Skip to content

Skip to table of contents

ਮੈਂ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਕਿਵੇਂ ਕਰ ਸਕਦਾ ਹਾਂ?

ਮੈਂ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਕਿਵੇਂ ਕਰ ਸਕਦਾ ਹਾਂ?

ਨੌਜਵਾਨ ਪੁੱਛਦੇ ਹਨ

ਮੈਂ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਕਿਵੇਂ ਕਰ ਸਕਦਾ ਹਾਂ?

16 ਸਾਲਾਂ ਦਾ ਜਾਸ਼ ਆਰਾਮ ਨਾਲ ਬਿਸਤਰੇ ਤੇ ਲੰਮਾ ਪਿਆ ਹੋਇਆ ਹੈ। ਉਸ ਦੀ ਮਾਂ ਉਸ ਨੂੰ ਕਹਿੰਦੀ ਹੈ: “ਜਾਸ਼ ਉੱਠ ਖੜ੍ਹ, ਤੈਨੂੰ ਪਤਾ ਹੈ ਕਿ ਅੱਜ ਮੀਟਿੰਗ ਹੈ।” ਜਾਸ਼ ਦੀ ਮਾਂ ਯਹੋਵਾਹ ਦੀ ਗਵਾਹ ਹੈ ਤੇ ਮੀਟਿੰਗਾਂ ਵਿਚ ਜਾਣਾ ਉਨ੍ਹਾਂ ਦੇ ਪਰਿਵਾਰ ਦੀ ਭਗਤੀ ਦਾ ਇਕ ਹਿੱਸਾ ਹੈ। ਪਰ ਹਾਲ ਹੀ ਵਿਚ ਜਾਸ਼ ਦਾ ਮੀਟਿੰਗਾਂ ਵਿਚ ਜਾਣ ਨੂੰ ਮਨ ਨਹੀਂ ਕਰਦਾ। ਢਿੱਲੀ ਜਿਹੀ ਆਵਾਜ਼ ਵਿਚ ਜਾਸ਼ ਕਹਿੰਦਾ ਹੈ: “ਕੀ ਮੇਰਾ ਜਾਣਾ ਜ਼ਰੂਰੀ?” ਮਾਂ ਜਵਾਬ ਦਿੰਦੀ ਹੈ: “ਚੁੱਪ-ਚਾਪ ਤਿਆਰ ਹੋ ਜਾ, ਅੱਜ ਫਿਰ ਮੈਨੂੰ ਮੀਟਿੰਗ ਲਈ ਲੇਟ ਨਾ ਕਰਾਈ।” ਇੰਨਾ ਕਹਿ ਕੇ ਉਹ ਉਸ ਦੇ ਕਮਰੇ ਵਿੱਚੋਂ ਜਾਣ ਲੱਗਦੀ ਹੈ। ਜਾਸ਼ ਉਸ ਦੇ ਪਿੱਛਿਓਂ ਕਹਿੰਦਾ ਹੈ: “ਮੰਮੀ ਜੀ, ਤੁਸੀਂ ਜਾਣਾ ਹੈ ਤਾਂ ਜਾਓ। ਇਹ ਤੁਹਾਡਾ ਧਰਮ ਹੈ, ਮੇਰਾ ਨਹੀਂ।” ਉਸ ਨੂੰ ਪਤਾ ਹੈ ਕਿ ਮਾਂ ਨੇ ਉਸ ਦੀ ਗੱਲ ਸੁਣ ਲਈ ਸੀ, ਪਰ ਉਹ ਬਿਨਾਂ ਕੁਝ ਕਹੇ ਚੱਲੇ ਜਾਂਦੀ ਹੈ। ਜਾਸ਼ ਨੂੰ ਆਪਣੀ ਗੱਲ ਦਾ ਪਛਤਾਵਾ ਹੁੰਦਾ ਹੈ। ਉਹ ਆਪਣੀ ਮਾਂ ਦਾ ਦਿਲ ਦੁਖਾਉਣ ਨਹੀਂ ਚਾਹੁੰਦਾ, ਪਰ ਮਾਫ਼ੀ ਵੀ ਮੰਗਣੀ ਨਹੀਂ ਚਾਹੁੰਦਾ। ਉਸ ਕੋਲ ਮੀਟਿੰਗ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਉਹ ਨਾ ਚਾਹੁੰਦਾ ਹੋਇਆ ਵੀ ਉੱਠ ਕੇ ਤਿਆਰ ਹੋਣ ਲੱਗ ਪੈਂਦਾ ਹੈ। ਫਿਰ ਉਹ ਆਪਣੇ ਆਪ ਨਾਲ ਗੱਲ ਕਰਦੇ ਹੋਏ ਕਹਿੰਦਾ ਹੈ: “ਇਕ ਦਿਨ ਤਾਂ ਮੈਂ ਫ਼ੈਸਲਾ ਕਰ ਹੀ ਲੈਣਾ। ਮੈਂ ਉਨ੍ਹਾਂ ਭੈਣਾਂ-ਭਰਾਵਾਂ ਵਰਗਾ ਨਹੀਂ ਜੋ ਕਿੰਗਡਮ ਹਾਲ ਜਾਂਦੇ ਹਨ। ਮੈਂ ਨਹੀਂ ਗਵਾਹ ਬਣਨਾ ਚਾਹੁੰਦਾ!”

ਕੀ ਤੁਸੀਂ ਕਦੇ ਜਾਸ਼ ਵਾਂਗ ਮਹਿਸੂਸ ਕੀਤਾ ਹੈ? ਕੀ ਤੁਹਾਨੂੰ ਕਦੇ-ਕਦੇ ਲੱਗਦਾ ਹੈ ਕਿ ਦੂਜੇ ਭੈਣ-ਭਰਾ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ ਜਦ ਕਿ ਤੁਸੀਂ ਮਜਬੂਰ ਹੋ ਕੇ ਕਰ ਰਹੇ ਹੋ? ਥੱਲੇ ਦਿੱਤੇ ਸਵਾਲਾਂ ਤੇ ਗੌਰ ਕਰੋ।

◼ ਕੀ ਤੁਸੀਂ ਬਾਈਬਲ ਦੀ ਸਟੱਡੀ ਨੂੰ ਸਕੂਲ ਦਾ ਹੋਮਵਰਕ ਕਰਨ ਦੇ ਬਰਾਬਰ ਸਮਝਦੇ ਹੋ?

◼ ਕੀ ਤੁਸੀਂ ਪ੍ਰਚਾਰ ਵਿਚ ਜਾਣ ਤੋਂ ਘਬਰਾਉਂਦੇ ਹੋ?

◼ ਕੀ ਤੁਸੀਂ ਮੀਟਿੰਗਾਂ ਵਿਚ ਬੋਰ ਹੁੰਦੇ ਹੋ?

ਜੇ ਇਨ੍ਹਾਂ ਸਵਾਲਾਂ ਵਿੱਚੋਂ ਕਿਸੇ ਇਕ ਦਾ ਜਵਾਬ “ਹਾਂ” ਹੈ, ਤਾਂ ਹੌਸਲਾ ਨਾ ਹਾਰੋ। ਤੁਸੀਂ ਵੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਖ਼ੁਸ਼ੀ ਨਾਲ ਕਰ ਸਕਦੇ ਹੋ। ਆਓ ਆਪਾਂ ਦੇਖੀਏ ਕਿਵੇਂ।

ਪਹਿਲੀ ਮੁਸ਼ਕਲ: ਬਾਈਬਲ ਦੀ ਸਟੱਡੀ

ਸਟੱਡੀ ਕਰਨੀ ਮੁਸ਼ਕਲ ਕਿਉਂ ਹੈ? ਸ਼ਾਇਦ ਤੁਹਾਨੂੰ ਸਟੱਡੀ ਕਰਨ ਦੀ ਆਦਤ ਨਾ ਹੋਵੇ। ਜਾਂ ਸ਼ਾਇਦ ਤੁਹਾਡਾ ਧਿਆਨ ਛੇਤੀ ਭਟਕ ਜਾਂਦਾ ਹੋਵੇ। ਨਾਲੇ ਹੋ ਸਕਦਾ ਹੈ ਕਿ ਤੁਹਾਡੇ ਕੋਲ ਸਕੂਲ ਦਾ ਵੀ ਕਾਫ਼ੀ ਕੰਮ ਹੋਵੇ।

ਤੁਹਾਨੂੰ ਸਟੱਡੀ ਕਿਉਂ ਕਰਨੀ ਚਾਹੀਦੀ ਹੈ? ਬਾਈਬਲ ਪਰਮੇਸ਼ੁਰ ਦਾ ਬਚਨ ਹੈ ਤੇ ਇਹ “ਸਿਖਿਆ ਦੇ ਲਈ ਅਤੇ ਹਰ ਤਰ੍ਹਾਂ ਦੇ ਭਲੇ ਜੀਵਨ ਦੀ ਸਿਖਲਾਈ ਲਈ ਲਾਭਕਾਰੀ ਹੈ।” (2 ਤਿਮੋਥਿਉਸ 3:​16, CL) ਬਾਈਬਲ ਦੀ ਸਟੱਡੀ ਕਰ ਕੇ ਅਤੇ ਉਸ ’ਤੇ ਸੋਚ-ਵਿਚਾਰ ਕਰ ਕੇ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਇਹ ਤਾਂ ਸੱਚ ਹੈ ਕਿ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰਨ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਮਿਸਾਲ ਲਈ, ਜੇ ਤੁਸੀਂ ਚੰਗੇ ਖਿਡਾਰੀ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਖੇਡ ਦੇ ਨਿਯਮ ਸਿੱਖਣੇ ਪੈਣਗੇ ਅਤੇ ਪ੍ਰੈਕਟਿਸ ਕਰਨੀ ਪਵੇਗੀ। ਜੇ ਤੁਸੀਂ ਚੰਗੀ ਸਿਹਤ ਬਣਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਕਸਰਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਜੇ ਤੁਸੀਂ ਆਪਣੇ ਸਿਰਜਣਹਾਰ ਬਾਰੇ ਸਿੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਦੇ ਬਚਨ ਦੀ ਸਟੱਡੀ ਕਰਨ ਦੀ ਲੋੜ ਹੈ।

ਹੋਰ ਨੌਜਵਾਨ ਕੀ ਕਹਿੰਦੇ ਹਨ? “ਜਦ ਮੈਂ ਹਾਈ ਸਕੂਲ ਵਿਚ ਸੀ, ਤਾਂ ਸਕੂਲੇ ਨਿਆਣੇ ਬਹੁਤ ਗ਼ਲਤ ਕੰਮ ਕਰਦੇ ਸਨ। ਮੈਂ ਆਪਣੇ ਆਪ ਨੂੰ ਪੁੱਛਿਆ: ‘ਕੀ ਮੈਂ ਵੀ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਹਾਂ? ਕੀ ਮੈਂ ਮੰਨਦੀ ਹਾਂ ਕਿ ਮੇਰੇ ਮਾਪੇ ਮੈਨੂੰ ਜੋ ਸਿਖਾ ਰਹੇ ਹਨ ਉਹ ਵਾਕਈ ਸੱਚਾਈ ਹੈ?’ ਮੈਂ ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਦਾ ਇਰਾਦਾ ਕੀਤਾ।”​—ਚਿੱਡਜ਼ਾ।

“ਮੈਨੂੰ ਪਤਾ ਸੀ ਕਿ ਜੋ ਮੈਂ ਸਿੱਖ ਰਿਹਾ ਸੀ ਉਹ ਸੱਚ ਸੀ। ਪਰ ਮੈਂ ਆਪ ਦੇਖਣਾ ਚਾਹੁੰਦਾ ਸੀ ਕਿ ਇਹ ਗੱਲਾਂ ਸੱਚ ਕਿਉਂ ਸਨ। ਮੈਂ ਆਪਣੇ ਪਰਿਵਾਰ ਦੇ ਪਿੱਛੇ ਲੱਗ ਕੇ ਨਹੀਂ ਬਲਕਿ ਖ਼ੁਦ ਇਹ ਧਰਮ ਅਪਣਾਉਣਾ ਚਾਹੁੰਦਾ ਸੀ।”​—ਨਲੀਸਾ।

ਤੁਸੀਂ ਕੀ ਕਰ ਸਕਦੇ ਹੋ? ਆਪਣੀ ਲੋੜ ਅਨੁਸਾਰ ਸਟੱਡੀ ਕਰਨ ਦਾ ਪ੍ਰੋਗ੍ਰਾਮ ਬਣਾਓ। ਇਹ ਤੈ ਕਰੋ ਕਿ ਤੁਸੀਂ ਕਿਨ੍ਹਾਂ ਵਿਸ਼ਿਆਂ ਤੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ। ਤੁਸੀਂ ਪਹਿਲਾਂ ਕਿਹੜੇ ਵਿਸ਼ੇ ਤੇ ਸਟੱਡੀ ਸ਼ੁਰੂ ਕਰੋਗੇ? ਵਧੀਆ ਹੋਵੇਗਾ ਜੇ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਜਾਂ ਕੋਈ ਹੋਰ ਕਿਤਾਬ ਵਰਤ ਕੇ ਆਪਣੇ ਵਿਸ਼ਵਾਸਾਂ ਦੀ ਜਾਂਚ ਕਰੋ।

ਤੁਸੀਂ ਇੱਦਾਂ ਕਰੋ। ਦੇਖੋ ਕਿ ਹੇਠ ਦਿੱਤੇ ਵਿਸ਼ਿਆਂ ਵਿੱਚੋਂ ਤੁਸੀਂ ਕਿਹੜੇ ਵਿਸ਼ੇ ਤੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ। ਜੇ ਤੁਸੀਂ ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਉਹ ਵੀ ਲਿਖ ਲਓ।

□ ਕੀ ਰੱਬ ਹੈ?

□ ਮੈਂ ਕਿੱਦਾਂ ਜਾਣ ਸਕਦਾ ਹਾਂ ਕਿ ਪਰਮੇਸ਼ੁਰ ਨੇ ਬਾਈਬਲ ਲਿਖਵਾਈ ਹੈ?

□ ਕੀ ਦੁਨੀਆਂ ਨੂੰ ਸ੍ਰਿਸ਼ਟ ਕੀਤਾ ਗਿਆ ਹੈ ਜਾਂ ਇਹ ਆਪਣੇ ਆਪ ਬਣੀ ਹੈ?

□ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਮੈਂ ਕਿੱਦਾਂ ਜਾਣ ਸਕਦਾ ਹਾਂ ਕਿ ਇਹ ਅੱਜ ਹਕੂਮਤ ਕਰ ਰਿਹਾ ਹੈ?

□ ਮੈਂ ਕਿਵੇਂ ਸਮਝਾ ਸਕਦਾ ਹਾਂ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ?

□ ਮੈਨੂੰ ਕਿਉਂ ਯਕੀਨ ਕਰਨਾ ਚਾਹੀਦਾ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ?

□ ਮੈਂ ਰੱਬ ਨੂੰ ਖ਼ੁਸ਼ ਕਰਨ ਵਾਲੇ ਧਰਮ ਬਾਰੇ ਕਿਵੇਂ ਜਾਣ ਸਕਦਾ ਹਾਂ?

□ ․․․․․

ਦੂਜੀ ਮੁਸ਼ਕਲ: ਘਰ-ਘਰ ਪ੍ਰਚਾਰ ਕਰਨਾ

ਪ੍ਰਚਾਰ ਕਰਨਾ ਮੁਸ਼ਕਲ ਕਿਉਂ ਹੈ? ਸ਼ਾਇਦ ਤੁਹਾਨੂੰ ਦੂਸਰਿਆਂ ਨਾਲ ਬਾਈਬਲ ਬਾਰੇ ਗੱਲ ਕਰਨ ਜਾਂ ਪ੍ਰਚਾਰ ਕਰਦੇ ਹੋਏ ਸਕੂਲ ਦੇ ਨਿਆਣਿਆਂ ਨੂੰ ਮਿਲਣ ਤੋਂ ਡਰ ਲੱਗੇ।

ਤੁਹਾਨੂੰ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:​19, 20) ਪ੍ਰਚਾਰ ਕਰਨ ਦੇ ਕਈ ਹੋਰ ਵੀ ਕਾਰਨ ਹਨ। ਦੇਖਿਆ ਗਿਆ ਹੈ ਕਿ ਕੁਝ ਥਾਵਾਂ ਵਿਚ ਜ਼ਿਆਦਾਤਰ ਨੌਜਵਾਨ ਪਰਮੇਸ਼ੁਰ ਅਤੇ ਬਾਈਬਲ ਵਿਚ ਵਿਸ਼ਵਾਸ ਕਰਦੇ ਹਨ। ਪਰ ਇਨ੍ਹਾਂ ਨੌਜਵਾਨਾਂ ਨੂੰ ਚੰਗੇ ਭਵਿੱਖ ਦੀ ਕੋਈ ਪੱਕੀ ਉਮੀਦ ਨਹੀਂ ਹੈ। ਤੁਹਾਨੂੰ ਬਾਈਬਲ ਦੀ ਸਟੱਡੀ ਕਰਨ ਨਾਲ ਉਮੀਦ ਮਿਲੀ ਹੈ, ਇਹ ਉਮੀਦ ਉਨ੍ਹਾਂ ਨੂੰ ਵੀ ਦਿਓ।

ਹੋਰ ਨੌਜਵਾਨ ਕੀ ਕਹਿੰਦੇ ਹਨ? “ਮੈਂ ਤੇ ਮੇਰਾ ਦੋਸਤ ਪ੍ਰਚਾਰ ਲਈ ਚੰਗੀ ਤਿਆਰੀ ਕਰਦੇ ਸਾਂ। ਅਸੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਅਤੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਦੁਬਾਰਾ ਮੁਲਾਕਾਤ ਕਰਨੀ ਸਿੱਖੀ। ਮੈਂ ਪ੍ਰਚਾਰ ਲਈ ਜਿੰਨੀ ਜ਼ਿਆਦਾ ਮਿਹਨਤ ਕਰਦਾ ਸੀ ਮੈਨੂੰ ਉੱਨਾ ਜ਼ਿਆਦਾ ਮਜ਼ਾ ਆਉਂਦਾ ਸੀ।”​—ਨਲੀਸਾ।

“ਇਕ ਭੈਣ ਨੇ ਮੇਰੀ ਬਹੁਤ ਮਦਦ ਕੀਤੀ। ਉਹ ਮੇਰੇ ਤੋਂ 6 ਸਾਲ ਵੱਡੀ ਹੈ। ਉਹ ਮੈਨੂੰ ਆਪਣੇ ਨਾਲ ਪ੍ਰਚਾਰ ਵਿਚ ਤੇ ਕਈ ਵਾਰ ਨਾਸ਼ਤੇ ਲਈ ਬਾਹਰ ਲੈ ਜਾਂਦੀ ਸੀ। ਪ੍ਰਚਾਰ ਬਾਰੇ ਮੇਰੀ ਸੋਚਣੀ ਨੂੰ ਬਦਲਣ ਲਈ ਉਸ ਨੇ ਮੈਨੂੰ ਬਾਈਬਲ ਤੋਂ ਵਧੀਆ ਆਇਤਾਂ ਦਿਖਾਈਆਂ। ਉਸ ਦੀ ਮਿਸਾਲ ਸਦਕਾ ਹੁਣ ਮੈਨੂੰ ਦੂਸਰਿਆਂ ਨਾਲ ਗੱਲ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਮੈਂ ਉਹ ਦਾ ਅਹਿਸਾਨ ਕਦੇ ਨਹੀਂ ਭੁੱਲ ਸਕਦੀ। ”​—ਸ਼ੋਂਤੇ।

ਤੁਸੀਂ ਕੀ ਕਰ ਸਕਦੇ ਹੋ? ਆਪਣੇ ਮਾਪਿਆਂ ਦੀ ਇਜਾਜ਼ਤ ਲੈ ਕੇ ਕਲੀਸਿਯਾ ਵਿਚ ਆਪਣੇ ਤੋਂ ਵੱਡੇ ਕਿਸੇ ਭੈਣ ਜਾਂ ਭਰਾ ਨਾਲ ਪ੍ਰਚਾਰ ਕਰਨ ਦਾ ਪ੍ਰੋਗ੍ਰਾਮ ਬਣਾਓ। (ਰਸੂਲਾਂ ਦੇ ਕਰਤੱਬ 16:​1-3) ਬਾਈਬਲ ਕਹਿੰਦੀ ਹੈ: “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।” (ਕਹਾਉਤਾਂ 27:17) ਆਪਣੇ ਤੋਂ ਵੱਡੇ ਭੈਣ-ਭਰਾਵਾਂ ਦੇ ਤਜਰਬਿਆਂ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। 19 ਸਾਲਾਂ ਦੀ ਅਲੈਕਸੀਸ ਕਹਿੰਦੀ ਹੈ: “ਵੱਡਿਆਂ ਨਾਲ ਕੰਮ ਕਰ ਕੇ ਪ੍ਰਚਾਰ ਵਿਚ ਡਰ ਨਹੀਂ ਲੱਗਦਾ।”

ਤੁਸੀਂ ਇੱਦਾਂ ਕਰੋ। ਥੱਲੇ ਦਿੱਤੀ ਥਾਂ ਵਿਚ ਆਪਣੇ ਮਾਪਿਆਂ ਤੋਂ ਇਲਾਵਾ ਉਨ੍ਹਾਂ ਭੈਣਾਂ-ਭਰਾਵਾਂ ਦੇ ਨਾਂ ਲਿਖੋ ਜੋ ਪ੍ਰਚਾਰ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

․․․․

ਤੀਜੀ ਮੁਸ਼ਕਲ: ਮੀਟਿੰਗਾਂ ਵਿਚ ਜਾਣਾ

ਮੀਟਿੰਗਾਂ ਵਿਚ ਜਾਣਾ ਮੁਸ਼ਕਲ ਕਿਉਂ ਹੈ? ਸਾਰੀ ਦਿਹਾੜੀ ਸਕੂਲੇ ਬੈਠਣ ਤੋਂ ਬਾਅਦ ਮੀਟਿੰਗ ਵਿਚ ਇਕ-ਦੋ ਘੰਟੇ ਬੈਠਣਾ ਵੀ ਭਾਰੀ ਹੋ ਜਾਂਦਾ ਹੈ।

ਤੁਹਾਨੂੰ ਮੀਟਿੰਗਾਂ ਵਿਚ ਕਿਉਂ ਜਾਣਾ ਚਾਹੀਦੀ ਹੈ? ਬਾਈਬਲ ਮਸੀਹੀਆਂ ਨੂੰ ਤਾਕੀਦ ਕਰਦੀ ਹੈ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।”​—ਇਬਰਾਨੀਆਂ 10:​24, 25.

ਹੋਰ ਨੌਜਵਾਨ ਕੀ ਕਹਿੰਦੇ ਹਨ? “ਮੀਟਿੰਗਾਂ ਦੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਤੁਹਾਨੂੰ ਸ਼ਾਇਦ ਤਿਆਰੀ ਕਰਨੀ ਔਖੀ ਲੱਗੇ, ਪਰ ਜਦੋਂ ਤੁਸੀਂ ਤਿਆਰੀ ਕਰਦੇ ਹੋ ਅਤੇ ਹਿੱਸਾ ਲੈਂਦੇ ਹੋ, ਤਾਂ ਤੁਹਾਨੂੰ ਮੀਟਿੰਗਾਂ ਦਾ ਜ਼ਿਆਦਾ ਮਜ਼ਾ ਆਵੇਗਾ।”​—ਐਲਡਾ।

“ਮੈਂ ਇਹ ਦੇਖਿਆ ਹੈ ਕਿ ਜਦੋਂ ਮੈਂ ਮੀਟਿੰਗਾਂ ਵਿਚ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ, ਤਾਂ ਮੈਨੂੰ ਮੀਟਿੰਗਾਂ ਵਿਚ ਜ਼ਿਆਦਾ ਮਜ਼ਾ ਆਉਣ ਲੱਗਾ।”​—ਜੈਸਿਕਾ।

ਤੁਸੀਂ ਕੀ ਕਰ ਸਕਦੇ ਹੋ? ਸਮਾਂ ਕੱਢ ਕੇ ਤਿਆਰੀ ਕਰੋ। ਜੇ ਹੋ ਸਕੇ, ਤਾਂ ਮੀਟਿੰਗ ਵਿਚ ਇਕ ਟਿੱਪਣੀ ਕਰੋ। ਇਸ ਤਰ੍ਹਾਂ ਤੁਸੀਂ ਮੀਟਿੰਗ ਵਿਚ ਬੋਰ ਨਹੀਂ ਹੋਵੋਗੇ।

ਮਿਸਾਲ ਲਈ: ਤੁਹਾਨੂੰ ਕਿਸ ਵਿਚ ਜ਼ਿਆਦਾ ਮਜ਼ਾ ਆਵੇਗਾ​—ਟੀ.ਵੀ. ਤੇ ਖੇਡ ਦੇਖਣ ਦਾ ਜਾਂ ਖ਼ੁਦ ਖੇਡਣ ਦਾ? ਜ਼ਰੂਰ ਤੁਹਾਨੂੰ ਖੇਡ ਕੇ ਜ਼ਿਆਦਾ ਮਜ਼ਾ ਆਵੇਗਾ। ਇਸੇ ਤਰ੍ਹਾਂ ਕਿਉਂ ਨਾ ਮੀਟਿੰਗਾਂ ਵਿਚ ਵੀ ਹਿੱਸਾ ਲਓ।

ਤੁਸੀਂ ਇੱਦਾਂ ਕਰੋ। ਹੇਠਾਂ ਦਿੱਤੀ ਥਾਂ ਵਿਚ ਲਿਖੋ ਕਿ ਤੁਸੀਂ ਹਫ਼ਤੇ ਵਿਚ ਕਿਹੜੇ ਦਿਨ ਮੀਟਿੰਗਾਂ ਦੀ ਤਿਆਰੀ ਕਰਨ ਵਿਚ 30 ਮਿੰਟ ਲਗਾਓਗੇ।

․․․․

ਕਈ ਨੌਜਵਾਨਾਂ ਨੇ ਦੇਖਿਆ ਹੈ ਕਿ ਜ਼ਬੂਰ 34:8 ਦੇ ਸ਼ਬਦ ਸੱਚ ਹਨ: “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।” ਸੁਆਦੀ ਚੀਜ਼ ਦਾ ਨਾਂ ਸੁਣ ਕੇ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ, ਪਰ ਜੇ ਕਿਤੇ ਇਹ ਚੀਜ਼ ਖਾਣ ਨੂੰ ਮਿਲ ਜਾਵੇ, ਤਾਂ ਹੋਰ ਵੀ ਵਧੀਆ। ਇਸੇ ਤਰ੍ਹਾਂ ਜੇ ਤੁਸੀਂ ਖ਼ੁਦ ਪਰਮੇਸ਼ੁਰ ਦੀ ਭਗਤੀ ਵਿਚ ਹਿੱਸਾ ਲਓਗੇ, ਤਾਂ ਤੁਸੀਂ ਦੇਖੋਗੇ ਕਿ ਇਸ ਵਿਚ ਕਿੰਨੀ ਖ਼ੁਸ਼ੀ ਹੈ। ਬਾਈਬਲ ਕਹਿੰਦੀ ਹੈ ਕਿ ਜੋ ਇਨਸਾਨ ਸਿਰਫ਼ ਸੁਣਦਾ ਹੀ ਨਹੀਂ ਬਲਕਿ ਉਸ ਉੱਤੇ ਅਮਲ ਵੀ ਕਰਦਾ ਹੈ ਉਹ “ਆਪਣੇ ਕੰਮ ਵਿੱਚ ਧੰਨ ਹੋਵੇਗਾ।”​—ਯਾਕੂਬ 1:25. (g 7/08)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org⁄ype

[ਫੁਟਨੋਟ]

^ ਪੈਰਾ 14 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ।

ਇਸ ਬਾਰੇ ਸੋਚੋ

◼ ਪਰਮੇਸ਼ੁਰ ਦੀ ਸੇਵਾ ਵਿਚ ਕਿਹੜੇ ਕੰਮ ਨੌਜਵਾਨਾਂ ਨੂੰ ਬੋਰਿੰਗ ਲੱਗਦੇ ਹਨ?

◼ ਇਸ ਲੇਖ ਵਿਚ ਭਗਤੀ ਦੇ ਜਿਨ੍ਹਾਂ ਤਿੰਨ ਪਹਿਲੂਆਂ ਬਾਰੇ ਗੱਲ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਤੁਸੀਂ ਕਿਹੜੇ ਵਿਚ ਸੁਧਾਰ ਕਰਨਾ ਚਾਹੋਗੇ ਅਤੇ ਇਹ ਤੁਸੀਂ ਕਿਵੇਂ ਕਰੋਗੇ?

[ਸਫ਼ੇ 12, 13 ਉੱਤੇ ਤਸਵੀਰ]

ਚੰਗੀ ਸਿਹਤ ਬਣਾਉਣ ਲਈ ਕਸਰਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ, ਆਪਣੇ ਸਿਰਜਣਹਾਰ ਬਾਰੇ ਸਿੱਖਣ ਲਈ ਉਸ ਦੇ ਬਚਨ ਦੀ ਸਟੱਡੀ ਕਰਨ ਦੀ ਲੋੜ ਹੁੰਦੀ ਹੈ