Skip to content

Skip to table of contents

ਪਿਆਰ ਦੀ ਜਿੱਤ

ਪਿਆਰ ਦੀ ਜਿੱਤ

ਪਿਆਰ ਦੀ ਜਿੱਤ

“ਪਹਿਲੀ ਵਾਰ ਇਕ ਨਵੇਂ ਕਿਸਮ ਦਾ ਧਰਮ ਦੇਖਣ ਨੂੰ ਮਿਲਿਆ ਜਿਸ ਵਿਚ ਲੋਕ ਆਪਣੀ ਕੌਮ ਦੀ ਵਡਿਆਈ ਨਹੀਂ ਕਰ ਰਹੇ ਸਨ। ਉਹ ਆਪਣੇ ਸਮਾਜ, ਜਾਤ ਜਾਂ ਕੌਮ ਨੂੰ ਅਹਿਮੀਅਤ ਨਹੀਂ ਦੇ ਰਹੇ ਸਨ। ਇਹ ਆਦਮੀ ਅਤੇ ਔਰਤਾਂ ਰੱਬ ਦੀ ਭਗਤੀ ਕਰਨ ਲਈ ਇਕੱਠੇ ਹੋ ਰਹੇ ਸਨ।”—ਈਸਾਈ ਧਰਮ ਦਾ ਇਤਿਹਾਸ (ਅੰਗ੍ਰੇਜ਼ੀ), ਪੌਲ ਜੌਨਸਨ।

ਰੋਮੀ ਸਾਮਰਾਜ ਵਿਚ ਜਿਉਂ-ਜਿਉਂ ਮਸੀਹੀ ਧਰਮ ਫੈਲਦਾ ਗਿਆ, ਤਿਉਂ-ਤਿਉਂ ਲੋਕਾਂ ਨੇ ਇਕ ਚਮਤਕਾਰ ਜਿਹਾ ਦੇਖਿਆ—ਹਰ ਸਭਿਆਚਾਰ ਦੇ ਲੋਕ ਇਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ। ਇਹ ਕਿਵੇਂ ਹੋ ਸਕਦਾ ਸੀ? ਉਹ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਦੇ ਸਨ।

ਯਿਸੂ ਮਸੀਹ ਖ਼ੁਦ ਇਨ੍ਹਾਂ ਅਸੂਲਾਂ ਅਨੁਸਾਰ ਚੱਲਿਆ ਸੀ ਜਿਸ ਕਰਕੇ ਉਸ ਨਾਲ ਨਫ਼ਰਤ ਕੀਤੀ ਗਈ ਅਤੇ ਪੱਖਪਾਤ ਕੀਤਾ ਗਿਆ। (1 ਪਤਰਸ 2:21-23) ਕਿਉਂ? ਇਕ ਕਾਰਨ ਇਹ ਸੀ ਕਿ ਉਹ ਗਲੀਲ ਤੋਂ ਸੀ ਅਤੇ ਗਲੀਲ ਦੇ ਲੋਕ ਆਮ ਕਰਕੇ ਜਾਂ ਤਾਂ ਕਿਸਾਨ ਜਾਂ ਮਛੇਰੇ ਹੁੰਦੇ ਸਨ। ਯਰੂਸ਼ਲਮ ਵਿਚ ਧਾਰਮਿਕ ਆਗੂ ਇਨ੍ਹਾਂ ਨੂੰ ਨੀਚ ਸਮਝਦੇ ਸਨ। (ਯੂਹੰਨਾ 7:45-52) ਇਕ ਹੋਰ ਕਾਰਨ ਇਹ ਸੀ ਕਿ ਯਿਸੂ ਇਕ ਵਧੀਆ ਸਿੱਖਿਅਕ ਸੀ ਜਿਸ ਦੀ ਲੋਕ ਬਹੁਤ ਇੱਜ਼ਤ ਕਰਦੇ ਸਨ ਅਤੇ ਉਸ ਨੂੰ ਪਿਆਰ ਕਰਦੇ ਸਨ। ਇਸ ਕਰਕੇ ਉਹ ਧਾਰਮਿਕ ਆਗੂ ਉਸ ਤੋਂ ਇੰਨੇ ਜਲ਼ਦੇ ਸਨ ਕਿ ਉਨ੍ਹਾਂ ਨੇ ਉਸ ਬਾਰੇ ਝੂਠ ਬੋਲੇ ਅਤੇ ਉਸ ਨੂੰ ਮਾਰਨ ਦੀ ਸਾਜ਼ਸ਼ ਵੀ ਘੜੀ।—ਮਰਕੁਸ 15:9, 10; ਯੂਹੰਨਾ 9:16, 22; 11:45-53.

ਫਿਰ ਵੀ ਯਿਸੂ ਨੇ “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ” ਨਹੀਂ ਕੀਤੀ ਸੀ। (ਰੋਮੀਆਂ 12:17) ਮਿਸਾਲ ਲਈ, ਫ਼ਰੀਸੀ ਨਾਂ ਦੇ ਯਹੂਦੀ ਆਗੂ ਯਿਸੂ ਦਾ ਵਿਰੋਧ ਕਰਦੇ ਸਨ। ਫਿਰ ਵੀ ਜਦ ਕੋਈ ਫ਼ਰੀਸੀ ਯਿਸੂ ਨੂੰ ਸਾਫ਼ ਦਿਲੋਂ ਸਵਾਲ ਪੁੱਛਣ ਆਉਂਦਾ ਸੀ, ਤਾਂ ਉਹ ਉਸ ਨੂੰ ਪਿਆਰ ਨਾਲ ਜਵਾਬ ਦਿੰਦਾ ਹੁੰਦਾ ਸੀ। (ਯੂਹੰਨਾ 3:1-21) ਉਸ ਨੇ ਕਈ ਵਾਰ ਫ਼ਰੀਸੀਆਂ ਨਾਲ ਬੈਠ ਕੇ ਰੋਟੀ ਵੀ ਖਾਧੀ ਸੀ। ਇਨ੍ਹਾਂ ਵਿੱਚੋਂ ਇਕ ਵਾਰ ਇਕ ਫ਼ਰੀਸੀ ਨੇ ਯਿਸੂ ਦਾ ਚੰਗੀ ਤਰ੍ਹਾਂ ਸੁਆਗਤ ਵੀ ਨਹੀਂ ਕੀਤਾ ਸੀ। ਉਹ ਕਿੱਦਾਂ? ਉਨ੍ਹੀਂ ਦਿਨੀਂ ਮਹਿਮਾਨਾਂ ਦੇ ਪੈਰ ਧੋਤੇ ਜਾਂਦੇ ਸਨ, ਪਰ ਇਸ ਫ਼ਰੀਸੀ ਨੇ ਯਿਸੂ ਦੇ ਪੈਰ ਨਹੀਂ ਧੋਤੇ। ਕੀ ਯਿਸੂ ਨੇ ਇਸ ਦਾ ਬੁਰਾ ਮੰਨਿਆ? ਨਹੀਂ। ਯਿਸੂ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਦਇਆ ਅਤੇ ਮਾਫ਼ੀ ਬਾਰੇ ਵਧੀਆ ਸਿੱਖਿਆ ਦਿੱਤੀ।—ਲੂਕਾ 7:36-50; 11:37.

ਯਿਸੂ ਨੇ ਸਾਰਿਆਂ ਨਾਲ ਪਿਆਰ ਕੀਤਾ

ਯਿਸੂ ਨੇ ਇਕ ਸਾਮਰੀ ਆਦਮੀ ਦੀ ਕਹਾਣੀ ਦੱਸੀ ਸੀ ਜਿਸ ਵਿਚ ਸਾਮਰੀ ਨੇ ਆਪਣੀ ਜੇਬ ਵਿੱਚੋਂ ਖ਼ਰਚਾ ਕਰ ਕੇ ਇਕ ਯਹੂਦੀ ਆਦਮੀ ਦੀ ਦੇਖ-ਭਾਲ ਕੀਤੀ ਜਿਸ ਨੂੰ ਲੁੱਟਿਆ ਤੇ ਕੁੱਟਿਆ ਗਿਆ ਸੀ। (ਲੂਕਾ 10:30-37) ਇਸ ਸਾਮਰੀ ਆਦਮੀ ਦਾ ਕੰਮ ਇੰਨਾ ਨੇਕ ਕਿਉਂ ਸੀ? ਕਿਉਂਕਿ ਅਸਲ ਵਿਚ ਯਹੂਦੀ ਅਤੇ ਸਾਮਰੀ ਇਕ-ਦੂਜੇ ਨਾਲ ਬਹੁਤ ਨਫ਼ਰਤ ਕਰਦੇ ਸਨ। ਉਸ ਸਮੇਂ ਕਿਸੇ ਨੂੰ ਸਾਮਰੀ ਕਹਿਣਾ ਗਾਲ੍ਹ ਕੱਢਣ ਦੇ ਬਰਾਬਰ ਸੀ ਅਤੇ ਯਿਸੂ ਨੂੰ ਵੀ “ਸਾਮਰੀ” ਕਿਹਾ ਗਿਆ ਸੀ। (ਯੂਹੰਨਾ 8:48) ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਕਹਾਣੀ ਰਾਹੀਂ ਯਿਸੂ ਨੇ ਵਧੀਆ ਤਰੀਕੇ ਨਾਲ ਦਿਖਾਇਆ ਕਿ ਸਾਰਿਆਂ ਨਾਲ ਪਿਆਰ ਕਰਨਾ ਕਿੰਨਾ ਜ਼ਰੂਰੀ ਹੈ।

ਯਿਸੂ ਨੇ ਆਪ ਵੀ ਇਕ ਸਾਮਰੀ ਦੀ ਮਦਦ ਕੀਤੀ ਸੀ ਜਦ ਉਸ ਨੇ ਇਕ ਸਾਮਰੀ ਨੂੰ ਕੋੜ੍ਹ ਦੀ ਬੀਮਾਰੀ ਤੋਂ ਠੀਕ ਕੀਤਾ। (ਲੂਕਾ 17:11-19) ਇਸ ਤੋਂ ਇਲਾਵਾ ਉਸ ਨੇ ਹੋਰਨਾਂ ਸਾਮਰੀਆਂ ਨੂੰ ਵੀ ਸਿੱਖਿਆ ਦਿੱਤੀ ਸੀ। ਇਕ ਵਾਰ ਉਸ ਨੇ ਇਕ ਸਾਮਰੀ ਔਰਤ ਨਾਲ ਕਾਫ਼ੀ ਲੰਬੀ ਗੱਲਬਾਤ ਕੀਤੀ ਜੋ ਇਕ ਖ਼ਾਸ ਘਟਨਾ ਸੀ। (ਯੂਹੰਨਾ 4:7-30, 39-42) ਕਿਉਂ? ਕਿਉਂਕਿ ਕੱਟੜ ਯਹੂਦੀ ਆਗੂ ਖੁੱਲ੍ਹੇ-ਆਮ ਕਿਸੇ ਵੀ ਔਰਤ ਨਾਲ ਗੱਲ ਨਹੀਂ ਕਰਦੇ ਸਨ ਉਹ ਚਾਹੇ ਰਿਸ਼ਤੇਦਾਰ ਹੀ ਕਿਉਂ ਨਾ ਸੀ। ਸੋ ਇਕ ਸਾਮਰੀ ਔਰਤ ਨਾਲ ਗੱਲਬਾਤ ਕਰਨੀ ਤਾਂ ਦੂਰ ਦੀ ਗੱਲ ਸੀ!

ਪਰਮੇਸ਼ੁਰ ਉਸ ਇਨਸਾਨ ਬਾਰੇ ਕੀ ਸੋਚਦਾ ਹੈ ਜੋ ਪੱਖਪਾਤ ਕਰਦਾ ਹੈ, ਪਰ ਇਸ ਨੂੰ ਆਪਣੇ ਦਿਲੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ? ਇਕ ਵਾਰ ਫਿਰ ਬਾਈਬਲ ਤੋਂ ਸਾਨੂੰ ਇਸ ਦਾ ਜਵਾਬ ਮਿਲਦਾ ਹੈ।

ਪਰਮੇਸ਼ੁਰ ਸਾਡੇ ਨਾਲ ਧੀਰਜ ਰੱਖਦਾ ਹੈ

ਪਹਿਲੀ ਸਦੀ ਵਿਚ ਬਹੁਤ ਸਾਰੇ ਯਹੂਦੀ ਅਤੇ ਹੋਰਨਾਂ ਕੌਮਾਂ ਦੇ ਲੋਕ ਯਿਸੂ ਦੇ ਚੇਲੇ ਬਣੇ। ਇਨ੍ਹਾਂ ਵਿੱਚੋਂ ਕੁਝ ਯਹੂਦੀ ਇਨ੍ਹਾਂ ਕੌਮਾਂ ਦੇ ਲੋਕਾਂ ਨਾਲ ਅਜੇ ਵੀ ਪੱਖਪਾਤ ਕਰ ਰਹੇ ਸਨ। ਯਹੋਵਾਹ ਪਰਮੇਸ਼ੁਰ ਨੇ ਇਸ ਸਮੱਸਿਆ ਬਾਰੇ ਕੀ ਕੀਤਾ ਜਿਸ ਕਰਕੇ ਫੁੱਟ ਪੈਦਾ ਹੋ ਸਕਦੀ ਸੀ? ਉਸ ਨੇ ਧੀਰਜ ਨਾਲ ਕਲੀਸਿਯਾ ਨੂੰ ਸਿੱਖਿਆ ਦਿੱਤੀ। (ਰਸੂਲਾਂ ਦੇ ਕਰਤੱਬ 15:1-5) ਉਸ ਧੀਰਜ ਦਾ ਫਲ ਮਿੱਠਾ ਨਿਕਲਿਆ ਕਿਉਂਕਿ ਜਿਵੇਂ ਇਸ ਲੇਖ ਦੇ ਸ਼ੁਰੂ ਵਿਚ ਕਿਹਾ ਗਿਆ ਸੀ ‘ਮਸੀਹੀਆਂ ਨੇ ਆਪਣੇ ਸਮਾਜ, ਜਾਤ ਜਾਂ ਕੌਮ ਨੂੰ ਅਹਿਮੀਅਤ ਦੇਣੀ ਛੱਡ ਦਿੱਤੀ।’ ਇਸ ਦਾ ਨਤੀਜਾ ਇਹ ਨਿਕਲਿਆ ਕਿ “ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦਿਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।”—ਰਸੂਲਾਂ ਦੇ ਕਰਤੱਬ 16:5.

ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਹਿੰਮਤ ਨਾ ਹਾਰੋ, ਪਰ ਪਰਮੇਸ਼ੁਰ ਉੱਤੇ ਭਰੋਸਾ ਰੱਖੋ ਜੋ ‘ਨਿਹਚਾ ਨਾਲ ਮੰਗਣ ਵਾਲਿਆਂ ਨੂੰ’ ਬੁੱਧ ਅਤੇ ਤਾਕਤ ਦਿੰਦਾ ਹੈ। (ਯਾਕੂਬ 1:5, 6) ਕੀ ਤੁਹਾਨੂੰ ਯਾਦ ਹੈ ਕਿ ਪਹਿਲੇ ਲੇਖ ਵਿਚ ਜੈਨੀਫ਼ਰ, ਟਿਮਥੀ, ਜੋਨ ਤੇ ਓਲਗਾ ਬਾਰੇ ਗੱਲ ਕੀਤੀ ਗਈ ਸੀ? ਜਦ ਜੈਨੀਫ਼ਰ ਵੱਡੇ ਸਕੂਲ ਜਾਣ ਲੱਗੀ, ਤਾਂ ਬੱਚੇ ਉਸ ਦੇ ਫ਼ਿਲਪਾਈਨੀ ਹੋਣ ਕਰਕੇ ਅਤੇ ਛੋਟੇ ਕੱਦ ਕਰਕੇ ਉਸ ਦਾ ਮਜ਼ਾਕ ਉਡਾਉਂਦੇ ਸਨ। ਫਿਰ ਵੀ ਉਸ ਨੇ ਇਹ ਸਭ ਕੁਝ ਸਹਿ ਲੈਣਾ ਸਿੱਖ ਲਿਆ ਸੀ। ਉਸ ਨੇ ਇਹ ਕਿਵੇਂ ਕੀਤਾ? ਜੈਨੀਫ਼ਰ ਯਹੋਵਾਹ ਦੀ ਇਕ ਗਵਾਹ ਹੈ ਅਤੇ ਪਰਮੇਸ਼ੁਰ ਦੀ ਮਦਦ ਨਾਲ ਉਹ ਇਸ ਤਰ੍ਹਾਂ ਕਰ ਸਕੀ। ਜਦ ਉਸ ਦੀ ਕਲਾਸ ਵਿਚ ਇਕ ਹੋਰ ਕੁੜੀ ਪੱਖਪਾਤ ਦਾ ਸ਼ਿਕਾਰ ਬਣੀ, ਤਾਂ ਜੈਨੀਫ਼ਰ ਨੇ ਉਸ ਨੂੰ ਸਹਾਰਾ ਤੇ ਹੌਸਲਾ ਦਿੱਤਾ।

ਜਦ ਦੂਜੇ ਸਟੂਡੈਂਟ ਟਿਮਥੀ ਨੂੰ ਗਾਲ੍ਹਾਂ ਕੱਢਦੇ ਹੁੰਦੇ ਸਨ, ਤਾਂ ਉਸ ਨੇ ਆਪਣੇ ਗੁੱਸੇ ’ਤੇ ਕਾਬੂ ਕਿਵੇਂ ਰੱਖਿਆ? ਉਹ ਕਹਿੰਦਾ ਹੈ: “ਮੈਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਮੈਂ ਕਿਤੇ ਯਹੋਵਾਹ ਪਰਮੇਸ਼ੁਰ ਦਾ ਨਾਂ ਬਦਨਾਮ ਨਾ ਕਰਾਂ। ਨਾਲੇ ਮੈਂ ਇਹ ਗੱਲ ਯਾਦ ਰੱਖੀ ਕਿ ਸਾਨੂੰ ਬੁਰਿਆਈ ਤੋਂ ਹਾਰ ਨਹੀਂ ਮੰਨਣੀ ਚਾਹੀਦੀ, ਸਗੋਂ ‘ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈਣਾ ਚਾਹੀਦਾ ਹੈ।’”—ਰੋਮੀਆਂ 12:21.

ਜੋਨ ਨੇ ਵੀ ਆਪਣੇ ਵਿੱਚੋਂ ਪੱਖਪਾਤ ਦੀ ਭਾਵਨਾ ਨੂੰ ਖ਼ਤਮ ਕੀਤਾ ਜੋ ਪਹਿਲਾਂ ਇਕ ਹਾਉਸਾ ਮੁੰਡੇ ਨਾਲ ਨਫ਼ਰਤ ਕਰਦਾ ਸੀ। ਉਹ ਕਹਿੰਦਾ ਹੈ: “ਪੜ੍ਹਦੇ ਸਮੇਂ ਕੁਝ ਹਾਉਸਾ ਵਿਦਿਆਰਥੀਆਂ ਨਾਲ ਮੇਰੀ ਦੋਸਤੀ ਹੋ ਗਈ। ਮੈਂ ਇਕ ਹਾਉਸਾ ਵਿਦਿਆਰਥੀ ਨਾਲ ਇਕ ਸਾਂਝੇ ਪ੍ਰਾਜੈਕਟ ਉੱਤੇ ਕੰਮ ਕੀਤਾ ਅਤੇ ਸਾਡੀ ਚੰਗੀ ਿਨੱਭੀ। ਹੁਣ ਮੈਂ ਲੋਕਾਂ ਦੀ ਕੌਮ ਜਾਂ ਜਾਤ ਵੱਲ ਨਹੀਂ ਦੇਖਦਾ, ਸਗੋਂ ਉਨ੍ਹਾਂ ਨੂੰ ਇਨਸਾਨਾਂ ਵਜੋਂ ਦੇਖਦਾ ਹਾਂ।”

ਓਲਗਾ ਅਤੇ ਦੂਸਰੀ ਮਿਸ਼ਨਰੀ ਭੈਣ ਨਹੀਂ ਡਰੀਆਂ ਜਦ ਵਿਰੋਧੀਆਂ ਨੇ ਉਨ੍ਹਾਂ ਨੂੰ ਸਤਾਇਆ। ਇਸ ਦੀ ਬਜਾਇ ਉਹ ਡਟ ਕੇ ਪ੍ਰਚਾਰ ਕਰਦੀਆਂ ਰਹੀਆਂ ਤੇ ਉਨ੍ਹਾਂ ਨੂੰ ਯਕੀਨ ਸੀ ਕਿ ਕੁਝ ਲੋਕ ਬਾਈਬਲ ਵਿੱਚੋਂ ਉਨ੍ਹਾਂ ਦਾ ਸੰਦੇਸ਼ ਸੁਣਨਗੇ। ਬਹੁਤਿਆਂ ਨੇ ਉਨ੍ਹਾਂ ਦਾ ਸੰਦੇਸ਼ ਸੁਣਿਆ। ਓਲਗਾ ਕਹਿੰਦੀ ਹੈ: “ਇਸ ਘਟਨਾ ਤੋਂ ਕੁਝ 50 ਸਾਲ ਬਾਅਦ ਇਕ ਆਦਮੀ ਨੇ ਮੈਨੂੰ ਇਕ ਬਹੁਤ ਹੀ ਸੋਹਣਾ ਬੈਗ ਦਿੱਤਾ। ਬੈਗ ਵਿਚ ਛੋਟੇ-ਛੋਟੇ ਪੱਥਰ ਸਨ ਜਿਨ੍ਹਾਂ ਉੱਤੇ ਭਲਾਈ, ਦਿਆਲਗੀ, ਪਿਆਰ ਅਤੇ ਸ਼ਾਂਤੀ ਵਰਗੇ ਗੁਣ ਉੱਕਰੇ ਹੋਏ ਸਨ। ਉਸ ਨੇ ਫਿਰ ਮੈਨੂੰ ਦੱਸਿਆ ਕਿ ਉਹ ਉਨ੍ਹਾਂ ਮੁੰਡਿਆਂ ਵਿੱਚੋਂ ਇਕ ਸੀ ਜਿਸ ਨੇ ਸਾਨੂੰ ਪੱਥਰ ਮਾਰੇ ਸਨ, ਪਰ ਹੁਣ ਉਹ ਵੀ ਇਕ ਗਵਾਹ ਬਣ ਗਿਆ ਸੀ! ਉਸ ਆਦਮੀ ਅਤੇ ਉਸ ਦੀ ਪਤਨੀ ਨੇ ਮੈਨੂੰ ਗੁਲਾਬ ਦੇ ਫੁੱਲ ਵੀ ਦਿੱਤੇ।”

ਪੱਖਪਾਤ ਦਾ ਅੰਤ!

ਬਹੁਤ ਜਲਦੀ ਪੱਖਪਾਤ ਦਾ ਅੰਤ ਹੋਵੇਗਾ। ਕਿਵੇਂ? ਇਕ ਗੱਲ ਇਹ ਹੈ ਕਿ ਯਿਸੂ ਮਸੀਹ ਧਰਤੀ ’ਤੇ ਰਾਜ ਕਰੇਗਾ ਜਿਸ ਨੇ ਸਾਬਤ ਕੀਤਾ ਹੈ ਕਿ ‘ਉਹ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਨਹੀਂ ਕਰੇਗਾ।’ (ਯਸਾਯਾਹ 11:1-5) ਉਸ ਸਮੇਂ ਸਾਰੇ ਲੋਕ ਯਿਸੂ ਵਰਗੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਉਸ ਵੱਲੋਂ ਅਤੇ ਯਹੋਵਾਹ ਪਰਮੇਸ਼ੁਰ ਵੱਲੋਂ ਸਿੱਖਿਆ ਮਿਲੀ ਹੋਵੇਗੀ।—ਯਸਾਯਾਹ 11:9.

ਸਿੱਖਿਆ ਦੇਣ ਦਾ ਕੰਮ ਅੱਜ ਵੀ ਹੋ ਰਿਹਾ ਹੈ ਜਿਸ ਰਾਹੀਂ ਪਰਮੇਸ਼ੁਰ ਦੇ ਲੋਕਾਂ ਨੂੰ ਇਕ ਨਵੀਂ ਦੁਨੀਆਂ ਵਿਚ ਰਹਿਣ ਲਈ ਤਿਆਰ ਕੀਤਾ ਜਾ ਰਿਹਾ ਹੈ। ਕਿਉਂ ਨਾ ਤੁਸੀਂ ਵੀ ਇਹ ਸਿੱਖਿਆ ਲੈ ਕੇ ਫ਼ਾਇਦਾ ਉਠਾਓ? * ਹਾਂ, ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ, ਸਗੋਂ ਉਹ ਚਾਹੁੰਦਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋਥਿਉਸ 2:3, 4. (g09-E 08)

[ਫੁਟਨੋਟ]

^ ਪੈਰਾ 18 ਜੇਕਰ ਤੁਸੀਂ ਚਾਹੋ ਕਿ ਕੋਈ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਮੁਫ਼ਤ ਵਿਚ ਬਾਈਬਲ ਸਟੱਡੀ ਕਰੇ, ਤਾਂ ਯਹੋਵਾਹ ਦੇ ਗਵਾਹਾਂ ਦੀ ਕਿਸੇ ਨੇੜਲੀ ਕਲੀਸਿਯਾ ਜਾਂ 5ਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਬ੍ਰਾਂਚ ਆਫ਼ਿਸ ਨੂੰ ਫ਼ੋਨ ਕਰੋ। ਜਾਂ ਤੁਸੀਂ www.watchtower.org ਦੀ ਵੈੱਬ-ਸਾਈਟ ’ਤੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ।

[ਸਫ਼ਾ 8 ਉੱਤੇ ਸੁਰਖੀ]

ਬਹੁਤ ਜਲਦੀ ਪੱਖਪਾਤ ਨੂੰ ਖ਼ਤਮ ਕੀਤਾ ਜਾਵੇਗਾ

[ਸਫ਼ਾ 9 ਉੱਤੇ ਡੱਬੀ/ਤਸਵੀਰ]

ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲੋ

‘ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। . . . ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲਓ।’ (ਰੋਮੀਆਂ 12:17-21) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਜੇ ਕੋਈ ਤੁਹਾਡੇ ਨਾਲ ਬੁਰਾ ਸਲੂਕ ਕਰਦਾ ਹੈ, ਤਾਂ ਤੁਸੀਂ ਬਦਲੇ ਵਿਚ ਪਿਆਰ ਨਾਲ ਪੇਸ਼ ਆਓ। ਯਿਸੂ ਮਸੀਹ ਨੇ ਕਿਹਾ: “ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫਰਤ ਕੀਤੀ।” ਫਿਰ ਵੀ ਉਹ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਇਆ।—ਯੂਹੰਨਾ 15:25, ਈਜ਼ੀ ਟੂ ਰੀਡ ਵਰਯਨ।

‘ਅਸੀਂ ਫੋਕਾ ਘੁਮੰਡ ਨਾ ਕਰੀਏ ਅਤੇ ਇੱਕ ਦੂਏ ਨਾਲ ਖਾਰ ਨਾ ਕਰੀਏ।’ (ਗਲਾਤੀਆਂ 5:26) ਖਾਰ ਅਤੇ ਘਮੰਡ ਕਰਨ ਨਾਲ ਅਸੀਂ ਨਫ਼ਰਤ ਅਤੇ ਪੱਖਪਾਤ ਦੇ ਜਾਲ ਵਿਚ ਫਸ ਸਕਦੇ ਹਾਂ। ਨਤੀਜੇ ਵਜੋਂ ਅਸੀਂ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣਾ ਬੰਦ ਕਰ ਦੇਵਾਂਗੇ।—ਮਰਕੁਸ 7:20-23.

“ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਆਪਣੇ ਆਪ ਨੂੰ ਪੁੱਛੋ: ‘ਮੈਂ ਕਿੱਦਾਂ ਚਾਹੁੰਦਾ ਹਾਂ ਕਿ ਲੋਕ ਮੇਰੇ ਨਾਲ ਪੇਸ਼ ਆਉਣ?’ ਫਿਰ ਤੁਸੀਂ ਵੀ ਉਨ੍ਹਾਂ ਨਾਲ ਉੱਦਾਂ ਹੀ ਪੇਸ਼ ਆਓ ਚਾਹੇ ਉਨ੍ਹਾਂ ਦੀ ਉਮਰ, ਰੰਗ, ਭਾਸ਼ਾ ਜਾਂ ਸਭਿਆਚਾਰ ਜੋ ਮਰਜ਼ੀ ਹੋਵੇ।

“ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ।” (ਰੋਮੀਆਂ 15:7) ਕੀ ਤੁਸੀਂ ਵੱਖ-ਵੱਖ ਪਿਛੋਕੜ ਜਾਂ ਸਭਿਆਚਾਰ ਦੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਖ਼ਾਸ ਕਰਕੇ ਜੇ ਉਹ ਵੀ ਤੁਹਾਡੇ ਵਾਂਗ ਪਰਮੇਸ਼ੁਰ ਦੀ ਭਗਤੀ ਕਰਦੇ ਹਨ?—2 ਕੁਰਿੰਥੀਆਂ 6:11.

“ਬੇਸ਼ਕ ਮੇਰੇ ਮਾਂ-ਪਿਓ ਮੈਨੂੰ ਛੱਡ ਵੀ ਦੇਣ, ਪਰ ਪ੍ਰਭੂ ਮੇਰੀ ਫਿਰ ਵੀ ਸੰਭਾਲ ਕਰੇਗਾ।” (ਭਜਨ 27:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਚਾਹੇ ਲੋਕ ਤੁਹਾਡੇ ਨਾਲ ਜਿੰਨਾ ਮਰਜ਼ੀ ਬੁਰਾ ਸਲੂਕ ਕਰਨ, ਪਰ ਜੇ ਤੁਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹੋ, ਤਾਂ ਉਹ ਤੁਹਾਨੂੰ ਕਦੇ ਵੀ ਨਹੀਂ ਛੱਡੇਗਾ।

[ਸਫ਼ਾ 7 ਉੱਤੇ ਤਸਵੀਰ]

ਸਾਮਰੀ ਆਦਮੀ ਨੇ ਉਸ ਯਹੂਦੀ ਦੀ ਮਦਦ ਕੀਤੀ ਜਿਸ ਨੂੰ ਲੁੱਟਿਆ ਗਿਆ ਸੀ