ਮੱਕੜੀ ਦਾ ਰੇਸ਼ਮ
ਇਹ ਕਿਸ ਦਾ ਕਮਾਲ ਹੈ?
ਮੱਕੜੀ ਦਾ ਰੇਸ਼ਮ
◼ ਗੋਲ-ਗੋਲ ਜਾਲਾ ਬੁਣਨ ਵਾਲੀਆਂ ਮੱਕੜੀਆਂ ਦੁਆਰਾ ਬਣਾਇਆ ਰੇਸ਼ਮ ਰੂੰ ਨਾਲੋਂ ਵੀ ਹਲਕਾ ਹੁੰਦਾ ਹੈ। ਪਰ ਜੇ ਇਸ ਰੇਸ਼ਮ ਦੇ ਰੇਸ਼ਿਆਂ ਨੂੰ ਮੋਟਾ ਕੀਤਾ ਜਾਵੇ, ਤਾਂ ਇਹ ਸਟੀਲ ਦੀਆਂ ਤਾਰਾਂ ਨਾਲੋਂ ਵੀ ਮਜ਼ਬੂਤ ਹੋਵੇਗਾ। ਇਸ ਲਈ ਕਈਆਂ ਦਹਾਕਿਆਂ ਤੋਂ ਵਿਗਿਆਨੀ ਇਨ੍ਹਾਂ ਮੱਕੜੀਆਂ ਦੁਆਰਾ ਬਣਾਏ ਰੇਸ਼ਮ ਦਾ ਅਧਿਐਨ ਕਰ ਰਹੇ ਹਨ। ਇਹ ਮੱਕੜੀਆਂ ਸੱਤ ਵੱਖ-ਵੱਖ ਕਿਸਮਾਂ ਦੇ ਰੇਸ਼ਮ ਬਣਾਉਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਜ਼ਬੂਤ ਹੁੰਦਾ ਹੈ ਡ੍ਰੈਗਲਾਈਨ ਰੇਸ਼ਮ ਜਿਸ ਨਾਲ ਮੱਕੜੀ ਜਾਲੇ ਦਾ ਢਾਂਚਾ ਬਣਾਉਂਦੀ ਹੈ ਅਤੇ ਇਸ ਨੂੰ ਉਚਾਈ ਤੋਂ ਥੱਲੇ ਉਤਰਨ ਜਾਂ ਚੜ੍ਹਨ ਲਈ ਇਸਤੇਮਾਲ ਕਰਦੀ ਹੈ। ਵਿਗਿਆਨੀ ਡ੍ਰੈਗਲਾਈਨ ਰੇਸ਼ਮ ਦਾ ਖ਼ਾਸ ਤੌਰ ਤੇ ਅਧਿਐਨ ਕਰ ਰਹੇ ਹਨ। ਡ੍ਰੈਗਲਾਈਨ ਰੇਸ਼ਮ ਉਸ ਰੇਸ਼ਮ ਨਾਲੋਂ ਜ਼ਿਆਦਾ ਮਜ਼ਬੂਤ ਤੇ ਵਾਟਰ-ਪਰੂਫ ਹੁੰਦਾ ਹੈ ਜੋ ਰੇਸ਼ਮ ਦਾ ਕੀੜਾ ਬਣਾਉਂਦਾ ਹੈ ਤੇ ਜਿਸ ਦੇ ਰੇਸ਼ਮੀ ਕੱਪੜੇ ਬਣਾਏ ਜਾਂਦੇ ਹਨ।
ਜ਼ਰਾ ਸੋਚੋ: ਕਾਰਖ਼ਾਨਿਆਂ ਵਿਚ ਬਣਾਏ ਜਾਣ ਵਾਲੇ ਕੈਵਲਰ ਨਾਂ ਦੇ ਤੇ ਹੋਰ ਨਕਲੀ ਧਾਗੇ ਬਣਾਉਣ ਲਈ ਰਸਾਇਣਾਂ ਨੂੰ ਬਹੁਤ ਉੱਚੇ ਤਾਪਮਾਨ ਉੱਤੇ ਉਬਾਲਿਆ ਜਾਂਦਾ ਹੈ। ਪਰ ਮੱਕੜੀ ਸਾਧਾਰਣ ਤਾਪਮਾਨ ਉੱਤੇ ਰੇਸ਼ਮ ਬਣਾਉਂਦੀ ਹੈ ਅਤੇ ਇਸ ਲਈ ਪਾਣੀ ਦੀ ਵਰਤੋਂ ਕਰਦੀ ਹੈ। ਇਹ ਰੇਸ਼ਮ ਕੈਵਲਰ ਨਾਲੋਂ ਵੀ ਮਜ਼ਬੂਤ ਹੁੰਦਾ ਹੈ। ਜੇ ਮੱਕੜੀ ਦੇ ਰੇਸ਼ਮੀ ਜਾਲੇ ਨੂੰ ਫੁਟਬਾਲ ਦੇ ਮੈਦਾਨ ਜਿੰਨਾ ਵੱਡਾ ਕੀਤਾ ਜਾਵੇ, ਤਾਂ ਇਹ ਹਵਾ ਵਿਚ ਉੱਡ ਰਹੇ ਜੰਬੋ ਜੈੱਟ ਨੂੰ ਵੀ ਰੋਕ ਸਕਦਾ ਹੈ!
ਇਸ ਕਰਕੇ ਵਿਗਿਆਨੀਆਂ ਨੂੰ ਇਸ ਰੇਸ਼ਮ ਵਿਚ ਬਹੁਤ ਦਿਲਚਸਪੀ ਹੈ। ਐਮੀ ਕਨਿੰਗਮ ਨੇ ਲਿਖਿਆ: “ਵਿਗਿਆਨੀ ਇਸ ਰੇਸ਼ਮ ਦੀਆਂ ਖੂਬੀਆਂ ਦੀ ਨਕਲ ਕਰ ਕੇ ਬੁਲਟ-ਪਰੂਫ ਜੈਕਟਾਂ, ਪੁਲਾਂ ਲਈ ਤਾਰਾਂ ਤੇ ਹੋਰ ਚੀਜ਼ਾਂ ਬਣਾਉਣੀਆਂ ਚਾਹੁੰਦੇ ਹਨ। ”—ਸਾਇੰਸ ਨਿਊਜ਼ ਰਸਾਲਾ।
ਪਰ ਡ੍ਰੈਗਲਾਈਨ ਸਿਲਕ ਦੀ ਨਕਲ ਕਰਨੀ ਆਸਾਨ ਗੱਲ ਨਹੀਂ ਹੈ ਕਿਉਂਕਿ ਇਹ ਰੇਸ਼ਮ ਮੱਕੜੀ ਦੇ ਸਰੀਰ ਵਿਚ ਬਣਦਾ ਹੈ ਤੇ ਅਜੇ ਤਕ ਇਹ ਪੂਰਾ ਪਤਾ ਨਹੀਂ ਲੱਗਿਆ ਹੈ ਕਿ ਇਹ ਕਿੱਦਾਂ ਬਣਦਾ ਹੈ। ਸ਼ੈਰਲ ਵਾਈ. ਹਿਆਸ਼ੀ ਨਾਂ ਦੀ ਜੀਵ-ਵਿਗਿਆਨੀ ਨੇ ਕਿਹਾ: “ਸਾਨੂੰ ਇਹ ਹਲੀਮੀ ਨਾਲ ਮੰਨਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਦਿਮਾਗ਼ੀ ਲੋਕ ਉਹ ਚੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸਾਡੇ ਘਰਾਂ ਵਿਚ ਮੱਕੜੀਆਂ ਬੜੀ ਆਸਾਨੀ ਨਾਲ ਆਪੇ ਬਣਾ ਲੈਂਦੀਆਂ ਹਨ। ”— ਕੈਮੀਕਲ ਐਂਡ ਇੰਜੀਨੀਅਰਿੰਗ ਨਿਊਜ਼ ਰਸਾਲਾ।
ਤੁਹਾਡਾ ਕੀ ਖ਼ਿਆਲ ਹੈ? ਕੀ ਮੱਕੜੀ ਅਤੇ ਇਸ ਦੇ ਸਟੀਲ ਨਾਲੋਂ ਵੀ ਮਜ਼ਬੂਤ ਰੇਸ਼ਮ ਦਾ ਜਨਮ ਵਿਕਾਸਵਾਦ ਰਾਹੀਂ ਹੋਇਆ ਹੈ ਜਾਂ ਫਿਰ ਇਹ ਕਿਸੇ ਬੁੱਧੀਮਾਨ ਸਿਰਜਣਹਾਰ ਦੇ ਹੱਥਾਂ ਦਾ ਕਮਾਲ ਹੈ? (g 1/08)
[ਸਫ਼ਾ 24 ਉੱਤੇ ਤਸਵੀਰ]
ਇੱਥੇ ਮਾਈਕ੍ਰੋਸਕੋਪ ਰਾਹੀਂ ਮੱਕੜੀ ਨੂੰ ਰੇਸ਼ਮ ਬਣਾਉਂਦੇ ਦਿਖਾਇਆ ਗਿਆ ਹੈ
[ਕ੍ਰੈਡਿਟ ਲਾਈਨ]
Copyright Dennis Kunkel Microscopy, Inc.