ਉਹ ਜਗ੍ਹਾ ਜਿੱਥੇ ਕਠਪੁਤਲੀਆਂ ਨੱਚਦੀਆਂ-ਗਾਉਂਦੀਆਂ ਹਨ
ਉਹ ਜਗ੍ਹਾ ਜਿੱਥੇ ਕਠਪੁਤਲੀਆਂ ਨੱਚਦੀਆਂ-ਗਾਉਂਦੀਆਂ ਹਨ
ਆਸਟ੍ਰੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
“ਸੰਗੀਤ ਤਾਂ ਵਧੀਆ ਸੀ, ਪਰ ਪੁਤਲੀਆਂ ਦਾ ਨਾਚ ਕਮਾਲ ਦਾ ਸੀ। ਇੱਦਾਂ ਦੀ ਕਲਾਕਾਰੀ ਮੈਂ ਪੁਤਲੀ-ਤਮਾਸ਼ੇ ਵਿਚ ਪਹਿਲਾਂ ਕਦੀ ਨਹੀਂ ਦੇਖੀ। ਆਪਣੀਆਂ ਅਜੀਬੋ-ਗ਼ਰੀਬ ਅਦਾਵਾਂ ਨਾਲ ਪੁਤਲੀਆਂ ਨੇ ਜੋ ਵੀ ਕਹਿਣਾ ਸੀ ਕਹਿ ਦਿੱਤਾ!”
ਕੀ ਦਰਸ਼ਕ ਇੱਥੇ ਨਿਆਣਿਆਂ ਵਾਸਤੇ ਤਿਆਰ ਕੀਤੇ ਗਏ ਪੁਤਲੀ-ਤਮਾਸ਼ੇ ਦੇ ਗੁਣ ਗਾ ਰਿਹਾ ਸੀ? ਨਹੀਂ। ਯਕੀਨ ਮੰਨੋ, ਉਪਰਲੇ ਲਫ਼ਜ਼ ਕਿਸੇ ਬੱਚੇ ਦੇ ਨਹੀਂ, ਸਗੋਂ ਸਿਆਣੇ ਦੇ ਹਨ ਜੋ ਓਪੇਰਾ ਸ਼ੋਅ ਦੇਖਣ ਗਿਆ ਸੀ। ਪੁਤਲੀਆਂ ਦਾ ਇਹ ਮਨਮੋਹਕ ਨਾਚ-ਗਾਣਾ ਕਿੱਥੇ ਪੇਸ਼ ਕੀਤਾ ਗਿਆ ਸੀ? ਆਸਟ੍ਰੀਆ ਦੇ ਸਾਲਜ਼ਬਰਗ ਸ਼ਹਿਰ ਦੇ ਜਾਣੇ-ਮਾਣੇ ਓਪੇਰਾ ਹਾਉਸ ਵਿਚ। ਇਹ ਉਹੀ ਸ਼ਹਿਰ ਹੈ ਜਿੱਥੇ ਮਸ਼ਹੂਰ ਸੰਗੀਤਕਾਰ ਮੋਟਜ਼ਾਰਟ ਨੇ ਜਨਮ ਲਿਆ ਸੀ।
ਕੀ ਤੁਸੀਂ ਕਦੇ ਦੋ ਤੋਂ ਤਿੰਨ ਫੁੱਟ ਲੰਮੀਆਂ ਲੱਕੜ ਦੀਆਂ ਬਣੀਆਂ ਡੋਰ-ਪੁਤਲੀਆਂ ਓਪੇਰਾ ਪੇਸ਼ ਕਰਦੀਆਂ ਦੇਖੀਆਂ ਹਨ? ਸਾਲਜ਼ਬਰਗ ਮੈਰਿਓਨੈਤ ਥੀਏਟਰ ਦੀਆਂ ਡੋਰ-ਪੁਤਲੀਆਂ ਮਨ ਮੋਹ ਲੈਣ ਵਾਲੇ ਸੰਗੀਤ ਨਾਲ ਅਜਿਹਾ ਤਮਾਸ਼ਾ ਕਰਦੀਆਂ ਹਨ ਕਿ ਦਰਸ਼ਕ ਵਾਹ-ਵਾਹ ਕਰਨੋਂ ਨਹੀਂ ਹਟਦੇ। ਨਾਟਕ ਸ਼ੁਰੂ ਹੁੰਦਿਆਂ ਹੀ ਕਠਪੁਤਲੀਆਂ ਦੀਆਂ ਹਰਕਤਾਂ ਦੇਖ ਕੇ ਲੋਕਾਂ ਤੇ ਜਾਦੂ ਜਿਹਾ ਹੋ ਜਾਂਦਾ ਹੈ ਤੇ ਇੱਦਾਂ ਲੱਗਦਾ ਹੈ ਜਿਵੇਂ ਕਿ ਉਹ ਥੋੜ੍ਹੇ ਸਮੇਂ ਲਈ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚ ਕੇ ਉੱਥੇ ਸੰਗੀਤ ਤੇ ਨਾਚ ਦਾ ਮਜ਼ਾ ਲੈ ਰਹੇ ਹੋਣ।
ਹਕੀਕਤ ਅਤੇ ਕਲਪਨਾ ਦਾ ਸੁਮੇਲ
ਨਾਟਕ ਸ਼ੁਰੂ ਹੋਣ ਲੱਗਿਆਂ ਜਿਉਂ ਹੀ ਸੰਗੀਤ ਵੱਜਦਾ ਹੈ ਤੇ ਪਰਦਾ ਉੱਠਦਾ ਹੈ, ਤਾਂ ਦਰਸ਼ਕ ਪੁਤਲੀਆਂ ਨੂੰ ਦੇਖ ਕੇ ਸ਼ਾਇਦ ਹੈਰਾਨ ਰਹਿ ਜਾਣ। ਜ਼ਰਾ ਕਲਪਨਾ ਕਰੋ ਕਿ ਤੁਸੀਂ ਦਰਸ਼ਕ ਹੋ
ਤੇ ਪੁਤਲੀਆਂ ਨੂੰ ਮੰਚ ਤੇ ਆਉਂਦਿਆਂ ਦੇਖਦੇ ਹੋ। ਕੀ ਉਹ ਸੱਚ-ਮੁੱਚ ਲੱਕੜ ਦੀਆਂ ਹੀ ਬਣੀਆਂ ਪੁਤਲੀਆਂ ਹਨ ਜੋ ਹੱਥ-ਮੂੰਹ ਇੰਜ ਉੱਪਰ ਨੂੰ ਚੁੱਕਦੀਆਂ ਹਨ ਜਿਵੇਂ ਓਪੇਰਾ ਗੀਤ ਗਾ ਰਹੀਆਂ ਹੋਣ? ਅਤੇ ਉਨ੍ਹਾਂ ਪਤਲੇ ਜਿਹੇ ਧਾਗਿਆਂ ਬਾਰੇ ਕੀ ਜੋ ਪੁਤਲੀਆਂ ਦੇ ਸਿਰਾਂ ਉੱਪਰ ਦਿਖਾਈ ਦੇ ਰਹੇ ਹਨ? ਇਹ ਦੇਖ ਕੇ ਤੁਸੀਂ ਸ਼ਾਇਦ ਮਨ ਹੀ ਮਨ ਸੋਚੋ, ‘ਆ ਕੀ ਏ? ਸਾਰਾ ਕੁਝ ਤਾਂ ਦਿਖਾਈ ਦਿੰਦਾ ਏ। ਕੀ ਮੈਂ ਇੱਥੇ ਇਹੀ ਕੁਝ ਦੇਖਣ ਆਇਆ ਹਾਂ? ਨਾਲੇ ਸੰਗੀਤ ਵਜਾਉਣ ਵਾਲੇ ਕਿੱਥੇ ਹਨ? ਉਹ ਕਿਤੇ ਨਹੀਂ ਦਿੱਸਦੇ।’ ਪਹਿਲਾਂ ਤੋਂ ਰਿਕਾਰਡ ਕੀਤਾ ਹੋਇਆ ਓਪੇਰਾ ਸੰਗੀਤ ਚਲਾਉਣਾ ਓਪੇਰਾ ਦਾ ਚੰਗਾ ਨਾਂ ਬਦਨਾਮ ਕਰਨ ਦੇ ਬਰਾਬਰ ਹੈ। ਓਪੇਰਾ ਦਾ ਸ਼ੌਕੀਨ ਦਰਸ਼ਕ ਗੁੱਸੇ ਵਿਚ ਆ ਕੇ ਸ਼ਾਇਦ ਕਹੇ, ‘ਬਕਵਾਸ!’ ਪਰ ਜ਼ਰਾ ਇਕ ਮਿੰਟ ਰੁਕੋ! ਮੰਚ ਤੇ ਕੁਝ ਹੋਣ ਲੱਗਾ ਹੈ ਤੇ ਦਰਸ਼ਕਾਂ ਦਾ ਧਿਆਨ ਹੁਣ ਕਠਪੁਤਲੀਆਂ ਦੀਆਂ ਹਰਕਤਾਂ ਵੱਲ ਖਿੱਚਿਆ ਜਾਂਦਾ ਹੈ।ਕਠਪੁਤਲੀਆਂ ਦੀਆਂ ਹਰਕਤਾਂ ਦੇਖ ਕੇ ਦਰਸ਼ਕ ਮੱਲੋ-ਮੱਲੀ ਮੋਹਿਤ ਹੋ ਜਾਂਦੇ ਹਨ ਤੇ ਪਰਦਾ ਉੱਠਦਿਆਂ ਹੀ ਕਠਪੁਤਲੀਆਂ ਨੂੰ ਦੇਖ ਕੇ ਜੋ ਨਿਰਾਸ਼ਾ ਹੋਈ ਸੀ, ਉਹ ਖ਼ਤਮ ਹੋ ਜਾਂਦੀ ਹੈ। ਹਕੀਕਤ ਅਤੇ ਕਲਪਨਾ ਦਾ ਸੁਮੇਲ ਹੋਣ ਲੱਗਦਾ ਹੈ। ਪੁਤਲੀਆਂ ਨੂੰ ਨਚਾਉਣ ਵਾਲੀਆਂ ਰੇਸ਼ਮੀ ਡੋਰਾਂ ਵੀ ਨਜ਼ਰਾਂ ਤੋਂ ਜਿਵੇਂ ਓਹਲੇ ਹੀ ਹੋ ਜਾਂਦੀਆਂ ਹਨ। ਪੁਤਲੀ-ਤਮਾਸ਼ਾ ਦੇਖ ਕੇ ਦਰਸ਼ਕ ਖੂਬ ਮਜ਼ਾ ਤਾਂ ਲੈਂਦੇ ਹੀ ਹਨ, ਪਰ ਛੋਟੇ ਓਪੇਰਾ ਹਾਉਸ ਵਿਚ ਸ਼ੋਅ ਦੇਖਣ ਦਾ ਮਜ਼ਾ ਕੁਝ ਅਨੋਖਾ ਹੀ ਹੁੰਦਾ ਹੈ। ਕਠਪੁਤਲੀਆਂ ਨੂੰ ਹਰਕਤ ਵਿਚ ਆਉਂਦਿਆਂ ਦੇਖਦੇ ਸਾਰੇ ਹੀ ਦਰਸ਼ਕ ਭੁੱਲ ਜਾਂਦੇ ਹਨ ਕਿ ਇਹ ਬੇਜਾਨ ਪੁਤਲੀਆਂ ਹੀ ਹਨ। ਜਦ ਪੁਤਲੀਆਂ ਦਰਸ਼ਕਾਂ ਨੂੰ ਆਪਣੀ ਛੋਟੀ ਜਿਹੀ ਦੁਨੀਆਂ ਵਿਚ ਮਗਨ ਕਰ ਲੈਂਦੀਆਂ ਹਨ, ਤਾਂ ਉਨ੍ਹਾਂ ਦੀ ਕਾਬਲੀਅਤ ਤੇ ਸ਼ੱਕ ਕਰਨ ਵਾਲੇ ਦਰਸ਼ਕ ਵੀ ਹੱਕੇ-ਬੱਕੇ ਰਹਿ ਜਾਂਦੇ ਹਨ।
ਮੰਚ ਉੱਤੇ ਅਤੇ ਮੰਚ ਦੇ ਪਿੱਛੇ
ਜਿੰਨਾ ਮਜ਼ਾ ਮੰਚ ਤੇ ਹੁੰਦਾ ਪੁਤਲੀ-ਤਮਾਸ਼ਾ ਦੇਖ ਕੇ ਆਉਂਦਾ ਹੈ, ਉੱਨਾ ਹੀ ਮਜ਼ਾ ਪੁਤਲੀ-ਚਾਲਕ ਨੂੰ ਦੇਖ ਕੇ ਆਉਂਦਾ ਹੈ। ਇਹੀ ਲੋਕ ਹਨ ਜੋ ਮੰਚ ਪਿੱਛੇ ਖੜ੍ਹ ਕੇ ਬੇਜਾਨ ਪੁਤਲੀਆਂ ਵਿਚ ਜਾਨ ਪਾਉਂਦੇ ਹਨ। ਉਹ ਸਟੇਜ ਉੱਤੇ ਬਣਾਈ ਇਕ ਖ਼ਾਸ ਜਗ੍ਹਾ ਤੇ ਬੈਠੇ ਜਾਂ ਖੜ੍ਹੇ ਹੁੰਦੇ ਹਨ ਤੇ ਦਰਸ਼ਕਾਂ ਨੂੰ ਦਿਖਾਈ ਨਹੀਂ ਦਿੰਦੇ। ਉੱਥੋਂ ਉਹ ਡੋਰਾਂ ਦੀ ਸਹਾਇਤਾ ਨਾਲ ਪੁਤਲੀਆਂ ਨੂੰ ਨਚਾਉਂਦੇ ਹਨ। ਜਦ ਪੁਤਲੀ-ਚਾਲਕ ਡੋਰਾਂ ਨੂੰ ਉੱਪਰ-ਹੇਠਾਂ ਕਰਦੇ ਹਨ, ਤਾਂ ਪੁਤਲੀਆਂ ਨੱਚਣ-ਟੱਪਣ, ਉੱਠਣ-ਬੈਠਣ, ਲੜਨ-ਝਗੜਨ ਜਾਂ ਗਾਉਣ ਦੀਆਂ ਸਾਰੀਆਂ ਅਦਾਵਾਂ ਉਵੇਂ ਹੀ ਕਰਦੀਆਂ ਹਨ ਜਿਵੇਂ ਓਪੇਰਾ ਗਾਇਕ ਅਸਲ ਵਿਚ ਕਰਦੇ ਹਨ।
ਦ ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਇਕ ਵਾਰ ਇਸ ਕਲਾ ਦਾ ਜ਼ਿਕਰ ਕਰਦਿਆਂ ਕਿਹਾ: ‘ਮੰਚ ਦੇ ਪਿੱਛੇ ਪੁਤਲੀ-ਚਾਲਕ ਕਿਸੇ ਵੀ ਉਮਰ ਦੇ ਕਿਰਦਾਰ, ਭਾਵੇਂ ਨਰ ਹੋਵੇ ਜਾਂ ਨਾਰੀ, ਦਾ ਰੋਲ ਅਦਾ
ਕਰ ਸਕਦੇ ਹਨ। ਪਰ ਪੁਤਲੀਆਂ ਨਚਾਉਣ ਵਿਚ ਉਨ੍ਹਾਂ ਨੂੰ ਮਾਹਰ ਹੋਣ ਦੀ ਲੋੜ ਹੈ।’ ਸਾਲਜ਼ਬਰਗ ਦੇ ਮਾਹਰ ਪੁਤਲੀ-ਚਾਲਕ ਜਿਸ ਤਰ੍ਹਾਂ ਕਠਪੁਤਲੀਆਂ ਵਿਚ ਜਾਨ ਪਾਉਂਦੇ ਹਨ, ਉਹ ਵਾਕਈ ਕਾਬਲ-ਏ-ਤਾਰੀਫ਼ ਹੈ।ਅਚੱਲ ਮੂਰਤੀਆਂ ਦੀ ਥਾਂ ਪੁਤਲੀਆਂ
1913 ਵਿਚ ਸਾਲਜ਼ਬਰਗ ਮੈਰਿਓਨੈਤ ਥੀਏਟਰ ਵਿਚ ਪਹਿਲੀ ਵਾਰ ਮੋਟਜ਼ਾਰਟ ਦੁਆਰਾ ਰਚਿਆ ਇਕ ਓਪੇਰਾ ਪੇਸ਼ ਕੀਤਾ ਗਿਆ ਸੀ। ਇਸ ਗੱਲ ਨੂੰ ਹੁਣ 90 ਤੋਂ ਉੱਪਰ ਸਾਲ ਹੋ ਗਏ ਹਨ ਤੇ ਇਸ ਥੀਏਟਰ ਨੇ ਆਪਣੇ ਲਈ ਚੰਗਾ ਨਾਂ ਕਮਾਇਆ ਹੈ। ਇਸ ਥੀਏਟਰ ਨੂੰ ਬੁੱਤਕਾਰ ਐਂਟਾਨ ਆਇਕਰ ਨੇ ਸਥਾਪਿਤ ਕੀਤਾ ਸੀ। ਉਸ ਨੇ ਪੁਤਲੀ-ਤਮਾਸ਼ੇ ਦੀ ਕਲਾ ਮਿਊਨਿਖ ਵਿਚ ਸਿੱਖੀ ਸੀ ਤੇ ਫਿਰ ਅਜਿਹੀਆਂ ਕਠਪੁਤਲੀਆਂ ਸਿਰਜੀਆਂ ਜੋ ਬਿਲਕੁਲ ਇਨਸਾਨਾਂ ਵਾਂਗ ਹਰਕਤਾਂ ਕਰਦੀਆਂ ਸਨ। ਜਲਦ ਹੀ ਉਸ ਨੇ ਦੇਖਿਆ ਕਿ ਅਚੱਲ ਮੂਰਤੀਆਂ ਬਣਾਉਣ ਨਾਲੋਂ ਜ਼ਿਆਦਾ ਮਜ਼ਾ ਉਸ ਨੂੰ ਪੁਤਲੀਆਂ ਨਚਾਉਣ ਵਿਚ ਆਉਂਦਾ ਸੀ।
ਆਇਕਰ ਦੇ ਪਰਿਵਾਰ ਦਾ ਧਿਆਨ ਵੀ ਪੁਤਲੀ-ਤਮਾਸ਼ੇ ਵੱਲ ਖਿੱਚਿਆ ਗਿਆ ਤੇ ਉਨ੍ਹਾਂ ਨੂੰ ਪੁਤਲੀ-ਤਮਾਸ਼ਾ ਦੇਖਣ ਵਿਚ ਖੂਬ ਮਜ਼ਾ ਆਉਣ ਲੱਗਾ। ਉਹ ਪੁਤਲੀਆਂ ਵਾਸਤੇ ਕੱਪੜੇ ਸੀਉਣ ਵਿਚ ਆਇਕਰ ਦਾ ਹੱਥ ਵਟਾਉਣ ਲੱਗੇ ਤੇ ਗੀਤ-ਸੰਗੀਤ ਤੇ ਪੁਤਲੀਆਂ ਨੂੰ ਆਵਾਜ਼ ਦੇਣ ਵਿਚ ਮਦਦ ਕਰਨ ਲੱਗੇ। ਉਨ੍ਹਾਂ ਨੇ ਇੰਨੀ ਸਫ਼ਲਤਾ ਪ੍ਰਾਪਤ ਕੀਤੀ ਕਿ ਪੁਤਲੀ-ਤਮਾਸ਼ਿਆਂ ਦੇ ਹੋਰ ਵੀ ਸ਼ੋਅ ਤਿਆਰ ਕੀਤੇ ਗਏ। 1927 ਤੋਂ ਉਹ ਹੋਰਨਾਂ ਮੁਲਕਾਂ ਵਿਚ ਵੀ ਪੁਤਲੀ-ਤਮਾਸ਼ੇ ਪੇਸ਼ ਕਰਨ ਲੱਗੇ। ਅੱਜ-ਕੱਲ੍ਹ ਜਪਾਨ ਤੇ ਅਮਰੀਕਾ ਵਰਗੇ ਮੁਲਕਾਂ ਵਿਚ ਵੀ ਪੁਤਲੀ-ਤਮਾਸ਼ੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਦੁਨੀਆਂ ਭਰ ਵਿਚ ਲੋਕ ਕਠਪੁਤਲੀਆਂ ਦਾ ਸ਼ੋਅ ਪਸੰਦ ਕਰਦੇ ਹਨ।
ਕੀ ਤੁਹਾਨੂੰ ਇਹ ਮਨੋਰੰਜਨ ਪਸੰਦ ਹੈ?
ਇਕ ਸ਼ਬਦ-ਕੋਸ਼ ਮੁਤਾਬਕ ਓਪੇਰਾ ਦਾ ਮਤਲਬ ਹੈ: ‘ਅਜਿਹਾ ਨਾਟਕ ਜਿਸ ਵਿਚ ਰੰਗ-ਬਰੰਗੇ ਕੱਪੜੇ ਪਹਿਨੀ ਗਾਇਕ ਸੰਗੀਤ ਦੇ ਨਾਲ-ਨਾਲ ਗਾਉਂਦੇ ਹਨ।’ (ਦ ਕਨਸਾਇਸ ਆਕਸਫ਼ੋਰਡ ਡਿਕਸ਼ਨਰੀ ਆਫ਼ ਮਿਊਜ਼ਿਕ) ਓਪੇਰਾ ਦਾ ਵਿਸ਼ਾ ਮਿਥਿਹਾਸ, ਇਤਿਹਾਸ, ਬਾਈਬਲ ਦੇ ਬਿਰਤਾਂਤਾਂ ਤੇ ਕਾਲਪਨਿਕ ਕਹਾਣੀਆਂ ਤੇ ਆਧਾਰਿਤ ਹੋ ਸਕਦਾ ਹੈ। ਓਪੇਰਾ ਵਿਚ ਕਾਮੇਡੀ, ਕੋਈ ਦੁਖਦਾਈ ਘਟਨਾ ਜਾਂ ਰੋਮਾਂਸ ਦਿਖਾਇਆ ਜਾਂਦਾ ਹੈ। ਮੈਰਿਓਨੈਤ ਥੀਏਟਰ ਦੇ ਪੁਤਲੀ-ਤਮਾਸ਼ੇ ਜਰਮਨ ਜਾਂ ਇਤਾਲਵੀ ਭਾਸ਼ਾ ਵਿਚ ਪੇਸ਼ ਕੀਤੇ ਜਾਂਦੇ ਹਨ। ਇਸ ਲਈ ਜੇ ਤੁਸੀਂ ਸ਼ੋਅ ਦਾ ਮਜ਼ਾ ਲੈਣਾ ਚਾਹੁੰਦੇ ਹੋ, ਤਾਂ ਅਕਲਮੰਦੀ ਦੀ ਗੱਲ ਹੋਵੇਗੀ ਜੇ ਤੁਸੀਂ ਪਹਿਲਾਂ ਓਪੇਰਾ ਦੀ ਕਹਾਣੀ ਦਾ ਅਨੁਵਾਦ ਕੀਤਾ ਗਿਆ ਸਾਰ ਪੜ੍ਹੋ।
ਇਕ ਮਸੀਹੀ ਇਹ ਕਿੱਦਾਂ ਤੈਅ ਕਰ ਸਕਦਾ ਹੈ ਕਿ ਥੀਏਟਰ ਵਿਚ ਪੇਸ਼ ਕੀਤਾ ਜਾ ਰਿਹਾ ਓਪੇਰਾ ਦੇਖਣ ਦੇ ਲਾਇਕ ਹੈ ਜਾਂ ਨਹੀਂ? ਗਾਇਕਾਂ ਦੀ ਮਸ਼ਹੂਰੀ ਦੇ ਆਧਾਰ ਤੇ? ਜਾਂ ਸੁਰੀਲੇ ਸੰਗੀਤ ਦੇ ਆਧਾਰ ਤੇ? ਜਾਂ ਫਿਰ ਉਸ ਦੀ ਕਹਾਣੀ ਦੇ ਆਧਾਰ ਤੇ?
ਜੇ ਕੋਈ ਮਸੀਹੀ ਓਪੇਰਾ ਸੁਣਨਾ ਜਾਂ ਦੇਖਣਾ ਚਾਹੁੰਦਾ ਹੈ, ਤਾਂ ਉਸ ਨੂੰ ਇਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਜੋ ਹਰ ਤਰ੍ਹਾਂ ਦੇ ਮਨੋਰੰਜਨ ਤੇ ਲਾਗੂ ਹੁੰਦੀ ਹੈ। ਕੀ ਉਸ ਮਨ-ਪਰਚਾਵੇ ਵਿਚ ਇਹ ਗੱਲਾਂ ਹਨ ਜੋ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਦੱਸੀਆਂ: “ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ। ”—ਫ਼ਿਲਿੱਪੀਆਂ 4:8. (g 1/08)
[ਸਫ਼ਾ 8 ਉੱਤੇ ਨਕਸ਼ਾ]
(ਪੂਰੀ ਤਰ੍ਹਾਂ ਫਾਰਮੈਟ ਕੀਤੇ ਹੋਏ ਟੈਕਸਟ ਲਈ ਪ੍ਰਕਾਸ਼ਨ ਦੇਖੋ)
ਆਸਟ੍ਰੀਆ
ਵੀਐਨਾ
ਸਾਲਜ਼ਬਰਗ
[ਸਫ਼ਾ 8 ਉੱਤੇ ਤਸਵੀਰ]
ਕਠਪੁਤਲੀਆਂ ਵੱਖੋ-ਵੱਖਰੇ ਗੀਤ-ਨਾਟਕ ਪੇਸ਼ ਕਰਨ ਲਈ ਤਿਆਰ
[ਸਫ਼ਾ 9 ਉੱਤੇ ਤਸਵੀਰ]
ਸਾਲਜ਼ਬਰਗ ਮੈਰਿਓਨੈਤ ਥੀਏਟਰ
[ਸਫ਼ਾ 10 ਉੱਤੇ ਤਸਵੀਰ]
ਐਂਟਾਨ ਆਇਕਰ ਜਿਸ ਨੇ ਥੀਏਟਰ ਸਥਾਪਿਤ ਕੀਤਾ
[ਕ੍ਰੈਡਿਟ ਲਾਈਨ]
By courtesy of the Salzburg Marionette Theatre
[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
All photos on pages 8 and 9: By courtesy of the Salzburg Marionette Theatre