ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
▪ “ਸਮੁੰਦਰ ਵਿਚ ਸਭ ਤੋਂ ਜ਼ਿਆਦਾ ਜੀਵ-ਜੰਤੂ ਰਹਿੰਦੇ ਹਨ। ਅਤੇ ਸਮੁੰਦਰ ਵਿਚ ਜੀਣਾ ਬਹੁਤ ਹੀ ਮੁਸ਼ਕਲ ਹੈ . . . ਪਰ ਫਿਰ ਵੀ ਸਮੁੰਦਰ ਪ੍ਰਾਣੀਆਂ ਨਾਲ ਭਰਿਆ ਪਿਆ ਹੈ।”—ਨਿਊ ਸਾਇੰਟਿਸਟ, ਬਰਤਾਨੀਆ।
▪ ਅਮਰੀਕਾ, ਪੈਨਸਿਲਵੇਨੀਆ ਦੀ ਇਕ ਅਦਾਲਤ ਵਿਚ ਜੱਜ ਨੇ ਇਹ ਫ਼ੈਸਲਾ ਸੁਣਾਇਆ ਕਿ ‘ਸਕੂਲਾਂ ਵਿਚ ਬੱਚਿਆਂ ਨੂੰ ਵਿਕਾਸਵਾਦ ਦੀ ਥਿਊਰੀ ਦੇ ਨਾਲ-ਨਾਲ ਸ੍ਰਿਸ਼ਟੀਕਰਤਾ ਦੀ ਹੋਂਦ ਬਾਰੇ ਸਿਖਾਉਣਾ ਗ਼ੈਰ-ਕਾਨੂੰਨੀ ਹੈ।’—ਨਿਊਯਾਰਕ ਟਾਈਮਜ਼, ਅਮਰੀਕਾ।
▪ 2005 ਵਿਚ ਕੀਤੇ ਗਏ ਸਰਵੇਖਣ ਅਨੁਸਾਰ “51 ਫੀ ਸਦੀ ਅਮਰੀਕੀ ਲੋਕ ਵਿਕਾਸਵਾਦ ਦੀ ਥਿਊਰੀ ਨੂੰ ਨਹੀਂ ਮੰਨਦੇ।”—ਨਿਊਯਾਰਕ ਟਾਈਮਜ਼, ਅਮਰੀਕਾ।
▪ ਆਸਟ੍ਰੇਲੀਆ ਦੇ ਬਰਿਜ਼ਬੇਨ ਸ਼ਹਿਰ ਦੇ ਇਕ ਚਿੜੀਆ-ਘਰ ਵਿਚ ਹੈਰਿਅਟ ਨਾਂ ਦਾ ਇਕ ਕੱਛੂ ਰਹਿੰਦਾ ਹੈ। ਆਮ ਤੌਰ ਤੇ ਇਹ ਕੱਛੂ ਗਲਾਪਾਗੋਸ ਟਾਪੂ ਉੱਤੇ ਪਾਇਆ ਜਾਂਦਾ ਹੈ। ਉਸ ਦੀ ਉਮਰ 175 ਸਾਲ ਹੈ ਅਤੇ ਉਸ ਦਾ ਵਜ਼ਨ 150 ਕਿਲੋਗ੍ਰਾਮ ਹੈ। “ਇਹ ਦੁਨੀਆਂ ਦਾ ਸਭ ਤੋਂ ਵੱਡੀ ਉਮਰ ਦਾ ਜਾਨਵਰ ਹੈ।”—ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ।
▪ ਸਵਿੱਸ ਖੋਜਕਾਰਾਂ ਨੇ ਦੇਖਿਆ ਹੈ ਕਿ ਮੱਕੀ ਦੀਆਂ ਕੁਝ ਕਿਸਮਾਂ ਜੜ੍ਹਾਂ ਨੂੰ ਲੱਗਣ ਵਾਲੀਆਂ ਸੁੰਡੀਆਂ (rootworm) ਤੋਂ ਆਪਣਾ ਬਚਾ ਕਰਦੀਆਂ ਹਨ। ਮੱਕੀ ਮਿੱਟੀ ਵਿਚ ਮਹਿਕ ਛੱਡਦੀ ਹੈ ਜੋ ਮਿੱਟੀ ਵਿਚ ਪਾਏ ਜਾਂਦੇ ਕੀੜਿਆਂ (threadworm) ਨੂੰ ਚੰਗਾ ਲੱਗਦਾ ਹੈ। ਮਹਿਕ ਤੋਂ ਆਕਰਸ਼ਿਤ ਹੋ ਕੇ ਇਹ ਕੀੜੇ ਆ ਕੇ ਸੁੰਡੀਆਂ ਦੇ ਲਾਰਵੇ ਨੂੰ ਮਾਰ ਦਿੰਦੇ ਹਨ।—ਡਾਈ ਵੈਲਟ, ਜਰਮਨੀ।
ਵਿਸ਼ਾਲ ਸਕੁਇਡ ਮੱਛੀ ਦੀ ਤਸਵੀਰ
ਜਪਾਨ ਦੇ ਦੱਖਣ ਵੱਲ, ਬੋਨੀਨ ਟਾਪੂਆਂ ਨੇੜੇ ਵਿਗਿਆਨੀਆਂ ਨੇ ਪਹਿਲੀ ਵਾਰ ਇਕ ਜੀਉਂਦੀ ਵਿਸ਼ਾਲ ਸਕੁਇਡ (giant squid) ਮੱਛੀ ਦੀ ਤਸਵੀਰ ਖਿੱਚੀ ਹੈ। ਉਨ੍ਹਾਂ ਨੇ ਛੋਟੀਆਂ ਸਕੁਇਡ ਅਤੇ ਝੀਂਗਿਆਂ ਨੂੰ ਕੁੰਡੀਆਂ ਤੇ ਲਮਕਾ ਦਿੱਤਾ ਅਤੇ ਉਨ੍ਹਾਂ ਦੇ ਉੱਤੇ ਕੈਮਰੇ ਲਮਕਾ ਦਿੱਤੇ। ਲਗਭਗ 900 ਮੀਟਰ ਦੀ ਡੂੰਘਾਈ ਤੇ ਇਕ ਵਿਸ਼ਾਲ ਸਕੁਇਡ ਮੱਛੀ ਨਜ਼ਰ ਆਈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ 8 ਕੁ ਮੀਟਰ (25 ਫੁੱਟ) ਲੰਬੀ ਸੀ।
“ਡਾਇਨਾਸੋਰ ਘਾਹ ਖਾਂਦੇ ਸਨ”
ਇਕ ਰਿਪੋਰਟ ਨੇ ਕਿਹਾ ਕਿ “ਵਿਗਿਆਨੀ ਇਹ ਜਾਣ ਕੇ ਬੜੇ ਹੈਰਾਨ ਹੋਏ ਹਨ ਕਿ ਡਾਇਨਾਸੋਰ ਘਾਹ ਖਾਂਦੇ ਸਨ।” ਇਸ ਗੱਲ ਬਾਰੇ ਉਦੋਂ ਪਤਾ ਲੱਗਾ ਜਦੋਂ ਭਾਰਤ ਵਿਚ ਸੌਰਾਪੋਡ ਡਾਇਨਾਸੋਰ ਦੇ ਗੋਹੇ ਦੇ ਪਥਰਾਟ ਦੀ ਜਾਂਚ ਕੀਤੀ ਗਈ। ਰਿਪੋਰਟ ਦੱਸਦੀ ਹੈ ਕਿ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ “ਡਾਇਨਾਸੋਰਾਂ ਦੇ ਅਲੋਪ ਹੋਣ ਤੋਂ ਬਾਅਦ ਹੀ ਘਾਹ ਉੱਗਣਾ ਸ਼ੁਰੂ ਹੋਇਆ ਸੀ।” ਅਤੇ ਇਹ ਵੀ ਮੰਨਿਆ ਜਾਂਦੀ ਸੀ ਕਿ ਸੌਰਾਪੋਡ ਡਾਇਨਾਸੋਰਾਂ ਦੇ “ਦੰਦ ਘਾਹ ਚਿੱਥਣ ਵਾਲੇ ਨਹੀਂ ਸਨ।” ਇਸ ਖੋਜ ਦੀ ਲੀਡਰ ਵਿਗਿਆਨੀ ਕਾਰੋਲਾਈਨ ਸਟ੍ਰੋਮਬਰਗ ਨੇ ਕਿਹਾ, “ਜ਼ਿਆਦਾਤਰ ਲੋਕਾਂ ਦੇ ਮਨਾਂ ਵਿਚ ਕਦੀ ਇਹ ਖ਼ਿਆਲ ਵੀ ਨਹੀਂ ਆਵੇਗਾ ਕਿ [ਸੌਰਾਪੋਡ] ਡਾਇਨਾਸੋਰ ਘਾਹ ਖਾਂਦੇ ਸਨ।”
ਮਧੂ-ਮੱਖੀਆਂ ਕਿੱਦਾਂ ਉੱਡਦੀਆਂ ਹਨ?
ਮਜ਼ਾਕ ਵਿਚ ਇਹ ਕਿਹਾ ਗਿਆ ਹੈ ਕਿ ਇੰਜੀਨੀਅਰਾਂ ਨੇ ਸਾਬਤ ਕੀਤਾ ਹੈ ਕਿ ਮਧੂ-ਮੱਖੀਆਂ ਉੱਡ ਨਹੀਂ ਸਕਦੀਆਂ। ਇਹ ਸੋਚਿਆ ਗਿਆ ਸੀ ਕਿ ਇੰਨੀ “ਭਾਰੀ” ਮੱਖੀ ਜਿਸ ਦੇ ਖੰਭ ਹੌਲੀ-ਹੌਲੀ ਫੜਫੜਾਉਂਦੇ ਹਨ, ਆਪਣੇ ਆਪ ਨੂੰ ਹਵਾ ਵਿਚ ਚੁੱਕ ਹੀ ਨਹੀਂ ਸਕਦੀ। ਇਕ ਵਿਗਿਆਨਕ ਰਸਾਲਾ ਕਹਿੰਦਾ ਹੈ ਕਿ ਇਸ ਗੱਲ ਦਾ ਰਾਜ਼ ਜਾਣਨ ਲਈ ਇੰਜੀਨੀਅਰਾਂ ਨੇ “ਹਵਾ ਵਿਚ ਮੰਡਲਾ ਰਹੀਆਂ ਮਧੂ-ਮੱਖੀਆਂ ਦੀ ਫ਼ਿਲਮ ਬਣਾਈ। ਇਸ ਫ਼ਿਲਮ ਵਿਚ ਇਕ ਸਕਿੰਟ ਵਿਚ 6,000 ਤਸਵੀਰਾਂ ਖਿੱਚੀਆਂ ਗਈਆਂ ਸਨ।” ਮਧੂ-ਮੱਖੀ ਦੇ ਉੱਡਣ ਦੇ ਢੰਗ ਨੂੰ “ਅਜੀਬ” ਕਿਹਾ ਗਿਆ ਸੀ। ਖੋਜਕਾਰਾਂ ਦੀ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ “ਮੱਖੀ ਦੇ ਖੰਭ 90 ਡਿਗਰੀ ਤੇ ਚਾਪ ਬਣਾਉਂਦੇ ਹੋਏ ਪਿੱਛੇ ਨੂੰ ਜਾਂਦੇ ਹਨ ਅਤੇ ਮੁੜਦੇ ਵਕਤ ਪਲਟ ਜਾਂਦੇ ਹਨ। ਇਕ ਸਕਿੰਟ ਵਿਚ ਇਸ ਤਰ੍ਹਾਂ 230 ਵਾਰ ਹੁੰਦਾ ਹੈ। . . . ਇਸ ਦੇ ਖੰਭ ਜਹਾਜ਼ ਦੇ ਪ੍ਰੋਪੈਲਰ ਵਾਂਗ ਕੰਮ ਕਰਦੇ ਹਨ ਜਿਸ ਦਾ ਬਲੇਡ ਵੀ ਘੁੰਮਦਾ ਰਹਿੰਦਾ ਹੈ।” ਸ਼ਾਇਦ ਇਸ ਲੱਭਤ ਦੀ ਮਦਦ ਨਾਲ ਇੰਜੀਨੀਅਰ ਪ੍ਰੋਪੈਲਰ ਅਤੇ ਜਹਾਜ਼ਾਂ ਦੇ ਡੀਜ਼ਾਈਨ ਵਿਚ ਸੁਧਾਰ ਲਿਆ ਸਕਣਗੇ।
ਗਾਉਣ ਵਾਲੇ ਚੂਹੇ
ਇਕ ਵਿਗਿਆਨਕ ਰਸਾਲਾ ਰਿਪੋਰਟ ਕਰਦਾ ਹੈ ਕਿ “ਚੂਹੇ ਗਾ ਸਕਦੇ ਹਨ ਅਤੇ . . . ਜੋ ਗੀਤ ਉਹ ਚੂਹੀ ਨੂੰ ਆਕਰਸ਼ਿਤ ਕਰਨ ਲਈ ਗਾਉਂਦੇ ਹਨ, ਉਹ ਚਿੜੀਆਂ ਦੇ ਗੀਤਾਂ ਵਾਂਗ ਬੜੇ ਗੁੰਝਲਦਾਰ ਹਨ।” ਚੂਹਿਆਂ ਦੇ ਗਾਣਿਆਂ ਦੀ ਫ੍ਰੀਕਵੈਨਸੀ ਇੰਨੀ ਜ਼ਿਆਦਾ ਹੁੰਦੀ ਹੈ ਮਤਲਬ ਕਿ ਸੁਰ ਇੰਨੀ ਉੱਚੀ ਹੁੰਦੀ ਹੈ ਕਿ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਸ਼ਾਇਦ ਇਸੇ ਲਈ ਪਹਿਲਾਂ ਕਦੀ ਚੂਹਿਆਂ ਦੇ ਗਾਣਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ। ਅਮਰੀਕਾ ਵਿਚ ਮਿਸੂਰੀ ਵਿਚ ਸੇਂਟ ਲੁਅਸ ਦੇ ਖੋਜਕਾਰਾਂ ਨੇ ਦੇਖਿਆ ਕਿ ਚੂਹਿਆਂ ਦੇ ਸ੍ਵਰ-ਉਚਾਰਣ “ਵਿਚ ਅਜਿਹੇ ਟੱਪੇ ਤੇ ਭਾਵ ਹੁੰਦੇ ਹਨ ਜਿਨ੍ਹਾਂ ਨੂੰ ਗੀਤ ਕਿਹਾ ਜਾ ਸਕਦਾ ਹੈ।” ਆਪਣੀ ਇਸ ਕਾਬਲੀਅਤ ਕਾਰਨ ਚੂਹੇ ਇਕ ਵਿਸ਼ੇਸ਼ ਗਰੁੱਪ ਦਾ ਹਿੱਸਾ ਬਣ ਗਏ ਹਨ। ਥਣਧਾਰੀ ਜੀਵਾਂ ਵਿੱਚੋਂ ਸਿਰਫ਼ ਕੁਝ ਹੀ ਗਾਉਣ ਦੇ ਯੋਗ ਹਨ ਜਿਵੇਂ ਕਿ ਵ੍ਹੇਲ ਮੱਛੀਆਂ, ਡਾਲਫਿਨ, ਕੁਝ ਕਿਸਮਾਂ ਦੀਆਂ ਚਮਚੜਿੱਕਾਂ ਅਤੇ ਇਨਸਾਨ। (g 9/06)