ਟੁੱਟਾ ਘਰ—ਨੌਜਵਾਨਾਂ ਉੱਤੇ ਤਲਾਕ ਦਾ ਅਸਰ
ਟੁੱਟਾ ਘਰ—ਨੌਜਵਾਨਾਂ ਉੱਤੇ ਤਲਾਕ ਦਾ ਅਸਰ
ਮਾਹਰ ਸੋਚਦੇ ਸਨ ਕਿ ਉਹ ਸਹੀ ਸਨ। ਉਨ੍ਹਾਂ ਨੇ ਉਨ੍ਹਾਂ ਮਾਪਿਆਂ ਨੂੰ ਕਿਹੜੀ ਸਲਾਹ ਦਿੱਤੀ ਜੋ ਆਪਣੇ ਵਿਆਹ ਵਿਚ ਖ਼ੁਸ਼ ਨਹੀਂ ਸਨ? ਇਹ ਕਿ ‘ਤੁਸੀਂ ਆਪਣੀ ਖ਼ੁਸ਼ੀ ਬਾਰੇ ਸੋਚੋ, ਆਪਣੇ ਬੱਚਿਆਂ ਦਾ ਫ਼ਿਕਰ ਨਾ ਕਰੋ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬੱਚਿਆਂ ਲਈ ਇਕ ਅਜਿਹੇ ਘਰ ਵਿਚ ਰਹਿਣ ਨਾਲੋਂ ਜਿੱਥੇ ਮਾਪੇ ਝਗੜਦੇ ਰਹਿੰਦੇ ਹਨ ਇਹ ਬਿਹਤਰ ਹੈ ਕਿ ਮਾਪੇ ਤਲਾਕ ਲੈ ਕੇ ਜੁਦਾ ਹੋ ਜਾਣ।’
ਕਈ ਮਾਹਰ ਜੋ ਪਹਿਲਾਂ ਤਲਾਕ ਦੇ ਹੱਕ ਵਿਚ ਬੋਲਦੇ ਹੁੰਦੇ ਸਨ ਹੁਣ ਆਪਣਾ ਮਨ ਬਦਲ ਰਹੇ ਹਨ। ਉਹ ਹੁਣ ਕਹਿੰਦੇ ਹਨ ਕਿ ‘ਤਲਾਕ ਇਕ ਜੰਗ ਹੈ।’ ਪਰਿਵਾਰ ਦਾ ਹਰ ਮੈਂਬਰ, ਬੱਚੇ ਵੀ, ਇਸ ਜੰਗ ਵਿਚ ਜ਼ਖ਼ਮੀ ਹੁੰਦੇ ਹਨ।’
ਤਲਾਕ ਲੈਣ ਬਾਰੇ ਗ਼ਲਤਫ਼ਹਿਮੀਆਂ
ਇਕ ਟੀ.ਵੀ. ਸੀਰੀਅਲ ਬਣ ਸਕਦਾ ਹੈ। ਕਹਾਣੀ ਕੀ ਹੋਵੇਗੀ? ਮੰਮੀ-ਡੈਡੀ ਤਲਾਕ ਲੈਂਦੇ ਹਨ। ਬੱਚੇ ਮੰਮੀ ਨਾਲ ਰਹਿੰਦੇ ਹਨ। ਫਿਰ ਮੰਮੀ ਅਜਿਹੇ ਆਦਮੀ ਨਾਲ ਵਿਆਹ ਕਰਦੀ ਹੈ ਜਿਸ ਦੀ ਪਤਨੀ ਗੁਜ਼ਰ ਚੁੱਕੀ ਹੈ ਤੇ ਉਸ ਦੇ ਆਪਣੇ ਵੀ ਬੱਚੇ ਹਨ। ਹਰ ਹਫ਼ਤੇ ਇਹ ਪਰਿਵਾਰ ਇਕ ਤੋਂ ਬਾਅਦ ਇਕ ਨਵੀਂ ਮੁਸ਼ਕਲ ਦਾ ਸਾਮ੍ਹਣਾ ਕਰਦਾ ਹੈ ਜਿਸ ਦਾ ਹੱਲ 30 ਮਿੰਟਾਂ ਦੇ ਅੰਦਰ-ਅੰਦਰ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ-ਨਾਲ ਹਾਸੇ-ਮਜ਼ਾਕ ਦੀ ਵੀ ਕੋਈ ਕਮੀ ਨਹੀਂ ਹੁੰਦੀ।
ਟੀ.ਵੀ. ਉੱਤੇ ਇਹ ਸੀਰੀਅਲ ਸ਼ਾਇਦ ਹਸਾਉਣਾ ਹੋਵੇ, ਪਰ ਅਸਲੀ ਜ਼ਿੰਦਗੀ ਵਿਚ ਤਲਾਕ ਲੈਣਾ ਕੋਈ ਮਜ਼ਾਕ ਨਹੀਂ। ਇਸ ਦੇ ਉਲਟ ਤਲਾਕ ਕਰਕੇ ਸਾਰਿਆਂ ਨੂੰ ਦੁੱਖ ਹੁੰਦਾ ਹੈ। ਆਪਣੀ ਕਿਤਾਬ ਵਿਚ ਗੈਰੀ ਨਿਊਮਨ ਲਿਖਦਾ ਹੈ ਕਿ “ਇਕ ਜਣਾ ਦੂਜੇ ਉੱਤੇ ਮੁਕੱਦਮਾ ਚਲਾਉਂਦਾ ਹੈ। ਜਦ ਤੁਸੀਂ ਤਲਾਕ ਲੈਣ ਦਾ ਫ਼ੈਸਲਾ ਕਰਦੇ ਹੋ, ਤਾਂ ਤੁਸੀਂ ਆਪਣੇ ਬੱਚੇ ਉੱਤੇ ਆਪਣਾ ਹੱਕ ਗੁਆ ਬੈਠਦੇ ਹੋ। ਤੁਸੀਂ ਆਪਣੇ ਪੈਸੇ ਅਤੇ ਘਰ ਉੱਤੇ ਵੀ ਆਪਣਾ ਹੱਕ ਗੁਆ ਸਕਦੇ ਹੋ। ਹੋ ਸਕਦਾ ਹੈ ਕਿ ਤੁਸੀਂ ਸਮਝੌਤਾ ਕਰ ਕੇ ਫ਼ੈਸਲਾ ਕਰ ਸਕੋ, ਪਰ ਇਸ ਤਰ੍ਹਾਂ ਘੱਟ ਹੀ ਹੁੰਦਾ ਹੈ। ਅਖ਼ੀਰ ਵਿਚ ਇਕ ਅਜਨਬੀ ਯਾਨੀ ਜੱਜ ਤੁਹਾਨੂੰ ਸ਼ਾਇਦ ਦੱਸੇ ਕਿ ਤੁਸੀਂ ਆਪਣੇ ਬੱਚੇ ਨਾਲ ਕਿੰਨਾ ਕੁ ਸਮਾਂ ਬਿਤਾ ਸਕਦੇ ਹੋ ਅਤੇ ਤੁਹਾਡੇ ਪੈਸਿਆਂ ਦਾ ਕੀ ਹੋਵੇਗਾ। ਅਫ਼ਸੋਸ ਦੀ ਗੱਲ ਹੈ ਕਿ ਇਹ ਅਜਨਬੀ ਤੁਹਾਡੀ ਤਰ੍ਹਾਂ ਨਹੀਂ ਸੋਚਦਾ।”
ਹੋ ਸਕਦਾ ਹੈ ਕਿ ਤਲਾਕ ਲੈਣ ਨਾਲ ਕੁਝ ਮੁਸ਼ਕਲਾਂ ਸੁਲਝਾਈਆਂ ਜਾਣ, ਪਰ ਹੋਰ ਮੁਸ਼ਕਲਾਂ ਪੈਦਾ ਹੋਣ। ਤੁਹਾਡੇ ਰਹਿਣ ਦਾ ਬੰਦੋਬਸਤ ਅਤੇ ਤੁਹਾਡੀ ਮਾਲੀ ਹਾਲਤ ਬਦਲ ਸਕਦੀ ਹੈ ਤੇ ਜ਼ਰੂਰੀ ਨਹੀਂ ਕਿ ਇਹ ਪਹਿਲਾਂ ਨਾਲੋਂ ਬਿਹਤਰ ਹੋਵੇ। ਇਹ ਨਾ ਭੁੱਲੋ ਕਿ ਬੱਚਿਆਂ ਉੱਤੇ ਵੀ ਤਲਾਕ ਦਾ ਅਸਰ ਪੈਂਦਾ ਹੈ।
ਤਲਾਕ ਅਤੇ ਨੌਜਵਾਨ
ਤਲਾਕ ਕਾਰਨ ਬੱਚਿਆਂ ਨੂੰ ਗਹਿਰੀ ਸੱਟ ਲੱਗ ਸਕਦੀ ਹੈ, ਚਾਹੇ ਉਨ੍ਹਾਂ ਦੀ ਉਮਰ ਜੋ ਵੀ ਹੋਵੇ। ਕੁਝ ਲੋਕ ਮੰਨਦੇ ਹਨ ਕਿ ਨੌਜਵਾਨਾਂ ਉੱਤੇ ਘੱਟ ਅਸਰ ਪੈਂਦਾ ਹੈ। ਉਹ ਕਹਿੰਦੇ ਹਨ ਕਿ * ਇਨ੍ਹਾਂ ਗੱਲਾਂ ਵੱਲ ਧਿਆਨ ਦਿਓ:
ਨੌਜਵਾਨ ਤਾਂ ਪਹਿਲਾਂ ਹੀ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਸਿੱਖ ਰਹੇ ਹਨ ਤੇ ਬਹੁਤ ਜਲਦੀ ਆਪਣੇ ਮਾਪਿਆਂ ਤੋਂ ਜੁਦਾ ਹੋ ਜਾਣਗੇ। ਪਰ ਖੋਜਕਾਰ ਇਸ ਦੇ ਉਲਟ ਕਹਿੰਦੇ ਹਨ। ਉਨ੍ਹਾਂ ਨੇ ਦੇਖਿਆ ਹੈ ਕਿ ਨੌਜਵਾਨ ਹੋਣ ਕਰਕੇ ਤਲਾਕ ਦਾ ਉਨ੍ਹਾਂ ’ਤੇ ਸਭ ਤੋਂ ਮਾੜਾ ਅਸਰ ਪੈ ਸਕਦਾ ਹੈ।◼ ਜਦ ਬੱਚੇ ਜਵਾਨੀ ਵਿਚ ਪੈਰ ਰੱਖਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਫ਼ਿਕਰ ਹੁੰਦੇ ਹਨ। ਭਾਵੇਂ ਉਹ ਜ਼ਿਆਦਾ ਆਜ਼ਾਦੀ ਚਾਹੁਣ, ਫਿਰ ਵੀ ਇਹ ਨਾ ਧੋਖਾ ਖਾਓ ਕਿ ਉਨ੍ਹਾਂ ਨੂੰ ਪਰਿਵਾਰ ਦੀ ਕੋਈ ਲੋੜ ਨਹੀਂ। ਉਨ੍ਹਾਂ ਨੂੰ ਇਸ ਸਮੇਂ ਮਾਪਿਆਂ ਦੇ ਸਹਾਰੇ ਦੀ ਖ਼ਾਸ ਲੋੜ ਹੁੰਦੀ ਹੈ।
◼ ਜਿਸ ਸਮੇਂ ਨੌਜਵਾਨ ਰਿਸ਼ਤੇ-ਨਾਤੇ ਜੋੜਨ ਬਾਰੇ ਸਿੱਖ ਰਹੇ ਹੁੰਦੇ ਹਨ, ਤਲਾਕ ਉਨ੍ਹਾਂ ਨੂੰ ਭਰੋਸਾ, ਵਫ਼ਾਦਾਰੀ ਤੇ ਪਿਆਰ ਵਰਗੇ ਗੁਣਾਂ ਉੱਤੇ ਸ਼ੱਕ ਕਰਨਾ ਸਿਖਾਉਂਦਾ ਹੈ। ਹੋ ਸਕਦਾ ਹੈ ਕਿ ਵੱਡੇ ਹੋ ਕੇ ਉਹ ਸੋਚਣ ਕਿ ਉਹ ਕਿਸੇ ਨਾਲ ਪੱਕਾ ਰਿਸ਼ਤਾ ਨਹੀਂ ਜੋੜ ਸਕਦੇ।
◼ ਇਹ ਸੱਚ ਹੈ ਕਿ ਬੱਚੇ ਆਪਣਾ ਦੁੱਖ ਦਿਖਾਉਣ ਲਈ ਕਦਮ ਚੁੱਕਦੇ ਹਨ, ਪਰ ਜਦ ਨੌਜਵਾਨ ਇਸ ਤਰ੍ਹਾਂ ਕਰਦੇ ਹਨ, ਤਾਂ ਉਹ ਸ਼ਾਇਦ ਗ਼ਲਤ ਕਦਮ ਚੁੱਕਣ। ਮਿਸਾਲ ਲਈ, ਸ਼ਾਇਦ ਉਨ੍ਹਾਂ ਦੀਆਂ ਆਦਤਾਂ ਵਿਗੜ ਜਾਣ, ਉਹ ਸ਼ਰਾਬ ਪੀਣ ਲੱਗ ਪੈਣ ਜਾਂ ਡ੍ਰੱਗਜ਼ ਲੈਣ ਲੱਗ ਪੈਣ।
ਇਸ ਦਾ ਇਹ ਮਤਲਬ ਨਹੀਂ ਕਿ ਜਿਨ੍ਹਾਂ ਨੌਜਵਾਨਾਂ ਦੇ ਮਾਪੇ ਤਲਾਕ ਲੈਂਦੇ ਹਨ ਉਹ ਚੰਗੇ ਰਿਸ਼ਤੇ ਨਹੀਂ ਜੋੜ ਸਕਣਗੇ ਜਾਂ ਜ਼ਿੰਦਗੀ ਵਿਚ ਸੁਖੀ ਨਹੀਂ ਹੋਣਗੇ। ਜੇ ਦੋਵੇਂ ਮਾਪਿਆਂ ਨਾਲ ਚੰਗਾ ਰਿਸ਼ਤਾ ਹੋਵੇ, ਤਾਂ ਉਹ ਸੁਖੀ ਜ਼ਰੂਰ ਹੋ ਸਕਦੇ ਹਨ। * ਪਰ ਇਹ ਸੋਚਣਾ ਤੁਹਾਡੀ ਗ਼ਲਤਫ਼ਹਿਮੀ ਹੋਵੇਗੀ ਕਿ ਤਲਾਕ ਲੈਣਾ ਬੱਚਿਆਂ ਲਈ ਬਿਹਤਰ ਹੋਵੇਗਾ ਜਾਂ ਪਤੀ-ਪਤਨੀ ਵਿਚਕਾਰ ਸਾਰੀ ਟੈਨਸ਼ਨ ਦੂਰ ਹੋ ਜਾਵੇਗੀ। ਅਸਲ ਵਿਚ ਕਈਆਂ ਨੇ ਦੇਖਿਆ ਹੈ ਕਿ ਤਲਾਕ ਲੈਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸਾਥੀ ਨਾਲ ਪਹਿਲਾਂ ਨਾਲੋਂ ਜ਼ਿਆਦਾ ਮਿਲਣਾ-ਵਰਤਣਾ ਪੈਂਦਾ ਹੈ, ਉਹ ਵੀ ਮੁਸ਼ਕਲ ਮਾਮਲਿਆਂ ਦੇ ਸੰਬੰਧ ਵਿਚ ਜਿਵੇਂ ਕਿ ਬੱਚੇ ਨੂੰ ਕੌਣ ਰੱਖੇਗਾ ਤੇ ਕਿੰਨੇ ਪੈਸਿਆਂ ਦੀ ਲੋੜ ਹੋਵੇਗੀ। ਸੋ ਤਲਾਕ ਲੈਣ ਨਾਲ ਮੁਸ਼ਕਲਾਂ ਦਾ ਹੱਲ ਨਹੀਂ ਲੱਭਿਆ ਜਾਂਦਾ, ਬਲਕਿ ਘਰ ਦੀ ਬਜਾਇ ਇਨ੍ਹਾਂ ਬਾਰੇ ਅਦਾਲਤ ਵਿਚ ਫ਼ੈਸਲਾ ਕੀਤਾ ਜਾਂਦਾ ਹੈ।
ਹੋਰ ਚਾਰਾ
ਕੀ ਤੁਹਾਡੇ ਵਿਆਹ ਵਿਚ ਇੰਨੀਆਂ ਮੁਸ਼ਕਲਾਂ ਹਨ ਕਿ ਤੁਸੀਂ ਤਲਾਕ ਲੈਣ ਬਾਰੇ ਸੋਚ ਰਹੇ ਹੋ? ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਤਲਾਕ ਲੈਣਾ ਹਮੇਸ਼ਾ ਸਭ ਤੋਂ ਚੰਗੀ ਗੱਲ ਨਹੀਂ ਹੈ। ਤਲਾਕ ਵਿਆਹ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੈ।
ਪਰ ਇਸ ਦਾ ਇਹ ਮਤਲਬ ਨਹੀਂ ਕਿ ਜੇ ਤੁਸੀਂ ਆਪਣੇ ਵਿਆਹ ਵਿਚ ਸੁਖੀ ਨਹੀਂ ਹੋ, ਤਾਂ ਤੁਹਾਨੂੰ ਇਸ ਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ ਹੈ। ਇਕ ਹੋਰ ਵੀ ਚਾਰਾ ਹੈ: ਜੇ ਤੁਹਾਡਾ ਵਿਆਹ ਟੁੱਟਣ ਦੀ ਨੌਬਤ ਤੇ ਆ ਗਿਆ ਹੈ, ਤਾਂ ਕਿਉਂ ਨਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰੋ? ਇਹ ਨਾ ਸੋਚੋ ਕਿ ਤੁਹਾਡਾ ਵਿਆਹ ਬਚਾਇਆ ਨਹੀਂ ਜਾ ਸਕਦਾ। ਆਪਣੇ ਆਪ ਨੂੰ ਇਹ ਸਵਾਲ ਪੁੱਛੋ:
◼ ‘ਮੇਰੇ ਸਾਥੀ ਵਿਚ ਕਿਹੜੇ ਗੁਣ ਸਨ ਜਿਸ ਕਰਕੇ ਉਹ ਮੈਨੂੰ ਪਸੰਦ ਆਇਆ? ਕੀ ਉਸ ਵਿਚ ਅਜੇ ਵੀ ਕੁਝ ਹੱਦ ਤਕ ਇਹ ਗੁਣ ਨਹੀਂ ਹਨ?’—◼ ‘ਕੀ ਉਹ ਪਿਆਰ ਫਿਰ ਤੋਂ ਜਗਾਇਆ ਜਾ ਸਕਦਾ ਹੈ ਜੋ ਸ਼ੁਰੂ ਵਿਚ ਹੁੰਦਾ ਸੀ?’—ਸਰੇਸ਼ਟ ਗੀਤ 2:2; 4:7.
◼ ‘ਭਾਵੇਂ ਮੇਰਾ ਸਾਥੀ ਜੋ ਵੀ ਕਰੇ, ਮੈਂ ਇਸ ਰਸਾਲੇ ਦੇ ਸਫ਼ੇ 3 ਤੋਂ 9 ਉੱਤੇ ਦਿੱਤੀ ਸਲਾਹ ਕਿੱਦਾਂ ਲਾਗੂ ਕਰ ਸਕਦਾ ਹਾਂ?’—ਰੋਮੀਆਂ 12:18.
◼ ‘ਕੀ ਮੈਂ ਆਪਣੇ ਸਾਥੀ ਨੂੰ (ਆਮ੍ਹੋ-ਸਾਮ੍ਹਣੇ ਜਾਂ ਲਿਖ ਕੇ) ਸਮਝਾ ਸਕਦਾ ਹਾਂ ਕਿ ਸਾਡਾ ਰਿਸ਼ਤਾ ਕਿੱਦਾਂ ਸੁਧਾਰਿਆ ਜਾ ਸਕਦਾ ਹੈ?’—ਅੱਯੂਬ 10:1.
◼ ‘ਕੀ ਅਸੀਂ ਕਿਸੇ ਸਮਝਦਾਰ ਦੋਸਤ ਨਾਲ ਬੈਠ ਕੇ ਇਸ ਬਾਰੇ ਗੱਲ ਕਰ ਸਕਦੇ ਹਾਂ ਕਿ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?’—ਕਹਾਉਤਾਂ 27:17.
ਬਾਈਬਲ ਕਹਿੰਦੀ ਹੈ ਕਿ “ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਇਹ ਅਸੂਲ ਨਾ ਸਿਰਫ਼ ਜੀਵਨ-ਸਾਥੀ ਚੁਣਨ ਵੇਲੇ ਲਾਗੂ ਹੁੰਦਾ ਹੈ, ਪਰ ਉਦੋਂ ਵੀ ਜਦ ਵਿਆਹ ਵਿਚ ਮੁਸ਼ਕਲਾਂ ਵੱਧ ਜਾਂਦੀਆਂ ਹਨ। ਜਿਵੇਂ ਇਸ ਰਸਾਲੇ ਦੇ 9ਵੇਂ ਸਫ਼ੇ ’ਤੇ ਕਿਹਾ ਗਿਆ ਸੀ ਸੁਖੀ ਪਰਿਵਾਰਾਂ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ, ਫ਼ਰਕ ਇੰਨਾ ਹੈ ਕਿ ਉਹ ਇਨ੍ਹਾਂ ਨੂੰ ਸੁਲਝਾਉਂਦੇ ਹਨ।
ਮਿਸਾਲ ਲਈ, ਕਲਪਨਾ ਕਰੋ ਕਿ ਤੁਸੀਂ ਕਾਰ ਵਿਚ ਲੰਬਾ ਸਫ਼ਰ ਕਰ ਰਹੇ ਹੋ। ਰਸਤੇ ਵਿਚ ਕੋਈ-ਨ-ਕੋਈ ਮੁਸ਼ਕਲ ਤਾਂ ਜ਼ਰੂਰ ਆਵੇਗੀ ਜਿਵੇਂ ਕਿ ਖ਼ਰਾਬ ਮੌਸਮ, ਟ੍ਰੈਫਿਕ ਜਾਮ ਜਾਂ ਕੋਈ ਨਾਕਾਬੰਦੀ। ਹੋ ਸਕਦਾ ਹੈ ਕਿ ਤੁਸੀਂ ਰਸਤਾ ਵੀ ਭੁੱਲ ਜਾਓ। ਫਿਰ ਤੁਸੀਂ ਕੀ ਕਰੋਗੇ? ਕੀ ਤੁਸੀਂ ਮੁੜ ਕੇ ਵਾਪਸ ਚਲੇ ਜਾਓਗੇ ਜਾਂ ਮੁਸ਼ਕਲ ਦਾ ਹੱਲ ਲੱਭ ਕੇ ਅੱਗੇ ਵਧੋਗੇ? ਆਪਣੇ ਵਿਆਹ ਵਾਲੇ ਦਿਨ ਤੁਸੀਂ ਵੀ ਇਕ ਲੰਬਾ ਸਫ਼ਰ ਸ਼ੁਰੂ ਕੀਤਾ ਸੀ ਤੇ ਤੁਹਾਨੂੰ ਪਤਾ ਸੀ ਕਿ ਰਸਤੇ ਵਿਚ ਮੁਸ਼ਕਲਾਂ ਤਾਂ ਆਉਣਗੀਆਂ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਜਿਹੜੇ ਵਿਆਹ ਕਰਾਉਂਦੇ ਹਨ ਉਹ “ਦੁਖ ਭੋਗਣਗੇ।” (1 ਕੁਰਿੰਥੀਆਂ 7:28) ਸਵਾਲ ਇਹ ਨਹੀਂ ਕਿ ਕੀ ਮੁਸ਼ਕਲਾਂ ਆਉਣਗੀਆਂ, ਪਰ ਇਹ ਹੈ ਕਿ ਜਦ ਮੁਸ਼ਕਲਾਂ ਆਉਣਗੀਆਂ, ਤਾਂ ਤੁਸੀਂ ਉਨ੍ਹਾਂ ਦਾ ਸਾਮ੍ਹਣਾ ਕਿੱਦਾਂ ਕਰੋਗੇ? ਕੀ ਤੁਸੀਂ ਮੁਸ਼ਕਲ ਦਾ ਹੱਲ ਲੱਭ ਕੇ ਅੱਗੇ ਵਧ ਸਕਦੇ ਹੋ? ਜੇ ਤੁਹਾਨੂੰ ਲੱਗੇ ਕਿ ਤੁਹਾਡੇ ਵਿਆਹ ਨੂੰ ਬਚਾਉਣ ਦੀ ਕੋਈ ਉਮੀਦ ਨਹੀਂ, ਤਾਂ ਕੀ ਤੁਸੀਂ ਮਦਦ ਮੰਗਣ ਲਈ ਤਿਆਰ ਹੋ?—ਯਾਕੂਬ 5:14.
ਪਰਮੇਸ਼ੁਰ ਦਾ ਪ੍ਰਬੰਧ
ਵਿਆਹ ਪਰਮੇਸ਼ੁਰ ਦਾ ਅਜਿਹਾ ਪ੍ਰਬੰਧ ਹੈ ਜਿਸ ਨੂੰ ਸਾਨੂੰ ਐਵੇਂ ਨਹੀਂ ਸਮਝਣਾ ਚਾਹੀਦਾ। (ਉਤਪਤ 2:24) ਸੋ ਜਦ ਮੁਸ਼ਕਲਾਂ ਦਾ ਪਹਾੜ ਖੜ੍ਹਾ ਹੁੰਦਾ ਹੈ, ਤਾਂ ਇਸ ਲੇਖ ਵਿਚ ਦਿੱਤੀ ਸਲਾਹ ਨੂੰ ਚੇਤੇ ਰੱਖੋ।
1. ਉਸ ਪਿਆਰ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਜੋ ਪਹਿਲਾਂ ਤੁਹਾਡੇ ਵਿਚ ਸੀ।—ਸਰੇਸ਼ਟ ਗੀਤ 8:6.
2. ਤੈਅ ਕਰੋ ਕਿ ਤੁਸੀਂ ਆਪਣਾ ਵਿਆਹ ਸੁਧਾਰਨ ਲਈ ਕੀ ਕਰ ਸਕਦੇ ਹੋ ਤੇ ਫਿਰ ਕਦਮ ਚੁੱਕੋ।—ਯਾਕੂਬ 1:22.
3. ਆਪਣੇ ਸਾਥੀ ਨੂੰ ਇੱਜ਼ਤ ਨਾਲ, ਪਰ ਸਾਫ਼-ਸਾਫ਼ ਦੱਸੋ ਕਿ ਤੁਹਾਡੇ ਖ਼ਿਆਲ ਵਿਚ ਤੁਹਾਡਾ ਰਿਸ਼ਤਾ ਕਿਵੇਂ ਸੁਧਾਰਿਆ ਜਾ ਸਕਦਾ ਹੈ। ਤੁਸੀਂ ਆਮ੍ਹੋ-ਸਾਮ੍ਹਣੇ ਜਾਂ ਲਿਖ ਕੇ ਇਸ ਤਰ੍ਹਾਂ ਕਰ ਸਕਦੇ ਹੋ।—ਅੱਯੂਬ 7:11.
4. ਮਦਦ ਮੰਗੋ। ਤੁਸੀਂ ਆਪਣਾ ਵਿਆਹ ਬਚਾਉਣ ਲਈ ਕਿਸੇ ਦੀ ਮਦਦ ਲੈ ਸਕਦੇ ਹੋ। (g09 10)
[ਫੁਟਨੋਟ]
^ ਪੈਰਾ 9 ਭਾਵੇਂ ਇਸ ਲੇਖ ਵਿਚ ਨੌਜਵਾਨਾਂ ਬਾਰੇ ਗੱਲ ਕੀਤੀ ਗਈ ਹੈ, ਪਰ ਤਲਾਕ ਦਾ ਅਸਰ ਛੋਟੇ ਬੱਚਿਆਂ ’ਤੇ ਵੀ ਪੈਂਦਾ ਹੈ।
^ ਪੈਰਾ 13 ਇਹ ਹਮੇਸ਼ਾ ਮੁਮਕਿਨ ਨਹੀਂ ਹੁੰਦਾ ਖ਼ਾਸ ਕਰਕੇ ਜਦ ਮਾਪਿਆਂ ਵਿੱਚੋਂ ਇਕ ਜਣਾ ਪਰਿਵਾਰ ਨੂੰ ਛੱਡ ਕੇ ਚਲਾ ਜਾਂਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਜਾਂ ਸ਼ਾਇਦ ਖ਼ਤਰਨਾਕ ਹੁੰਦਾ ਹੈ।—1 ਤਿਮੋਥਿਉਸ 5:8.
[ਸਫ਼ਾ 19 ਉੱਤੇ ਡੱਬੀ/ਤਸਵੀਰ]
‘ਇਸ ਵਾਰ ਗੱਲ ਬਣੇਗੀ!’
ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਜਦ ਲੋਕ ਦੂਸਰਾ ਵਿਆਹ ਕਰਦੇ ਹਨ, ਤਾਂ ਇਸ ਦੇ ਟੁੱਟਣ ਦਾ ਪਹਿਲੇ ਵਿਆਹ ਨਾਲੋਂ ਜ਼ਿਆਦਾ ਖ਼ਤਰਾ ਹੁੰਦਾ ਹੈ ਤੇ ਤੀਸਰੀ ਵਾਰ ਵਿਆਹ ਕਰਨ ਵਾਲਿਆਂ ਕੋਲ ਇਸ ਤੋਂ ਵੀ ਘੱਟ ਉਮੀਦ ਹੁੰਦੀ ਹੈ। ਆਪਣੀ ਕਿਤਾਬ ਵਿਚ ਗੈਰੀ ਨਿਊਮਨ ਇਸ ਦਾ ਇਕ ਕਾਰਨ ਦੱਸਦਾ ਹੈ। “ਜੇ ਤੁਹਾਡੇ ਪਹਿਲੇ ਵਿਆਹ ਵਿਚ ਮੁਸ਼ਕਲਾਂ ਸਨ, ਤਾਂ ਇਹ ਨਾ ਸੋਚੋ ਕਿ ਤੁਸੀਂ ਗ਼ਲਤ ਸਾਥੀ ਚੁਣਿਆ ਸੀ। ਗੱਲ ਤੁਹਾਡੇ ਉੱਤੇ ਆਉਂਦੀ ਹੈ। ਤੁਸੀਂ ਇਸ ਇਨਸਾਨ ਨਾਲ ਪਿਆਰ ਕੀਤਾ ਸੀ। ਤੁਸੀਂ ਮਿਲ ਕੇ ਜਾਂ ਤਾਂ ਚੰਗਾ ਰਿਸ਼ਤਾ ਕਾਇਮ ਕੀਤਾ ਸੀ ਜਾਂ ਮੁਸ਼ਕਲਾਂ ਪੈਦਾ ਕੀਤੀਆਂ ਸਨ।” ਨਿਊਮਨ ਕਿਸ ਸਿੱਟੇ ’ਤੇ ਪਹੁੰਚਿਆ? “ਇਹ ਬਿਹਤਰ ਹੈ ਕਿ ਤੁਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭ ਕੇ ਆਪਣੇ ਸਾਥੀ ਨਾਲ ਰਹੋ ਨਾ ਕਿ ਆਪਣੇ ਸਾਥੀ ਨੂੰ ਛੱਡ ਕੇ ਆਪਣੀਆਂ ਮੁਸ਼ਕਲਾਂ ਰੱਖੋ।”
[ਸਫ਼ਾ 21 ਉੱਤੇ ਡੱਬੀ]
ਜੇ ਵਿਆਹ ਟੁੱਟ ਜਾਵੇ
ਬਾਈਬਲ ਕਬੂਲ ਕਰਦੀ ਹੈ ਕਿ ਅਜਿਹੇ ਵੀ ਹਾਲਾਤ ਹੁੰਦੇ ਹਨ ਜਿਸ ਕਾਰਨ ਤਲਾਕ ਸ਼ਾਇਦ ਲੈਣਾ ਪਵੇ। * ਜੇ ਤੁਹਾਡੇ ਪਰਿਵਾਰ ਵਿਚ ਇਸ ਤਰ੍ਹਾਂ ਹੋਵੇ, ਤਾਂ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਇਸ ਮੁਸ਼ਕਲ ਸਮੇਂ ਵਿਚ ਦੀ ਕਿਵੇਂ ਲੰਘਾ ਸਕਦੇ ਹੋ?
ਆਪਣੇ ਨੌਜਵਾਨ ਨੂੰ ਦੱਸੋ ਕਿ ਕੀ ਹੋ ਰਿਹਾ ਹੈ। ਜੇ ਹੋ ਸਕੇ, ਤਾਂ ਦੋਵੇਂ ਮਾਂ-ਬਾਪ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਨੌਜਵਾਨ ਨੂੰ ਮਿਲ ਕੇ ਦੱਸੋ ਕਿ ਤਲਾਕ ਲੈਣ ਦਾ ਫ਼ੈਸਲਾ ਪੱਕਾ ਹੈ। ਉਸ ਨੂੰ ਭਰੋਸਾ ਦਿਵਾਓ ਕਿ ਤਲਾਕ ਉਸ ਕਰਕੇ ਨਹੀਂ ਹੋ ਰਿਹਾ ਹੈ ਅਤੇ ਤੁਸੀਂ ਦੋਵੇਂ ਉਸ ਨੂੰ ਪਿਆਰ ਕਰਦੇ ਰਹੋਗੇ।
ਲੜਨਾ ਬੰਦ ਕਰੋ—ਜੰਗ ਖ਼ਤਮ ਹੋ ਗਈ ਹੈ। ਕਈ ਮਾਪੇ ਤਲਾਕ ਤੋਂ ਬਾਅਦ ਵੀ ਇਕ-ਦੂਜੇ ਨਾਲ ਲੜਦੇ ਰਹਿੰਦੇ ਹਨ। ਇਕ ਮਾਹਰ ਸਮਝਾਉਂਦਾ ਹੈ ਕਿ ਉਹ “ਤਲਾਕ ਤਾਂ ਲੈ ਲੈਂਦੇ ਹਨ, ਪਰ ਇਕ-ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਜਿਸ ਕਾਰਨ ਉਹ ਸੁਲ੍ਹਾ ਨਹੀਂ ਕਰ ਪਾਉਂਦੇ।” ਇਸ ਦਾ ਨਤੀਜਾ ਕੀ ਨਿਕਲਦਾ ਹੈ? ਮਾਪੇ ਇਕ-ਦੂਜੇ ਨਾਲ ਇੰਨਾ ਲੜਦੇ ਰਹਿੰਦੇ ਹਨ ਕਿ ਉਹ ਨੌਜਵਾਨਾਂ ਵੱਲ ਪੂਰਾ ਧਿਆਨ ਨਹੀਂ ਦਿੰਦੇ। ਫਿਰ ਨੌਜਵਾਨ ਸ਼ਾਇਦ ਆਪਣੀ ਮਨ-ਮਰਜ਼ੀ ਕਰਨ ਲਈ ਇਕ ਜਣੇ ਨੂੰ ਦੂਜੇ ਦੇ ਖ਼ਿਲਾਫ਼ ਜਾਣ ਲਈ ਭੜਕਾਉਣ। ਮਿਸਾਲ ਲਈ, ਸ਼ਾਇਦ ਮੁੰਡਾ ਆਪਣੀ ਮਾਂ ਨੂੰ ਕਹੇ: “ਡੈਡ ਤਾਂ ਮੈਨੂੰ ਦੇਰ ਤਕ ਬਾਹਰ ਜਾਣ ਦਿੰਦਾ ਹੈ। ਤੁਸੀਂ ਇੱਦਾਂ ਕਿਉਂ ਨਹੀਂ ਕਰਦੇ?” ਮਾਂ ਨਹੀਂ ਚਾਹੁੰਦੀ ਕਿ ਉਸ ਦਾ ਮੁੰਡਾ ਡੈਡੀ ਵੱਲ ਜ਼ਿਆਦਾ ਖਿੱਚਿਆ ਜਾਵੇ, ਇਸ ਲਈ ਉਹ ਉਸ ਦੀ ਗੱਲ ਮੰਨ ਲੈਂਦੀ ਹੈ।
ਆਪਣੇ ਨੌਜਵਾਨ ਨੂੰ ਗੱਲ ਕਰਨ ਦਿਓ। ਨੌਜਵਾਨ ਸ਼ਾਇਦ ਸੋਚਣ, ‘ਜੇ ਮੇਰੇ ਮਾਪੇ ਹੁਣ ਇਕ-ਦੂਜੇ ਨੂੰ ਪਿਆਰ ਨਹੀਂ ਕਰਦੇ, ਤਾਂ ਹੋ ਸਕਦਾ ਹੈ ਕਿ ਉਹ ਮੈਨੂੰ ਵੀ ਨਾ ਪਿਆਰ ਕਰਨ’ ਜਾਂ ‘ਜੇ ਮੇਰੇ ਮਾਪੇ ਆਪਣੀ ਮਰਜ਼ੀ ਕਰ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ਕਰ ਸਕਦਾ?’ ਆਪਣੇ ਨੌਜਵਾਨ ਦੇ ਫ਼ਿਕਰ ਦੂਰ ਕਰਨ ਲਈ ਤੇ ਉਸ ਦੀ ਗ਼ਲਤ ਸੋਚਣੀ ਸੁਧਾਰਨ ਲਈ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਕਰਨ ਦਿਓ। ਪਰ ਖ਼ਬਰਦਾਰ ਰਹੋ: ਤੁਹਾਨੂੰ ਉਸ ਨੂੰ ਸਹਾਰਾ ਦੇਣਾ ਚਾਹੀਦਾ ਹੈ ਨਾ ਕਿ ਉਸ ਤੋਂ ਸਹਾਰਾ ਲੈਣਾ। ਉਹ ਤੁਹਾਡਾ ਬੱਚਾ ਹੈ, ਹਮਰਾਜ਼ ਨਹੀਂ।
ਨੌਜਵਾਨ ਨੂੰ ਆਪਣੀ ਮਾਂ ਜਾਂ ਪਿਓ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਦੀ ਹੱਲਾਸ਼ੇਰੀ ਦਿਓ। ਤੁਸੀਂ ਆਪਣੇ ਸਾਥੀ ਨੂੰ ਤਲਾਕ ਦਿੱਤਾ ਹੈ, ਪਰ ਤੁਹਾਡੇ ਬੱਚੇ ਨੇ ਆਪਣੀ ਮਾਂ ਜਾਂ ਪਿਓ ਨੂੰ ਤਲਾਕ ਨਹੀਂ ਦਿੱਤਾ। ਆਪਣੇ ਸਾਥੀ ਬਾਰੇ ਬੁਰਾ-ਭਲਾ ਕਹਿਣ ਨਾਲ ਸਿਰਫ਼ ਨੁਕਸਾਨ ਹੀ ਹੋਵੇਗਾ। ਨੌਜਵਾਨਾਂ ਉੱਤੇ ਤਲਾਕ ਦੇ ਅਸਰ ਬਾਰੇ ਇਕ ਕਿਤਾਬ ਕਹਿੰਦੀ ਹੈ: “ਜੇ ਤਲਾਕ ਦੇ ਮੈਦਾਨ ਵਿਚ ਮਾਪੇ ਆਪਣੇ ਬੱਚਿਆਂ ਨੂੰ ਹਥਿਆਰ ਵਜੋਂ ਇਸਤੇਮਾਲ ਕਰਨਗੇ, ਤਾਂ ਉਨ੍ਹਾਂ ਨੂੰ ਇਸ ਦਾ ਬੁਰਾ ਨਤੀਜਾ ਵੀ ਭੁਗਤਣਾ ਪਵੇਗਾ।”
ਆਪਣਾ ਖ਼ਿਆਲ ਰੱਖੋ। ਕਦੇ-ਕਦੇ ਤੁਸੀਂ ਪਰੇਸ਼ਾਨ ਤੇ ਬੇਬੱਸ ਮਹਿਸੂਸ ਕਰੋਗੇ। ਪਰ ਹਿੰਮਤ ਨਾ ਹਾਰੋ। ਆਪਣੀ ਰੁਟੀਨ ਬਣਾਈ ਰੱਖੋ। ਜੇ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਰੱਬ ਦੀ ਸੇਵਾ ਵਿਚ ਰੁੱਝੇ ਰਹੋ। ਇਸ ਤਰ੍ਹਾਂ ਕਰ ਕੇ ਤੁਸੀਂ ਅਤੇ ਤੁਹਾਡਾ ਨੌਜਵਾਨ ਦੋਵੇਂ ਮਜ਼ਬੂਤ ਰਹਿ ਸਕੋਗੇ।—ਜ਼ਬੂਰਾਂ ਦੀ ਪੋਥੀ 18:2; ਮੱਤੀ 28:19, 20; ਇਬਰਾਨੀਆਂ 10:24, 25.
[ਫੁਟਨੋਟ]
^ ਪੈਰਾ 38 ਬਾਈਬਲ ਮੁਤਾਬਕ ਵਿਆਹ ਤੋਂ ਬਾਹਰ ਨਾਜਾਇਜ਼ ਜਿਨਸੀ ਸੰਬੰਧ ਹੋਣ ਕਰਕੇ ਹੀ ਕੋਈ ਤਲਾਕ ਲੈ ਕੇ ਫਿਰ ਤੋਂ ਵਿਆਹ ਕਰ ਸਕਦਾ ਹੈ। (ਮੱਤੀ 19:9) ਜੇ ਇਕ ਸਾਥੀ ਬੇਵਫ਼ਾਈ ਕਰਦਾ ਹੈ, ਤਾਂ ਨਿਰਦੋਸ਼ ਸਾਥੀ ਦਾ ਫ਼ੈਸਲਾ ਹੈ ਕਿ ਉਹ ਤਲਾਕ ਲਵੇਗਾ ਕਿ ਨਹੀਂ। ਪਰਿਵਾਰ ਦੇ ਜੀਅ ਜਾਂ ਦੂਸਰੇ ਉਸ ਲਈ ਇਹ ਫ਼ੈਸਲਾ ਨਹੀਂ ਕਰਨਗੇ।—ਗਲਾਤੀਆਂ 6:5.
[ਸਫ਼ਾ 20 ਉੱਤੇ ਤਸਵੀਰ]
ਵਿਆਹ ਵਾਲੇ ਦਿਨ ਕੀਤੀਆਂ ਕਸਮਾਂ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰੋ
[ਸਫ਼ਾ 21 ਉੱਤੇ ਤਸਵੀਰ]
ਜੇ ਤੁਹਾਨੂੰ ਦੋਹਾਂ ਨੂੰ ਨੌਜਵਾਨ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ, ਤਾਂ ਨੌਜਵਾਨ ਨੂੰ ਆਪਣੀ ਮਾਂ ਜਾਂ ਪਿਓ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਦੀ ਹੱਲਾਸ਼ੇਰੀ ਦਿਓ