ਦੁਨੀਆਂ ਕਿੱਧਰ ਨੂੰ ਜਾ ਰਹੀ ਹੈ?
ਦੁਨੀਆਂ ਕਿੱਧਰ ਨੂੰ ਜਾ ਰਹੀ ਹੈ?
ਬਾਈਬਲ ਵਿਚ ਬਹੁਤ ਚਿਰ ਪਹਿਲਾਂ ਅੱਜ ਦੇ ਜ਼ਮਾਨੇ ਦੇ ਲੋਕਾਂ ਦੇ ਮਾੜੇ ਚਾਲ-ਚਲਣ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਸੀ: ‘ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।’—2 ਤਿਮੋਥਿਉਸ 3:1-5.
ਤੁਸੀਂ ਸਹਿਮਤ ਹੋਵੋਗੇ ਕਿ ਸਾਡੇ ਜ਼ਮਾਨੇ ਦੇ ਲੋਕ ਬਿਲਕੁਲ ਇਸੇ ਤਰ੍ਹਾਂ ਦੇ ਹਨ ਜਿਵੇਂ ਬਾਈਬਲ ਦੀ ਇਸ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ। ਪਰ ਇਹ ਸ਼ਬਦ ਤਾਂ ਅੱਜ ਤੋਂ 2,000 ਸਾਲ ਪਹਿਲਾਂ ਲਿਖੇ ਗਏ ਸਨ! ਭਵਿੱਖਬਾਣੀ ਦੇ ਸ਼ੁਰੂ ਵਿਚ ਅੰਤਮ ਦਿਨਾਂ ਦੀ ਗੱਲ ਕੀਤੀ ਗਈ ਸੀ। ਇਹ ਦਿਨ ਕਦੋਂ ਸ਼ੁਰੂ ਹੋਏ ਸਨ?
ਕਾਹਦੇ ‘ਅੰਤ ਦੇ ਦਿਨ’?
ਅੱਜ-ਕੱਲ੍ਹ ਹਰ ਕੋਈ ਅੰਤਿਮ ਦਿਨਾਂ ਦੀ ਗੱਲ ਕਰਦਾ ਹੈ। ਅੰਗ੍ਰੇਜ਼ੀ ਵਿਚ ਸੈਂਕੜੇ ਹੀ ਕਿਤਾਬਾਂ ਦੇ ਨਾਵਾਂ ਵਿਚ ਇਹ ਸ਼ਬਦ ਆਉਂਦੇ ਹਨ। ਮਿਸਾਲ ਲਈ, ਹਾਲ ਹੀ ਵਿਚ ਛਪੀ ਕਿਤਾਬ ਮਾਸੂਮੀਅਤ ਦੇ ਅੰਤਿਮ ਦਿਨ—ਜੰਗ ਦੌਰਾਨ ਅਮਰੀਕਾ ਉੱਤੇ ਗੌਰ ਕਰੋ। ਇਸ ਕਿਤਾਬ ਦੇ ਮੁਖਬੰਧ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਕਿਤਾਬ ਵਿਚ ਜਿੱਥੇ “ਅੰਤਿਮ ਦਿਨਾਂ” ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹ ਉਸ ਖ਼ਾਸ ਸਮੇਂ ਵੱਲ ਸੰਕੇਤ ਕਰਦੀ ਹੈ ਜਦ ਲੋਕਾਂ ਦਾ ਚਾਲ-ਚਲਣ ਬਹੁਤ ਹੀ ਵਿਗੜਨਾ ਸ਼ੁਰੂ ਹੋ ਗਿਆ ਸੀ।
ਕਿਤਾਬ ਦੇ ਮੁਖਬੰਧ ਵਿਚ ਦੱਸਿਆ ਗਿਆ ਹੈ ਕਿ “ਜਿੰਨੀ ਤੇਜ਼ੀ ਨਾਲ ਅਮਰੀਕਾ 1914 ਵਿਚ ਬਦਲ ਰਿਹਾ ਸੀ, ਉਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ।” ਸੱਚ-ਮੁੱਚ, 1914 ਵਿਚ ਪੂਰੀ ਦੁਨੀਆਂ ਜੰਗ ਲੜਨ ਵਿਚ ਰੁੱਝੀ ਹੋਈ ਸੀ ਜੋ ਕਿ ਪਹਿਲਾਂ ਕਦੇ ਨਹੀਂ ਹੋਇਆ। ਉਹ ਕਿਤਾਬ ਕਹਿੰਦੀ ਹੈ: “ਇਹ ਜੰਗ ਬਾਕੀ ਜੰਗਾਂ ਵਰਗੀ ਨਹੀਂ ਸੀ ਕਿਉਂਕਿ ਇਸ ਵਿਚ ਫ਼ੌਜ ਨਾਲ ਫ਼ੌਜ ਲੜਨ ਦੀ ਬਜਾਇ ਕੌਮ ਨਾਲ ਕੌਮ ਲੜ ਰਹੀ ਸੀ।” ਅਸੀਂ ਅੱਗੇ ਚੱਲ ਕੇ ਦੇਖਾਂਗੇ ਕਿ ਇਸ ਜੰਗ ਨਾਲ ਉਹ ਸਮਾਂ ਸ਼ੁਰੂ ਹੋਇਆ ਜਿਸ ਨੂੰ ਬਾਈਬਲ ਵਿਚ ‘ਅੰਤ ਦੇ ਦਿਨ’ ਕਿਹਾ ਗਿਆ ਹੈ।
2 ਪਤਰਸ 2:5; 3:6; ਉਤਪਤ 7:21-24; 1 ਯੂਹੰਨਾ 2:17.
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਦੁਨੀਆਂ ਦੇ ਅੰਤ ਤੋਂ ਪਹਿਲਾਂ ਅਜਿਹਾ ਸਮਾਂ ਆਵੇਗਾ ਜਿਸ ਨੂੰ ‘ਅੰਤ ਦੇ ਦਿਨ’ ਕਿਹਾ ਜਾਵੇਗਾ। ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਇਕ ਦੁਨੀਆਂ ਦਾ ਅੰਤ ਹੋਇਆ ਸੀ। ਇਸ ਵਿਚ ਲਿਖਿਆ ਹੈ: ‘ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।’ ਉਹ ਕਿਹੜਾ ਸਮਾਂ ਸੀ ਅਤੇ ਉਹ ਜਗਤ ਕੀ ਸੀ ਜਿਸ ਦਾ ਨਾਸ਼ ਹੋਇਆ ਸੀ? ਉਹ ਜਗਤ ਨੂਹ ਦੇ ਜ਼ਮਾਨੇ ਵਿਚ ‘ਕੁਧਰਮੀਆਂ ਦਾ ਸੰਸਾਰ’ ਸੀ। ਇਸੇ ਤਰ੍ਹਾਂ ਸਾਡੇ ਜ਼ਮਾਨੇ ਦੇ ਸੰਸਾਰ ਦਾ ਵੀ ਨਾਸ਼ ਕੀਤਾ ਜਾਵੇਗਾ। ਪਰ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਣ ਵਾਲੇ ਲੋਕ ਨੂਹ ਅਤੇ ਉਸ ਦੇ ਪਰਿਵਾਰ ਵਾਂਗ ਬਚ ਜਾਣਗੇ।—ਅੰਤ ਬਾਰੇ ਯਿਸੂ ਨੇ ਕੀ ਕਿਹਾ ਸੀ?
ਯਿਸੂ ਮਸੀਹ ਨੇ ਵੀ ‘ਨੂਹ ਦੇ ਦਿਨਾਂ’ ਬਾਰੇ ਗੱਲ ਕੀਤੀ ਸੀ ਜਦੋਂ ‘ਪਰਲੋ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਗਈ।’ ਉਸ ਨੇ ਪਰਲੋ ਦੇ ਆਉਣ ਤੋਂ ਪਹਿਲਾਂ ਦੇ ਸਮੇਂ ਦੀ ਤੁਲਨਾ ਸਾਡੇ “ਜੁਗ ਦੇ ਅੰਤ” ਦੇ ਸਮੇਂ ਨਾਲ ਕੀਤੀ ਸੀ।—ਮੱਤੀ 24:3, 37-39.
ਯਿਸੂ ਨੇ ਦੱਸਿਆ ਸੀ ਕਿ ਅੰਤ ਆਉਣ ਤੋਂ ਪਹਿਲਾਂ ਧਰਤੀ ਤੇ ਕਿਹੋ ਜਿਹੇ ਹਾਲਾਤ ਹੋਣਗੇ। ਯੁੱਧ ਬਾਰੇ ਉਸ ਨੇ ਕਿਹਾ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।” ਇਤਿਹਾਸਕਾਰਾਂ ਨੇ ਗੌਰ ਕੀਤਾ ਹੈ ਕਿ 1914 ਵਿਚ ਇਸੇ ਤਰ੍ਹਾਂ ਹੋਇਆ ਸੀ। ਸਿੱਟੇ ਵਜੋਂ ਪਹਿਲਾਂ ਜ਼ਿਕਰ ਕੀਤੀ ਗਈ ਕਿਤਾਬ ਦੇ ਮੁਖਬੰਧ ਵਿਚ ਦੱਸਿਆ ਗਿਆ: “ਇਹ ਜੰਗ ਬਾਕੀ ਜੰਗਾਂ ਵਰਗੀ ਨਹੀਂ ਸੀ ਕਿਉਂਕਿ ਇਸ ਵਿਚ ਫ਼ੌਜ ਨਾਲ ਫ਼ੌਜ ਲੜਨ ਦੀ ਬਜਾਇ ਕੌਮ ਨਾਲ ਕੌਮ ਲੜ ਰਹੀ ਸੀ।”
ਭਵਿੱਖਬਾਣੀ ਵਿਚ ਯਿਸੂ ਨੇ ਅੱਗੇ ਕਿਹਾ: “ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ। ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ।” ਇਹ ਕਹਿਣ ਤੋਂ ਬਾਅਦ ਉਸ ਨੇ ਕਈ ਹੋਰ ਨਿਸ਼ਾਨੀਆਂ ਦੱਸੀਆਂ ਜਿਨ੍ਹਾਂ ਵਿੱਚੋਂ ਇਕ ਸੀ ‘ਕੁਧਰਮ ਦਾ ਵਧਣਾ।’ (ਮੱਤੀ 24:7-14) ਅੱਜ ਅਸੀਂ ਇੱਦਾਂ ਹੁੰਦਾ ਦੇਖਦੇ ਹਾਂ ਕਿਉਂਕਿ ਅਪਰਾਧ ਵਧਦੇ ਹੀ ਜਾ ਰਹੇ ਹਨ। ਅੱਜ-ਕੱਲ੍ਹ ਲੋਕਾਂ ਦਾ ਚਾਲ-ਚਲਣ ਇੰਨਾ ਵਿਗੜ ਗਿਆ ਹੈ ਕਿ ਇਸ ਤੋਂ ਬਾਈਬਲ ਦੀ ਭਵਿੱਖਬਾਣੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ।
ਇਸ ਘਟੀਆ ਜ਼ਮਾਨੇ ਵਿਚ ਸਾਨੂੰ ਕਿਹੋ ਜਿਹੀ ਜ਼ਿੰਦਗੀ ਜੀਉਣੀ ਚਾਹੀਦੀ ਹੈ? ਧਿਆਨ ਦਿਓ ਕਿ ਪੌਲੁਸ ਰਸੂਲ ਨੇ ਰੋਮ ਵਿਚ ਰਹਿੰਦੇ ਮਸੀਹੀਆਂ ਨੂੰ ਲੋਕਾਂ ਦੇ ਮਾੜੇ ਚਾਲ-ਚਲਣ ਬਾਰੇ ਕੀ ਲਿਖਿਆ ਸੀ: “ਉਨ੍ਹਾਂ ਦੀਆਂ ਨਾਰਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਉ ਦੇ ਵਿਰੁੱਧ ਹੈ। ਇਸੇ ਤਰਾਂ ਨਰ ਵੀ ਨਾਰੀਆਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀਂ ਆਪਣੀ ਕਾਮਨਾਂ ਵਿੱਚ ਸੜ ਗਏ, ਨਰਾਂ ਨੇ ਨਰਾਂ ਨਾਲ ਮੁਕਾਲਕ ਦੇ ਕੰਮ ਕੀਤੇ।”—ਰੋਮੀਆਂ 1:26, 27.
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪਹਿਲੀ ਸਦੀ ਦੇ ਲੋਕ ਰੰਗਰਲੀਆਂ ਮਨਾਉਣ ਵਿਚ ਲੱਗੇ ਰਹੇ ਜਦ ਕਿ “ਯਿਸੂ ਦੇ ਚੇਲੇ ਪਵਿੱਤਰਤਾ ਨਾਲ ਰੱਬ ਦੀ ਭਗਤੀ ਕਰਦੇ ਰਹੇ ਜਿਨ੍ਹਾਂ ਨੂੰ ਦੇਖ ਕੇ ਉਸ ਜ਼ਮਾਨੇ ਦੇ ਲੋਕ ਚਿੜਦੇ ਸਨ।” ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਕਿਹੋ ਜਿਹੇ ਲੋਕਾਂ ਨਾਲ ਦੋਸਤੀ ਕਰਨੀ ਚਾਹੁੰਦਾ ਹਾਂ? ਕੀ ਮੈਂ ਦੁਨੀਆਂ ਦੇ ਗਿਰੇ ਹੋਏ ਲੋਕਾਂ ਤੋਂ ਅਲੱਗ ਨਜ਼ਰ ਆਉਂਦਾ ਹਾਂ? ਕੀ ਮੈਨੂੰ ਦੇਖ ਕੇ ਕੋਈ ਕਹੇਗਾ ਕਿ ਇਹ ਇਨਸਾਨ ਪਵਿੱਤਰਤਾ ਨਾਲ ਰੱਬ ਦੀ ਭਗਤੀ ਕਰਦਾ ਹੈ?’—1 ਪਤਰਸ 4:3, 4.
ਸਾਡਾ ਸੰਘਰਸ਼
ਬਾਈਬਲ ਸਾਨੂੰ ਕਹਿੰਦੀ ਹੈ ਕਿ ਭਾਵੇਂ ਸਾਡੇ ਆਂਢ-ਗੁਆਂਢ ਦੇ ਲੋਕ ਅਨੈਤਿਕਤਾ ਵਿਚ ਡੁੱਬੇ ਪਏ ਹਨ, ਫਿਰ ਵੀ ਸਾਨੂੰ “ਸ਼ੁੱਧ ਅਤੇ ਮਾਸੂਮ” ਹੋਣ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ‘ਬਦੀ ਅਤੇ ਇਸ ਪੀੜ੍ਹੀ ਦੇ ਕੱਬੇ ਲੋਕਾਂ ਵਿੱਚੋਂ ਬਿਨਾ ਕਿਸੇ ਦੋਸ਼ ਤੋਂ ਪਰਮੇਸ਼ੁਰ ਦੇ ਬੱਚੇ ਹੋਵਾਂਗੇ।’ ਇਸ ਤਰ੍ਹਾਂ ਕਰਨ ਲਈ ਸਾਨੂੰ “ਜਿਹੜਾ ਸੰਦੇਸ਼ ਜੀਵਨ ਦਿੰਦਾ ਹੈ ਉਸ ਨੂੰ ਫ਼ੜੀ” ਰੱਖਣ ਦੀ ਲੋੜ ਹੈ। (ਫ਼ਿਲਿੱਪੀਆਂ 2:15, 16, ਈਜ਼ੀ ਟੂ ਰੀਡ ਵਰਯਨ) ਇਸ ਗੱਲ ਤੋਂ ਸਾਨੂੰ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਅਸੀਂ ਇਸ ਵਿਗੜੀ ਹੋਈ ਅਤੇ ਕੁਰਾਹੇ ਪਈ ਪੀੜ੍ਹੀ ਵਿਚ ਰੱਬ ਦੇ ਸੇਵਕਾਂ ਵਜੋਂ ਨਿਰਦੋਸ਼ ਕਿਵੇਂ ਰਹਿ ਸਕਦੇ ਹਾਂ। ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਨੂੰ ਫੜੀ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਤੇ ਚੱਲ ਕੇ ਹੀ ਅਸੀਂ ਆਪਣੇ ਚਾਲ-ਚਲਣ ਨੂੰ ਨੇਕ ਰੱਖ ਸਕਾਂਗੇ।
2 ਕੁਰਿੰਥੀਆਂ 4:4) ਬਾਈਬਲ ਕਹਿੰਦੀ ਹੈ ਕਿ ਸ਼ਤਾਨ “ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” ਉਸ ਦੇ ਸੇਵਕ ਵੀ ਉਸ ਨੂੰ ਖ਼ੁਸ਼ ਕਰਨ ਲਈ ਉਸ ਵਰਗੇ ਕੰਮ ਕਰਨ ਅਤੇ ਧਰਮੀ ਹੋਣ ਦਾ ਦਿਖਾਵਾ ਕਰਦੇ ਹਨ। (2 ਕੁਰਿੰਥੀਆਂ 11:14, 15) ਉਹ ਆਜ਼ਾਦੀ ਅਤੇ ਮੌਜ-ਮਸਤੀ ਦਾ ਵਾਅਦਾ ਤਾਂ ਕਰਦੇ ਹਨ, ਪਰ ਬਾਈਬਲ ਕਹਿੰਦੀ ਹੈ ਕਿ “ਓਹ ਆਪ ਵਿਨਾਸ ਦੇ ਗੁਲਾਮ ਹਨ।”—2 ਪਤਰਸ 2:19.
‘ਇਸ ਜੁੱਗ ਦਾ ਈਸ਼ੁਰ’ ਸ਼ਤਾਨ ਲੋਕਾਂ ਨੂੰ ਆਪਣੇ ਵੱਲ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ। (ਧੋਖਾ ਨਾ ਖਾਓ। ਜੋ ਲੋਕ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਤੇ ਨਹੀਂ ਚੱਲਦੇ, ਉਹ ਇਸ ਦੇ ਮਾੜੇ ਨਤੀਜੇ ਭੁਗਤਣਗੇ। ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਮੁਕਤੀ ਦੁਸ਼ਟਾਂ ਤੋਂ ਦੂਰ ਹੈ, ਇਸ ਲਈ ਭਈ ਓਹ [ਪਰਮੇਸ਼ੁਰ ਦੀਆਂ] ਬਿਧੀਆਂ ਨੂੰ ਨਹੀਂ ਭਾਲਦੇ।” (ਜ਼ਬੂਰਾਂ ਦੀ ਪੋਥੀ 119:155; ਕਹਾਉਤਾਂ 5:22, 23) ਕੀ ਅਸੀਂ ਸੱਚ-ਮੁੱਚ ਇਸ ਗੱਲ ਨੂੰ ਮੰਨਦੇ ਹਾਂ? ਤਾਂ ਫਿਰ ਆਓ ਆਪਾਂ ਆਪਣੇ ਦਿਲ ਤੇ ਦਿਮਾਗ਼ ਦੀ ਰਾਖੀ ਕਰੀਏ ਅਤੇ ਇਨ੍ਹਾਂ ਉੱਤੇ ਮਾੜੇ ਖ਼ਿਆਲਾਂ ਦਾ ਅਸਰ ਨਾ ਪੈਣ ਦੇਈਏ।
ਅਫ਼ਸੋਸ ਦੀ ਗੱਲ ਹੈ ਕਿ ਕਈ ਸੋਚਦੇ ਹਨ ਕਿ ਜੇ ਉਨ੍ਹਾਂ ਦਾ ਕੰਮ ਗ਼ੈਰ-ਕਾਨੂੰਨੀ ਨਹੀਂ, ਤਾਂ ਇਸ ਨੂੰ ਕਰਨ ਵਿਚ ਕੋਈ ਹਰਜ਼ ਨਹੀਂ। ਇਹ ਸੋਚ ਸਹੀ ਨਹੀਂ। ਸਾਡਾ ਸਵਰਗੀ ਪਿਤਾ ਯਹੋਵਾਹ ਪਿਆਰ ਨਾਲ ਸਾਨੂੰ ਸਿੱਖਿਆ ਤੇ ਸੇਧ ਕਿਉਂ ਦਿੰਦਾ ਹੈ? ਸਾਨੂੰ ਬੰਦਸ਼ ਵਿਚ ਰੱਖਣ ਲਈ? ਬਿਲਕੁਲ ਨਹੀਂ, ਉਹ ਤਾਂ ‘ਸਾਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ।’ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਤੇ ਕੋਈ ਮੁਸੀਬਤ ਲਿਆਉਣ ਤੋਂ ਬਚੇ ਰਹੀਏ ਅਤੇ ਸੁਖ ਨਾਲ ਆਪਣੀ ਜ਼ਿੰਦਗੀ ਗੁਜ਼ਾਰੀਏ। ਦਰਅਸਲ ਬਾਈਬਲ ਕਹਿੰਦੀ ਹੈ ਕਿ ਰੱਬ ਦੀ ਸੇਵਾ ਕਰਨ ਨਾਲ ਨਾ ਸਿਰਫ਼ “ਹੁਣ,” ਸਗੋਂ “ਆਉਣ ਵਾਲੇ ਜੀਵਨ” ਵਿਚ ਵੀ ਸਾਨੂੰ ਬਰਕਤਾਂ ਮਿਲਣਗੀਆਂ। ਇਹ “ਅਸਲ ਜੀਵਨ” ਹੋਵੇਗਾ ਯਾਨੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ!—ਯਸਾਯਾਹ 48:17, 18; 1 ਤਿਮੋਥਿਉਸ 4:8; 6:19.
ਹੁਣ ਤੁਸੀਂ ਤੁਲਨਾ ਕਰ ਕੇ ਦੇਖੋ ਕਿ ਬਾਈਬਲ ਦੀਆਂ ਸਿੱਖਿਆਵਾਂ ਤੇ ਚੱਲ ਕੇ ਤੁਹਾਨੂੰ ਕਿੰਨਾ ਲਾਭ ਹੁੰਦਾ ਹੈ ਜਦ ਕਿ ਨਾ ਚੱਲਣ ਵਾਲਿਆਂ ਨੂੰ ਕਿੰਨਾ ਦੁੱਖ ਉਠਾਉਣਾ ਪੈਂਦਾ ਹੈ। ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਉਣ ਲਈ ਪਰਮੇਸ਼ੁਰ ਦੀ ਸੁਣੋ ਅਤੇ ਉਸ ਦੀ ਮਿਹਰ ਪਾਓ। ਉਸ ਦਾ ਵਾਅਦਾ ਹੈ: “ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।”—ਕਹਾਉਤਾਂ 1:33.
ਉੱਚੇ-ਸੁੱਚੇ ਮਿਆਰਾਂ ਤੇ ਚੱਲਣ ਵਾਲੇ ਲੋਕ
ਬਾਈਬਲ ਕਹਿੰਦੀ ਹੈ ਕਿ ਇਸ ਦੁਨੀਆਂ ਦਾ ਅੰਤ ਹੋਣ ਵੇਲੇ ਕੋਈ “ਦੁਸ਼ਟ ਨਹੀਂ” ਬਚੇਗਾ। ਉਹ ਇਹ ਵੀ ਕਹਿੰਦੀ ਹੈ: “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ।” (ਜ਼ਬੂਰਾਂ ਦੀ ਪੋਥੀ 37:10, 11; ਕਹਾਉਤਾਂ 2:20-22) ਪੂਰੀ ਧਰਤੀ ਤੋਂ ਬਦਚਲਣੀ ਖ਼ਤਮ ਕਰ ਦਿੱਤੀ ਜਾਵੇਗੀ। ਜੋ ਲੋਕ ਸਾਡੇ ਸਿਰਜਣਹਾਰ ਯਹੋਵਾਹ ਦੀਆਂ ਸਿੱਖਿਆਵਾਂ ਤੇ ਨਹੀਂ ਚੱਲਣਾ ਚਾਹੁੰਦੇ, ਉਹ ਨਹੀਂ ਰਹਿਣਗੇ। ਉਸ ਸਮੇਂ ਸਿਰਫ਼ ਉਹ ਲੋਕ ਬਚਣਗੇ ਜੋ ਰੱਬ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਨ। ਧਰਤੀ ਨੂੰ ਫਿਰ ਤੋਂ ਉਸ ਸੋਹਣੇ ਬਾਗ਼ ਵਾਂਗ ਬਣਾ ਦਿੱਤਾ ਜਾਵੇਗਾ ਜਿਸ ਵਿਚ ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਨੂੰ ਰੱਖਿਆ ਸੀ।—ਉਤਪਤ 2:7-9.
ਉਸ ਸਾਫ਼-ਸੁਥਰੀ ਧਰਤੀ ਉੱਤੇ ਜੀਉਣ ਦੇ ਆਨੰਦ ਬਾਰੇ ਜ਼ਰਾ ਸੋਚੋ। ਉਸ ਸਮੇਂ ਲੋਕਾਂ ਨੂੰ ਇਕ ਅਦਭੁਤ ਮੌਕਾ ਮਿਲੇਗਾ। ਉਹ ਮਰੇ ਹੋਏ ਲੋਕਾਂ ਨੂੰ ਮੁੜ ਜ਼ਿੰਦਾ ਹੁੰਦੇ ਦੇਖਣਗੇ! ਪਰਮੇਸ਼ੁਰ ਦੇ ਇਨ੍ਹਾਂ ਵਾਅਦਿਆਂ ਨੂੰ ਭੁੱਲੋ ਨਾ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਜ਼ਬੂਰਾਂ ਦੀ ਪੋਥੀ 37:29; ਪਰਕਾਸ਼ ਦੀ ਪੋਥੀ 21:3, 4. (g 4/07)
[ਸਫ਼ਾ 9 ਉੱਤੇ ਸੁਰਖੀ]
ਪਰਲੋ ਵਿੱਚੋਂ ਰੱਬ ਦਾ ਭੈ ਰੱਖਣ ਵਾਲੇ ਲੋਕ ਬਚ ਨਿਕਲੇ ਸਨ
[ਸਫ਼ਾ 10 ਉੱਤੇ ਤਸਵੀਰ]
ਇਸ ਦੁਨੀਆਂ ਦੇ ਅੰਤ ਤੋਂ ਬਾਅਦ ਧਰਤੀ ਸੋਹਣੇ ਬਾਗ਼ ਵਰਗੀ ਬਣਾ ਦਿੱਤੀ ਜਾਵੇਗੀ