ਪੰਜਵਾਂ ਰਾਜ਼: ਸਮਝਦਾਰੀ ਵਰਤੋ
ਪੰਜਵਾਂ ਰਾਜ਼: ਸਮਝਦਾਰੀ ਵਰਤੋ
“ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ।”—ਕਹਾਉਤਾਂ 24:3.
ਇਸ ਦਾ ਕੀ ਮਤਲਬ ਹੈ? ਸੁਖੀ ਪਰਿਵਾਰਾਂ ਵਿਚ ਪਤੀ-ਪਤਨੀ ਇਕ-ਦੂਜੇ ਦੀਆਂ ਗ਼ਲਤੀਆਂ ਮਾਫ਼ ਕਰ ਦਿੰਦੇ ਹਨ। (ਰੋਮੀਆਂ 3:23) ਆਪਣੇ ਬੱਚਿਆਂ ਨਾਲ ਉਹ ਨਾ ਹੀ ਜ਼ਿਆਦਾ ਸਖ਼ਤ ਹੁੰਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਜ਼ਿਆਦਾ ਖੁੱਲ੍ਹ ਦਿੰਦੇ ਹਨ। ਮਾਪੇ ਘਰ ਦੇ ਅਸੂਲ ਤਾਂ ਬਣਾਉਂਦੇ ਹਨ, ਪਰ ਜ਼ਿਆਦਾ ਨਹੀਂ। ਜ਼ਰੂਰਤ ਪੈਣ ਤੇ ਉਹ ਹਮੇਸ਼ਾ ‘ਜੋਗ ਸਜ਼ਾ’ ਦਿੰਦੇ ਹਨ।—ਯਿਰਮਿਯਾਹ 30:11, CL.
ਇਹ ਜ਼ਰੂਰੀ ਕਿਉਂ ਹੈ? ਬਾਈਬਲ ਕਹਿੰਦੀ ਹੈ ਕਿ ‘ਜਿਹੜੀ ਬੁੱਧ ਉੱਪਰੋਂ ਹੈ ਉਹ ਸ਼ੀਲ ਸੁਭਾਉ ਹੈ।’ (ਯਾਕੂਬ 3:17) ਪਰਮੇਸ਼ੁਰ ਜਾਣਦਾ ਹੈ ਕਿ ਪਾਪੀ ਹੋਣ ਕਰਕੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਸੋ ਪਤੀ-ਪਤਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵੀ ਗ਼ਲਤੀਆਂ ਕਰਨਗੇ। ਛੋਟੀਆਂ-ਛੋਟੀਆਂ ਗੱਲਾਂ ਵਿਚ ਗ਼ਲਤੀ ਕੱਢਣ ਨਾਲ ਗਿਲੇ-ਸ਼ਿਕਵੇ ਵਧਦੇ ਹਨ, ਘਟਦੇ ਨਹੀਂ। ਸਾਡੇ ਲਈ ਇਹ ਕਬੂਲ ਕਰਨਾ ਚੰਗਾ ਹੋਵੇਗਾ ਕਿ “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।”—ਯਾਕੂਬ 3:2.
ਜਿਹੜੇ ਮਾਪੇ ਸਫ਼ਲ ਹੁੰਦੇ ਹਨ, ਉਹ ਆਪਣੇ ਬੱਚਿਆਂ ਨਾਲ ਸਮਝਦਾਰੀ ਨਾਲ ਪੇਸ਼ ਆਉਂਦੇ ਹਨ। ਤਾੜਨਾ ਦਿੰਦੇ ਸਮੇਂ ਉਹ ਜ਼ਿਆਦਾ ਸਖ਼ਤ ਨਹੀਂ ਹੁੰਦੇ ਤੇ ਨਾ ਹੀ ਉਹ “ਕਰੜੇ ਸੁਭਾਉ” ਵਾਲੇ ਹਨ। (1 ਪਤਰਸ 2:18) ਜੇ ਉਨ੍ਹਾਂ ਦੇ ਬੱਚੇ ਆਪਣੇ ਆਪ ਨੂੰ ਜ਼ਿੰਮੇਵਾਰ ਸਾਬਤ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਹੋਰ ਖੁੱਲ੍ਹ ਦਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਆਪਣੀ ਮੁੱਠੀ ਵਿਚ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਮਾਪਿਆਂ ਲਈ ਆਪਣੇ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੇ ਕੰਟ੍ਰੋਲ ਵਿਚ ਰੱਖਣਾ ਆਪਣੀ ਮੁੱਠੀ ਵਿਚ ਰੇਤ ਫੜਨ ਦੇ ਬਰਾਬਰ ਹੈ। ਤੁਸੀਂ ਜਿੰਨਾ ਜ਼ਿਆਦਾ ਇਸ ਨੂੰ ਘੁੱਟ ਕੇ ਫੜਨ ਦੀ ਕੋਸ਼ਿਸ਼ ਕਰੋਗੇ ਉਹ ਉੱਨਾ ਹੀ ਤੁਹਾਡੇ ਹੱਥ ਵਿੱਚੋਂ ਨਿਕਲ ਜਾਵੇਗਾ।
ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਕਿੰਨੀ ਕੁ ਸਮਝਦਾਰੀ ਵਰਤਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।
◼ ਤੁਸੀਂ ਪਿੱਛਲੀ ਵਾਰ ਆਪਣੇ ਸਾਥੀ ਦੀ ਸਿਫ਼ਤ ਕਦੋਂ ਕੀਤੀ ਸੀ?
◼ ਤੁਸੀਂ ਪਿੱਛਲੀ ਵਾਰ ਆਪਣੇ ਸਾਥੀ ਵਿਚ ਨੁਕਸ ਕਦੋਂ ਕੱਢਿਆ ਸੀ?
ਪੱਕਾ ਫ਼ੈਸਲਾ ਕਰੋ। ਜੇ ਤੁਹਾਡੇ ਲਈ ਪਹਿਲੇ ਸਵਾਲ ਦਾ ਜਵਾਬ ਦੇਣਾ ਔਖਾ ਸੀ, ਪਰ ਦੂਜੇ ਸਵਾਲ ਦਾ ਜਵਾਬ ਦੇਣਾ ਸੌਖਾ ਸੀ, ਤਾਂ ਸੋਚੋ ਕਿ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ।
ਕਿਉਂ ਨਾ ਆਪਣੇ ਸਾਥੀ ਨਾਲ ਗੱਲ ਕਰੋ ਅਤੇ ਸੋਚੋ ਕਿ ਇਸ ਦੇ ਸੰਬੰਧ ਵਿਚ ਤੁਸੀਂ ਕੀ ਫ਼ੈਸਲਾ ਕਰ ਸਕਦੇ ਹੋ?
ਜਿਉਂ-ਜਿਉਂ ਤੁਹਾਡੇ ਨੌਜਵਾਨ ਬੱਚੇ ਹੋਰ ਜ਼ਿੰਮੇਵਾਰੀਆਂ ਚੁੱਕਣੀਆਂ ਸਿੱਖਦੇ ਹਨ ਕਿਉਂ ਨਾ ਸੋਚੋ ਕਿ ਤੁਸੀਂ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਵਿਚ ਖੁੱਲ੍ਹ ਦੇ ਸਕਦੇ ਹੋ?
ਕਿਉਂ ਨਾ ਆਪਣੇ ਬੱਚੇ ਨਾਲ ਵੱਖ-ਵੱਖ ਵਿਸ਼ਿਆਂ ’ਤੇ ਖੁੱਲ੍ਹ ਕੇ ਗੱਲ ਕਰੋ? ਮਿਸਾਲ ਲਈ, ਉਹ ਕਿੰਨੀ ਕੁ ਦੇਰ ਤਕ ਘਰੋਂ ਬਾਹਰ ਰਹਿ ਸਕਦਾ ਹੈ? (g09 10)
[ਸਫ਼ਾ 7 ਉੱਤੇ ਤਸਵੀਰ]
ਗੱਡੀ ਚਲਾਉਣ ਵਾਲੇ ਵਾਂਗ ਸਮਝਦਾਰ ਵਿਅਕਤੀ ਆਪਣਾ ਹੀ ਹੱਕ ਨਹੀਂ ਜਤਾਉਂਦਾ