Skip to content

Skip to table of contents

ਆਪਣੀ ਭੈਣ ਜਾਂ ਭਰਾ ਦੀ ਆਤਮ-ਹੱਤਿਆ ਦਾ ਸਦਮਾ ਮੈਂ ਕਿੱਦਾਂ ਸਹਾਂ?

ਆਪਣੀ ਭੈਣ ਜਾਂ ਭਰਾ ਦੀ ਆਤਮ-ਹੱਤਿਆ ਦਾ ਸਦਮਾ ਮੈਂ ਕਿੱਦਾਂ ਸਹਾਂ?

ਨੌਜਵਾਨ ਪੁੱਛਦੇ ਹਨ

ਆਪਣੀ ਭੈਣ ਜਾਂ ਭਰਾ ਦੀ ਆਤਮ-ਹੱਤਿਆ ਦਾ ਸਦਮਾ ਮੈਂ ਕਿੱਦਾਂ ਸਹਾਂ?

ਕੈਰਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦ ਉਸ ਦੇ ਡੈਡੀ ਨੇ ਉਸ ਨੂੰ ਖ਼ਬਰ ਦਿੱਤੀ। ਉਹ ਸਿਰਫ਼ ਇੰਨਾ ਹੀ ਕਹਿ ਸਕਿਆ ਕਿ “ਸ਼ੀਲਾ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ।” ਕੈਰਨ ਆਪਣੇ ਡੈਡੀ ਨਾਲ ਲਿਪਟ ਕੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਨ੍ਹਾਂ ਦੋਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਸ਼ੀਲਾ ਨੇ ਆਖ਼ਰ ਇੱਦਾਂ ਕਿਉਂ ਕੀਤਾ। ਕੈਰਨ ਦੀ ਭੈਣ ਨੇ ਖ਼ੁਦਕਸ਼ੀ ਕਰ ਲਈ ਸੀ। *

ਜਦ ਕੋਈ ਨੌਜਵਾਨ ਮਰਦਾ ਹੈ, ਤਾਂ ਦਿਲਾਸਾ ਦੇਣ ਵਾਲੇ ਅਕਸਰ ਉਸ ਦੇ ਮਾਪਿਆਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਉਹ ਮਰਨ ਵਾਲੇ ਨੌਜਵਾਨ ਦੇ ਭੈਣ-ਭਰਾਵਾਂ ਨੂੰ ਪੁੱਛਦੇ ਹਨ: “ਮੰਮੀ-ਡੈਡੀ ਦਾ ਕੀ ਹਾਲ ਹੈ?” ਲੇਕਿਨ ਸ਼ਾਇਦ ਉਹ ਇਹ ਪੁੱਛਣਾ ਭੁੱਲ ਜਾਣ ਕਿ “ਤੁਹਾਡਾ ਕੀ ਹਾਲ ਹੈ?” ਇਹ ਦੇਖਿਆ ਗਿਆ ਹੈ ਕਿ ਕਈ ਵਾਰੀ ਮਰਨ ਵਾਲੇ ਨੌਜਵਾਨ ਦੇ ਭੈਣ-ਭਰਾਵਾਂ ਨੂੰ ਜ਼ਰੂਰੀ ਦਿਲਾਸਾ ਨਹੀਂ ਦਿੱਤਾ ਜਾਂਦਾ।

ਰਿਸਰਚ ਅਨੁਸਾਰ ਭੈਣ ਜਾਂ ਭਰਾ ਦੀ ਮੌਤ ਹੋਣ ਤੇ ਛੋਟੇ ਬੱਚਿਆਂ ਨੂੰ ਡੂੰਘਾ ਸਦਮਾ ਪਹੁੰਚਦਾ ਹੈ। ਡਾ. ਪੀ. ਗਿਲ ਵ੍ਹਾਈਟ ਆਪਣੀ ਕਿਤਾਬ ਵਿਚ ਲਿਖਦੀ ਹੈ: “ਭਰਾ ਜਾਂ ਭੈਣ ਵੱਲੋਂ ਖ਼ੁਦਕਸ਼ੀ ਕਰਨ ’ਤੇ ਬੱਚਿਆਂ ਦੀ ਸਿਹਤ, ਸਕੂਲੀ ਪੜ੍ਹਾਈ, ਵਤੀਰੇ, ਸਵੈ-ਮਾਣ ਅਤੇ ਵਿਕਾਸ ’ਤੇ ਮਾੜਾ ਅਸਰ ਪੈਂਦਾ ਹੈ।”—ਭੈਣ ਜਾਂ ਭਰਾ ਦੀ ਮੌਤ ਦੇ ਗਮ ਨੂੰ ਭੁਲਾਉਣਾ (ਅੰਗ੍ਰੇਜ਼ੀ)।

ਮਰਨ ਵਾਲੇ ਨੌਜਵਾਨਾਂ ਦੇ ਵੱਡੇ ਭੈਣ-ਭਰਾਵਾਂ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ। ਕੈਰਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਬਾਈ ਸਾਲਾਂ ਦੀ ਸੀ ਜਦੋਂ ਉਸ ਦੀ ਛੋਟੀ ਭੈਣ ਸ਼ੀਲਾ ਨੇ ਆਤਮ-ਹੱਤਿਆ ਕੀਤੀ। ਉਸ ਲਈ ਆਪਣੀ ਭੈਣ ਦੀ ਮੌਤ ਦਾ ਗਮ ਸਹਿਣਾ ਬੜਾ ਮੁਸ਼ਕਲ ਸੀ। ਕੈਰਨ ਦੱਸਦੀ ਹੈ: “ਮੈਂ ਇਹ ਨਹੀਂ ਕਹਿੰਦੀ ਕਿ ਮੇਰਾ ਗਮ ਮੰਮੀ-ਡੈਡੀ ਨਾਲੋਂ ਜ਼ਿਆਦਾ ਸੀ। ਪਰ ਆਪਣੇ ਗਮ ਨੂੰ ਭੁਲਾਉਣ ਵਿਚ ਮੈਨੂੰ ਉਨ੍ਹਾਂ ਨਾਲੋਂ ਜ਼ਿਆਦਾ ਸਮਾਂ ਲੱਗਾ।”

ਕੀ ਤੁਸੀਂ ਵੀ ਕੈਰਨ ਵਾਂਗ ਆਪਣੀ ਭੈਣ ਜਾਂ ਭਰਾ ਦੀ ਮੌਤ ਦਾ ਗਮ ਸਹਿਆ ਹੈ? ਜੇ ਹਾਂ, ਤਾਂ ਸ਼ਾਇਦ ਤੁਸੀਂ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਮਹਿਸੂਸ ਕਰਦੇ ਹੋਵੋਗੇ ਜਿਸ ਨੇ ਲਿਖਿਆ: “ਮੈਂ ਦੁਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ।” (ਜ਼ਬੂਰਾਂ ਦੀ ਪੋਥੀ 38:6) ਤਾਂ ਫਿਰ ਤੁਸੀਂ ਆਪਣੇ ਗਮ ਨੂੰ ਕਿਵੇਂ ਸਹਿ ਸਕਦੇ ਹੋ?

“ਕਾਸ਼ . . . ”

ਕਈ ਆਪਣੀ ਭੈਣ ਜਾਂ ਭਰਾ ਦੀ ਆਤਮ-ਹੱਤਿਆ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹਨ। ਸ਼ਾਇਦ ਤੁਸੀਂ ਸੋਚੋ: ‘ਕਾਸ਼ ਮੈਂ ਆਪਣੇ ਭਰਾ (ਜਾਂ ਭੈਣ) ਨੂੰ ਜ਼ਿਆਦਾ ਸਮਝ ਪਾਉਂਦਾ, ਤਾਂ ਅੱਜ ਉਹ ਜੀਉਂਦਾ ਹੁੰਦਾ।’ ਤੁਹਾਨੂੰ ਸ਼ਾਇਦ ਲੱਗੇ ਕਿ ਤੁਸੀਂ ਉਸ ਦੀ ਜਾਨ ਬਚਾ ਸਕਦੇ ਸੀ। ਕ੍ਰਿਸ ਜੋ ਇੱਕੀ ਸਾਲਾਂ ਦਾ ਸੀ ਜਦ ਉਸ ਦੇ ਅਠਾਰਾਂ ਸਾਲਾਂ ਦੇ ਭਰਾ ਨੇ ਆਤਮ-ਹੱਤਿਆ ਕੀਤੀ, ਇਸੇ ਤਰ੍ਹਾਂ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਿਹਾ ਸੀ। ਉਹ ਦੱਸਦਾ ਹੈ: “ਮਰਨ ਤੋਂ ਪਹਿਲਾਂ ਮੇਰੇ ਭਰਾ ਨੇ ਮੇਰੇ ਨਾਲ ਹੀ ਗੱਲ ਕੀਤੀ ਸੀ। ਮੈਨੂੰ ਭਾਂਪ ਲੈਣਾ ਚਾਹੀਦਾ ਸੀ ਕਿ ਕੁਝ ਤਾਂ ਗੜਬੜ ਸੀ। ਜੇ ਸਾਡੇ ਆਪਸ ਵਿਚ ਜ਼ਿਆਦਾ ਪਿਆਰ ਹੁੰਦਾ, ਤਾਂ ਉਹ ਸ਼ਾਇਦ ਮੈਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦਾ।”

ਕ੍ਰਿਸ ਦੀ ਜ਼ਮੀਰ ਉਸ ਨੂੰ ਇਸ ਲਈ ਵੀ ਕੋਸਦੀ ਸੀ ਕਿਉਂਕਿ ਉਸ ਦੀ ਆਪਣੇ ਭਰਾ ਨਾਲ ਬਣਦੀ ਨਹੀਂ ਸੀ। ਕ੍ਰਿਸ ਦੁਖੀ ਮਨ ਨਾਲ ਯਾਦ ਕਰਦਾ ਹੈ: “ਉਸ ਨੇ ਆਪਣੀ ਆਖ਼ਰੀ ਚਿੱਠੀ ਵਿਚ ਲਿਖਿਆ ਸੀ ਕਿ ਇਕ ਭਰਾ ਹੋਣ ਦੇ ਨਾਤੇ ਮੈਂ ਆਪਣਾ ਫ਼ਰਜ਼ ਨਹੀਂ ਨਿਭਾਇਆ। ਭਾਵੇਂ ਮੈਂ ਜਾਣਦਾ ਹਾਂ ਕਿ ਉਹ ਬੀਮਾਰ ਸੀ, ਫਿਰ ਵੀ ਇਹ ਗੱਲ ਅੱਜ ਤਕ ਮੈਨੂੰ ਖਾਈ ਜਾਂਦੀ ਆ।” ਕਈ ਵਾਰੀ ਮਰਨ ਵਾਲੇ ਭੈਣ ਜਾਂ ਭਰਾ ਨਾਲ ਹੋਏ ਝਗੜਿਆਂ ਕਰਕੇ ਵੀ ਲੋਕ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹਨ। ਡਾ. ਵ੍ਹਾਈਟ ਨੇ ਜਾਗਰੂਕ ਬਣੋ! ਦੇ ਪੱਤਰਕਾਰ ਨੂੰ ਦੱਸਿਆ: “ਕਈ ਨੌਜਵਾਨਾਂ, ਜਿਨ੍ਹਾਂ ਦੇ ਭੈਣ ਜਾਂ ਭਰਾ ਨੇ ਆਤਮ-ਹੱਤਿਆ ਕੀਤੀ ਹੈ, ਨੇ ਕਿਹਾ ਕਿ ਆਪਸੀ ਝਗੜਿਆਂ ਦੀਆਂ ਯਾਦਾਂ ਕਈ ਮਹੀਨਿਆਂ ਤਕ ਅਤੇ ਕਈ ਵਾਰੀ ਤਾਂ ਕਈ ਸਾਲਾਂ ਤਕ ਉਨ੍ਹਾਂ ਨੂੰ ਸਤਾਉਂਦੀਆਂ ਰਹਿੰਦੀਆਂ ਹਨ।”

ਜੇ ਤੁਸੀਂ ਆਪਣੇ ਭੈਣ ਜਾਂ ਭਰਾ ਦੀ ਮੌਤ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਹੇ ਹੋ, ਤਾਂ ਆਪਣੇ ਆਪ ਨੂੰ ਪੁੱਛੋ: ਅਜਿਹਾ ਕਿਹੜਾ ਇਨਸਾਨ ਹੈ ਜੋ ਦੂਸਰਿਆਂ ਦੇ ਕੰਮਾਂ ਉੱਤੇ ਪੂਰਾ ਕੰਟ੍ਰੋਲ ਰੱਖ ਸਕਦਾ ਹੈ? ਕੈਰਨ ਕਹਿੰਦੀ ਹੈ: “ਤੁਸੀਂ ਨਾ ਤਾਂ ਦੂਸਰਿਆਂ ਦੇ ਦੁੱਖਾਂ ਲਈ ਜ਼ਿੰਮੇਵਾਰ ਹੋ ਅਤੇ ਨਾ ਹੀ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਆਤਮ-ਹੱਤਿਆ ਕਰਨ ਦੇ ਉਨ੍ਹਾਂ ਦੇ ਭਿਆਨਕ ਫ਼ੈਸਲੇ ਲਈ। ਤੁਸੀਂ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਨਹੀਂ ਸੀ ਰੋਕ ਸਕਦੇ।”

ਉਦੋਂ ਕੀ ਜੇ ਤੁਸੀਂ ਆਪਣੀ ਭੈਣ ਜਾਂ ਭਰਾ ਨੂੰ ਕਹੀਆਂ ਚੁਭਵੀਆਂ ਗੱਲਾਂ ਭੁੱਲ ਨਹੀਂ ਸਕਦੇ? ਬਾਈਬਲ ਸਾਡੀ ਸਹੀ ਨਜ਼ਰੀਆ ਅਪਣਾਉਣ ਵਿਚ ਮਦਦ ਕਰਦੀ ਹੈ। ਇਸ ਵਿਚ ਲਿਖਿਆ ਹੈ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ।” (ਯਾਕੂਬ 3:2; ਜ਼ਬੂਰਾਂ ਦੀ ਪੋਥੀ 130:3) ਅਸਲ ਵਿਚ ਉਨ੍ਹਾਂ ਮੌਕਿਆਂ ਦੇ ਬਾਰੇ ਸੋਚੀ ਜਾਣਾ ਜਦੋਂ ਤੁਸੀਂ ਆਪਣੀ ਭੈਣ ਜਾਂ ਭਰਾ ਨੂੰ ਬੁਰਾ-ਭਲਾ ਕਿਹਾ ਸੀ, ਤੁਹਾਡੇ ਗਮ ਨੂੰ ਵਧਾਵੇਗਾ। ਇਹ ਯਾਦਾਂ ਭਾਵੇਂ ਕਿੰਨੀਆਂ ਵੀ ਦਰਦ ਭਰੀਆਂ ਕਿਉਂ ਨਾ ਹੋਣ, ਅਸਲੀਅਤ ਤਾਂ ਇਹ ਹੈ ਕਿ ਤੁਸੀਂ ਆਪਣੀ ਭੈਣ ਜਾਂ ਭਰਾ ਦੀ ਮੌਤ ਲਈ ਜ਼ਿੰਮੇਵਾਰ ਨਹੀਂ ਹੋ। *

ਗਮ ਸਹਿਣ ਵਿਚ ਮਦਦ

ਅਸੀਂ ਸਾਰੇ ਇੱਕੋ ਤਰ੍ਹਾਂ ਸੋਗ ਨਹੀਂ ਕਰਦੇ। ਕਈ ਖੁੱਲ੍ਹ ਕੇ ਰੋਂਦੇ ਹਨ ਅਤੇ ਇਸ ਵਿਚ ਕੋਈ ਹਰਜ਼ ਨਹੀਂ ਹੈ। ਬਾਈਬਲ ਦੱਸਦੀ ਹੈ ਕਿ ਆਪਣੇ ਪੁੱਤਰ ਅਮਨੋਨ ਦੀ ਮੌਤ ’ਤੇ ਦਾਊਦ “ਬਹੁਤ ਭੁੱਬਾਂ ਮਾਰ ਮਾਰ ਰੋਇਆ।” (2 ਸਮੂਏਲ 13:36) ਆਪਣੇ ਮਿੱਤਰ ਲਾਜ਼ਰ ਦੀ ਮੌਤ ’ਤੇ ਹੋਰਨਾਂ ਦਾ ਦੁੱਖ ਦੇਖ ਕੇ ‘ਯਿਸੂ ਵੀ ਰੋਇਆ ਸੀ।’—ਯੂਹੰਨਾ 11:33-35.

ਦੂਜੇ ਪਾਸੇ ਕਈ ਆਪਣੇ ਅਜ਼ੀਜ਼ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਸੋਗ ਨਹੀਂ ਕਰਦੇ ਹਨ, ਖ਼ਾਸ ਕਰਕੇ ਉਦੋਂ ਜਦ ਮੌਤ ਅਚਾਨਕ ਹੋ ਜਾਂਦੀ ਹੈ। ਕੈਰਨ ਨੇ ਕਿਹਾ ਕਿ “ਮੈਨੂੰ ਇੰਨਾ ਧੱਕਾ ਲੱਗਾ ਕਿ ਮੈਂ ਸੁੰਨ ਹੋ ਗਈ ਅਤੇ ਕਾਫ਼ੀ ਸਮੇਂ ਲਈ ਮੈਨੂੰ ਕਿਸੇ ਵੀ ਚੀਜ਼ ਦੀ ਸੁੱਧ-ਬੁੱਧ ਨਾ ਰਹੀ।” ਆਪਣੇ ਭਰਾ ਜਾਂ ਭੈਣ ਵੱਲੋਂ ਆਤਮ-ਹੱਤਿਆ ਕਰਨ ’ਤੇ ਤੁਹਾਡਾ ਇਸ ਤਰ੍ਹਾਂ ਮਹਿਸੂਸ ਕਰਨਾ ਸੁਭਾਵਕ ਹੈ। ਡਾ. ਵ੍ਹਾਈਟ ਕਹਿੰਦੀ ਹੈ: “ਕਿਸੇ ਅਜ਼ੀਜ਼ ਦੀ ਆਤਮ-ਹੱਤਿਆ ਬਾਰੇ ਸੁਣ ਕੇ ਦਿਲ ਨੂੰ ਗਹਿਰਾ ਸਦਮਾ ਪਹੁੰਚਦਾ ਹੈ। ਸੋਗੀਆਂ ਨੂੰ ਦਿਲਾਸਾ ਦੇਣ ਤੋਂ ਪਹਿਲਾਂ ਸਦਮੇ ਵਿੱਚੋਂ ਨਿਕਲਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਸਦਮੇ ਕਰਕੇ ਕਈ ਵਿਅਕਤੀ ਇੰਨੇ ਸੁੰਨ ਹੋ ਜਾਂਦੇ ਹਨ ਕਿ ਉਹ ਬਿਲਕੁਲ ਨਹੀਂ ਰੋਂਦੇ। ਕਈ ਸਿਹਤ-ਸੰਭਾਲ ਕਰਮਚਾਰੀ ਉਨ੍ਹਾਂ ਨੂੰ ਜ਼ਬਰਦਸਤੀ ਰੁਲਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਵਿਅਕਤੀ ਅਜੇ ਭਾਵਾਤਮਕ ਤੌਰ ਤੇ ਆਪਣੇ ਗਮ ਦਾ ਸਾਮ੍ਹਣਾ ਕਰਨ ਲਈ ਤਿਆਰ ਨਹੀਂ ਹੁੰਦਾ ਹੈ।”

ਆਪਣੀ ਭੈਣ ਜਾਂ ਭਰਾ ਦੀ ਮੌਤ ਨੂੰ ਕਬੂਲ ਕਰਨਾ ਸੌਖਾ ਨਹੀਂ ਹੈ। ਇਹੋ ਜਿਹੇ ਸਦਮੇ ਨੂੰ ਸਵੀਕਾਰ ਕਰਨ ਨੂੰ ਸਮਾਂ ਲੱਗੇਗਾ। ਕ੍ਰਿਸ ਕਹਿੰਦਾ ਹੈ: “ਸਾਡਾ ਪਰਿਵਾਰ ਇਕ ਟੁੱਟੇ ਫੁੱਲਦਾਨ ਵਰਗਾ ਹੈ ਜਿਸ ਦੇ ਟੁਕੜਿਆਂ ਨੂੰ ਫਿਰ ਤੋਂ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਥੋੜ੍ਹਾ ਜਿਹਾ ਦਬਾਅ ਪੈਣ ਤੇ ਵੀ ਇਹ ਝੱਟ ਟੁੱਟ ਕੇ ਬਿਖਰ ਸਕਦਾ ਹੈ।” ਆਪਣੇ ਗਮ ਨੂੰ ਸਹਿਣ ਲਈ ਅੱਗੇ ਦਿੱਤੀ ਸਲਾਹ ’ਤੇ ਚੱਲੋ:

ਦਿਲਾਸੇ ਭਰੇ ਬਾਈਬਲ ਹਵਾਲਿਆਂ ਦੀ ਇਕ ਲਿਸਟ ਆਪਣੇ ਕੋਲ ਰੱਖੋ ਅਤੇ ਹਰ ਰੋਜ਼ ਇਨ੍ਹਾਂ ਆਇਤਾਂ ਨੂੰ ਘੱਟੋ-ਘੱਟ ਇਕ ਵਾਰ ਜ਼ਰੂਰ ਪੜ੍ਹੋ।—ਜ਼ਬੂਰਾਂ ਦੀ ਪੋਥੀ 94:19.

ਕਿਸੇ ਹਮਦਰਦ ਵਿਅਕਤੀ ਨਾਲ ਗੱਲ ਕਰੋ। ਦੁੱਖ-ਸੁੱਖ ਕਰਨ ਨਾਲ ਤੁਹਾਡਾ ਮਨ ਹਲਕਾ ਹੋਵੇਗਾ।—ਕਹਾਉਤਾਂ 17:17.

ਮਰੇ ਹੋਇਆਂ ਦੇ ਜੀ ਉੱਠਣ ਬਾਰੇ ਬਾਈਬਲ ਵਿਚ ਦਿੱਤੇ ਵਾਅਦੇ ਉੱਤੇ ਮਨਨ ਕਰੋ।—ਯੂਹੰਨਾ 5:28, 29.

ਆਪਣੇ ਵਿਚਾਰਾਂ ਨੂੰ ਕਾਗਜ਼ ਉੱਤੇ ਲਿਖਣ ਨਾਲ ਮਨ ਹੌਲਾ ਹੁੰਦਾ ਹੈ। ਕਿਉਂ ਨਾ ਅਗਲੇ ਸਫ਼ੇ ਤੇ ਦਿੱਤੀਆਂ ਖਾਲੀ ਥਾਵਾਂ ਭਰੋ ਅਤੇ ਸਵਾਲਾਂ ਦੇ ਜਵਾਬ ਦਿਓ।

ਭਰੋਸਾ ਰੱਖੋ ਕਿ “ਪਰਮੇਸ਼ੁਰ ਸਾਡੇ ਦਿਲ ਨਾਲੋਂ ਵੀ ਵੱਡਾ ਹੈ, ਜੋ ਸਭ ਕੁਝ ਜਾਣਦਾ ਹੈ।” (1 ਯੂਹੰਨਾ 3:20, CL) ਪਰਮੇਸ਼ੁਰ ਕਿਸੇ ਵੀ ਮਨੁੱਖ ਨਾਲੋਂ ਬਿਹਤਰ ਜਾਣਦਾ ਹੈ ਕਿ ਤੁਹਾਡੀ ਭੈਣ ਜਾਂ ਭਰਾ ਕਿੰਨਾ ਬੇਬੱਸ ਸੀ ਅਤੇ ਕਿਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰ ਰਿਹਾ ਸੀ। ਉਹ ਤੁਹਾਨੂੰ ਵੀ ਤੁਹਾਡੇ ਨਾਲੋਂ ਬਿਹਤਰ ਜਾਣਦਾ ਹੈ। (ਜ਼ਬੂਰਾਂ ਦੀ ਪੋਥੀ 139:1-3) ਤਾਂ ਫਿਰ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਪਰਮੇਸ਼ੁਰ ਤੁਹਾਡੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਜਦ ਵੀ ਗਮ ਨੂੰ ਸਹਿਣਾ ਮੁਸ਼ਕਲ ਹੋ ਜਾਵੇ, ਤਾਂ ਜ਼ਬੂਰ 55:22 ਦੇ ਸ਼ਬਦ ਯਾਦ ਕਰੋ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (g 6/08)

ਅੰਗ੍ਰੇਜ਼ੀ ਵਿਚ “ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 12 ਇਹ ਉਦੋਂ ਵੀ ਸੱਚ ਹੈ ਜਦ ਮੌਤ ਦਾ ਕਾਰਨ ਕੋਈ ਬੀਮਾਰੀ ਜਾਂ ਹਾਦਸਾ ਹੁੰਦਾ ਹੈ। ਤੁਸੀਂ ਆਪਣੀ ਭੈਣ ਜਾਂ ਭਰਾ ਨੂੰ ਭਾਵੇਂ ਜਿੰਨਾ ਮਰਜ਼ੀ ਪਿਆਰ ਕਰਦੇ ਸੀ, ਪਰ ਤੁਸੀਂ ਉਸ ਨੂੰ ਹਰ ਆਫ਼ਤ ਤੋਂ ਬਚਾ ਕੇ ਨਹੀਂ ਰੱਖ ਸਕਦੇ ਸੀ ਕਿਉਂਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, CL.

ਇਸ ਬਾਰੇ ਸੋਚੋ

◼ ਜੇ ਤੁਹਾਨੂੰ ਆਪਣਾ ਗਮ ਸਹਾਰਨਾ ਔਖਾ ਲੱਗ ਰਿਹਾ ਹੈ, ਤਾਂ ਤੁਸੀਂ ਕਿਸ ਦੇ ਨਾਲ ਗੱਲ ਕਰ ਸਕਦੇ ਹੋ?

◼ ਸੋਗ ਕਰ ਰਹੇ ਕਿਸੇ ਨੌਜਵਾਨ ਦੀ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ?

[ਸਫ਼ਾ 31 ਉੱਤੇ ਡੱਬੀ]

ਆਪਣੇ ਵਿਚਾਰਾਂ ਨੂੰ ਕਾਗ਼ਜ਼ ਉੱਤੇ ਲਿਖਣ ਨਾਲ ਮਨ ਹੌਲਾ ਹੁੰਦਾ ਹੈ। ਸੋ ਹੇਠਾਂ ਦਿੱਤੀਆਂ ਖਾਲੀ ਥਾਵਾਂ ਭਰੋ ਅਤੇ ਸਵਾਲਾਂ ਦੇ ਜਵਾਬ ਦਿਓ।

ਭੈਣ ਜਾਂ ਭਰਾ ਬਾਰੇ ਮੇਰੀਆਂ ਤਿੰਨ ਮਿੱਠੀਆਂ ਯਾਦਾਂ:

1 ․․․․․

2 ․․․․․

3 ․․․․․

ਕਾਸ਼ ਮੈਂ ਆਪਣੀ ਭੈਣ ਜਾਂ ਭਰਾ ਨੂੰ ਇਹ ਕਿਹਾ ਹੁੰਦਾ ਜਦੋਂ ਉਹ ਜ਼ਿੰਦਾ ਸੀ:

․․․․

ਉਸ ਬੱਚੇ ਨੂੰ ਤੁਸੀਂ ਕੀ ਕਹੋਗੇ ਜੋ ਆਪਣੀ ਭੈਣ ਜਾਂ ਭਰਾ ਦੀ ਮੌਤ ਲਈ ਆਪਣੇ ਆਪ ਨੂੰ ਕਸੂਰਵਾਰ ਠਹਿਰਾ ਰਿਹਾ ਹੈ?

․․․․

ਇਨ੍ਹਾਂ ਵਿੱਚੋਂ ਕਿਹੜੇ ਹਵਾਲਿਆਂ ਤੋਂ ਤੁਹਾਨੂੰ ਸਭ ਤੋਂ ਜ਼ਿਆਦਾ ਦਿਲਾਸਾ ਮਿਲਿਆ ਅਤੇ ਕਿਉਂ?

□ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।”​—ਜ਼ਬੂਰਾਂ ਦੀ ਪੋਥੀ 34:18.

□ “ਉਹ ਨੇ ਦੁਖੀਏ ਦੇ ਦੁਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਸਗੋਂ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।”​—ਜ਼ਬੂਰਾਂ ਦੀ ਪੋਥੀ 22:24.

□ “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”​—ਯੂਹੰਨਾ 5:​28, 29.