Skip to content

Skip to table of contents

ਕੀ ਪਰਮੇਸ਼ੁਰ ਗੰਭੀਰ ਪਾਪਾਂ ਨੂੰ ਮਾਫ਼ ਕਰਦਾ ਹੈ?

ਕੀ ਪਰਮੇਸ਼ੁਰ ਗੰਭੀਰ ਪਾਪਾਂ ਨੂੰ ਮਾਫ਼ ਕਰਦਾ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਪਰਮੇਸ਼ੁਰ ਗੰਭੀਰ ਪਾਪਾਂ ਨੂੰ ਮਾਫ਼ ਕਰਦਾ ਹੈ?

ਦਇਆ ਪਰਮੇਸ਼ੁਰ ਦਾ ਇਕ ਸਭ ਤੋਂ ਮਹਾਨ ਗੁਣ ਹੈ। (ਜ਼ਬੂਰਾਂ ਦੀ ਪੋਥੀ 86:15) ਉਸ ਨੇ ਆਪਣੀ ਦਇਆ ਦਾ ਸਬੂਤ ਕਿਵੇਂ ਦਿੱਤਾ ਹੈ? ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ? ਪਰ ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।” (ਜ਼ਬੂਰਾਂ ਦੀ ਪੋਥੀ 130:3, 4) ਹੋਰ ਆਇਤਾਂ ਕਹਿੰਦੀਆਂ ਹਨ: “ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ! ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”​—ਜ਼ਬੂਰਾਂ ਦੀ ਪੋਥੀ 103:12-14.

ਸਪੱਸ਼ਟ ਹੈ ਕਿ ਯਹੋਵਾਹ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ। ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਤੇ ਦਇਆ ਕਰਦਾ ਹੈ। ਉਹ ਜਾਣਦਾ ਹੈ ਕਿ ਅਸੀਂ “ਮਿੱਟੀ” ਹੀ ਹਾਂ। ਕੁਝ ਬਾਈਬਲ ਉਦਾਹਰਣਾਂ ਵੱਲ ਧਿਆਨ ਦਿਓ ਜੋ ਦਿਖਾਉਂਦੀਆਂ ਹਨ ਕਿ ਯਹੋਵਾਹ ਕਿਸ ਹੱਦ ਤਕ ਸਾਡੇ ਤੇ ਦਇਆ ਕਰਦਾ ਹੈ।

ਪਤਰਸ ਰਸੂਲ ਨੇ ਤਿੰਨ ਵਾਰ ਯਿਸੂ ਦਾ ਇਨਕਾਰ ਕੀਤਾ। (ਮਰਕੁਸ 14:66-72) ਪੌਲੁਸ ਰਸੂਲ ਨੇ ਯਿਸੂ ਦਾ ਚੇਲਾ ਬਣਨ ਤੋਂ ਪਹਿਲਾਂ ਮਸੀਹ ਦੇ ਸੇਵਕਾਂ ਨੂੰ ਬਹੁਤ ਸਤਾਇਆ। ਜਦ ਇਨ੍ਹਾਂ ਸੇਵਕਾਂ ਵਿੱਚੋਂ ਕੁਝ ਨੂੰ ਸਜ਼ਾ-ਏ-ਮੌਤ ਸੁਣਾਈ ਗਈ, ਤਾਂ ਪੌਲੁਸ ਇਸ ਫ਼ੈਸਲੇ ਨਾਲ ਸਹਿਮਤ ਸੀ। ਉਹ ਇਸਤੀਫ਼ਾਨ ਨਾਂ ਦੇ ਇਕ ਮਸੀਹੀ ਦੇ ਮਾਰੇ ਜਾਣ ਉੱਤੇ ਵੀ ਰਾਜ਼ੀ ਸੀ। (ਰਸੂਲਾਂ ਦੇ ਕਰਤੱਬ 7:60; 8:1, 3; 9:1, 2, 11; 26:10, 11; ਗਲਾਤੀਆਂ 1:13) ਮਸੀਹੀ ਬਣਨ ਤੋਂ ਪਹਿਲਾਂ ਕੁਰਿੰਥੁਸ ਵਿਚ ਕਲੀਸਿਯਾ ਦੇ ਕੁਝ ਭੈਣ-ਭਰਾ ਸ਼ਰਾਬੀ, ਚੋਰ ਅਤੇ ਲੁਟੇਰੇ ਹੁੰਦੇ ਸੀ। (1 ਕੁਰਿੰਥੀਆਂ 6:9-11) ਫਿਰ ਵੀ ਇਨ੍ਹਾਂ ਸਾਰਿਆਂ ਦੇ ਪਾਪ ਮਾਫ਼ ਕੀਤੇ ਗਏ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਮਿਹਰ ਹਾਸਲ ਕੀਤੀ। ਯਹੋਵਾਹ ਨੇ ਇਨ੍ਹਾਂ ਨੂੰ ਕਿਉਂ ਮਾਫ਼ ਕੀਤਾ?

ਪਾਪਾਂ ਦੀ ਮਾਫ਼ੀ ਪਾਉਣ ਲਈ ਤਿੰਨ ਜ਼ਰੂਰੀ ਕਦਮ

ਪੌਲੁਸ ਨੇ ਲਿਖਿਆ: “ਮੇਰੇ ਉੱਤੇ ਰਹਮ ਹੋਇਆ ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ।” (1 ਤਿਮੋਥਿਉਸ 1:13) ਪੌਲੁਸ ਨੇ ਜੋ ਕੀਤਾ ਉਹ ਅਣਜਾਣਪੁਣੇ ਵਿਚ ਕੀਤਾ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਤੋਂ ਮਾਫ਼ੀ ਹਾਸਲ ਕਰਨ ਲਈ ਸਾਡਾ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈ। ਸਾਨੂੰ ਬਾਈਬਲ ਵਿੱਚੋਂ ਯਹੋਵਾਹ ਅਤੇ ਉਸ ਦੇ ਮਿਆਰਾਂ ਬਾਰੇ ਸਹੀ ਗਿਆਨ ਲੈਣਾ ਚਾਹੀਦਾ ਹੈ ਤਾਂਕਿ ਅਸੀਂ ਅਣਜਾਣੇ ਵਿਚ ਕੋਈ ਗ਼ਲਤ ਕਦਮ ਨਾ ਕਰ ਬੈਠੀਏ। (2 ਤਿਮੋਥਿਉਸ 3:16, 17) ਬਿਨਾਂ ਸ਼ੱਕ ਅਸੀਂ ਯਹੋਵਾਹ ਨੂੰ ਜਾਣੇ ਬਿਨਾਂ ਉਸ ਨੂੰ ਖ਼ੁਸ਼ ਨਹੀਂ ਕਰ ਸਕਦੇ। ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦਿਆਂ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”​—ਯੂਹੰਨਾ 17:3.

ਜਦ ਨੇਕਦਿਲ ਲੋਕ ਸੱਚਾਈ ਬਾਰੇ ਗਿਆਨ ਹਾਸਲ ਕਰਦੇ ਹਨ, ਤਾਂ ਉਹ ਆਪਣੇ ਬੁਰੇ ਕੰਮਾਂ ਤੋਂ ਪਛਤਾਉਂਦੇ ਹਨ ਅਤੇ ਦਿਲੋਂ ਤੋਬਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇਹ ਪਰਮੇਸ਼ੁਰ ਤੋਂ ਮਾਫ਼ੀ ਹਾਸਲ ਕਰਨ ਲਈ ਦੂਜਾ ਕਦਮ ਹੈ। ਰਸੂਲਾਂ ਦੇ ਕਰਤੱਬ 3:19 ਵਿਚ ਲਿਖਿਆ ਹੈ: “ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।”

ਇਸ ਆਇਤ ਵਿਚ ਤੀਸਰੇ ਕਦਮ ਬਾਰੇ ਵੀ ਦੱਸਿਆ ਗਿਆ ਹੈ, ਯਾਨੀ ਪਾਪਾਂ ਦੀ ਮਾਫ਼ੀ ਲਈ ਸਾਨੂੰ ‘ਮੁੜਨ’ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਗ਼ਲਤ ਰਵੱਈਏ ਅਤੇ ਬੁਰੇ ਰਾਹਾਂ ਤੋਂ ਮੂੰਹ ਮੋੜ ਕੇ ਪਰਮੇਸ਼ੁਰ ਦੇ ਮਿਆਰਾਂ ਤੇ ਨਜ਼ਰੀਏ ਨੂੰ ਅਪਣਾਉਣ ਦੀ ਲੋੜ ਹੈ। (ਰਸੂਲਾਂ ਦੇ ਕਰਤੱਬ 26:20) ਆਪਣੀ ਜ਼ਿੰਦਗੀ ਵਿਚ ਇਹ ਤਬਦੀਲੀਆਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਪਛਤਾਵਾ ਕੀਤਾ ਹੈ।

ਪਰਮੇਸ਼ੁਰ ਦੀ ਮਾਫ਼ੀ ਦੀ ਇਕ ਹੱਦ ਹੁੰਦੀ ਹੈ

ਕੁਝ ਲੋਕਾਂ ਨੂੰ ਪਰਮੇਸ਼ੁਰ ਦੀ ਮਾਫ਼ੀ ਨਹੀਂ ਮਿਲੇਗੀ। ਪੌਲੁਸ ਨੇ ਲਿਖਿਆ, ‘ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ। ਪਰ ਨਿਆਉਂ ਦੀ ਭਿਆਣਕ ਉਡੀਕ ਬਾਕੀ ਹੈ।’ (ਇਬਰਾਨੀਆਂ 10:26, 27) ਜੇ ਅਸੀਂ ‘ਜਾਣ ਬੁਝ ਕੇ ਪਾਪ ਕਰੀ ਜਾਈਏ,’ ਤਾਂ ਇਹ ਇਸ ਗੱਲ ਦਾ ਸੰਕੇਤ ਹੋਵੇਗਾ ਕਿ ਬੁਰਾਈ ਸਾਡੇ ਦਿਲਾਂ ਵਿਚ ਜੜ੍ਹ ਫੜ ਚੁੱਕੀ ਹੈ।

ਯਹੂਦਾ ਇਸਕਰਿਯੋਤੀ ਦਾ ਦਿਲ ਮਾੜਾ ਸੀ। ਇਹੋ ਜਿਹੇ ਇਨਸਾਨ ਬਾਰੇ ਯਿਸੂ ਨੇ ਕਿਹਾ, “ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਿਨੱਜ ਜੰਮਦਾ।” (ਮੱਤੀ 26:24, 25) ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਵੀ ਕਿਹਾ, “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ . . . ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” (ਯੂਹੰਨਾ 8:44) ਸ਼ਤਾਨ ਵਾਂਙੁ ਇਹ ਆਗੂ ਦਿਲ ਦੇ ਮਾੜੇ ਸਨ। ਉਨ੍ਹਾਂ ਨੂੰ ਆਪਣੇ ਮਾੜੇ ਕੰਮਾਂ ਦਾ ਕੋਈ ਵੀ ਪਛਤਾਵਾ ਨਹੀਂ ਸੀ। ਇਨ੍ਹਾਂ ਕੰਮਾਂ ਤੋਂ ਮੁੜਨ ਦੀ ਬਜਾਇ ਉਹ ਹੋਰ ਵੀ ਪੱਥਰ ਦਿਲ ਬਣ ਗਏ। * ਇਹ ਸੱਚ ਹੈ ਕਿ ਨਾਮੁਕੰਮਲ ਹੋਣ ਕਰਕੇ ਅਤੇ ਕਮੀਆਂ-ਕਮਜ਼ੋਰੀਆਂ ਹੋਣ ਕਰਕੇ ਯਹੋਵਾਹ ਦੇ ਸੇਵਕ ਵੀ ਗ਼ਲਤੀਆਂ ਕਰਦੇ ਹਨ। ਕਈ ਵਾਰ ਤਾਂ ਉਹ ਗੰਭੀਰ ਪਾਪ ਵੀ ਕਰ ਬੈਠਦੇ ਹਨ। ਲੇਕਿਨ ਇਨ੍ਹਾਂ ਗ਼ਲਤੀਆਂ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਹੈ ਅਤੇ ਉਹ ਭੈੜੇ ਇਨਸਾਨ ਹਨ।​—ਗਲਾਤੀਆਂ 6:1.

ਯਿਸੂ ਨੇ ਅੰਤ ਤਕ ਦੂਸਰਿਆਂ ਤੇ ਦਇਆ ਕੀਤੀ

ਯਹੋਵਾਹ ਸਿਰਫ਼ ਪਾਪ ਨੂੰ ਹੀ ਨਹੀਂ ਦੇਖਦਾ, ਪਰ ਉਹ ਪਾਪੀ ਦੇ ਰਵੱਈਏ ਵੱਲ ਵੀ ਧਿਆਨ ਦਿੰਦਾ ਹੈ। (ਯਸਾਯਾਹ 1:16-19) ਜ਼ਰਾ ਉਨ੍ਹਾਂ ਦੋ ਅਪਰਾਧੀਆਂ ਬਾਰੇ ਸੋਚੋ ਜੋ ਯਿਸੂ ਦੇ ਸੱਜੇ-ਖੱਬੇ ਸੂਲੀ ਤੇ ਟੰਗੇ ਗਏ ਸਨ। ਇਨ੍ਹਾਂ ਦੋਹਾਂ ਨੇ ਗੰਭੀਰ ਪਾਪ ਕੀਤੇ ਹੋਣੇ ਅਤੇ ਇਕ ਨੇ ਇਹ ਗੱਲ ਵੀ ਕਬੂਲ ਕੀਤੀ, “ਅਸੀਂ ਤਾਂ . . . ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ [ਯਿਸੂ] ਨੇ ਕੋਈ ਔਗੁਣ ਨਹੀਂ ਕੀਤਾ।” ਅਪਰਾਧੀ ਦੀ ਇਹ ਗੱਲ ਸੰਕੇਤ ਕਰਦੀ ਹੈ ਕਿ ਉਹ ਯਿਸੂ ਬਾਰੇ ਕੁਝ ਜਾਣਦਾ ਸੀ। ਹੋ ਸਕਦਾ ਹੈ ਕਿ ਉਹ ਇਸ ਕਰਕੇ ਸੁਧਰ ਗਿਆ ਸੀ। ਉਸ ਦਾ ਬਦਲਿਆ ਰਵੱਈਆ ਉਸ ਦੀ ਇਸ ਮਿੰਨਤ ਤੋਂ ਜ਼ਾਹਰ ਹੁੰਦਾ ਹੈ, “ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।” ਯਿਸੂ ਨੇ ਉਸ ਦੀ ਫ਼ਰਿਆਦ ਦਾ ਕਿਵੇਂ ਜਵਾਬ ਦਿੱਤਾ? ਉਸ ਨੇ ਬੜੀ ਦਿਆਲਤਾ ਨਾਲ ਉਸ ਨਾਲ ਵਾਅਦਾ ਕੀਤਾ ਕਿ ਉਹ ਉਸ ਨੂੰ ਨਹੀਂ ਭੁੱਲੇਗਾ।​—ਲੂਕਾ 23:41, 42.

ਜ਼ਰਾ ਸੋਚੋ, ਧਰਤੀ ਉੱਤੇ ਯਿਸੂ ਦੇ ਆਖ਼ਰੀ ਪਲਾਂ ਵਿਚ ਉਸ ਨੇ ਇਕ ਇਹੋ ਜਿਹੇ ਮਨੁੱਖ ਤੇ ਦਇਆ ਕੀਤੀ ਜਿਸ ਨੇ ਕਬੂਲ ਕੀਤਾ ਕਿ ਉਹ ਸਜ਼ਾ-ਏ-ਮੌਤ ਦੇ ਲਾਇਕ ਸੀ। ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਿਸੂ ਮਸੀਹ ਅਤੇ ਉਸ ਦਾ ਪਿਤਾ ਯਹੋਵਾਹ ਉਨ੍ਹਾਂ ਲੋਕਾਂ ਦੇ ਸਾਰੇ ਪਾਪਾਂ ਨੂੰ ਜ਼ਰੂਰ ਮਾਫ਼ ਕਰਨਗੇ ਜੋ ਸੱਚੇ ਦਿਲੋਂ ਤੋਬਾ ਕਰਦੇ ਹਨ।​—ਰੋਮੀਆਂ 4:7. (g 08 02)

[ਫੁਟਨੋਟ]

ਕੀ ਤੁਸੀਂ ਕਦੇ ਸੋਚਿਆ ਹੈ ਕਿ:

ਪਰਮੇਸ਼ੁਰ ਦੀ ਦਇਆ ਬਾਰੇ ਕੀ ਕਿਹਾ ਜਾ ਸਕਦਾ ਹੈ?—ਜ਼ਬੂਰਾਂ ਦੀ ਪੋਥੀ 103:12-14; 130:3, 4.

ਸਾਨੂੰ ਪਾਪਾਂ ਦੀ ਮਾਫ਼ੀ ਪਾਉਣ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?—ਯੂਹੰਨਾ 17:3; ਰਸੂਲਾਂ ਦੇ ਕਰਤੱਬ 3:19.