ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
◼ “ਅਮਰੀਕਾ ਵਿਚ ਤਕਰੀਬਨ ਤਿੰਨ ਕੁੜੀਆਂ ਵਿੱਚੋਂ ਇਕ 20 ਸਾਲਾਂ ਦੀ ਹੋਣ ਤੋਂ ਪਹਿਲਾਂ ਗਰਭਵਤੀ ਹੁੰਦੀ ਹੈ।”—ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ।
◼ ਅਮਰੀਕਾ ਵਿਚ “ਘਰੇਲੂ ਮਾਰ-ਕੁਟਾਈ” ਦੀ ਇਕ ਸਟੱਡੀ ਮੁਤਾਬਕ 420 ਆਦਮੀਆਂ ਵਿੱਚੋਂ “ਤਕਰੀਬਨ 30 ਫੀ ਸਦੀ ਆਦਮੀਆਂ ਨੂੰ ਜਾਂ ਤਾਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਾਂ ਹੋਰ ਤਰੀਕੇ ਨਾਲ ਬਦਸਲੂਕੀ ਕੀਤੀ ਗਈ।”—ਸਿਹਤ ਬਾਰੇ ਇਕ ਅਮਰੀਕੀ ਰਸਾਲਾ।
ਇਕ ਤੋਂ ਜ਼ਿਆਦਾ ਭਾਸ਼ਾ?
ਕਈ ਮਾਪਿਆਂ ਨੂੰ ਇਹ ਡਰ ਹੈ ਕਿ ਜੇ ਉਹ ਆਪਣੇ ਬੱਚਿਆਂ ਨੂੰ ਦੂਜੀ ਬੋਲੀ ਸਿਖਾਉਣਗੇ, ਤਾਂ ਉਹ ਆਪਣੀ ਮਾਂ-ਬੋਲੀ ਚੰਗੀ ਤਰ੍ਹਾਂ ਬੋਲ ਨਹੀਂ ਸਕਣਗੇ। ਪਰ ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਚ ਆਪਣੀ ਰੀਸਰਚ ਟੀਮ ਨਾਲ ਕੰਮ ਕਰਨ ਵਾਲੀ ਇਕ ਤੰਤੂ-ਵਿਗਿਆਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸੋਚਣਾ ਗ਼ਲਤ ਹੈ। ਉਹ ਕਹਿੰਦੀ ਹੈ: ‘ਜਨਮ ਤੋਂ ਹੀ ਸਾਡੇ ਵਿਚ ਅਜਿਹੇ ਤੰਤੂ ਹਨ ਜੋ ਭਾਸ਼ਾ ਸਿੱਖਣ ਵਿਚ ਸਾਡੇ ਕੰਮ ਆਉਂਦੇ ਹਨ। ਸਾਡੇ ਵਿਚ ਕਈ ਭਾਸ਼ਾਵਾਂ ਸਿੱਖਣ ਦੀ ਕਾਬਲੀਅਤ ਹੈ।’ ਸਕੂਲੇ ਜਿਹੜੇ ਬੱਚੇ ਦੋ ਭਾਸ਼ਾਵਾਂ ਬੋਲਦੇ ਹਨ ਉਹ ਅਕਸਰ ਆਪਣੀ ਪੜ੍ਹਾਈ ਵਿਚ ਉਨ੍ਹਾਂ ਬੱਚਿਆਂ ਨਾਲੋਂ ਜ਼ਿਆਦਾ ਤਰੱਕੀ ਕਰਦੇ ਹਨ ਜੋ ਸਿਰਫ਼ ਇਕ ਭਾਸ਼ਾ ਹੀ ਬੋਲਦੇ ਹਨ। ਟੋਰੌਂਟੋ ਸਟਾਰ ਦਾ ਕਹਿਣਾ ਹੈ: “ਜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਵਿਚ ਅੱਗੇ ਵਧਣ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਦੂਸਰੀ ਭਾਸ਼ਾ ਸਿਖਾਉਣ ਵਿਚ ਪਹਿਲ ਕਰਨੀ ਚਾਹੀਦੀ ਹੈ।”
ਪੋਰਨੋਗ੍ਰਾਫੀ ਦਾ ਬੱਚਿਆਂ ਉੱਤੇ ਮਾੜਾ ਅਸਰ
ਛੋਟੀ ਉਮਰ ਤੋਂ ਹੀ ਇੰਟਰਨੈੱਟ ਉੱਤੇ ਬੱਚੇ ਅਜਿਹੇ ਵਿਡਿਓ ਦੇਖਦੇ ਹਨ ਜਿਨ੍ਹਾਂ ਵਿਚ ਖ਼ੂਨ-ਖ਼ਰਾਬਾ ਅਤੇ ਸ਼ਰੇਆਮ ਸੈਕਸ ਦਿਖਾਇਆ ਜਾਂਦਾ ਹੈ ਜਿਸ ਦਾ ਉਨ੍ਹਾਂ ’ਤੇ ਭੈੜਾ ਅਸਰ ਪੈਂਦਾ ਹੈ। ਜਰਮਨੀ ਵਿਚ ਭਾਸ਼ਾ-ਵਿਗਿਆਨੀਆਂ ਦੀ ਕਮੇਟੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ 12 ਸਾਲਾਂ ਦੀ ਉਮਰ ਤੋਂ ਲੈ ਕੇ ਮੁੰਡਿਆਂ ਨੂੰ ਅਕਸਰ ਪਤਾ ਹੁੰਦਾ ਹੈ ਕਿ ਉਹ ਕਿਨ੍ਹਾਂ ਵੈੱਬ-ਸਾਈਟਾਂ ’ਤੇ ਖ਼ੂਨ-ਖ਼ਰਾਬਾ ਅਤੇ ਘਿਣਾਉਣੀਆਂ ਅਸ਼ਲੀਲ ਤਸਵੀਰਾਂ ਦੇਖ ਸਕਦੇ ਹਨ। ਭਾਵੇਂ ਸ਼ਾਇਦ ਬਾਹਰੋਂ-ਬਾਹਰ ਬੱਚੇ ਬੇਪਰਵਾਹ ਹੋਣ ਦਾ ਦਾਅਵਾ ਕਰਨ, ਪਰ ਅੰਦਰੋਂ-ਅੰਦਰ ਇਹ ਸਭ ਕੁਝ ਦੇਖ ਕੇ ਉਨ੍ਹਾਂ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਹ ਚੇਅਰਮੈਨ ਅੱਗੇ ਮਾਪਿਆਂ ਨੂੰ ਇਹ ਸਲਾਹ ਦਿੰਦਾ ਹੈ ਕਿ ਉਹ ਇਸ ਵੱਲ ਧਿਆਨ ਦੇਣ ਕਿ ਉਨ੍ਹਾਂ ਦੇ ਬੱਚਿਆਂ ਦੇ ਦਿਲ ਵਿਚ ਕੀ ਹੈ ਅਤੇ ਉਹ ਆਪਣੇ ਕੰਪਿਊਟਰ ’ਤੇ ਕੀ ਦੇਖ ਰਹੇ ਹਨ।
ਤਲਾਕ ਲੈਣ ਦੀਆਂ ਤਿਆਰੀਆਂ
ਸਿਡਨੀ ਦੇ ਸੰਡੇ ਟੈਲੀਗ੍ਰਾਫ਼ ਅਖ਼ਬਾਰ ਮੁਤਾਬਕ ਆਸਟ੍ਰੇਲੀਆ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਵਿਆਹ ਤੋਂ ਪਹਿਲਾਂ ਇਕਰਾਰਨਾਮੇ ’ਤੇ ਦਸਤਖਤ ਕਰ ਰਹੇ ਹਨ ਜਿਸ ਵਿਚ ਲਿਖਿਆ ਹੁੰਦਾ ਹੈ ਕਿ ਉਹ ਆਪਣੇ ਸਾਥੀ ਤੋਂ ਕੀ-ਕੀ ਚਾਹੁੰਦੇ ਹਨ। ਆਮ ਤੌਰ ਤੇ ਅਜਿਹੇ ਇਕਰਾਰਨਾਮਿਆਂ ਵਿਚ ਇਹ ਤੈਅ ਕੀਤਾ ਜਾਂਦਾ ਹੈ ਕਿ ਤਲਾਕ ਹੋਣ ਤੇ ਪਤੀ-ਪਤਨੀ ਨੂੰ ਕਿੰਨੀ ਦੌਲਤ ਜਾਂ ਜਾਇਦਾਦ ਮਿਲੇਗੀ। ਪਰ ਹੁਣ ਇਨ੍ਹਾਂ ਵਿਚ ਇਹ ਵੀ ਲਿਖਿਆ ਜਾਂਦਾ ਹੈ ਕਿ ਜੇ ਉਨ੍ਹਾਂ ਨੇ ਇਕੱਠੇ ਰਹਿਣਾ ਹੈ, ਤਾਂ ਉਨ੍ਹਾਂ ਦੀ ਰਹਿਣੀ-ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਮਿਸਾਲ ਲਈ, ਕੌਣ ਖਾਣਾ ਬਣਾਵੇਗਾ, ਕੌਣ ਸਫ਼ਾਈ ਕਰੇਗਾ, ਕੌਣ ਗੱਡੀ ਚਲਾਵੇਗਾ, ਪਤੀ-ਪਤਨੀ ਦਾ ਭਾਰ ਕਿੰਨਾ ਹੋ ਸਕਦਾ ਹੈ, ਕੌਣ ਕੂੜਾ ਕੱਢੇਗਾ, ਜੇ ਉਹ ਪਾਲਤੂ ਜਾਨਵਰ ਰੱਖ ਸਕਦੇ ਹਨ ਅਤੇ ਉਸ ਦੀ ਦੇਖ-ਭਾਲ ਕੌਣ ਕਰੇਗਾ। ਇਕ ਵਕੀਲ ਕਹਿੰਦੀ ਹੈ ਕਿ ਲੋਕ “ਇਹ ਉਮੀਦ ਨਹੀਂ ਰੱਖਦੇ ਕਿ ਵਿਆਹ ਤੋਂ ਬਾਅਦ ਉਹ ਹਮੇਸ਼ਾ ਲਈ ਸਾਥ ਰਹਿਣਗੇ।”
ਮਾਪਿਆਂ ਨੂੰ ਲਾਡ-ਪਿਆਰ ਕਰਨਾ ਨਹੀਂ ਆਉਂਦਾ
ਇਕ ਪੋਲਿਸ਼ ਮੈਗਜ਼ੀਨ ਦਾ ਕਹਿਣਾ ਹੈ ਕਿ “ਉਨ੍ਹਾਂ ਮਾਪਿਆਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਪੇਸ਼ ਆਉਣ ਲਈ ਹਿਦਾਇਤਾਂ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੂੰ ਬੱਚਿਆਂ ਨਾਲ ਲਾਡ-ਪਿਆਰ ਕਰਨਾ ਨਹੀਂ ਆਉਂਦਾ।” ਮਾਪਿਆਂ ਨੂੰ ਨਿੱਕੀਆਂ-ਨਿੱਕੀਆਂ ਗੱਲਾਂ ਸਿੱਖਣ ਦੀ ਲੋੜ ਹੈ ਜਿਵੇਂ ਕਿ ਆਪਣੇ ਬੱਚਿਆਂ ਨੂੰ ਕਲਾਵੇ ਵਿਚ ਲੈਣਾ, ਉਨ੍ਹਾਂ ਨਾਲ ਖੇਡਣਾ ਤੇ ਉਨ੍ਹਾਂ ਨੂੰ ਗਾਣੇ ਸੁਣਾਉਣੇ। ਇਹ ਚੀਜ਼ਾਂ ਬੱਚਿਆਂ ਦੀ ਤਰੱਕੀ ਲਈ ਬਹੁਤ ਜ਼ਰੂਰੀ ਹਨ। ਰਿਸਰਚ ਤੋਂ ਪਤਾ ਲੱਗਦਾ ਹੈ ਕਿ “ਪੋਲਿਸ਼ ਪਰਿਵਾਰਾਂ ਵਿਚ ਮਾਪੇ ਆਪਣੇ ਬੱਚਿਆਂ ਨਾਲ ਸਭ ਤੋਂ ਜ਼ਿਆਦਾ ਸਮਾਂ ਟੀ.ਵੀ. ਦੇਖਣ ਅਤੇ ਸ਼ਾਪਿੰਗ ਕਰਨ ਵਿਚ ਬਿਤਾਉਂਦੇ ਹਨ।” ਇਹ ਪਹਿਲੇ ਨੰਬਰ ਤੇ ਆਇਆ ਸੀ, ਪਰ ਬੱਚਿਆਂ ਨਾਲ ਖੇਡਣਾ ਸਿਰਫ਼ ਛੇ ਨੰਬਰ ਤੇ ਆਇਆ। (g09 10)