ਬਾਈਬਲ ਕੀ ਕਹਿੰਦੀ ਹੈ
ਯਿਸੂ ਦਾ ਜਨਮ ਕਦੋਂ ਹੋਇਆ ਸੀ?
ਇਕ ਵਿਸ਼ਵ-ਕੋਸ਼ ਨੇ ਕਿਹਾ ਕਿ “ਕਿਸੇ ਨੂੰ ਪਤਾ ਨਹੀਂ ਹੈ ਕਿ ਯਿਸੂ ਮਸੀਹ ਦਾ ਜਨਮ ਕਿਸ ਦਿਨ ਹੋਇਆ ਸੀ।” ਫਿਰ ਵੀ ਸੰਸਾਰ ਭਰ ਵਿਚ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੱਖਾਂ ਹੀ ਲੋਕ ਯਿਸੂ ਦਾ ਜਨਮ ਦਿਨ 25 ਦਸੰਬਰ ਨੂੰ ਮਨਾਉਂਦੇ ਹਨ। ਪਰ ਇਹ ਤਾਰੀਖ਼ ਬਾਈਬਲ ਵਿਚ ਕਿਤੇ ਨਹੀਂ ਪਾਈ ਜਾਂਦੀ। ਕੀ ਯਿਸੂ ਦਾ ਜਨਮ ਸੱਚ-ਮੁੱਚ ਦਸੰਬਰ ਵਿਚ ਹੋਇਆ ਸੀ?
ਭਾਵੇਂ ਬਾਈਬਲ ਵਿਚ ਯਿਸੂ ਦੇ ਜਨਮ ਦੀ ਤਾਰੀਖ਼ ਨਹੀਂ ਦਿੱਤੀ ਗਈ, ਫਿਰ ਵੀ ਇਸ ਤੋਂ ਸਬੂਤ ਮਿਲਦਾ ਹੈ ਕਿ ਉਸ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ। ਇਤਿਹਾਸਕਾਰਾਂ ਅਤੇ ਹੋਰਨਾਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ 25 ਦਸੰਬਰ ਦੀ ਤਾਰੀਖ਼ ਯਿਸੂ ਦਾ ਜਨਮ ਦਿਨ ਮਨਾਉਣ ਲਈ ਕਿਉਂ ਚੁਣੀ ਗਈ ਸੀ।
ਦਸੰਬਰ ਕਿਉਂ ਨਹੀਂ?
ਯਿਸੂ ਦਾ ਜਨਮ ਯਹੂਦਿਯਾ ਦੇ ਬੈਤਲਹਮ ਸ਼ਹਿਰ ਵਿਚ ਹੋਇਆ ਸੀ। ਲੂਕਾ ਦੀ ਇੰਜੀਲ ਵਿਚ ਦੱਸਿਆ ਗਿਆ ਹੈ: “ਉਸ ਦੇਸ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।” (ਲੂਕਾ 2:4-8) ਇਸ ਤਰ੍ਹਾਂ ਕਰਨਾ ਆਮ ਸੀ। ਯਿਸੂ ਦੇ ਜ਼ਮਾਨੇ ਵਿਚ ਰੋਜ਼ਾਨਾ ਜ਼ਿੰਦਗੀ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ ਕਿ “ਇੱਜੜਾਂ ਨੂੰ ਜ਼ਿਆਦਾਤਰ ਮਹੀਨਿਆਂ ਲਈ ਬਾਹਰ ਖੇਤਾਂ ਵਿਚ ਹੀ ਰੱਖਿਆ ਜਾਂਦਾ ਸੀ।” ਪਰ ਕੀ ਚਰਵਾਹੇ ਆਪਣੇ ਇੱਜੜਾਂ ਨਾਲ ਦਸੰਬਰ ਦੀ ਠੰਢ ਵਿਚ ਬਾਹਰ ਰਹਿੰਦੇ ਹੁੰਦੇ ਸਨ? ਇਹ ਕਿਤਾਬ ਅੱਗੇ ਕਹਿੰਦੀ ਹੈ: ‘ਸਿਆਲ ਦੇ ਮੌਸਮ ਵਿਚ ਭੇਡਾਂ ਨੂੰ ਠੰਢ ਤੋਂ ਬਚਾਉਣ ਲਈ ਕਿਤੇ ਅੰਦਰ ਰੱਖਿਆ ਜਾਂਦਾ ਸੀ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕ੍ਰਿਸਮਸ ਦੀ ਤਾਰੀਖ਼ ਸਹੀ ਨਹੀਂ ਹੋ ਸਕਦੀ ਕਿਉਂਕਿ ਲੂਕਾ ਦੀ ਇੰਜੀਲ ਵਿਚ ਦੱਸਿਆ ਗਿਆ ਹੈ ਕਿ ਅਯਾਲੀ ਖੇਤਾਂ ਵਿਚ ਸਨ।’
ਲੂਕਾ ਦੀ ਇੰਜੀਲ ਇਹ ਵੀ ਦੱਸਦੀ ਹੈ: “ਉਨ੍ਹੀਂ ਦਿਨੀਂ ਐਉਂ ਹੋਇਆ ਕਿ ਕੈਸਰ ਔਗੂਸਤੁਸ ਦੇ ਕੋਲੋਂ ਹੁਕਮ ਨਿੱਕਲਿਆ ਜੋ ਸਾਰੀ ਦੁਨੀਆ ਦੀ ਮਰਦੁਮਸ਼ੁਮਾਰੀ ਹੋਵੇ। ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਿਮ ਕੁਰੇਨਿਯੁਸ ਦੇ ਸਮੇ ਵਿੱਚ ਕੀਤੀ ਗਈ। ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਉਂ ਲਿਖਾਉਣ ਚੱਲੇ।”—ਲੂਕਾ 2:1-3.
ਹੋ ਸਕਦਾ ਹੈ ਕਿ ਔਗੂਸਤੁਸ ਨੇ ਟੈਕਸ ਭਰਨ ਅਤੇ ਫ਼ੌਜ ਦੀ ਭਰਤੀ ਲਈ ਜਾਣਕਾਰੀ ਇਕੱਠੀ ਕਰਨ ਵਾਸਤੇ ਲੋਕਾਂ ਦੀ ਗਿਣਤੀ ਕਰਵਾਈ ਸੀ। ਇਸ ਲਈ ਭਾਵੇਂ ਮਰਿਯਮ ਬਹੁਤ ਜਲਦ ਮਾਂ ਬਣਨ ਵਾਲੀ ਸੀ, ਫਿਰ ਵੀ ਉਸ ਨੇ ਆਪਣੇ ਪਤੀ ਯੂਸੁਫ਼ ਨਾਲ ਨਾਸਰਤ ਤੋਂ ਬੈਤਲਹਮ ਤਕ 150 ਕਿਲੋਮੀਟਰ ਦਾ ਲੰਬਾ ਸਫ਼ਰ ਤੈ ਕੀਤਾ। ਜ਼ਰਾ ਸੋਚੋ: ਆਮ ਕਰਕੇ ਕੈਸਰ ਔਗੂਸਤੁਸ ਸਥਾਨਕ ਸਰਕਾਰੀ ਕੰਮਾਂ ਵਿਚ ਬਹੁਤ ਘੱਟ ਦਖ਼ਲ ਦਿੰਦਾ ਸੀ। ਪਰ ਮਰਦਮਸ਼ੁਮਾਰੀ ਦਾ ਕੰਮ ਅਜਿਹਾ ਵੱਡਾ ਕੰਮ ਸੀ ਜਿਸ ਲਈ ਉਸ ਨੇ ਖ਼ੁਦ ਹੁਕਮ ਦਿੱਤਾ ਸੀ। ਉਸ ਨੇ ਲੋਕਾਂ ਨੂੰ ਸਿਆਲਾਂ ਵਿਚ ਆਪਣੇ ਜੱਦੀ ਸ਼ਹਿਰਾਂ-ਪਿੰਡਾਂ ਵਿਚ ਜਾਣ ਦਾ ਹੁਕਮ ਕਦੇ ਨਹੀਂ ਦੇਣਾ ਸੀ ਕਿਉਂਕਿ ਲੋਕ ਪਹਿਲਾਂ ਹੀ ਰੋਮੀ ਹਕੂਮਤ ਦੇ ਖ਼ਿਲਾਫ਼ ਸਨ।
ਸਿਰਫ਼ ਯਹੋਵਾਹ ਦੇ ਗਵਾਹ ਹੀ ਨਹੀਂ ਬਲਕਿ ਕਈ ਇਤਿਹਾਸਕਾਰ ਅਤੇ ਬਾਈਬਲ ਦੇ ਵਿਦਵਾਨ ਮੰਨਦੇ ਹਨ ਕਿ 25 ਦਸੰਬਰ ਯਿਸੂ ਦੇ ਜਨਮ ਦੀ ਤਾਰੀਖ਼ ਨਹੀਂ ਸੀ। ਤੁਸੀਂ ਕਿਸੇ ਐਨਸਾਈਕਲੋਪੀਡੀਆ ਵਿਚ ਅਜਿਹੀ ਜਾਣਕਾਰੀ ਪਾ ਸਕਦੇ ਹੋ। ਇਕ ਕੈਥੋਲਿਕ ਐਨਸਾਈਕਲੋਪੀਡੀਆ ਨੇ ਕਿਹਾ: “ਇਹ ਆਮ ਕਰਕੇ ਮੰਨਿਆ ਜਾਂਦਾ ਹੈ ਕਿ ਯਿਸੂ ਦਾ ਜਨਮ 25 ਦਸੰਬਰ ਨੂੰ ਨਹੀਂ ਹੋਇਆ ਸੀ।”
ਬਾਈਬਲ ਸਬੂਤ ਦਿੰਦੀ ਹੈ ਕਿ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ
25 ਦਸੰਬਰ ਕਿਉਂ ਚੁਣਿਆ ਗਿਆ
ਯਿਸੂ ਦੀ ਮੌਤ ਤੋਂ ਸੈਂਕੜੇ ਹੀ ਸਾਲ ਬਾਅਦ 25 ਦਸੰਬਰ ਦੀ ਤਾਰੀਖ਼ ਉਸ ਦੇ ਜਨਮ ਦਿਨ ਲਈ ਚੁਣੀ ਗਈ ਸੀ। ਕਿਉਂ? ਕਈ ਇਤਿਹਾਸਕਾਰ ਮੰਨਦੇ ਹਨ ਕਿ ਕ੍ਰਿਸਮਸ ਮਨਾਉਣ ਲਈ ਚੁਣਿਆ ਗਿਆ ਸਮਾਂ ਅਜਿਹਾ ਸਮਾਂ ਸੀ ਜਦ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ।
ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ ‘ਇਹ ਗੱਲ ਆਮ ਮੰਨੀ ਜਾਂਦੀ ਹੈ ਕਿ 25 ਦਸੰਬਰ ਰੋਮ ਵਿਚ ਮਨਾਏ ਜਾਂਦੇ ਇਕ ਤਿਉਹਾਰ ਦੀ ਤਾਰੀਖ਼ ਸੀ ਜਿਸ ਨੂੰ ਈਸਾਈ ਧਰਮ ਵਿਚ ਲਿਆਂਦਾ ਗਿਆ। ਉਸ ਦਿਨ ਤੇ ਰੋਮ ਵਿਚ ਲੋਕ ਸੂਰਜ ਦਾ ਜਨਮ ਦਿਨ ਮਨਾਉਂਦੇ ਹੁੰਦੇ ਸਨ। ਉਹ ਸਿਆਲ ਖ਼ਤਮ ਹੋਣ ਅਤੇ ਬਸੰਤ ਅਤੇ ਗਰਮੀਆਂ ਦੀ ਰੁੱਤ ਦੇ ਨਵੇਂ ਜਨਮ ਦਾ ਜਸ਼ਨ ਮਨਾਉਂਦੇ ਸਨ।’
ਐਨਸਾਈਕਲੋਪੀਡੀਆ ਅਮੈਰੀਕਾਨਾ ਸਾਨੂੰ ਦੱਸਦਾ ਹੈ: “ਮੰਨਿਆ ਜਾਂਦਾ ਹੈ ਕਿ 25 ਦਸੰਬਰ ਕ੍ਰਿਸਮਸ ਦਾ ਤਿਉਹਾਰ ਮਨਾਉਣ ਲਈ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਉਸ ਸਮੇਂ ਰੋਮੀ ਲੋਕ ਸੂਰਜ ਦੀ ਪੂਜਾ ਕਰਦੇ ਹੁੰਦੇ ਸਨ। ਉਦੋਂ ਦਿਨ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਸਨ। ਇਸ ਲਈ ਉਹ ‘ਸੂਰਜ ਦਾ ਜਨਮ-ਦਿਨ’ ਅਤੇ ਆਪਣੇ ਖੇਤੀਬਾੜੀ ਦੇ ਦੇਵਤਾ ਸੈਟਰਨ ਦਾ ਤਿਉਹਾਰ ਮਨਾਉਂਦੇ ਹੁੰਦੇ ਸਨ। ਉਹ ਖਾ-ਪੀ ਕੇ, ਨੱਚ-ਗਾ ਕੇ ਤੇ ਲੁੱਚਪੁਣਾ ਕਰ ਕੇ ਜਸ਼ਨ ਮਨਾਉਂਦੇ ਸਨ।” ਇਹ ਦਿਲਚਸਪੀ ਦੀ ਗੱਲ ਹੈ ਕਿ ਅੱਜ ਵੀ ਕ੍ਰਿਸਮਸ ਦੇ ਸਮੇਂ ਤੇ ਇਹੋ ਜਿਹੀਆਂ ਰੰਗਰਲੀਆਂ ਮਨਾਈਆਂ ਜਾਂਦੀਆਂ ਹਨ।
ਅਸੀਂ ਯਿਸੂ ਦਾ ਆਦਰ ਕਿਵੇਂ ਕਰ ਸਕਦੇ ਹਾਂ?
ਕਈ ਲੋਕ ਸੋਚਦੇ ਹਨ ਕਿ ਭਾਵੇਂ ਸਾਨੂੰ ਪਤਾ ਨਹੀਂ ਕਿ ਯਿਸੂ ਕਦੋਂ ਪੈਦਾ ਹੋਇਆ ਸੀ, ਫਿਰ ਵੀ ਸਾਨੂੰ ਉਸ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ। ਉਨ੍ਹਾਂ ਦੇ ਖ਼ਿਆਲ ਵਿਚ ਜੇ ਉਹ ਸਹੀ ਤਰੀਕੇ ਨਾਲ ਇਸ ਦਿਨ ਨੂੰ ਮਨਾਉਣ, ਤਾਂ ਉਹ ਯਿਸੂ ਦਾ ਆਦਰ ਕਰ ਸਕਣਗੇ।
ਬਾਈਬਲ ਵਿਚ ਯਿਸੂ ਦਾ ਜਨਮ ਇਕ ਵੱਡੀ ਅਤੇ ਖ਼ੁਸ਼ੀ ਭਰੀ ਘਟਨਾ ਸੀ। ਬਾਈਬਲ ਦੱਸਦੀ ਹੈ ਕਿ ਜਦ ਯਿਸੂ ਦਾ ਜਨਮ ਹੋਇਆ, ਤਾਂ ਬਹੁਤ ਸਾਰੇ ਫ਼ਰਿਸ਼ਤੇ ਅਚਾਨਕ ਧਰਤੀ ਉੱਤੇ ਆਏ ਅਤੇ ਪਰਮੇਸ਼ੁਰ ਦੇ ਗੁਣ ਗਾਉਣ ਲੱਗੇ। ਉਨ੍ਹਾਂ ਨੇ ਕਿਹਾ: “ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।” (ਲੂਕਾ 2:13, 14) ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਬਾਈਬਲ ਵਿਚ ਕਿਤੇ ਵੀ ਸਾਨੂੰ ਯਿਸੂ ਦਾ ਜਨਮ ਮਨਾਉਣ ਲਈ ਨਹੀਂ ਕਿਹਾ ਗਿਆ। ਇਸ ਦੇ ਉਲਟ ਸਾਨੂੰ ਉਸ ਦੀ ਮੌਤ ਦੀ ਯਾਦਗੀਰੀ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ। ਯਹੋਵਾਹ ਦੇ ਗਵਾਹ ਸਾਲ ਵਿਚ ਇਕ ਵਾਰ ਇਸ ਤਰ੍ਹਾਂ ਕਰਦੇ ਹਨ। (ਲੂਕਾ 22:19) ਇਹ ਯਿਸੂ ਦਾ ਆਦਰ ਕਰਨ ਦਾ ਇਕ ਤਰੀਕਾ ਹੈ।
ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ਨੂੰ ਉਸ ਨੇ ਕਿਹਾ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ।” (ਯੂਹੰਨਾ 15:14) ਉਸ ਨੇ ਇਹ ਵੀ ਕਿਹਾ: “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ।” (ਯੂਹੰਨਾ 14:15) ਤਾਂ ਫਿਰ ਯਿਸੂ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਉਸ ਦਾ ਆਦਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। (g08 12)