ਸੁਖੀ ਪਰਿਵਾਰਾਂ ਦੀਆਂ ਕੁਝ ਮਿਸਾਲਾਂ—ਦੂਜਾ ਭਾਗ
ਸੁਖੀ ਪਰਿਵਾਰਾਂ ਦੀਆਂ ਕੁਝ ਮਿਸਾਲਾਂ—ਦੂਜਾ ਭਾਗ
“ਸੁਖੀ ਪਰਿਵਾਰਾਂ ਦੀਆਂ ਕੁਝ ਮਿਸਾਲਾਂ—ਪਹਿਲਾ ਭਾਗ” ਤੋਂ ਅਸੀਂ ਦੇਖਿਆ ਸੀ ਕਿ ਬਾਈਬਲ ਦੇ ਅਸੂਲਾਂ ਨੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਪਰਿਵਾਰਾਂ ਦੀ ਮਦਦ ਕੀਤੀ ਹੈ। * ਉਸ ਦੇ ਰਾਹਾਂ ’ਤੇ ਚੱਲਣ ਵਾਲਿਆਂ ਨੂੰ ਯਹੋਵਾਹ ਪਰਮੇਸ਼ੁਰ ਵਾਅਦਾ ਕਰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”—ਜ਼ਬੂਰਾਂ ਦੀ ਪੋਥੀ 32:8.
ਜਦ ਪੈਸੇ ਦੀ ਤੰਗੀ ਆਉਂਦੀ ਹੈ। ਕਈ ਵਾਰ ਪੈਸੇ ਕਰਕੇ ਪਤੀ-ਪਤਨੀ ਵਿਚਕਾਰ ਝਗੜੇ ਹੁੰਦੇ ਹਨ। ਪਰ ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਬਾਈਬਲ ਦੇ ਅਸੂਲ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ। ਯਿਸੂ ਨੇ ਕਿਹਾ ਸੀ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? . . . ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।”—ਮੱਤੀ 6:25, 32.
ਸਫ਼ਾ 23 ਉੱਤੇ ਅਮਰੀਕਾ ਵਿਚ ਰਹਿਣ ਵਾਲਾ ਇਸਾਕਾਰ ਦੱਸਦਾ ਹੈ ਕਿ ਕਟਰੀਨਾ ਨਾਂ ਦੇ ਤੂਫ਼ਾਨ ਤੋਂ ਬਾਅਦ ਜਦ ਉਨ੍ਹਾਂ ਦਾ ਘਰ ਬਰਬਾਦ ਹੋ ਗਿਆ ਸੀ, ਤਾਂ ਉਨ੍ਹਾਂ ਨੇ ਪੈਸਿਆਂ ਦੀ ਤੰਗੀ ਕਿਵੇਂ ਸਹੀ।
ਜਦ ਪਰਿਵਾਰ ਦਾ ਮੈਂਬਰ ਬੀਮਾਰ ਹੋ ਜਾਂਦਾ ਹੈ। ਸਾਰੇ ਜਣੇ ਕਦੇ-ਕਦੇ ਬੀਮਾਰ ਹੋ ਜਾਂਦੇ ਹਨ, ਪਰ ਆਮ ਤੌਰ ਤੇ ਉਹ ਜਲਦੀ ਠੀਕ ਹੋ ਜਾਂਦੇ ਹਨ। ਪਰ ਉਦੋਂ ਕੀ ਜੇ ਘਰ ਦਾ ਜੀਅ ਬਹੁਤ ਬੀਮਾਰ ਹੋ ਜਾਵੇ? ਬਾਈਬਲ ਕਹਿੰਦੀ ਹੈ ਕਿ ਯਹੋਵਾਹ ਉਨ੍ਹਾਂ ਨੂੰ ਸੰਭਾਲ ਸਕਦਾ ਹੈ ਜੋ ਬੀਮਾਰ ਹੋ ਜਾਂਦੇ ਹਨ। (ਜ਼ਬੂਰਾਂ ਦੀ ਪੋਥੀ 41:1-3) ਪਰਿਵਾਰ ਰਾਹੀਂ ਯਹੋਵਾਹ ਉਨ੍ਹਾਂ ਦੀ ਦੇਖ-ਭਾਲ ਕਿਵੇਂ ਕਰਦਾ ਹੈ?
ਸਫ਼ਾ 24 ਉੱਤੇ ਜਪਾਨ ਵਿਚ ਰਹਿਣ ਵਾਲਾ ਹਜੀਮੀ ਨਾਂ ਦਾ ਪਤੀ ਦੱਸਦਾ ਹੈ ਕਿ ਉਹ ਤੇ ਉਸ ਦੀਆਂ ਲੜਕੀਆਂ ਨੇ ਮਿਲ ਕੇ ਆਪਣੀ ਪਤਨੀ ਨੋਰੀਕੋ ਦੀ ਕਿਵੇਂ ਦੇਖ-ਭਾਲ ਕੀਤੀ ਜਦ ਉਸ ਨੂੰ ਭੈੜੀ ਬੀਮਾਰੀ ਲੱਗੀ।
ਜਦ ਬੱਚਾ ਦਮ ਤੋੜ ਦਿੰਦਾ ਹੈ। ਬੱਚੇ ਦੀ ਮੌਤ ਸਭ ਤੋਂ ਵੱਡਾ ਗਮ ਹੋ ਸਕਦਾ ਹੈ ਜੋ ਪਰਿਵਾਰ ਨੂੰ ਸਹਿਣਾ ਪਵੇ। ਯਹੋਵਾਹ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਦੁੱਖ ਦੇ ਸਾਰੇ ਹੰਝੂ ਪੂੰਝੇਗਾ। (ਪਰਕਾਸ਼ ਦੀ ਪੋਥੀ 21:1-4) ਉਹ ਹੁਣ ਵੀ ਗਮ ਵਿਚ ਡੁੱਬੇ ਲੋਕਾਂ ਨੂੰ ਦਿਲਾਸਾ ਦਿੰਦਾ ਹੈ।—ਜ਼ਬੂਰਾਂ ਦੀ ਪੋਥੀ 147:3.
ਸਫ਼ਾ 25 ਉੱਤੇ ਅਮਰੀਕਾ ਵਿਚ ਰਹਿਣ ਵਾਲੇ ਫਰਨੈਂਡੋ ਅਤੇ ਡਿਲਮਾ ਦੱਸਦੇ ਹਨ ਕਿ ਉਨ੍ਹਾਂ ਦੀ ਨੰਨ੍ਹੀ ਬੱਚੀ ਦੀ ਮੌਤ ਹੋਣ ਤੇ ਬਾਈਬਲ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ।
ਅਗਲੇ ਸਫ਼ਿਆਂ ਉੱਤੇ ਦਿੱਤੀਆਂ ਮਿਸਾਲਾਂ ਤੋਂ ਅਸੀਂ ਦੇਖਾਂਗੇ ਕਿ ਬਾਈਬਲ ਉਨ੍ਹਾਂ ਪਰਿਵਾਰਾਂ ਨੂੰ ਭਰੋਸੇਯੋਗ ਸਲਾਹ ਦਿੰਦੀ ਹੈ ਜੋ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। (g09 10)
[ਫੁਟਨੋਟ]
^ ਪੈਰਾ 2 ਇਸ ਰਸਾਲੇ ਦੇ 14-17 ਸਫ਼ੇ ਦੇਖੋ।
[ਸਫ਼ਾ 23 ਉੱਤੇ ਡੱਬੀ/ਤਸਵੀਰਾਂ]
ਜਦ ਪੈਸੇ ਦੀ ਤੰਗੀ ਆਉਂਦੀ ਹੈ
ਅਮਰੀਕਾ ਵਿਚ ਇਸਾਕਾਰ ਨਿਕੱਲਜ਼ ਦੀ ਜ਼ਬਾਨੀ
“ਕਟਰੀਨਾ ਨਾਂ ਦੇ ਤੂਫ਼ਾਨ ਨੇ ਸਾਡਾ ਘਰ ਤਬਾਹ ਕਰ ਦਿੱਤਾ ਤੇ ਸਿਰਫ਼ ਘਰ ਦੀ ਨੀਂਹ ਬਚੀ। ਜਿਸ ਸਕੂਲ ਵਿਚ ਮੈਂ ਕੰਮ ਕਰਦਾ ਸੀ ਉਹ ਡੇਢ ਮਹੀਨੇ ਤਕ ਪਾਣੀ ਵਿਚ ਡੁੱਬਾ ਰਿਹਾ।”
ਸਾਲ 2005 ਦੀਆਂ ਗਰਮੀਆਂ ਵਿਚ ਮੈਂ ਆਪਣੀ ਪਤਨੀ ਮੀਸ਼ੈਲ ਅਤੇ ਦੋ ਸਾਲਾਂ ਦੀ ਬੱਚੀ ਸਿਡਨੀ ਨਾਲ, ਅਮਰੀਕਾ ਵਿਚ ਮਿਸਿਸਿਪੀ ਦੇ ਬੇ ਸੇਂਟ ਲੁਅਸ ਸ਼ਹਿਰ ਵਿਚ ਰਹਿੰਦਾ ਸੀ। ਯਹੋਵਾਹ ਦੇ ਗਵਾਹਾਂ ਵਜੋਂ ਮੈਂ ਤੇ ਮੀਸ਼ੈਲ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੇ ਸਨ। ਮੈਂ ਨੇੜਲੇ ਲੁਜ਼ੀਆਨਾ ਦੇ ਨਿਊ ਓਰਲੀਨਜ਼ ਸ਼ਹਿਰ ਦੇ ਇਕ ਸਕੂਲ ਵਿਚ ਟੀਚਰ ਵਜੋਂ ਤਿੰਨ ਦਿਨ ਕੰਮ ਕਰਦਾ ਸੀ ਤੇ ਬਾਕੀ ਦਾ ਸਮਾਂ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਂਦਾ ਸੀ। ਇਹ ਰੁਟੀਨ ਸਾਡੇ ਲਈ ਵਧੀਆ ਸੀ। ਫਿਰ ਸਾਨੂੰ ਖ਼ਬਰ ਮਿਲੀ ਕਿ ਕਟਰੀਨਾ ਨਾਂ ਦਾ ਤੂਫ਼ਾਨ ਸਾਡੇ ਇਲਾਕੇ ਵੱਲ ਆ ਰਿਹਾ ਹੈ। ਇਹ ਸੁਣ ਕੇ ਅਸੀਂ ਫ਼ੌਰਨ ਇਲਾਕਾ ਛੱਡਣ ਦੀਆਂ ਤਿਆਰੀਆਂ ਕੀਤੀਆਂ।
ਜਦ ਤੂਫ਼ਾਨ ਲੰਘ ਚੁੱਕਾ ਸੀ, ਤਾਂ ਬੇ ਸੇਂਟ ਲੁਅਸ ਵਿਚ ਸਾਡਾ ਘਰ ਅਤੇ ਨਿਊ ਓਰਲੀਨਜ਼ ਵਿਚ ਉਹ ਸਕੂਲ ਜਿੱਥੇ ਮੈਂ ਪੜ੍ਹਾਉਂਦਾ ਹੁੰਦਾ ਸੀ ਦੋਵੇਂ ਤਬਾਹ ਹੋ ਗਏ ਸਨ। ਬੀਮਾ ਅਤੇ ਸਰਕਾਰੀ ਸਹਾਇਤਾ ਨਾਲ ਅਸੀਂ ਕਰਾਏ ਤੇ ਘਰ ਲੈ ਸਕੇ, ਪਰ ਪੱਕੀ ਨੌਕਰੀ ਲੱਭਣੀ ਮੁਸ਼ਕਲ ਸੀ। ਇਸ ਦੇ ਨਾਲ-ਨਾਲ ਮੇਰੀ ਪਤਨੀ ਨੂੰ ਗੰਦੇ ਪਾਣੀ ਤੋਂ ਇਨਫ਼ੈਕਸ਼ਨ ਹੋ ਗਿਆ ਜਿਸ ਕਰਕੇ ਉਸ ਦਾ ਇਮਿਊਨ ਸਿਸਟਮ ਕਮਜ਼ੋਰ ਹੋਇਆ। ਫਿਰ ਬਾਅਦ ਵਿਚ ਉਸ ਨੂੰ ਮੱਛਰ ਲੜਿਆ ਜਿਸ ਕਰਕੇ ਉਸ ਨੂੰ ਪੱਛਮੀ ਨੀਲ ਵਾਇਰਸ ਦੀ ਬੀਮਾਰੀ ਲੱਗੀ। ਇਸ ਸਮੇਂ ਦੌਰਾਨ ਬੀਮੇ ਅਤੇ ਰਹਿਣ ਦੇ ਖ਼ਰਚੇ ਵੀ ਵਧਦੇ ਗਏ।
ਇਨ੍ਹਾਂ ਨਵੀਆਂ ਹਾਲਾਤਾਂ ਵਿਚ ਸਾਨੂੰ ਸਰਫ਼ਾ ਕਰਨਾ ਸਿੱਖਣਾ ਪਿਆ ਨਾਲੇ ਮੈਨੂੰ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਰਹਿਣਾ ਪਿਆ।
ਸਾਡੇ ਲਈ ਆਪਣਾ ਸਭ ਕੁਝ ਗੁਆਉਣਾ ਬਹੁਤ ਮੁਸ਼ਕਲ ਸੀ। ਪਰ ਅਸੀਂ ਖ਼ੁਸ਼ ਸੀ ਕਿ ਸਾਡੀਆਂ ਜਾਨਾਂ ਬਚ ਗਈਆਂ। ਅਸੀਂ ਇਹ ਵੀ ਸਿੱਖਿਆ ਕਿ ਚੀਜ਼ਾਂ ਸਭ ਕੁਝ ਨਹੀਂ ਹਨ। ਸਾਨੂੰ ਯਿਸੂ ਦੇ ਸ਼ਬਦ ਯਾਦ ਆਏ ਕਿ “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।”—ਲੂਕਾ 12:15.
ਭਾਵੇਂ ਸਾਡੇ ਨਾਲ ਬਹੁਤ ਮਾੜਾ ਹੋਇਆ, ਪਰ ਦੂਸਰਿਆਂ ਨੂੰ ਸਾਡੇ ਨਾਲੋਂ ਜ਼ਿਆਦਾ ਨੁਕਸਾਨ ਸਹਿਣਾ ਪਿਆ। ਕਈ ਤਾਂ ਆਪਣੀਆਂ ਜਾਨਾਂ ਵੀ ਗੁਆ ਬੈਠੇ। ਇਸ ਕਰਕੇ ਤੂਫ਼ਾਨ ਤੋਂ ਬਾਅਦ ਮੈਂ ਦੂਸਰਿਆਂ ਦੀ ਮਦਦ ਕਰਨ ਵਿਚ ਰੁੱਝ ਗਿਆ ਤੇ ਉਨ੍ਹਾਂ ਨੂੰ ਸਹਾਰਾ ਦੇਣ ਦੀ ਵੀ ਕੋਸ਼ਿਸ਼ ਕੀਤੀ।
ਇਸ ਬਿਪਤਾ ਦੌਰਾਨ ਸਾਨੂੰ ਖ਼ਾਸ ਕਰਕੇ ਜ਼ਬੂਰ 102:17 ਤੋਂ ਹੌਸਲਾ ਮਿਲਿਆ। ਉੱਥੇ ਲਿਖਿਆ ਹੈ ਕਿ ਯਹੋਵਾਹ ਪਰਮੇਸ਼ੁਰ ਨੇ “ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ।” ਪਰਿਵਾਰ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਉਸ ਨੇ ਸਾਨੂੰ ਸੰਭਾਲਿਆ ਹੈ। (g09 10)
[ਸਫ਼ਾ 23 ਉੱਤੇ ਡੱਬੀ]
ਜਦੋਂ 2005 ਵਿਚ ਅਮਰੀਕਾ ਦੇ ਦੱਖਣੀ ਤਟ ਤੇ ਕਟਰੀਨਾ ਅਤੇ ਰੀਟਾ ਨਾਂ ਦੇ ਤੂਫ਼ਾਨ ਆਏ ਸਨ, ਤਾਂ ਯਹੋਵਾਹ ਦੇ ਗਵਾਹਾਂ ਨੇ ਫ਼ੌਰਨ 13 ਰਿਲੀਫ ਸੈਂਟਰ, ਨੌਂ ਗੁਦਾਮ ਅਤੇ ਪਟਰੋਲ ਦੇ ਚਾਰ ਡਿਪੂ ਖੋਲ੍ਹੇ। ਅਮਰੀਕਾ ਦੇ ਪੂਰੇ ਦੇਸ਼ ਅਤੇ 13 ਹੋਰਨਾਂ ਦੇਸ਼ਾਂ ਤੋਂ ਲਗਭਗ 17,000 ਯਹੋਵਾਹ ਦੇ ਗਵਾਹ ਮਦਦ ਕਰਨ ਲਈ ਆਏ। ਉਨ੍ਹਾਂ ਨੇ ਹਜ਼ਾਰਾਂ ਘਰਾਂ ਦੀ ਮੁਰੰਮਤ ਕੀਤੀ।
[ਸਫ਼ਾ 24 ਉੱਤੇ ਡੱਬੀ/ਤਸਵੀਰਾਂ]
ਜਦ ਪਰਿਵਾਰ ਦਾ ਮੈਂਬਰ ਬੀਮਾਰ ਹੋ ਜਾਂਦਾ ਹੈ
ਜਪਾਨ ਵਿਚ ਹਜੀਮੀ ਈਟੋ ਦੀ ਜ਼ਬਾਨੀ
“ਮੈਂ ਤੇ ਮੇਰੀ ਪਤਨੀ ਨੋਰੀਕੋ ਮਿਲ ਕੇ ਖਾਣਾ ਬਣਾਉਣਾ ਪਸੰਦ ਕਰਦੇ ਹੁੰਦੇ ਸਨ। ਫਿਰ ਉਹ ਬੀਮਾਰ ਹੋ ਗਈ। ਹੁਣ ਉਹ ਆਪਣੇ ਮੂੰਹ ਥਾਣੀ ਖਾ-ਪੀ ਨਹੀਂ ਸਕਦੀ ਤੇ ਨਾ ਹੀ ਉਹ ਬੋਲ ਸਕਦੀ ਹੈ। ਉਹ ਇਕ ਵ੍ਹੀਲ-ਚੇਅਰ ਤੋਂ ਬਿਨਾਂ ਚੱਲ ਨਹੀਂ ਸਕਦੀ ਅਤੇ ਰੈਸਪੀਰੇਟਰ ਮਸ਼ੀਨ ਰਾਹੀਂ ਸਾਹ ਲੈਂਦੀ ਹੈ।”
ਮਈ 2006 ਵਿਚ ਨੋਰੀਕੋ ਨੂੰ ਬੋਲਣ ਵਿਚ ਤਕਲੀਫ਼ ਹੋਣ ਲੱਗੀ। ਕੁਝ ਮਹੀਨੇ ਬਾਅਦ ਉਸ ਨੂੰ ਖਾਣ-ਪੀਣ ਵਿਚ ਵੀ ਤਕਲੀਫ਼ ਹੋਣ ਲੱਗੀ। ਸਤੰਬਰ ਤਕ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਅਜਿਹੀ ਬੀਮਾਰੀ ਸੀ ਜਿਸ ਕਾਰਨ ਉਸ ਦਾ ਸਾਰਾ ਸਰੀਰ ਲਕਵੇ ਨਾਲ ਮਾਰਿਆ ਜਾਵੇਗਾ। ਇਸ ਬੀਮਾਰੀ ਦਾ ਦਿਮਾਗ਼ ਵਿਚ ਨਾੜੀਆਂ ਦੇ ਸੈੱਲ ਅਤੇ ਰੀੜ੍ਹ ਦੀ ਹੱਡੀ ਉੱਤੇ ਅਸਰ ਪੈਂਦਾ ਹੈ। ਚਾਰ ਮਹੀਨਿਆਂ ਦੇ ਵਿਚ-ਵਿਚ ਸਾਡੀ ਜ਼ਿੰਦਗੀ ਬਿਲਕੁਲ ਬਦਲ ਗਈ ਅਤੇ ਇਹ ਨੋਰੀਕੋ ਦੀਆਂ ਮੁਸ਼ਕਲਾਂ ਦੀ ਸਿਰਫ਼ ਸ਼ੁਰੂਆਤ ਹੀ ਸੀ।
ਸਮੇਂ ਦੇ ਬੀਤਣ ਨਾਲ ਨੋਰੀਕੋ ਦੀ ਜੀਭ ਅਤੇ ਸੱਜਾ ਹੱਥ ਲਕਵੇ ਨਾਲ ਮਾਰਿਆ ਗਿਆ। ਡਾਕਟਰਾਂ ਨੇ ਓਪਰੇਸ਼ਨ ਕੀਤਾ ਤਾਂਕਿ ਉਹ ਇਕ ਨਾਲੀ ਰਾਹੀਂ ਖਾਣਾ ਖਾ ਸਕੇ ਅਤੇ ਉਸ ਦੇ ਗਲੇ ਵਿਚ ਗਲੀ ਕਰ ਕੇ ਨਾਲੀ ਪਾਈ ਤਾਂਕਿ ਉਹ ਸਾਹ ਲੈ ਸਕੇ। ਪਰ ਇਸ ਕਰਕੇ ਉਹ ਬੋਲ ਨਹੀਂ ਸਕਦੀ। ਮੈਂ ਸੋਚ ਹੀ ਨਹੀਂ ਸਕਦਾ ਕਿ ਇਹ ਨੋਰੀਕੋ ਲਈ ਕਿੰਨਾ ਔਖਾ ਸੀ ਕਿਉਂਕਿ ਉਹ ਹਮੇਸ਼ਾ ਕੰਮ-ਕਾਰ ਵਿਚ ਰੁੱਝੀ ਰਹਿੰਦੀ ਸੀ। ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਨੋਰੀਕੋ ਤੇ ਸਾਡੀਆਂ ਲੜਕੀਆਂ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੀਆਂ ਹੁੰਦੀਆਂ ਸਨ। ਹੁਣ ਨੋਰੀਕੋ ਮਸ਼ੀਨ ਤੋਂ ਬਿਨਾਂ ਸਾਹ ਨਹੀਂ ਲੈ ਸਕਦੀ ਅਤੇ ਉਹ ਜ਼ਿਆਦਾ ਸਮੇਂ ਲਈ ਬਿਸਤਰੇ ਤੋਂ ਉੱਠ ਨਹੀਂ ਸਕਦੀ।
ਇਸ ਦੇ ਬਾਵਜੂਦ ਨੋਰੀਕੋ ਨੇ ਹਾਰ ਨਹੀਂ ਮੰਨੀ! ਮਿਸਾਲ ਲਈ, ਉਹ ਆਪਣੀ ਵ੍ਹੀਲ-ਚੇਅਰ ਵਿਚ ਸਾਹ ਲੈਣ ਵਾਲੀ ਮਸ਼ੀਨ ਸਣੇ ਮੀਟਿੰਗਾਂ ਨੂੰ ਜਾਂਦੀ ਹੈ। ਉਸ ਨੂੰ ਉੱਚਾ ਸੁਣਦਾ ਹੈ, ਸੋ ਸਾਡੀ ਬੇਟੀ ਉਸ ਲਈ ਵੱਡੇ-ਵੱਡੇ ਅੱਖਰਾਂ ਵਿਚ ਨੋਟ ਲਿਖਦੀ ਹੈ। ਕੰਪਿਊਟਰ ਉੱਤੇ ਖ਼ਾਸ ਸਾਧਨ ਵਰਤ ਕੇ ਨੋਰੀਕੋ ਚਿੱਠੀਆਂ ਲਿਖ ਸਕਦੀ ਹੈ। ਇਸ ਤਰ੍ਹਾਂ ਭਾਵੇਂ ਉਹ ਪਹਿਲਾਂ ਜਿੰਨਾ ਪ੍ਰਚਾਰ ਨਹੀਂ ਕਰ ਸਕਦੀ, ਪਰ ਉਹ ਲੋਕਾਂ ਨੂੰ ਬਾਈਬਲ ਬਾਰੇ ਸਿਖਾ ਸਕਦੀ ਹੈ।—2 ਪਤਰਸ 3:13; ਪਰਕਾਸ਼ ਦੀ ਪੋਥੀ 21:1-4.
ਪਰਿਵਾਰ ਵਜੋਂ ਅਸੀਂ ਮਿਲ ਕੇ ਨੋਰੀਕੋ ਦੀ ਮਦਦ ਕਰਦੇ ਹਾਂ। ਸਾਡੀਆਂ ਦੋਵੇਂ ਬੇਟੀਆਂ ਨੇ ਨਵੀਆਂ ਨੌਕਰੀਆਂ ਲੱਭੀਆਂ ਤਾਂਕਿ ਉਹ ਘਰ ਵਿਚ ਜ਼ਿਆਦਾ ਹੱਥ ਵਟਾ ਸਕਣ। ਅਸੀਂ ਤਿੰਨੇ ਹੀ ਹੁਣ ਘਰ ਦੇ ਉਹ ਕੰਮ-ਕਾਜ ਕਰਦੇ ਹਾਂ ਜੋ ਨੋਰੀਕੋ ਪਹਿਲਾਂ ਕਰਦੀ ਹੁੰਦੀ ਸੀ।
ਕਈ ਵਾਰ ਜਦੋਂ ਮੈਂ ਸਵੇਰ ਨੂੰ ਨੋਰੀਕੋ ਨੂੰ ਦੇਖਦਾ ਹਾਂ, ਤਾਂ ਉਹ ਥੱਕੀ ਲੱਗਦੀ ਹੈ। ਮੈਂ ਉਸ ਨੂੰ ਕਹਿਣਾ ਚਾਹੁੰਦਾ ਹਾਂ ਕਿ ‘ਅੱਜ ਤੂੰ ਆਰਾਮ ਕਰ ਲੈ।’ ਪਰ ਨੋਰੀਕੋ ਦੂਜਿਆਂ ਨੂੰ ਬਾਈਬਲ ਬਾਰੇ ਦੱਸਣਾ ਚਾਹੁੰਦੀ ਹੈ। ਜਦ ਮੈਂ ਉਸ ਲਈ ਕੰਪਿਊਟਰ ਤਿਆਰ ਕਰਦਾ ਹਾਂ, ਤਾਂ ਉਸ ਦਾ ਚਿਹਰਾ ਖਿੜ ਜਾਂਦਾ ਹੈ! ਜਦ ਉਹ ਲਿਖਣ ਲੱਗਦੀ ਹੈ, ਤਾਂ ਉਸ ਦੀ ਥਕਾਵਟ ਲਹਿ ਜਾਂਦੀ ਹੈ। ਮੈਂ ਦੇਖਿਆ ਹੈ ਕਿ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣ’ ਦਾ ਕਿੰਨਾ ਫ਼ਾਇਦਾ ਹੈ।—1 ਕੁਰਿੰਥੀਆਂ 15:58.
ਜਦ ਨਰੀਕੋ ਨੇ ਜਨਵਰੀ 2006 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਵਿਚ ਜੇਸਨ ਸਟੂਅਰਟ ਦਾ ਤਜਰਬਾ ਪੜ੍ਹਿਆ, ਤਾਂ ਉਸ ਦਾ ਹੌਸਲਾ ਵਧਿਆ ਕਿਉਂਕਿ ਉਸ ਨੂੰ ਵੀ ਇਹੀ ਬੀਮਾਰੀ ਸੀ। ਹਸਪਤਾਲ ਵਿਚ ਕੰਮ ਕਰਨ ਵਾਲੇ ਹੈਰਾਨ ਰਹਿੰਦੇ ਸਨ ਕਿ ਨੋਰੀਕੋ ਨੇ ਹਾਰ ਨਹੀਂ ਮੰਨੀ। ਨੋਰੀਕੋ ਨੇ ਉਨ੍ਹਾਂ ਨੂੰ ਜਾਗਰੂਕ ਬਣੋ! ਵਿਚ ਜੇਸਨ ਸਟੂਅਰਟ ਦੀ ਕਹਾਣੀ ਬਾਰੇ ਦੱਸਿਆ ਅਤੇ ਅਸੀਂ ਉਨ੍ਹਾਂ ਨੂੰ ਇਸ ਦੀਆਂ ਕਾਪੀਆਂ ਵੀ ਦਿੱਤੀਆਂ। ਮੇਰੀ ਪਤਨੀ ਨੂੰ ਖ਼ੁਸ਼ੀ ਮਿਲਦੀ ਹੈ ਜਦ ਉਹ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ।
ਸਾਡੇ ਵਿਆਹ ਨੂੰ 30 ਸਾਲ ਹੋ ਗਏ ਹਨ, ਪਰ ਪਿੱਛਲੇ ਤਿੰਨ ਸਾਲਾਂ ਵਿਚ ਮੈਂ ਨੋਰੀਕੋ ਵਿਚ ਉਹ ਗੁਣ ਦੇਖੇ ਹਨ ਜੋ ਮੈਂ ਪਹਿਲਾਂ ਨਹੀਂ ਸੀ ਦੇਖੇ। ਮੈਂ ਬਹੁਤ ਖ਼ੁਸ਼ ਹਾਂ ਕਿ ਉਹ ਮੇਰੀ ਜੀਵਨ-ਸਾਥੀ ਬਣੀ!
[ਸਫ਼ਾ 25 ਉੱਤੇ ਡੱਬੀ/ਤਸਵੀਰਾਂ]
ਜਦ ਬੱਚਾ ਦਮ ਤੋੜ ਦਿੰਦਾ ਹੈ
ਅਮਰੀਕਾ ਵਿਚ ਫਰਨੈਂਡੋ ਤੇ ਡਿਲਮਾ ਫ੍ਰੈਟਸ ਦੀ ਜ਼ਬਾਨੀ
“ਬੱਚੇ ਦੀ ਮੌਤ ਦਾ ਗਮ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦੇ ਬਰਾਬਰ ਹੋਰ ਕੋਈ ਦੁੱਖ ਨਹੀਂ ਹੋ ਸਕਦਾ।”
ਸਾਡੀ ਧੀ, ਜਿਸ ਦਾ ਨਾਂ ਅਸੀਂ ਪ੍ਰੇਸ਼ਸ ਰੱਖਿਆ, 16 ਅਪ੍ਰੈਲ 2006 ਨੂੰ ਦਮ ਤੋੜ ਗਈ। ਉਹ ਸਿਰਫ਼ 10 ਦਿਨਾਂ ਦੀ ਸੀ। ਡਿਲਮਾ ਆਪਣੇ ਗਰਭ ਦੇ ਤੀਜੇ ਮਹੀਨੇ ਵਿਚ ਸੀ ਜਦ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਸਾਡੀ ਬੱਚੀ ਦੇ ਦਿਲ ਵਿਚ ਕੋਈ ਨੁਕਸ ਹੈ। ਜਿਉਂ-ਜਿਉਂ ਡਿਲਿਵਰੀ ਦਾ ਸਮਾਂ ਨੇੜੇ ਆ ਪਹੁੰਚਿਆ ਸਾਨੂੰ ਪਤਾ ਲੱਗਾ ਕਿ ਜੇ ਉਹ ਬਚੀ, ਤਾਂ ਇਹ ਨੰਨ੍ਹੀ ਜਾਨ ਆਪਣੇ ਜਨਮ ਤੋਂ ਬਾਅਦ ਹੀ ਦਮ ਤੋੜ ਦੇਵੇਗੀ। ਇਸ ਨੂੰ ਸਹਿਣਾ ਸਾਡੇ ਲਈ ਬਹੁਤ ਔਖਾ ਸੀ। ਸਾਡੀਆਂ ਪਹਿਲਾਂ ਹੀ ਤਿੰਨ ਤੰਦਰੁਸਤ ਲੜਕੀਆਂ ਸਨ। ਸਾਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਸਾਡੀ ਪਿਆਰੀ ਬੱਚੀ ਇੰਨੀ ਜਲਦੀ ਮੌਤ ਦਾ ਮੂੰਹ ਦੇਖੇਗੀ।
ਪ੍ਰੇਸ਼ਸ ਦੇ ਜਨਮ ਤੋਂ ਬਾਅਦ ਇਕ ਡਾਕਟਰ, ਜੋ ਕ੍ਰੋਮੋਸੋਮ ਦੇ ਰੋਗਾਂ ਦਾ ਮਾਹਰ ਸੀ, ਨੇ ਸਾਨੂੰ ਦੱਸਿਆ ਕਿ ਉਸ ਨੂੰ ਟ੍ਰਾਈਸੋਮੀ 18 ਨਾਂ ਦੀ ਬੀਮਾਰੀ ਸੀ ਜੋ 5000 ਬੱਚਿਆਂ ਵਿੱਚੋਂ ਸਿਰਫ਼ ਇਕ ਨੂੰ ਹੁੰਦੀ ਹੈ। ਇਹ ਗੱਲ ਸਾਫ਼ ਸੀ ਕਿ ਉਹ ਜ਼ਿਆਦਾ ਦੇਰ ਲਈ ਨਹੀਂ ਬਚੇਗੀ। ਅਸੀਂ ਬਹੁਤ ਦੁਖੀ ਹੋਏ ਤੇ ਬੇਬੱਸੀ ਮਹਿਸੂਸ ਕੀਤੀ ਕਿਉਂਕਿ ਇਸ ਨੂੰ ਰੋਕਣ ਲਈ ਅਸੀਂ ਕੁਝ ਨਹੀਂ ਸੀ ਕਰ ਸਕਦੇ। ਅਸੀਂ ਹੁਣ ਸਿਰਫ਼ ਉਸ ਦੇ ਨਾਲ ਸਮਾਂ ਹੀ ਬਿਤਾ ਸਕਦੇ ਸੀ, ਸੋ ਅਸੀਂ ਇਹੀ ਕੀਤਾ।
ਪ੍ਰੇਸ਼ਸ ਨਾਲ ਜੋ 10 ਦਿਨ ਅਸੀਂ ਗੁਜ਼ਾਰ ਸਕੇ ਉਹ ਬਹੁਤ ਕੀਮਤੀ ਸਨ। ਇਸ ਸਮੇਂ ਦੌਰਾਨ ਸਾਡਾ ਤੇ ਸਾਡੀਆਂ ਕੁੜੀਆਂ ਦਾ ਉਸ ਨਾਲ ਪਿਆਰ ਪੈ ਗਿਆ। ਅਸੀਂ ਉਸ ਨੂੰ ਚੁੱਕਿਆ, ਉਸ ਨਾਲ ਗੱਲਾਂ ਕੀਤੀਆਂ, ਉਸ ਨੂੰ ਕਲਾਵੇ ਵਿਚ ਲਿਆ, ਉਸ ਨੂੰ ਚੁੰਮਿਆ ਅਤੇ ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ। ਅਸੀਂ ਇਸ ਬਾਰੇ ਵੀ ਗੱਲ ਕੀਤੀ ਕਿ ਉਹ ਪਰਿਵਾਰ ਵਿਚ ਦੇਖਣ ਨੂੰ ਕਿਹ ਦੇ ਵਰਗੀ ਲੱਗਦੀ ਸੀ। ਜਿਸ ਡਾਕਟਰ ਨੇ ਪ੍ਰੇਸ਼ਸ ਦੀ ਬੀਮਾਰੀ ਬਾਰੇ ਸਾਨੂੰ ਦੱਸਿਆ ਸੀ ਉਹ ਰੋਜ਼ ਸਾਨੂੰ ਹਸਪਤਾਲ ਵਿਚ ਮਿਲਣ ਆਉਂਦਾ ਸੀ। ਉਸ ਨੇ ਸਾਡੇ ਨਾਲ ਦੁੱਖ-ਸੁਖ ਕੀਤਾ ਅਤੇ ਉਹ ਸਾਡੇ ਨਾਲ ਰੋਇਆ। ਪ੍ਰੇਸ਼ਸ ਨੂੰ ਯਾਦ ਰੱਖਣ ਲਈ ਉਸ ਨੇ ਉਸ ਦੀ ਇਕ ਤਸਵੀਰ ਬਣਾਈ ਅਤੇ ਸਾਨੂੰ ਵੀ ਇਕ ਕਾਪੀ ਦਿੱਤੀ।
ਯਹੋਵਾਹ ਦੇ ਗਵਾਹਾਂ ਵਜੋਂ ਸਾਨੂੰ ਬਾਈਬਲ ਦੀ ਸਿੱਖਿਆ ’ਤੇ ਪੂਰੇ ਵਿਸ਼ਵਾਸ ਹੈ ਕਿ ਪਰਮੇਸ਼ੁਰ ਧਰਤੀ ’ਤੇ ਸੁਖ-ਸ਼ਾਂਤੀ ਲਿਆਵੇਗਾ ਅਤੇ ਸਭ ਕੁਝ ਸੁੰਦਰ ਬਣਾਵੇਗਾ। ਉਹ ਉਨ੍ਹਾਂ ਨੂੰ ਵੀ ਫਿਰ ਤੋਂ ਜਗਾਵੇਗਾ ਜੋ ਮੌਤ ਦੀ ਨੀਂਦ ਸੌਂ ਰਹੇ ਹਨ ਜਿਸ ਵਿਚ ਪ੍ਰੇਸ਼ਸ ਵਰਗੇ ਬੱਚੇ ਵੀ ਸ਼ਾਮਲ ਹੋਣਗੇ। (ਅੱਯੂਬ 14:14, 15; ਯੂਹੰਨਾ 5:28, 29) ਅਸੀਂ ਉਸ ਦਿਨ ਲਈ ਉਤਾਵਲੇ ਹਾਂ ਜਦ ਅਸੀਂ ਉਸ ਨੂੰ ਫਿਰ ਤੋਂ ਗਲੇ ਲਾਵਾਂਗੇ। ਜਦ ਵੀ ਅਸੀਂ ਉਸ ਸਮੇਂ ਬਾਰੇ ਸੋਚਦਾ ਹਾਂ, ਤਾਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਸਾਨੂੰ ਇਸ ਗੱਲ ਤੋਂ ਬਹੁਤ ਦਿਲਾਸਾ ਮਿਲਦਾ ਹੈ ਕਿ ਪ੍ਰੇਸ਼ਸ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹੈ ਅਤੇ ਉਹ ਕੋਈ ਦੁੱਖ ਨਹੀਂ ਸਹਿ ਰਹੀ।—ਉਪਦੇਸ਼ਕ ਦੀ ਪੋਥੀ 9:5, 10. (g09 10)