ਪੁਰਾਣੀਆਂ ਹੱਥ-ਲਿਖਤਾਂ ਦੇ ਲਿਖੇ ਜਾਣ ਦੀ ਤਾਰੀਖ਼ ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ?
ਪੁਰਾਣੀਆਂ ਹੱਥ-ਲਿਖਤਾਂ ਦੇ ਲਿਖੇ ਜਾਣ ਦੀ ਤਾਰੀਖ਼ ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ?
ਸੰਨ 1844 ਵਿਚ ਬਾਈਬਲ ਵਿਦਵਾਨ ਕਾਂਸਟੰਟੀਨ ਵੌਨ ਟਿਸ਼ਨਡੋਰਫ ਮਿਸਰ ਵਿਚ ਸੀਨਈ ਪਹਾੜ ਦੇ ਲਾਗੇ ਬਣੇ ਸੇਂਟ ਕੈਥਰੀਨ ਨਾਮਕ ਈਸਾਈ ਮੱਠ ਦੀ ਲਾਇਬ੍ਰੇਰੀ ਵਿਚ ਸੀ। ਉਸ ਵੇਲੇ ਕੋਈ ਕਿਤਾਬ ਲੱਭਦਿਆਂ ਉਸ ਨੂੰ ਕੁਝ ਅਹਿਮ ਚਮੜੇ ਦੀਆਂ ਪੱਤਰੀਆਂ ਮਿਲੀਆਂ। ਟਿਸ਼ਨਡੋਰਫ ਪੁਰਾਣੀ ਲਿਖਾਈ * ਦਾ ਵਿਦਵਾਨ ਸੀ, ਇਸ ਲਈ ਉਸ ਨੇ ਝੱਟ ਦੇਖ ਲਿਆ ਕਿ ਇਹ ਚਮੜੇ ਦੀਆਂ ਪੱਤਰੀਆਂ ਸੈਪਟੁਜਿੰਟ (ਬਾਈਬਲ ਦੇ ਇਬਰਾਨੀ ਹਿੱਸੇ ਦਾ ਯੂਨਾਨੀ ਭਾਸ਼ਾ ਵਿਚ ਤਰਜਮਾ) ਵਿੱਚੋਂ ਸਨ। ਉਸ ਨੇ ਲਿਖਿਆ: ‘ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਜ ਜਿੰਨੀਆਂ ਵੀ ਹੱਥ-ਲਿਖਤਾਂ ਉਪਲਬਧ ਹਨ, ਉਹ ਇੰਨੀਆਂ ਪੁਰਾਣੀਆਂ ਨਹੀਂ ਜਿੰਨੀਆਂ ਕਿ ਇਹ ਹੱਥ-ਲਿਖਤਾਂ ਹਨ।’
ਟਿਸ਼ਨਡੋਰਫ ਨੂੰ ਮਿਲੀਆਂ ਚਮੜੇ ਦੀਆਂ ਇਹ ਪੱਤਰੀਆਂ ਬਾਅਦ ਵਿਚ ਸਿਨਾਟਿਕ ਮੈਨੁਸਕ੍ਰਿਪਟ (ਕੋਡੈਕਸ ਸਿਨੈਟਿਕਸ) ਵਜੋਂ ਜਾਣੀਆਂ ਜਾਣ ਲੱਗੀਆਂ। ਮੰਨਿਆ ਜਾਂਦਾ ਹੈ ਕਿ ਇਹ ਪੱਤਰੀਆਂ ਚੌਥੀ ਸਦੀ ਈ. ਵਿਚ ਲਿਖੀਆਂ ਗਈਆਂ ਸਨ। ਦਰਅਸਲ ਵਿਦਵਾਨਾਂ ਕੋਲ ਅਧਿਐਨ ਕਰਨ ਲਈ ਸਿਨਾਟਿਕ ਹੱਥ-ਲਿਖਤਾਂ ਵਰਗੀਆਂ ਬਾਈਬਲ ਦੀਆਂ ਹਜ਼ਾਰਾਂ ਹੀ ਹੱਥ-ਲਿਖਤਾਂ ਹਨ।
ਪ੍ਰਾਚੀਨ ਯੂਨਾਨੀ ਲਿਖਾਈ ਦੇ ਅਧਿਐਨ ਦੀ ਸ਼ੁਰੂਆਤ
ਈਸਾਈ ਭਿਕਸ਼ੂ ਬਰਨਾਰਡ ਡ ਮੌਂਟਫੌਸਨ (1655-1741) ਪਹਿਲਾ ਵਿਦਵਾਨ ਸੀ ਜਿਸ ਨੇ ਯੂਨਾਨੀ ਹੱਥ-ਲਿਖਤਾਂ ਦੀ ਲਿਖਾਈ ਦਾ ਯੋਜਨਾਬੱਧ ਤਰੀਕੇ ਨਾਲ ਅਧਿਐਨ ਕੀਤਾ। ਸਮੇਂ ਦੇ ਬੀਤਣ ਨਾਲ ਹੋਰਨਾਂ ਵਿਦਵਾਨਾਂ ਨੇ ਅਧਿਐਨ ਕਰਨ ਦੇ ਹੋਰ ਤਰੀਕੇ ਲੱਭੇ। ਟਿਸ਼ਨਡੋਰਫ ਨੇ ਯੂਰਪ ਦੀਆਂ ਲਾਇਬ੍ਰੇਰੀਆਂ ਵਿਚ ਪਾਈਆਂ ਜਾਂਦੀਆਂ ਸਭ ਤੋਂ ਪੁਰਾਣੀਆਂ ਯੂਨਾਨੀ ਹੱਥ-ਲਿਖਤਾਂ ਦੀ ਸੂਚੀ ਬਣਾਉਣ ਦਾ ਬਹੁਤ ਹੀ ਔਖਾ ਕੰਮ ਸ਼ੁਰੂ ਕੀਤਾ। ਉਸ ਨੇ ਮੱਧ ਪੂਰਬ ਵਿਚ ਕਈ ਦੇਸ਼ਾਂ ਦੇ ਚੱਕਰ ਲਾਏ, ਸੈਂਕੜੇ ਹੱਥ-ਲਿਖਤਾਂ ਪੜ੍ਹੀਆਂ ਤੇ ਆਪਣੇ ਅਧਿਐਨ ਦੇ ਨਤੀਜੇ ਪ੍ਰਕਾਸ਼ਿਤ ਕੀਤੇ।
ਵੀਹਵੀਂ ਸਦੀ ਵਿਚ ਲਿਖਾਈ ਦੇ ਵਿਦਵਾਨਾਂ ਨੂੰ ਅਧਿਐਨ ਕਰਨ ਦੇ ਹੋਰ ਜ਼ਰੀਏ ਮਿਲੇ। ਇਕ ਜ਼ਰੀਆ ਸੀ ਮਾਰਸੈੱਲ ਰਿਚਰਡ ਦੀ ਸੂਚੀ। ਮਾਰਸੈੱਲ ਰਿਚਰਡ ਨੇ 900 ਕਿਤਾਬਾਂ ਦੀ ਸੂਚੀ ਬਣਾਈ ਜਿਨ੍ਹਾਂ ਵਿਚ ਬਾਈਬਲ ਦੀਆਂ ਅਤੇ ਹੋਰ ਕਿਤਾਬਾਂ ਦੀਆਂ 55,000 ਯੂਨਾਨੀ ਹੱਥ-ਲਿਖਤਾਂ ਬਾਰੇ ਜਾਣਕਾਰੀ ਮਿਲਦੀ ਹੈ। ਇਹ ਹੱਥ-ਲਿਖਤਾਂ 820 ਲਾਇਬ੍ਰੇਰੀਆਂ ਦੀ ਜਾਂ ਕਈ ਵਿਅਕਤੀਆਂ ਦੀ ਅਮਾਨਤ ਹੈ। ਜਾਣਕਾਰੀ ਦਾ ਇਹ ਖ਼ਜ਼ਾਨਾ ਅਨੁਵਾਦਕਾਂ ਦੇ ਬਹੁਤ ਕੰਮ ਆਉਂਦਾ ਹੈ। ਇਹ ਜਾਣਕਾਰੀ ਹੱਥ-ਲਿਖਤਾਂ ਦੇ ਲਿਖੇ ਜਾਣ ਦੀ ਤਾਰੀਖ਼ ਨਿਰਧਾਰਿਤ ਕਰਨ ਵਿਚ ਵੀ ਵਿਦਵਾਨਾਂ ਦੀ ਮਦਦ ਕਰਦੀ ਹੈ।
ਹੱਥ-ਲਿਖਤਾਂ ਦੀ ਤਾਰੀਖ਼ ਨਿਰਧਾਰਿਤ ਕਰਨ ਦੇ ਤਰੀਕੇ
ਇਕ ਉਦਾਹਰਣ ਤੇ ਗੌਰ ਕਰੋ। ਮੰਨ ਲਓ ਕਿ ਤੁਸੀਂ ਇਕ ਪੁਰਾਣੇ ਘਰ ਦਾ ਸਟੋਰ ਰੂਮ ਸਾਫ਼ ਕਰ ਰਹੋ ਹੋ ਤੇ ਤੁਹਾਨੂੰ ਇਕ ਚਿੱਠੀ ਲੱਭਦੀ ਹੈ ਜਿਸ ਤੇ ਕੋਈ ਤਾਰੀਖ਼ ਨਹੀਂ ਹੈ। ਬਹੁਤ ਪੁਰਾਣੀ ਹੋਣ ਕਰਕੇ ਇਸ ਦਾ ਰੰਗ ਵੀ ਪੀਲਾ ਪੈ ਚੁੱਕਾ ਹੈ। ਤੁਸੀਂ ਸੋਚਦੇ ਹੋ: ‘ਇਹ
ਕਿੰਨੀ ਕੁ ਪੁਰਾਣੀ ਹੋਊਗੀ?’ ਫਿਰ ਤੁਹਾਡੀ ਨਿਗਾਹ ਇਕ ਹੋਰ ਚਿੱਠੀ ਤੇ ਪੈਂਦੀ ਹੈ। ਲਿਖਣ ਵਾਲੇ ਦੀ ਲਿਖਾਈ, ਲਿਖਣ ਦੇ ਢੰਗ ਤੇ ਹੋਰ ਕਈ ਗੱਲਾਂ ਤੋਂ ਤੁਸੀਂ ਦੇਖ ਪਾਉਂਦੇ ਹੋ ਕਿ ਇਹ ਚਿੱਠੀ ਪਹਿਲੀ ਚਿੱਠੀ ਨਾਲ ਕੁਝ ਮਿਲਦੀ-ਜੁਲਦੀ ਹੈ। ਤੁਹਾਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਇਸ ਚਿੱਠੀ ਤੇ ਤਾਰੀਖ਼ ਵੀ ਦੱਸੀ ਹੋਈ ਹੈ। ਪਹਿਲੀ ਚਿੱਠੀ ਦੀ ਤਾਰੀਖ਼, ਸਾਲ ਤੇ ਮਹੀਨਾ ਤਾਂ ਤੁਸੀਂ ਸਹੀ-ਸਹੀ ਨਹੀਂ ਜਾਣ ਪਾਓਗੇ, ਪਰ ਤੁਸੀਂ ਅੰਦਾਜ਼ਾ ਤਾਂ ਜ਼ਰੂਰ ਲਗਾ ਪਾਓਗੇ।ਆਮ ਕਰਕੇ ਬਾਈਬਲੀ ਹੱਥ-ਲਿਖਤਾਂ ਦੀਆਂ ਨਕਲਾਂ ਬਣਾਉਣ ਵੇਲੇ ਨਕਲਨਵੀਸ ਕਾਪੀ ਉੱਤੇ ਤਾਰੀਖ਼ ਨਹੀਂ ਲਿਖਦੇ ਸਨ। ਨਕਲ ਦੀ ਤਾਰੀਖ਼ ਦਾ ਅਨੁਮਾਨ ਲਗਾਉਣ ਲਈ ਵਿਦਵਾਨ ਸਰਕਾਰੀ ਹੱਥ-ਲਿਖਤਾਂ ਵਗੈਰਾ ਨਾਲ ਤੁਲਨਾ ਕਰਦੇ ਹਨ ਜਿਨ੍ਹਾਂ ਦੀ ਤਾਰੀਖ਼ ਪਤਾ ਹੈ। ਉਹ ਇਨ੍ਹਾਂ ਹੱਥ-ਲਿਖਤਾਂ ਦੇ ਲਿਖਣ ਦਾ ਢੰਗ, ਵਿਸਰਾਮ ਚਿੰਨ੍ਹਾਂ ਤੇ ਹੋਰ ਚੀਜ਼ਾਂ ਨੂੰ ਆਪਸ ਵਿਚ ਮਿਲਾ ਕੇ ਦੇਖਦੇ ਹਨ। ਅਜਿਹੀਆਂ ਸੈਂਕੜੇ ਹੱਥ-ਲਿਖਤਾਂ ਹਨ ਜਿਨ੍ਹਾਂ ਦੀ ਤਾਰੀਖ਼ ਪਤਾ ਹੈ। ਇਹ ਯੂਨਾਨੀ ਵਿਚ ਲਿਖੀਆਂ ਹਨ ਤੇ 510 ਈ. ਤੋਂ ਲੈ ਕੇ 1593 ਈ. ਦੇ ਸਮੇਂ ਦੀਆਂ ਹਨ।
ਲਿਖਾਈ ਤੋਂ ਤਾਰੀਖ਼ ਦਾ ਪਤਾ ਕਰਨਾ
ਲਿਖਾਈ ਦੇ ਵਿਦਵਾਨ ਯੂਨਾਨੀ ਲਿਖਾਈ ਨੂੰ ਦੋ ਮੁੱਖ ਵਰਗਾਂ ਵਿਚ ਵੰਡਦੇ ਹਨ। ਪਹਿਲੇ ਵਰਗ ਦੀ ਲਿਖਾਈ ਸਰਕਾਰੀ ਦਸਤਾਵੇਜ਼ਾਂ ਵਗੈਰਾ ਲਈ ਵਰਤੀ ਜਾਂਦੀ ਸੀ ਤੇ ਦੇਖਣ ਨੂੰ ਸੋਹਣੀ ਲੱਗਦੀ ਸੀ। ਦੂਜੇ ਵਰਗ ਦੀ ਲਿਖਾਈ ਵਿਚ ਅੱਖਰ ਜੋੜੇ ਜਾਂਦੇ ਸਨ ਤੇ ਇਹ ਜਲਦੀ-ਜਲਦੀ ਲਿਖੀ ਜਾਂਦੀ ਸੀ। ਇਹ ਜ਼ਿਆਦਾਤਰ
ਆਮ ਦਸਤਾਵੇਜ਼ਾਂ ਲਈ ਵਰਤੀ ਜਾਂਦੀ ਸੀ। ਯੂਨਾਨੀ ਨਕਲਨਵੀਸ ਅੱਖਰਾਂ ਦੇ ਵੱਖੋ-ਵੱਖਰੇ ਰੂਪ ਵੀ ਵਰਤਦੇ ਸਨ। ਇਨ੍ਹਾਂ ਰੂਪਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ: ਵੱਡੇ ਅੱਖਰ (ਕੈਪੀਟਲਜ਼), ਵੱਡੇ ਅੱਖਰਾਂ ਦਾ ਛੋਟਾ ਰੂਪ (ਅੰਸੀਅਲਜ਼), ਜੁੜੇ ਅੱਖਰ (ਕਰਸਿਵਜ਼) ਅਤੇ ਛੋਟੇ ਅੱਖਰ (ਮਿਨੀਸਕਿਯੂਲਜ਼)। ਅੰਸੀਅਲ ਲਿਖਾਈ ਚੌਥੀ ਸਦੀ ਈ. ਪੂ. ਤੋਂ ਅੱਠਵੀਂ ਜਾਂ ਨੌਵੀਂ ਸਦੀ ਈ. ਤਕ ਵਰਤੀ ਗਈ ਸੀ। ਮਿਨਸਕਿਯੂਲ ਲਿਖਾਈ ਅੱਠਵੀਂ ਜਾਂ ਨੌਵੀਂ ਸਦੀ ਈ. ਤੋਂ 15ਵੀਂ ਸਦੀ ਦੇ ਅੱਧ ਤਕ ਵਰਤੀ ਗਈ ਸੀ ਜਦ ਯੂਰਪ ਵਿਚ ਛਪਾਈ ਮਸ਼ੀਨ ਦੀ ਕਾਢ ਕੱਢੀ ਗਈ ਸੀ। ਨਕਲਨਵੀਸ ਮਿਨਸਕਿਯੂਲ ਲਿਖਾਈ ਨੂੰ ਵਰਤਦੇ ਹੋਏ ਹੱਥ-ਲਿਖਤਾਂ ਨੂੰ ਜਲਦੀ-ਜਲਦੀ ਤਿਆਰ ਕਰ ਸਕਦੇ ਸਨ ਤੇ ਲਿਖਣ ਲਈ ਚੰਮ-ਪੱਤਰ ਦੀ ਵੀ ਬਚਤ ਹੁੰਦੀ ਸੀ।ਹੱਥ-ਲਿਖਤਾਂ ਦੀ ਤਾਰੀਖ਼ ਪਤਾ ਕਰਨ ਲਈ ਵਿਦਵਾਨ ਆਪਣੇ ਮਨ-ਪਸੰਦ ਢੰਗ ਵਰਤਦੇ ਹਨ। ਲੇਕਿਨ ਆਮ ਤੌਰ ਤੇ ਉਹ ਇਹ ਤਰੀਕਾ ਵਰਤਦੇ ਹਨ: ਪਹਿਲਾਂ ਉਹ ਹੱਥ-ਲਿਖਤ ਦੀ ਸਾਰੀ ਲਿਖਾਈ ਨੂੰ ਦੇਖਦੇ ਹਨ, ਫਿਰ ਉਹ ਹਰੇਕ ਅੱਖਰ ਨੂੰ ਚੰਗੀ ਤਰ੍ਹਾਂ ਜਾਂਚਦੇ ਹਨ। ਹਾਲਾਂਕਿ ਹਰੇਕ ਅੱਖਰ ਨੂੰ ਚੰਗੀ ਤਰ੍ਹਾਂ ਪਰਖਣ ਦੇ ਕੁਝ ਫ਼ਾਇਦੇ ਹਨ, ਪਰ ਇਸ ਦੇ ਲਿਖੇ ਜਾਣ ਦੀ ਤਾਰੀਖ਼ ਦਾ ਸਹੀ-ਸਹੀ ਪਤਾ ਲਗਾਉਣਾ ਮੁਸ਼ਕਲ ਹੀ ਰਹਿੰਦਾ ਹੈ। ਕਿਉਂ? ਕਿਉਂਕਿ ਲੰਬੇ ਸਮੇਂ ਤਕ ਲਿਖਾਈ ਵਿਚ ਤਬਦੀਲੀਆਂ ਘੱਟ ਹੀ ਆਉਂਦੀਆਂ ਸਨ।
ਖ਼ੁਸ਼ੀ ਦੀ ਗੱਲ ਹੈ ਕਿ ਤਾਰੀਖ਼ ਦਾ ਸਹੀ-ਸਹੀ ਪਤਾ ਲਗਾਉਣ ਦੇ ਹੋਰ ਵੀ ਤਰੀਕੇ ਹਨ। ਇਕ ਤਰੀਕਾ ਹੈ ਇਹ ਪਛਾਣਨਾ ਕਿ ਲਿਖਣ ਦੇ ਨਵੇਂ-ਨਵੇਂ ਢੰਗ ਕਿਹੜੀ ਸਦੀ ਵਿਚ ਵਰਤਣੇ ਸ਼ੁਰੂ ਹੋਏ ਸਨ। ਮਿਸਾਲ ਲਈ, ਸੰਨ 900 ਈ. ਤੋਂ ਬਾਅਦ ਯੂਨਾਨੀ ਹੱਥ-ਲਿਖਤਾਂ ਵਿਚ ਨਕਲਨਵੀਸ ਦੋ ਜਾਂ ਦੋ ਤੋਂ ਜ਼ਿਆਦਾ ਅੱਖਰਾਂ ਨੂੰ ਜੋੜਨ ਲੱਗ ਪਏ। ਇਸ ਤੋਂ ਇਲਾਵਾ, ਉਹ ਲਕੀਰ ਦੇ ਥੱਲੇ ਵੀ ਕੁਝ ਖ਼ਾਸ ਯੂਨਾਨੀ ਅੱਖਰ ਲਿਖਣ ਲੱਗੇ ਤੇ ਲਫ਼ਜ਼ਾਂ ਨੂੰ ਸਹੀ ਤਰ੍ਹਾਂ ਉਚਾਰਣ ਲਈ ਚਿੰਨ੍ਹਾਂ ਦੀ ਵਰਤੋਂ ਕਰਨ ਲੱਗੇ।
ਕਿਸੇ ਵਿਅਕਤੀ ਦੀ ਲਿਖਾਈ ਉਸ ਦੀ ਉਮਰ ਦੌਰਾਨ ਬਦਲਦੀ ਨਹੀਂ, ਸਗੋਂ ਉਵੇਂ ਦੀ ਉਵੇਂ ਹੀ ਰਹਿੰਦੀ ਹੈ। ਇਸ ਲਈ ਹੱਥ-ਲਿਖਤਾਂ ਦੀ ਅਸਲੀ ਤਾਰੀਖ਼ ਅਤੇ ਵਿਦਵਾਨਾਂ ਵੱਲੋਂ ਦੱਸੀ ਤਾਰੀਖ਼ ਵਿਚ ਘੱਟੋ-ਘੱਟ 50 ਸਾਲਾਂ ਦਾ ਫ਼ਰਕ ਹੋ ਸਕਦਾ ਹੈ। ਹੋਰ ਤਾਂ ਹੋਰ ਕਦੇ-ਕਦੇ ਨਕਲਨਵੀਸ ਕਾਫ਼ੀ ਪੁਰਾਣੀਆਂ ਕਾਪੀਆਂ ਲੈ ਕੇ ਇਨ੍ਹਾਂ ਦੀ ਇੰਨਬਿੰਨ ਨਕਲ ਉਤਾਰਦੇ ਸਨ ਜਿਸ ਕਰਕੇ ਨਵੀਂ ਨਕਲ ਵੀ ਪੁਰਾਣੀ ਹੱਥ-ਲਿਖਤ ਦੇ ਜ਼ਮਾਨੇ ਦੀ ਹੀ ਲੱਗਦੀ ਸੀ। ਫਿਰ ਵੀ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਕਈ ਅਹਿਮ ਬਾਈਬਲੀ ਹੱਥ-ਲਿਖਤਾਂ ਨੂੰ ਤਾਰੀਖ਼ ਦਿੱਤੀ ਗਈ ਹੈ।
ਅਹਿਮ ਯੂਨਾਨੀ ਬਾਈਬਲੀ ਹੱਥ-ਲਿਖਤਾਂ ਦੀ ਤਾਰੀਖ਼ ਪਤਾ ਕਰਨੀ
ਬ੍ਰਿਟਿਸ਼ ਲਾਇਬ੍ਰੇਰੀ ਵਿਚ ਪਿਆ ਐਲਕਜ਼ੈਨਡ੍ਰੀਨ ਮੈਨੁਸਕ੍ਰਿਪਟ (ਕੋਡੈਕਸ ਐਲਕਜ਼ੈਨਡ੍ਰੀਨਸ) ਪਹਿਲੀ ਮਹੱਤਵਪੂਰਣ ਬਾਈਬਲੀ ਹੱਥ-ਲਿਖਤ ਹੈ ਜਿਸ ਦਾ ਵਿਦਵਾਨ ਅਧਿਐਨ ਕਰ ਸਕਦੇ ਸਨ। ਇਸ ਵਿਚ ਬਾਈਬਲ ਦੀਆਂ ਤਕਰੀਬਨ ਸਾਰੀਆਂ ਕਿਤਾਬਾਂ ਹਨ ਜੋ ਚੰਮ-ਪੱਤਰ ਉੱਤੇ ਯੂਨਾਨੀ ਅੰਸੀਅਲ ਲਿਪੀ ਵਿਚ ਲਿਖੀਆਂ ਗਈਆਂ ਹਨ। ਐਲਕਜ਼ੈਨਡ੍ਰੀਨ ਮੈਨੁਸਕ੍ਰਿਪਟ ਦੀ ਤਾਰੀਖ਼ ਪੰਜਵੀਂ ਸਦੀ ਦੇ ਸ਼ੁਰੂ ਦੀ ਨਿਰਧਾਰਿਤ ਕੀਤੀ ਗਈ ਹੈ। ਇਸ ਦਾ ਮੁੱਖ ਕਾਰਨ ਹੈ ਕਿ ਪੰਜਵੀਂ ਤੇ ਛੇਵੀਂ ਸਦੀ ਵਿਚ ਅੰਸੀਅਲ ਲਿਖਾਈ ਵਿਚ ਤਬਦੀਲੀਆਂ ਆਈਆਂ ਸਨ ਜੋ ਡਾਇਓਸੋਰੀਡੇਜ਼ ਆਫ਼ ਵੀਐਨਾ ਨਾਂ ਦੇ ਇਕ ਦਸਤਾਵੇਜ਼ ਵਿਚ ਦੇਖਣ ਨੂੰ ਮਿਲਦੀਆਂ ਹਨ। ਇਸ ਦਸਤਾਵੇਜ਼ ਦੀ ਤਾਰੀਖ਼ ਪਤਾ ਹੈ। *
ਟਿਸ਼ਨਡੋਰਫ ਨੂੰ ਸੇਂਟ ਕੈਥਰੀਨ ਮੱਠ ਵਿਚ ਲੱਭੀ ਸਿਨਾਟਿਕ ਮੈਨੁਸਕ੍ਰਿਪਟ ਦੂਜੀ ਅਹਿਮ ਹੱਥ-ਲਿਖਤ ਹੈ ਜਿਸ ਤੋਂ ਵਿਦਵਾਨਾਂ ਨੂੰ ਬਾਈਬਲ ਸੰਬੰਧੀ ਬਹੁਤ ਜਾਣਕਾਰੀ ਮਿਲ ਸਕਦੀ ਹੈ। ਇਸ ਉੱਤੇ ਯੂਨਾਨੀ ਅੰਸੀਅਲ ਲਿਖਾਈ ਵਰਤੀ ਗਈ ਹੈ। ਇਸ ਵਿਚ ਯੂਨਾਨੀ ਸੈਪਟੁਜਿੰਟ ਤੋਂ ਲਈਆਂ ਗਈਆਂ ਉਤਪਤ ਤੋਂ ਲੈ ਕੇ ਮਲਾਕੀ ਦੀਆਂ ਪੋਥੀਆਂ ਦੇ ਕੁਝ ਹਿੱਸੇ ਹਨ ਅਤੇ ਮੱਤੀ ਤੋਂ ਲੈ ਕੇ ਪਰਕਾਸ਼ ਦੀ ਪੋਥੀ ਦਾ ਸਾਰਾ ਹਿੱਸਾ ਹੈ। ਇਸ ਦੇ 43 ਪੰਨੇ ਲੀਪਸਿਗ, ਜਰਮਨੀ ਵਿਚ ਹਨ, 347 ਪੰਨੇ ਲੰਡਨ ਦੀ ਬ੍ਰਿਟਿਸ਼ ਲਾਇਬ੍ਰੇਰੀ ਵਿਚ ਤੇ 3 ਪੰਨਿਆਂ ਦੇ ਕੁਝ ਟੁਕੜੇ ਸੇਂਟ ਪੀਟਰਸਬਰਗ, ਰੂਸ ਵਿਚ ਹਨ। ਇਸ ਹੱਥ-ਲਿਖਤ ਨੂੰ ਚੌਥੀ ਸਦੀ ਦੇ ਅਖ਼ੀਰਲੇ ਹਿੱਸੇ ਦੀ ਤਾਰੀਖ਼ ਦਿੱਤੀ ਗਈ ਹੈ ਕਿਉਂਕਿ ਇਸ ਹੱਥ-ਲਿਖਤ ਦੇ ਹਾਸ਼ੀਏ ਵਿਚ ਹਵਾਲਿਆਂ ਦੇ ਕ੍ਰਾਸ-ਰੈਫ਼ਰੈਂਸਿਸ ਦਿੱਤੇ ਗਏ ਹਨ। ਹਾਸ਼ੀਏ ਅੰਦਰ ਹਵਾਲਿਆਂ ਦੇ ਕ੍ਰਾਸ-ਰੈਫ਼ਰੈਂਸਿਸ ਦੇਣ ਦੀ ਤਰਕੀਬ ਕੈਸਰਿਯਾ ਦੇ ਇਤਿਹਾਸਕਾਰ ਯੂਸੀਬੀਅਸ ਨੇ ਸੋਚੀ ਸੀ ਜੋ ਚੌਥੀ ਸਦੀ ਵਿਚ ਰਹਿੰਦਾ ਸੀ। *
ਵੈਟੀਕਨ ਮੈਨੁਸਕ੍ਰਿਪਟ ਨੰ. 1209 (ਕੋਡੈਕਸ ਵੈਟੀਕਨਸ) ਤੀਜੀ ਅਹਿਮ ਹੱਥ-ਲਿਖਤ ਹੈ ਜਿਸ ਵਿਚ ਯੂਨਾਨੀ ਭਾਸ਼ਾ ਵਿਚ ਪੂਰੀ ਬਾਈਬਲ ਸੀ। ਇਹ ਪਹਿਲੀ ਵਾਰੀ 1475 ਵਿਚ ਵੈਟੀਕਨ ਲਾਇਬ੍ਰੇਰੀ ਦੀ ਸੂਚੀ ਵਿਚ ਦਰਜ ਕੀਤੀ ਗਈ ਸੀ। ਇਹ ਵੀ ਯੂਨਾਨੀ ਅੰਸੀਅਲ ਲਿਪੀ ਵਿਚ ਲਿਖੀ ਗਈ ਹੈ ਅਤੇ ਇਸ ਦੇ 759 ਪੰਨੇ ਹਨ। ਉਤਪਤ ਦੀ ਪੋਥੀ ਦੇ ਜ਼ਿਆਦਾ ਹਿੱਸੇ, ਜ਼ਬੂਰਾਂ ਦੀ ਪੋਥੀ ਦੇ ਕੁਝ ਹਿੱਸੇ ਤੇ ‘ਨਵੇਂ ਨੇਮ’ ਦੇ ਕੁਝ-ਕੁਝ ਹਿੱਸਿਆਂ ਤੋਂ ਛੁੱਟ, ਇਸ ਕੋਡੈਕਸ ਵਿਚ ਪੂਰੀ ਬਾਈਬਲ ਦਰਜ ਹੈ। ਵਿਦਵਾਨਾਂ ਨੇ ਇਸ ਮੈਨੁਸਕ੍ਰਿਪਟ ਦੀ ਤਾਰੀਖ਼ ਚੌਥੀ ਸਦੀ ਈ. ਦੀ ਨਿਰਧਾਰਿਤ ਕੀਤੀ ਹੈ। ਇਹ ਤਾਰੀਖ਼ ਕਿਉਂ? ਕਿਉਂਕਿ ਇਸ ਦੀ ਲਿਖਾਈ ਸਿਨਾਟਿਕ ਹੱਥ-ਲਿਖਤ ਨਾਲ ਮਿਲਦੀ-ਜੁਲਦੀ ਹੈ ਜੋ ਚੌਥੀ ਸਦੀ ਈ. ਦੀ ਹੈ। ਮੰਨਿਆ ਜਾਂਦਾ ਹੈ ਕਿ ਵੈਟੀਕਨਸ ਥੋੜ੍ਹੀ ਕੁ ਪੁਰਾਣੀ ਹੈ ਕਿਉਂਕਿ ਹੋਰ ਕਈ ਚੀਜ਼ਾਂ ਤੋਂ ਇਲਾਵਾ, ਇਸ ਵਿਚ ਕ੍ਰਾਸ-ਰੈਫ਼ਰੈਂਸਿਸ ਨਹੀਂ ਹਨ।
ਰੱਦੀ ਵਿੱਚੋਂ ਖ਼ਜ਼ਾਨਾ ਲੱਭਣਾ
ਸੰਨ 1920 ਵਿਚ ਮੈਨਚੈੱਸਟਰ, ਇੰਗਲੈਂਡ ਵਿਚ ਜੌਨ ਰਾਇਲੈਂਡਜ਼ ਲਾਇਬ੍ਰੇਰੀ ਨੂੰ ਹੱਥ-ਲਿਖਤਾਂ ਮਿਲੀਆਂ ਜੋ ਪੁਰਾਤੱਤਵ-ਵਿਗਿਆਨੀਆਂ ਨੂੰ ਮਿਸਰ ਵਿਚ ਸਦੀਆਂ ਪੁਰਾਣੇ ਪਪਾਇਰੀ ਕਾਗਜ਼ਾਂ ਵਿੱਚੋਂ ਲੱਭੀਆਂ ਸਨ। ਰੱਦੀ ਨੂੰ ਪਰਖਦਿਆਂ, ਜਿਨ੍ਹਾਂ ਵਿਚ ਚਿੱਠੀਆਂ, ਰਸੀਦਾਂ, ਸਰਕਾਰੀ ਦਸਤਾਵੇਜ਼ ਵਗੈਰਾ ਵੀ ਸ਼ਾਮਲ ਸਨ, ਵਿਦਵਾਨ ਕੌਲਿਨ ਰੌਬਰਟਸ ਨੇ ਪਪਾਇਰਸ ਦਾ ਇਕ ਟੁਕੜਾ ਦੇਖਿਆ ਜਿਸ ਤੇ ਯੂਹੰਨਾ ਦੇ 18ਵੇਂ ਅਧਿਆਇ ਦੇ ਕੁਝ ਹਵਾਲੇ ਹਨ। ਇਹ ‘ਨਵੇਂ ਨੇਮ’ ਦਾ ਸਭ ਤੋਂ ਪੁਰਾਣਾ ਟੁਕੜਾ ਸੀ।
ਇਹ ਟੁਕੜਾ ਅੱਜ ਜੌਨ ਰਾਇਲੈਂਡਜ਼ ਪਪਾਇਰਸ 457 ਵਜੋਂ ਜਾਣਿਆ ਜਾਂਦਾ ਹੈ, ਜਾਂ ਸੰਖੇਪ ਵਿਚ P52। ਇਹ ਵੀ ਯੂਨਾਨੀ ਅੰਸੀਅਲ ਲਿਪੀ ਵਿਚ ਲਿਖਿਆ ਗਿਆ ਹੈ ਤੇ ਇਸ ਨੂੰ ਦੂਜੀ ਸਦੀ ਦੀ ਤਾਰੀਖ਼ ਦਿੱਤੀ ਗਈ ਹੈ। ਇਹ ਯੂਹੰਨਾ ਦੀ ਇੰਜੀਲ ਨੂੰ ਕਲਮਬੱਧ ਕਰਨ ਤੋਂ ਸਿਰਫ਼ ਕੁਝ ਦਹਾਕਿਆਂ ਬਾਅਦ ਹੀ ਲਿਖੀ ਗਈ ਸੀ! ਯੂਹੰਨਾ ਦੀ ਇੰਜੀਲ ਦੀਆਂ ਜੋ ਵੀ ਨਕਲਾਂ ਸਦੀਆਂ ਬਾਅਦ ਬਣਾਈਆਂ ਗਈਆਂ ਸਨ, ਉਨ੍ਹਾਂ ਵਿਚ ਤੇ ਇਸ ਹੱਥ-ਲਿਖਤ ਵਿਚ ਤਕਰੀਬਨ ਸਾਰੀ ਜਾਣਕਾਰੀ ਜਿਵੇਂ ਦੀ ਤਿਵੇਂ ਹੀ ਹੈ।
ਪੁਰਾਣੀ ਪਰ ਸਹੀ!
ਆਪਣੀ ਕਿਤਾਬ ਦ ਬਾਈਬਲ ਐਂਡ ਆਰਕੀਓਲੋਜੀ ਵਿਚ ਬਾਈਬਲੀ ਭਾਸ਼ਾ ਦੇ ਵਿਗਿਆਨ ਸਰ ਫ੍ਰੈਡਰਿਕ ਕੈਨਿਅਨ ਨੇ ਬਾਈਬਲ ਦੇ ‘ਨਵੇਂ ਨੇਮ’ ਬਾਰੇ ਲਿਖਿਆ ਕਿ ਸਦੀਆਂ ਦੌਰਾਨ ਨਵੇਂ ਨੇਮ ਦੀਆਂ ਨਕਲਾਂ ਉਤਾਰਨ ਦੇ ਬਾਵਜੂਦ ਵੀ, ‘ਅਸੀਂ ਮੰਨਦੇ ਹਾਂ ਬਾਈਬਲ ਹੂ-ਬਹੂ ਉਵੇਂ ਹੈ ਜਿਵੇਂ ਪਰਮੇਸ਼ੁਰ ਨੇ ਆਪਣੇ ਭਗਤਾਂ ਰਾਹੀਂ ਲਿਖਾਈ ਸੀ।’ ਵਿਦਵਾਨ ਵਿਲੀਅਮ ਐੱਚ. ਗ੍ਰੀਨ ਨੇ ‘ਪੁਰਾਣੇ ਨੇਮ’ ਬਾਰੇ ਲਿਖਿਆ: ‘ਹੋਰ ਕਿਸੇ ਵੀ ਪੁਰਾਣੀ ਕਿਤਾਬ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਹੈ ਜੋ ਬਾਈਬਲ ਬਾਰੇ ਕਹਿਣਾ ਢੁਕਦਾ ਹੈ ਕਿ ਇਸ ਵਿਚ ਸੈਂਕੜੇ ਸਾਲਾਂ ਦੌਰਾਨ ਵੀ ਕੋਈ ਬਦਲਾਅ ਨਹੀਂ ਆਇਆ ਹੈ।’
ਇਹ ਗੱਲਾਂ ਸਾਨੂੰ ਪਤਰਸ ਰਸੂਲ ਦੇ ਇਹ ਸ਼ਬਦ ਯਾਦ ਕਰਾਉਂਦੀਆਂ ਹਨ: “ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਤੇਜ ਘਾਹ ਦੇ ਫੁੱਲ ਵਰਗਾ ਹੈ। ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਪ੍ਰਭੁ [ਯਹੋਵਾਹ] ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ।”—1 ਪਤ. 1:24, 25. (g 08 02)
[ਫੁਟਨੋਟ]
^ ਪੈਰਾ 2 ਇਹ ਵਿਦਵਾਨ ਪ੍ਰਾਚੀਨ ਕਾਲ ਤੇ ਮੱਧਕਾਲ ਵਿਚ ਪਪਾਇਰਸ, ਚੰਮ-ਪੱਤਰ ਜਾਂ ਕਾਗਜ਼ ਉੱਤੇ ਲਿਖੇ ਗਏ ਅੱਖਰਾਂ ਦਾ ਅਧਿਐਨ ਕਰਦੇ ਹਨ।—ਦ ਵਰਲਡ ਬੁੱਕ ਐਨਸਾਈਕਲੋਪੀਡੀਆ।
^ ਪੈਰਾ 16 ਡਾਇਓਸੋਰੀਡੇਜ਼ ਦਸਤਾਵੇਜ਼ ਵੀਐਨਾ ਸ਼ਹਿਰ ਦੀ ਜੂਲੀਆਨਾ ਅਨੀਸੀਯਾ ਵਾਸਤੇ ਲਿਖਿਆ ਗਿਆ ਸੀ ਜਿਸ ਦੀ ਮੌਤ ਸ਼ਾਇਦ 527 ਜਾਂ 528 ਈ. ਵਿਚ ਹੋਈ ਸੀ। ਇਹ “ਚੰਮ-ਪੱਤਰ ਦਾ ਬਣਿਆ ਦਸਤਾਵੇਜ਼ ਯੂਨਾਨੀ ਅੰਸੀਅਲ ਲਿਪੀ ਵਿਚ ਲਿਖਿਆ ਹੋਇਆ ਹੈ। ਇਹ ਦਸਤਾਵੇਜ਼ ਯੂਨਾਨੀ ਅੰਸੀਅਲ ਲਿਖਾਈ ਦਾ ਸਭ ਤੋਂ ਪੁਰਾਣਾ ਨਮੂਨਾ ਹੈ ਜਿਸ ਦੀ ਤਾਰੀਖ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।”—ਯੂਨਾਨੀ ਤੇ ਲਾਤੀਨੀ ਲਿਖਾਈ ਦੀ ਜਾਣਕਾਰੀ, ਲੇਖਕ ਈ. ਐੱਮ. ਟੌਮਸਨ।
^ ਪੈਰਾ 17 ‘ਇੰਜੀਲ ਦੀਆਂ ਦੂਜੀਆਂ ਕਿਤਾਬਾਂ ਵਿਚ ਹੋਰ ਮਿਲਦੇ-ਜੁਲਦੇ ਹਵਾਲੇ ਲੱਭਣ ਲਈ’ ਯੂਸੀਬੀਅਸ ਨੇ ਕ੍ਰਾਸ-ਰੈਫ਼ਰੈਂਸਿਸ ਵਰਤਣੇ ਸ਼ੁਰੂ ਕੀਤੇ ਸਨ।—ਯੂਨਾਨੀ ਬਾਈਬਲ ਦੀਆਂ ਹੱਥ-ਲਿਖਤਾਂ, ਲੇਖਕ ਬਰੂਸ ਐੱਮ. ਮੈਟਜ਼ਗਰ।
[ਸਫ਼ਾ 17 ਉੱਤੇ ਸੁਰਖੀ]
ਜਿਨ੍ਹਾਂ ਹੱਥ-ਲਿਖਤਾਂ ਦੀ ਤਾਰੀਖ਼ ਪਤਾ ਹੈ, ਵਿਦਵਾਨ ਉਨ੍ਹਾਂ ਦੀ ਚੰਗਾ ਤਰ੍ਹਾਂ ਜਾਂਚ ਕਰ ਕੇ ਦੂਸਰੇ ਹੱਥ-ਲਿਖਤਾਂ ਦੀ ਤਾਰੀਖ਼ ਪਤਾ ਕਰ ਸਕਦੇ ਹਨ
[ਸਫ਼ਾ 16 ਉੱਤੇ ਤਸਵੀਰ]
ਯਸਾਯਾਹ ਦੀਆਂ ਮ੍ਰਿਤ ਸਾਗਰ ਪੋਥੀਆਂ ਦੀ ਤਾਰੀਖ਼ ਨਿਰਧਾਰਿਤ ਕਰਨੀ
ਯਸਾਯਾਹ ਦੀ ਪਹਿਲੀ ਮ੍ਰਿਤ ਸਾਗਰ ਪੋਥੀ 1947 ਵਿਚ ਲੱਭੀ ਸੀ। ਇਹ ਚੰਮ-ਪੱਤਰ ਉੱਤੇ ਲਿਖੀ ਗਈ ਹੈ ਅਤੇ ਇਸ ਵਿਚ ਇਬਰਾਨੀ ਲਿਪੀ ਵਰਤੀ ਗਈ ਹੈ। ਇਸ ਹੱਥ-ਲਿਖਤ ਦੀ ਤਾਰੀਖ਼ ਦੂਜੀ ਸਦੀ ਈ. ਪੂ. ਨਿਰਧਾਰਿਤ ਕੀਤੀ ਗਈ ਹੈ। ਵਿਦਵਾਨਾਂ ਨੇ ਇਹ ਤਾਰੀਖ਼ ਕਿਵੇਂ ਨਿਰਧਾਰਿਤ ਕੀਤੀ? ਉਨ੍ਹਾਂ ਨੇ ਇਸ ਹੱਥ-ਲਿਖਤ ਨੂੰ ਇਬਰਾਨੀ ਲਿਪੀ ਵਿਚ ਲਿਖੀਆਂ ਦੂਜੀਆਂ ਹੱਥ-ਲਿਖਤਾਂ ਅਤੇ ਸ਼ਿਲਾ-ਲੇਖਾਂ ਨਾਲ ਆਪਸ ਵਿਚ ਮਿਲਾ ਕੇ ਦੇਖਿਆ ਅਤੇ ਅਨੁਮਾਨ ਲਗਾਇਆ ਕਿ ਇਹ 125 ਈ. ਪੂ. ਤੇ 100 ਈ. ਪੂ. ਦਰਮਿਆਨ ਲਿਖੀ ਗਈ ਸੀ। ਇਸ ਤੋਂ ਇਲਾਵਾ, ਤਾਰੀਖ਼ ਨਿਰਧਾਰਿਤ ਕਰਨ ਲਈ ਕਾਰਬਨ-14 ਤਰੀਕੇ ਦੀ ਵਰਤੋਂ ਕੀਤੀ ਗਈ।
ਵਿਦਵਾਨਾਂ ਨੇ ਮ੍ਰਿਤ ਸਾਗਰ ਪੋਥੀਆਂ ਦੀ ਤੁਲਨਾ ਸਦੀਆਂ ਬਾਅਦ ਲਿਖੀਆਂ ਮਸੋਰਾ ਹੱਥ-ਲਿਖਤਾਂ ਨਾਲ ਕੀਤੀ। ਇਸ ਤੋਂ ਪਤਾ ਲੱਗਾ ਕਿ ਯਸਾਯਾਹ ਦੀ ਪੋਥੀ ਦੀਆਂ ਗੱਲਾਂ ਵਿਚ ਕੋਈ ਤਬਦੀਲੀ ਨਹੀਂ ਆਈ ਸੀ। * ਫ਼ਰਕ ਸਿਰਫ਼ ਛੋਟੀਆਂ-ਛੋਟੀਆਂ ਗੱਲਾਂ ਵਿਚ ਹੈ, ਜਿਵੇਂ ਸ਼ਬਦ-ਜੋੜ ਅਤੇ ਵਿਆਕਰਣ ਵਿਚ। ਮ੍ਰਿਤ ਸਾਗਰ ਪੋਥੀਆਂ ਵਿਚ ਯਹੋਵਾਹ ਪਰਮੇਸ਼ੁਰ ਦੇ ਨਾਂ ਦਾ ਇਬਰਾਨੀ ਰੂਪ ਵੀ ਕਈ ਵਾਰ ਵਰਤਿਆ ਗਿਆ ਹੈ।
[ਫੁਟਨੋਟ]
^ ਪੈਰਾ 34 ਮੈਸਰੀਟ ਲੋਕ ਯਹੂਦੀ ਸਨ ਜੋ ਬਾਈਬਲ ਦੀਆਂ ਹੱਥ-ਲਿਖਤਾਂ ਦੀਆਂ ਨਕਲਾਂ ਬਣਾਉਣ ਵਿਚ ਮਾਹਰ ਸਨ। ਇਹ ਲੋਕ 500 ਈ. ਤੇ 1,000ਈ. ਵਿਚਕਾਰ ਰਹਿੰਦੇ ਸਨ।
[ਸਫ਼ਾ 16, 17 ਉੱਤੇ ਚਾਰਟ/ਤਸਵੀਰਾਂ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਯੂਨਾਨੀ ਲਿਖਾਈ
ਵੱਡੇ ਅੱਖਰਾਂ ਦਾ ਛੋਟਾ ਰੂਪ (ਅੰਸੀਅਲਜ਼)
ਚੌਥੀ ਸਦੀ ਈ. ਪੂ. ਤੋਂ ਅੱਠਵੀਂ ਜਾਂ ਨੌਵੀਂ ਸਦੀ ਈ. ਤਕ
ਮਿਨੀਸਕਿਯੂਲ
ਅੱਠਵੀਂ ਜਾਂ ਨੌਵੀਂ ਸਦੀ ਈ. ਤੋਂ ਲੈ ਕੇ 15 ਵੀਂ ਸਦੀ ਤਕ
ਅਹਿਮ ਹੱਥ-ਲਿਖਤਾਂ
400
200
ਮ੍ਰਿਤ ਸਾਗਰ ਪੋਥੀ
ਦੂਜੀ ਸਦੀ ਈ. ਪੂ.
ਈ. ਪੂ.
ਈ.
100
ਜੌਨ ਰਾਇਲੈਂਡਜ਼ ਪਪਾਇਰਸ 457
125 ਈ.
300
ਵੈਟੀਕਨ ਮੈਨੁਸਕ੍ਰਿਪਟ ਨੰ. 1209
ਚੌਥੀ ਸਦੀ ਦੇ ਸ਼ੁਰੂ ਵਿਚ
ਸਿਨਾਟਿਕ ਮੈਨੁਸਕ੍ਰਿਪਟ
ਚੌਥੀ ਸਦੀ
400
ਐਲਕਜ਼ੈਨਡ੍ਰੀਨ ਮੈਨੁਸਕ੍ਰਿਪਟ
ਪੰਜਵੀਂ ਸਦੀ ਦੇ ਸ਼ੁਰੂ ਵਿਚ
500
700
800
[ਸਫ਼ਾ 15 ਉੱਤੇ ਤਸਵੀਰ]
ਉੱਪਰ: ਕਾਂਸਟੰਟੀਨ ਵੌਨ ਟਿਸ਼ਨਡੋਰਫ
ਸੱਜੇ: ਬਰਨਾਰਡ ਡ ਮੌਂਟਫੌਸਨ
[ਕ੍ਰੈਡਿਟ ਲਾਈਨ]
© Réunion des Musées Nationaux/Art Resource, NY
[ਸਫ਼ਾ 16 ਉੱਤੇ ਤਸਵੀਰ]
Dead Sea Scroll:ਮ੍ਰਿਤ ਸਾਗਰ ਪੋਥੀ: Shrine of the Book, Israel Museum, Jerusalem
[ਸਫ਼ਾ 17 ਉੱਤੇ ਕ੍ਰੈਡਿਟ ਲਾਈਨਾਂ]
Typographical facsimile of Vatican Manuscript No. 1209: From the book Bibliorum Sacrorum Graecus Codex Vaticanus, 1868; Reproduction of Sinaitic Manuscript: 1 Timothy 3:16, as it appears in the Codex Sinaiticus, 4th century C.E.; Alexandrine Manuscript: From The Codex Alexandrinus in Reduced Photographic Facsimile, 1909, by permission of the British Library