ਲਹੂ ਨਾਲ ਰੰਗਿਆ ਇਤਿਹਾਸ
ਲਹੂ ਨਾਲ ਰੰਗਿਆ ਇਤਿਹਾਸ
ਕੁ ਝ ਸਾਲ ਪਹਿਲਾਂ ਲੱਗਦਾ ਸੀ ਕਿ ਅੱਤਵਾਦ ਸਿਰਫ਼ ਕੁਝ ਹੀ ਦੇਸ਼ਾਂ ਵਿਚ ਸੀ ਜਿਵੇਂ ਉੱਤਰੀ ਆਇਰਲੈਂਡ, ਉੱਤਰੀ ਸਪੇਨ ਦੇ ਬਾਸਕ ਇਲਾਕੇ ਅਤੇ ਕੁਝ ਮੱਧ ਪੂਰਬੀ ਦੇਸ਼ਾਂ ਵਿਚ। ਹੁਣ ਇਹ ਦੁਨੀਆਂ ਭਰ ਵਿਚ ਫੈਲ ਗਿਆ ਹੈ, ਖ਼ਾਸਕਰ 11 ਸਤੰਬਰ 2001 ਤੋਂ ਬਾਅਦ ਜਦੋਂ ਨਿਊਯਾਰਕ ਵਿਚ ਟਵਿਨ ਟਾਵਰ ਨੂੰ ਅੱਤਵਾਦੀਆਂ ਨੇ ਤਬਾਹ ਕਰ ਦਿੱਤਾ ਸੀ। ਇਸ ਨੇ ਆਪਣੀਆਂ ਜੜ੍ਹਾਂ ਜੱਨਤ ਵਰਗੇ ਖੂਬਸੂਰਤ ਟਾਪੂ ਬਾਲੀ; ਮੈਡਰਿਡ, ਸਪੇਨ; ਲੰਡਨ, ਇੰਗਲੈਂਡ; ਸ੍ਰੀ ਲੰਕਾ; ਥਾਈਲੈਂਡ ਅਤੇ ਨੇਪਾਲ ਤਕ ਫੈਲਾ ਲਈਆਂ ਹਨ। ਪਰ ਅੱਤਵਾਦ ਕੋਈ ਨਵੀਂ ਗੱਲ ਨਹੀਂ ਹੈ। “ਅੱਤਵਾਦ” ਕੀ ਹੈ?
ਅੱਤਵਾਦ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ: “ਕਿਸੇ ਵਿਅਕਤੀ ਜਾਂ ਸੰਗਠਨ ਦੁਆਰਾ ਜਨਤਾ ਜਾਂ ਸਰਕਾਰ ਨੂੰ ਆਪਣੇ ਸਿਧਾਂਤਾਂ ਜਾਂ ਸਿਆਸੀ ਮਨੋਰਥਾਂ ਸਾਮ੍ਹਣੇ ਝੁਕਾਉਣ ਲਈ ਲੋਕਾਂ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਤਾਕਤ ਜਾਂ ਹਿੰਸਾ ਦੀ ਨਾਜਾਇਜ਼ ਵਰਤੋਂ ਕਰਨੀ।” (ਦ ਅਮੈਰੀਕਨ ਹੈਰੀਟੇਜ ਡਿਕਸ਼ਨਰੀ ਆਫ਼ ਦ ਇੰਗਲਿਸ਼ ਲੈਂਗੂਏਜ) ਪਰ ਲੇਖਕਾ ਜੈਸਿਕਾ ਸਟਰਨ ਕਹਿੰਦੀ ਹੈ: “ਅੱਤਵਾਦ ਦਾ ਅਧਿਐਨ ਕਰ ਰਹੇ ਵਿਦਿਆਰਥੀਆਂ ਨੂੰ ਸ਼ਾਇਦ ਕਈ ਹੋਰ ਪਰਿਭਾਸ਼ਾਵਾਂ ਮਿਲ ਜਾਣ . . . ਪਰ ਅੱਤਵਾਦ ਦੀਆਂ ਸਿਰਫ਼ ਦੋ ਖ਼ਾਸੀਅਤਾਂ ਅੱਤਵਾਦ ਨੂੰ ਹੋਰ ਕਿਸਮ ਦੀ ਹਿੰਸਾ ਤੋਂ ਵੱਖਰਾ ਕਰਦੀਆਂ ਹਨ।” ਕਿਹੜੀਆਂ ਖ਼ਾਸੀਅਤਾਂ? “ਪਹਿਲੀ, ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। . . . ਦੂਸਰੀ, ਅੱਤਵਾਦੀ ਸਨਸਨੀ ਫੈਲਾਉਣ ਲਈ ਹਿੰਸਾ ਦਾ ਸਹਾਰਾ ਲੈਂਦੇ ਹਨ: ਉਨ੍ਹਾਂ ਦਾ ਇਰਾਦਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਲੈਣ ਨਾਲੋਂ ਲੋਕਾਂ ਅੰਦਰ ਡਰ ਪੈਦਾ ਕਰਨਾ ਹੁੰਦਾ ਹੈ। ਇਸ ਤਰ੍ਹਾਂ ਜਾਣ-ਬੁੱਝ ਕੇ ਖ਼ੌਫ਼ ਪੈਦਾ ਕਰਨ ਕਰਕੇ ਅੱਤਵਾਦ ਸਾਧਾਰਣ ਕਤਲ ਜਾਂ ਹਮਲੇ ਤੋਂ ਵੱਖਰਾ ਹੈ।”
ਅੱਤਵਾਦ ਦਾ ਇਤਿਹਾਸ ਬਹੁਤ ਪੁਰਾਣਾ ਹੈ
ਪਹਿਲੀ ਸਦੀ ਦੇ ਯਹੂਦਾਹ ਵਿਚ ਕੱਟੜ ਯਹੂਦੀਆਂ ਦਾ ਇਕ ਹਿੰਸਕ ਸਮੂਹ ਰੋਮ ਤੋਂ ਯਹੂਦੀਆਂ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਸੀ। ਉਨ੍ਹਾਂ ਵਿੱਚੋਂ ਕੁਝ ਜ਼ਿਆਦਾ ਹੀ ਕੱਟੜ ਯਹੂਦੀ “ਕਿਰਪਾਨ ਧਾਰੀ ਆਦਮੀਆਂ” ਦੇ ਨਾਂ ਨਾਲ ਮਸ਼ਹੂਰ ਹੋ ਗਏ। ਉਨ੍ਹਾਂ ਦਾ ਇਹ ਨਾਂ ਉਨ੍ਹਾਂ ਛੋਟੀਆਂ-ਛੋਟੀਆਂ ਕਿਰਪਾਨਾਂ ਕਾਰਨ ਪਿਆ ਜੋ ਉਹ ਆਪਣੇ ਕੱਪੜਿਆਂ ਥੱਲੇ ਲੁਕੋ ਕੇ ਰੱਖਦੇ ਸਨ। ਇਹ ਕਿਰਪਾਨਧਾਰੀ ਯਰੂਸ਼ਲਮ ਵਿਚ ਤਿਉਹਾਰਾਂ ਦੌਰਾਨ ਲੱਗਦੇ ਮੇਲਿਆਂ ਵਿਚ ਜਾ ਕੇ ਆਪਣੇ ਦੁਸ਼ਮਣਾਂ ਦੇ ਗਲ਼ ਵੱਢ ਦਿੰਦੇ ਸਨ ਜਾਂ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰ ਦਿੰਦੇ ਸਨ। *
ਸੰਨ 66 ਈ. ਵਿਚ ਕੱਟੜਪੰਥੀ ਯਹੂਦੀਆਂ ਦੇ ਸਮੂਹ ਨੇ ਮ੍ਰਿਤ ਸਾਗਰ ਲਾਗੇ ਮਸਾਡਾ ਦੇ ਪਹਾੜੀ ਕਿਲੇ ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਕਿਲੇ ਦੀ ਰੱਖਿਆ ਕਰ ਰਹੇ ਰੋਮੀ ਫ਼ੌਜੀਆਂ ਨੂੰ ਵੱਢ ਦਿੱਤਾ ਤੇ ਕਿਲੇ ਨੂੰ ਆਪਣੀਆਂ ਕਾਰਵਾਈਆਂ ਦਾ ਕੇਂਦਰ ਬਣਾ ਲਿਆ। ਸਾਲਾਂ ਤਾਈਂ ਉਹ ਇੱਥੋਂ ਰੋਮ ਦੀਆਂ ਫ਼ੌਜਾਂ ਤੇ ਹਮਲੇ ਕਰਦੇ ਰਹੇ। ਸੰਨ 73 ਈ. ਵਿਚ ਹਾਕਮ ਫਲੇਵੀਅਸ ਸਿਲਵਾ ਅਧੀਨ ਰੋਮ ਦੀ ਦਸਵੀਂ ਡਿਵੀਜ਼ਨ ਨੇ ਮਸਾਡਾ ਨੂੰ ਫਿਰ ਤੋਂ ਜਿੱਤ ਲਿਆ, ਪਰ ਉਹ ਕੱਟੜਪੰਥੀ ਯਹੂਦੀਆਂ ਨੂੰ ਨਹੀਂ ਜਿੱਤ ਸਕੇ। ਉਸ ਸਮੇਂ ਦਾ ਇਕ ਇਤਿਹਾਸਕਾਰ ਕਹਿੰਦਾ ਹੈ ਕਿ 960 ਯਹੂਦੀਆਂ ਨੇ ਆਪਣੇ ਆਪ ਨੂੰ ਰੋਮੀਆਂ ਦੇ ਹਵਾਲੇ ਕਰਨ ਦੀ ਬਜਾਇ ਆਤਮ-ਹੱਤਿਆ ਕਰ ਲਈ। ਸਿਰਫ਼ ਦੋ ਤੀਵੀਆਂ ਤੇ ਪੰਜ ਬੱਚੇ ਹੀ ਬਚੇ ਸਨ।
ਕੁਝ ਲੋਕ ਯਹੂਦੀ ਕੱਟੜਪੰਥੀਆਂ ਦੇ ਇਸ ਵਿਦਰੋਹ ਨੂੰ ਅੱਤਵਾਦ ਦੀ ਸ਼ੁਰੂਆਤ ਮੰਨਦੇ ਹਨ। ਇਹ ਗੱਲ ਸਹੀ ਹੈ ਜਾਂ ਨਹੀਂ, ਪਰ ਉਦੋਂ ਤੋਂ ਹੀ ਅੱਤਵਾਦ ਇਤਿਹਾਸ ਦੇ ਪੰਨਿਆਂ ਨੂੰ ਲਹੂ ਨਾਲ ਰੰਗਦਾ ਆਇਆ ਹੈ।
ਈਸਾਈ-ਜਗਤ ਨੇ ਅੱਤਵਾਦ ਦਾ ਸਹਾਰਾ ਲਿਆ
ਸੰਨ 1095 ਤੋਂ ਸ਼ੁਰੂ ਹੋ ਕੇ ਅਗਲੀਆਂ ਦੋ ਸਦੀਆਂ ਤਾਈਂ ਯੂਰਪ ਦੀਆਂ ਈਸਾਈ ਫ਼ੌਜਾਂ ਮੱਧ ਪੂਰਬੀ ਦੇਸ਼ਾਂ ਵਿਚ ਜਾ ਕੇ ਜਹਾਦ ਕਰਦੀਆਂ ਰਹੀਆਂ। ਉਨ੍ਹਾਂ ਦਾ ਵਿਰੋਧ ਕਰਨ ਲਈ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੀਆਂ ਮੁਸਲਿਮ ਫ਼ੌਜਾਂ ਉਨ੍ਹਾਂ ਨਾਲ ਲੋਹਾ ਲੈਂਦੀਆਂ ਰਹੀਆਂ। ਦੋਹਾਂ ਪਾਸਿਆਂ ਦੀਆਂ ਫ਼ੌਜਾਂ ਦਾ ਇੱਕੋ ਮਕਸਦ ਸੀ ਯਰੂਸ਼ਲਮ ਤੇ ਕਬਜ਼ਾ ਕਰਨਾ। ਉਨ੍ਹਾਂ ਨੇ ਰੱਬ ਦੇ ਨਾਂ ਤੇ ਕਈ ਲੜਾਈਆਂ ਲੜੀਆਂ ਤੇ ਇਕ-ਦੂਜੇ ਨੂੰ ਬੇਰਹਿਮੀ ਨਾਲ ਕੱਟਿਆ-ਵੱਢਿਆ। ਉਨ੍ਹਾਂ ਨੇ ਤਲਵਾਰਾਂ ਅਤੇ ਕੁਹਾੜੀਆਂ ਨਾਲ ਬੇਕਸੂਰ ਲੋਕਾਂ ਨੂੰ ਵੀ ਵੱਢ ਸੁੱਟਿਆ। ਬਾਰ੍ਹਵੀਂ ਸਦੀ ਦੇ ਇਕ ਪਾਦਰੀ ਵਿਲੀਅਮ ਨੇ ਜਹਾਦੀਆਂ ਦੁਆਰਾ 1099 ਈ. ਵਿਚ ਯਰੂਸ਼ਲਮ ਵਿਚ ਕੀਤੀ ਕਤਲੋ-ਗਾਰਤ ਬਾਰੇ ਦੱਸਿਆ:
“ਉਹ ਸਾਰੇ ਤਲਵਾਰਾਂ ਅਤੇ ਬਰਛੇ ਫੜੀ ਸੜਕਾਂ ਉੱਤੇ ਉੱਤਰ ਆਏ। ਉਨ੍ਹਾਂ ਨੇ ਗਲੀਆਂ ਵਿਚ ਆਦਮੀਆਂ, ਔਰਤਾਂ ਤੇ ਬੱਚਿਆਂ ਨੂੰ ਵੱਢ ਸੁੱਟਿਆ ਤੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ। . . . ਉਨ੍ਹਾਂ ਨੇ ਇੰਨੇ ਲੋਕਾਂ ਨੂੰ ਵੱਢਿਆ ਕਿ ਸੜਕਾਂ ਤੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਪੈਰ ਰੱਖਣ ਲਈ ਵੀ ਜਗ੍ਹਾ ਨਾ ਰਹੀ। . . . ਉਨ੍ਹਾਂ ਨੇ ਇੰਨਾ ਖ਼ੂਨ-ਖ਼ਰਾਬਾ ਕੀਤਾ ਕਿ ਨਾਲੀਆਂ ਖ਼ੂਨ ਨਾਲ ਨੱਕੋ-ਨੱਕ ਭਰ ਗਈਆਂ ਤੇ ਸ਼ਹਿਰ ਦੀਆਂ ਸਾਰੀਆਂ ਗਲੀਆਂ ਲਾਸ਼ਾਂ ਨਾਲ ਭਰ ਗਈਆਂ ਸਨ।” *
ਬਾਅਦ ਦੀਆਂ ਸਦੀਆਂ ਵਿਚ ਅੱਤਵਾਦੀਆਂ ਨੇ ਹੋਰ ਜ਼ਿਆਦਾ ਘਾਤਕ ਬੰਬਾਂ ਅਤੇ ਹਥਿਆਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।
ਲੱਖਾਂ ਹੀ ਮੌਤ ਦੇ ਘਾਟ ਉਤਾਰ ਦਿੱਤੇ ਗਏ
ਕਈ ਇਤਿਹਾਸਕਾਰ ਮੰਨਦੇ ਹਨ ਕਿ 28 ਜੂਨ 1914 ਨੂੰ ਹੋਈ ਵਾਰਦਾਤ ਨੇ ਯੂਰਪੀ ਇਤਿਹਾਸ ਬਦਲ ਕੇ ਰੱਖ ਦਿੱਤਾ। ਉਸ ਦਿਨ ਕੁਝ ਲੋਕਾਂ ਦੁਆਰਾ ਹੀਰੋ ਸਮਝੇ ਜਾਂਦੇ ਇਕ ਨੌਜਵਾਨ ਨੇ ਆਸਟ੍ਰੀਆ ਦੇ ਰਾਜਕੁਮਾਰ ਫ਼ਰਾਂਸਿਸ ਫਰਡਿਨੈਂਡ ਦਾ ਕਤਲ ਕਰ ਦਿੱਤਾ। ਇਸ ਕਤਲ ਕਾਰਨ ਸਾਰੀ ਦੁਨੀਆਂ ਪਹਿਲੇ ਵਿਸ਼ਵ ਯੁੱਧ ਦੀ ਲਪੇਟ ਵਿਚ ਆ ਗਈ। ਇਹ ਮਹਾਨ ਯੁੱਧ 2,00,00,000 ਲੋਕਾਂ ਦੀਆਂ ਜਾਨਾਂ ਲੈ ਕੇ ਹੀ ਖ਼ਤਮ ਹੋਇਆ।
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੂਜੇ ਵਿਸ਼ਵ ਯੁੱਧ ਨੇ ਦਹਿਸ਼ਤ ਮਚਾਈ। ਇਸ ਵਿਚ ਤਸ਼ੱਦਦ ਕੈਂਪਾਂ ਵਿਚ ਲੋਕਾਂ ਨੂੰ ਦਿਲ ਦਹਿਲਾ ਦੇਣ ਵਾਲੇ ਤਸੀਹੇ ਦਿੱਤੇ ਗਏ, ਬੰਬਾਰੀ ਕਰ ਕੇ ਲਹੂ ਦੀਆਂ ਨਦੀਆਂ ਵਹਾਈਆਂ ਗਈਆਂ ਅਤੇ ਦੁਸ਼ਮਣੀ ਦੀ ਅੱਗ ਵਿਚ ਸੜ ਕੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਯੁੱਧ ਤੋਂ ਬਾਅਦ ਕਤਲ ਹੁੰਦੇ ਰਹੇ। ਕੰਬੋਡੀਆ ਵਿਚ 1970 ਦੇ ਦਹਾਕੇ ਵਿਚ ਦਸ ਲੱਖ ਤੋਂ ਜ਼ਿਆਦਾ ਲੋਕਾਂ ਦਾ ਲਹੂ ਵਹਾਇਆ ਗਿਆ ਸੀ। ਰਵਾਂਡਾ ਦੇ ਲੋਕ 1990 ਦੇ ਦਹਾਕੇ ਵਿਚ 8,00,000 ਤੋਂ ਜ਼ਿਆਦਾ ਲੋਕਾਂ ਦੇ ਕਤਲਾਮ ਨੂੰ ਅਜੇ ਤਕ ਨਹੀਂ ਭੁੱਲ ਪਾਏ।
ਸੰਨ 1914 ਤੋਂ ਲੈ ਕੇ ਅੱਜ ਤਕ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਨੇ ਅੱਤਵਾਦੀਆਂ ਦੇ ਜ਼ੁਲਮਾਂ ਨੂੰ ਸਹਿਆ ਹੈ। ਅੱਜ ਵੀ ਅੱਤਵਾਦੀ ਕਾਰਵਾਈਆਂ ਇੰਨੀਆਂ ਵਧ ਗਈਆਂ ਹਨ ਕਿ ਇੱਦਾਂ ਲੱਗਦਾ ਹੈ ਜਿਵੇਂ ਕਿ ਉਨ੍ਹਾਂ ਨੇ ਇਤਿਹਾਸ ਤੋਂ ਕੁਝ ਸਿੱਖਿਆ ਹੀ ਨਹੀਂ। ਅੱਤਵਾਦੀ ਕਾਰਵਾਈਆਂ ਵਿਚ ਸੈਂਕੜੇ ਲੋਕ ਮਾਰੇ ਜਾਂਦੇ ਹਨ, ਹਜ਼ਾਰਾਂ ਲੰਗੜੇ-ਲੂਲ੍ਹੇ ਹੋ ਜਾਂਦੇ ਹਨ ਅਤੇ ਲੱਖਾਂ ਹੀ ਮਨ ਦੀ ਸ਼ਾਂਤੀ ਅਤੇ ਸੁਰੱਖਿਆ ਮਾਣਨ ਦੇ ਹੱਕ ਤੋਂ ਵਾਂਝੇ ਹੋ ਜਾਂਦੇ ਹਨ। ਬਾਜ਼ਾਰਾਂ ਵਿਚ ਬੰਬ ਧਮਾਕੇ ਕੀਤੇ ਜਾਂਦੇ ਹਨ, ਪਿੰਡਾਂ ਦੇ ਪਿੰਡ ਜਲ਼ਾ ਦਿੱਤੇ ਜਾਂਦੇ ਹਨ, ਔਰਤਾਂ ਦਾ ਬਲਾਤਕਾਰ ਕੀਤਾ ਜਾਂਦਾ ਹੈ, ਬੱਚਿਆਂ ਨੂੰ ਗ਼ੁਲਾਮ ਬਣਾ ਦਿੱਤਾ ਜਾਂਦਾ ਹੈ ਤੇ ਅਣਗਿਣਤ ਲੋਕ ਮੌਤ ਦੀ ਆਗੋਸ਼ ਵਿਚ ਚਲੇ ਜਾਂਦੇ ਹਨ। ਕਾਇਦੇ-ਕਾਨੂੰਨ ਬਣਾਉਣ ਅਤੇ ਦੁਨੀਆਂ ਵੱਲੋਂ ਨਿੰਦੇ ਜਾਣ ਦੇ ਬਾਵਜੂਦ ਅੱਤਵਾਦ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਕੀ ਅੱਤਵਾਦ ਦੇ ਖ਼ਤਮ ਹੋਣ ਦੀ ਕੋਈ ਉਮੀਦ ਹੈ? (g 6/06)
[ਫੁਟਨੋਟ]
^ ਪੈਰਾ 5 ਚੇਲਿਆਂ ਦੇ ਕਰਤੱਵ 21:38 (ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਨੁਸਾਰ ਇਕ ਰੋਮੀ ਫ਼ੌਜੀ ਅਫ਼ਸਰ ਨੇ ਪੌਲੁਸ ਤੇ ਝੂਠਾ ਇਲਜ਼ਾਮ ਲਾਇਆ ਸੀ ਕਿ ਉਹ 4,000 “ਕਿਰਪਾਨ ਧਾਰੀ ਆਦਮੀਆਂ” ਦਾ ਆਗੂ ਸੀ।
^ ਪੈਰਾ 10 ਯਿਸੂ ਨੇ ਆਪਣੇ ਚੇਲਿਆਂ ਨੂੰ ‘ਆਪਣੇ ਵੈਰੀਆਂ ਨਾਲ ਪਿਆਰ ਕਰਨਾ’ ਸਿਖਾਇਆ ਸੀ। ਉਸ ਨੇ ਇਹ ਨਹੀਂ ਸਿਖਾਇਆ ਕਿ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਵੇ ਤੇ ਉਨ੍ਹਾਂ ਨੂੰ ਜਾਨੋਂ ਮਾਰਿਆ ਜਾਵੇ।—ਮੱਤੀ 5:43-45.
[ਸਫ਼ਾ 6 ਉੱਤੇ ਸੁਰਖੀ]
28 ਜੂਨ 1914 ਨੂੰ ਪੂਰੀ ਦੁਨੀਆਂ ਯੁੱਧ ਦੀ ਲਪੇਟ ਵਿਚ ਆ ਗਈ
[ਸਫ਼ਾ 5 ਉੱਤੇ ਤਸਵੀਰ]
ਇਸਤੰਬੁਲ 15 ਨਵੰਬਰ 2003
[ਸਫ਼ਾ 5 ਉੱਤੇ ਤਸਵੀਰ]
ਮੈਡਰਿਡ 11 ਮਾਰਚ 2004
[ਸਫ਼ਾ 5 ਉੱਤੇ ਤਸਵੀਰ]
ਲੰਡਨ 7 ਜੁਲਾਈ 2005
[ਸਫ਼ੇ 4, 5 ਉੱਤੇ ਤਸਵੀਰ]
ਨਿਊਯਾਰਕ 11 ਸਤੰਬਰ 2001
[ਸਫ਼ਾ 5 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
From left to right: AP Photo/Murad Sezer; AP Photo/Paul White; Photo by Peter Macdiarmid/Getty Images
[ਸਫ਼ਾ 6 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Culver Pictures