਬੂਤ ਮਿਲਿਆ ਹੈ ਕਿ “ਬਾਗ਼ਬਾਨੀ ਦਾ ਸਿਹਤ ਤੇ ਚੰਗਾ ਅਸਰ ਪੈਂਦਾ ਹੈ। ਬਾਗ਼ਬਾਨੀ ਕਰਨ ਨਾਲ ਤਣਾਅ ਅਤੇ ਬਲੱਡ ਪ੍ਰੈਸ਼ਰ ਘੱਟਦਾ, ਇੱਥੋਂ ਤਕ ਕਿ ਸਾਡੀ ਉਮਰ ਵੀ ਵੱਧ ਸਕਦੀ ਹੈ।”
ਲੇਖਕਾ ਗੇ ਸਰਚ ਨੇ ਕਿਹਾ ਕਿ “ਦਿਨ ਭਰ ਦੇ ਕੰਮ-ਕਾਜ ਤੋਂ ਬਾਅਦ ਬਗ਼ੀਚੇ ਵਿਚ ਕੰਮ ਕਰ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।” ਇਸ ਨਾਲ ਤੁਹਾਡਾ ਸਿਰਫ਼ ਮਨ-ਪਰਚਾਵਾ ਹੀ ਨਹੀਂ ਹੁੰਦਾ, ਸਗੋਂ ਬਗ਼ੀਚੇ ਵਿਚ ਕੰਮ ਕਰਨ ਨਾਲ ਤੁਹਾਡੀ ਜਿਮਨੇਜ਼ੀਅਮ ਜਾਣ ਨਾਲੋਂ ਬਿਹਤਰ ਕਸਰਤ ਹੋ ਸਕਦੀ ਹੈ। ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਲੇਖਕਾ ਦੇ ਮੁਤਾਬਕ, “ਜਿੰਨਾ ਭਾਰ ਤੁਸੀਂ ਸਾਈਕਲ ਚਲਾਉਣ ਰਾਹੀਂ ਘਟਾ ਸਕਦੇ ਹੋ, ਉਸ ਤੋਂ ਵੀ ਜ਼ਿਆਦਾ ਭਾਰ ਬਗ਼ੀਚੇ ਨੂੰ ਗੁੱਡਣ ਅਤੇ ਇਸ ਵਿਚ ਕਈ ਹੋਰ ਕੰਮ ਕਰਨ ਨਾਲ ਘਟਾਇਆ ਜਾ ਸਕਦਾ ਹੈ।”
ਬਗ਼ੀਚੇ ਦੀ ਦੇਖ-ਰੇਖ ਕਰਨੀ ਖ਼ਾਸ ਕਰਕੇ ਬਜ਼ੁਰਗਾਂ ਲਈ ਲਾਭਦਾਇਕ ਹੈ। ਉਹ ਕਿਵੇਂ? ਉਹ ਹਮੇਸ਼ਾ ਨਵੀਂ ਟਾਹਣੀ ਜਾਂ ਡੋਡੀ ਦੇ ਨਿਕਲਣ ਦੀ ਉਡੀਕ ਕਰਦੇ ਹਨ ਜੋ ਉਨ੍ਹਾਂ ਨੂੰ ਇਕ ਹੋਰ ਦਿਨ ਜੀਣ ਦੀ ਪ੍ਰੇਰਣਾ ਦਿੰਦਾ ਹੈ। ਇਸ ਤੋਂ ਇਲਾਵਾ, ਬਾਗ਼ਬਾਨੀ ਨਾਲ ਜੁੜੀ ਇਕ ਸੰਸਥਾ ਦੀ ਡਾਕਟਰ ਬ੍ਰੀਜਿਡ ਬੋਰਡਮਨ ਦਾ ਕਹਿਣਾ ਹੈ ਕਿ ਬੁਢਾਪੇ ਨਾਲ “ਜੁੜੀਆਂ ਦੁੱਖ-ਤਕਲੀਫ਼ਾਂ ਨੂੰ ਸਹਿਣ ਲਈ ਬਗ਼ੀਚੇ ਦੀ ਦੇਖ-ਰੇਖ ਕਰਨੀ ਬਜ਼ੁਰਗਾਂ ਲਈ ਮਲ੍ਹਮ ਸਮਾਨ ਸਾਬਤ ਹੋ ਸਕਦੀ ਹੈ।” ਅਕਸਰ ਬੁਢਾਪੇ ਵਿਚ ਕਿਸੇ ਦੂਸਰੇ ਵਿਅਕਤੀ ਦੇ ਸਹਾਰੇ ਦੀ ਲੋੜ ਹੁੰਦੀ ਹੈ ਅਤੇ ਇਸ ਤਰ੍ਹਾਂ ਦੀ ਬੇਵੱਸੀ ਬਜ਼ੁਰਗਾਂ ਲਈ ਨਿਰਾਸ਼ਾ ਦਾ ਕਾਰਨ ਬਣ ਸਕਦੀ ਹੈ। ਡਾਕਟਰ ਬੋਰਡਮਨ ਅੱਗੇ ਕਹਿੰਦੀ ਹੈ ਕਿ “ਜਦੋਂ ਬਜ਼ੁਰਗ ਬਗ਼ੀਚੇ ਵਿਚ ਕੰਮ ਕਰਦੇ ਹਨ, ਤਾਂ ਇਹ ਫ਼ੈਸਲਾ ਕਰਨਾ ਉਨ੍ਹਾਂ ਦੇ ਹੱਥ ਵਿਚ ਹੁੰਦਾ ਹੈ ਕਿ ਕਿਹੜੇ ਬੀ ਬੀਜਣੇ ਹਨ, ਪੌਦੇ ਕਿੱਥੇ ਲਗਾਉਣੇ ਹਨ ਅਤੇ ਬਗ਼ੀਚੇ ਦੀ ਦੇਖ-ਰੇਖ ਕਿੱਦਾਂ ਕਰਨੀ ਹੈ। ਇਸ ਤਰ੍ਹਾਂ ਆਪਣੇ ਫ਼ੈਸਲੇ ਆਪ ਕਰਨ ਨਾਲ ਉਹ ਬੇਵੱਸ ਮਹਿਸੂਸ ਨਹੀਂ ਕਰਦੇ।”
ਦਿਮਾਗ਼ੀ ਤੌਰ ਤੇ ਬੀਮਾਰ ਲੋਕ ਅਕਸਰ ਸ਼ਾਂਤਮਈ ਅਤੇ ਸੁੰਦਰ ਵਾਤਾਵਰਣ ਵਿਚ ਕੰਮ ਕਰ ਕੇ ਆਰਾਮ ਪਾਉਂਦੇ ਹਨ। ਇਸ ਤੋਂ ਇਲਾਵਾ, ਦੂਜਿਆਂ ਲਈ ਫੁੱਲ-ਫਲ ਉਗਾਉਣ ਨਾਲ ਸ਼ਾਇਦ ਉਨ੍ਹਾਂ ਦਾ ਹੌਸਲਾ ਵੀ ਵੱਧ ਸਕਦਾ ਹੈ ਅਤੇ ਉਹ ਆਪਣੇ ਆਪ ਨੂੰ ਬੇਕਾਰ ਨਹੀਂ ਸਮਝਣਗੇ।
ਹਰਿਆਲੀ ਤੋਂ ਸਿਰਫ਼ ਬਾਗ਼ਬਾਨਾਂ ਨੂੰ ਹੀ ਲਾਭ ਨਹੀਂ ਮਿਲਦਾ। ਟੈਕਸਸ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਨੇ ਇਕ ਤਜਰਬਾ ਕੀਤਾ ਜਿਸ ਵਿਚ ਕੁਝ ਲੋਕਾਂ ਉੱਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਪਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹਰੇ-ਭਰੇ ਮਾਹੌਲ ਵਿਚ ਰੱਖਿਆ ਗਿਆ। ਇਸ ਤਜਰਬੇ ਤੋਂ ਪਤਾ ਲੱਗਾ ਕਿ ਇਨ੍ਹਾਂ ਵਿਅਕਤੀਆਂ ਦੇ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਛੇਤੀ ਹੀ ਨਾਰਮਲ ਹੋ ਗਏ। ਪਰ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਮਾਹੌਲ ਵਿਚ ਨਹੀਂ ਰੱਖਿਆ ਗਿਆ ਸੀ, ਉਨ੍ਹਾਂ ਦਾ ਮਾਨਸਿਕ ਦਬਾਅ ਕਾਫ਼ੀ ਦੇਰ ਤਕ ਬਣਿਆ ਰਿਹਾ। ਇਸੇ ਤਰ੍ਹਾਂ ਦੇ ਇਕ ਹੋਰ ਤਜਰਬੇ ਤੋਂ ਜ਼ਾਹਰ ਹੋਇਆ ਹੈ ਕਿ ਉਨ੍ਹਾਂ ਮਰੀਜ਼ਾਂ ਦੀ ਸਿਹਤ ਜਲਦੀ ਹੀ ਸੁਧਰ ਗਈ ਜਿਨ੍ਹਾਂ ਨੂੰ ਓਪਰੇਸ਼ਨ ਤੋਂ ਬਾਅਦ ਅਜਿਹੇ ਕਮਰਿਆਂ ਵਿਚ ਰੱਖਿਆ ਗਿਆ ਸੀ ਜਿੱਥੋਂ ਉਹ ਬਾਹਰ ਦੀ ਹਰਿਆਲੀ ਦੇਖ ਸਕਦੇ ਸਨ। ਉਹ ਦੂਜੇ ਮਰੀਜ਼ਾਂ ਨਾਲੋਂ “ਛੇਤੀ ਠੀਕ ਹੋ ਕੇ ਘਰ ਨੂੰ ਚਲੇ ਗਏ। ਉਨ੍ਹਾਂ ਨੂੰ ਦਰਦ ਸਹਿਣ ਲਈ ਘੱਟ ਦਵਾਈਆਂ ਦੀ ਜ਼ਰੂਰਤ ਪਈ ਅਤੇ ਉਨ੍ਹਾਂ ਨੇ ਸ਼ਿਕਾਇਤਾਂ ਵੀ ਘੱਟ ਕੀਤੀਆਂ।” (g05 4/22)