ਮੈਂ ਆਪਣੇ ਗੁੱਸੇ ਨੂੰ ਕੰਟ੍ਰੋਲ ਵਿਚ ਕਿਵੇਂ ਰੱਖਾਂ?
ਨੌਜਵਾਨ ਪੁੱਛਦੇ ਹਨ
ਮੈਂ ਆਪਣੇ ਗੁੱਸੇ ਨੂੰ ਕੰਟ੍ਰੋਲ ਵਿਚ ਕਿਵੇਂ ਰੱਖਾਂ?
ਤੁਸੀਂ ਆਪਣਾ ਗੁੱਸਾ ਕਿੰਨੀ ਕੁ ਵਾਰ ਕੱਢਦੇ ਹੋ?
□ ਕਦੇ ਨਹੀਂ
□ ਹਰ ਮਹੀਨੇ
□ ਹਰ ਹਫ਼ਤੇ
□ ਹਰ ਰੋਜ਼
ਕੌਣ ਤੁਹਾਨੂੰ ਗੁੱਸੇ ਕਰਦਾ ਹੈ?
□ ਕੋਈ ਨਹੀਂ
□ ਸਕੂਲ ਦੇ ਸਾਥੀ
□ ਮਾਪੇ
□ ਭੈਣ ਜਾਂ ਭਰਾ
□ ਕੋਈ ਹੋਰ
ਹੇਠਾਂ ਲਿਖੋ ਕਿ ਤੁਹਾਨੂੰ ਖ਼ਾਸ ਕਰਕੇ ਕਦੋਂ ਗੁੱਸਾ ਚੜ੍ਹਦਾ ਹੈ।
□ ․․․․․
ਜੇ ਤੁਸੀਂ “ਕਦੇ ਨਹੀਂ” ਅਤੇ “ਕੋਈ ਨਹੀਂ” ਕੋਲ ✔ ਨਿਸ਼ਾਨੀ ਲਾਈ ਅਤੇ ਆਖ਼ਰੀ ਲਾਈਨਾਂ ਖਾਲੀ ਛੱਡੀਆਂ, ਤਾਂ ਸ਼ਾਬਾਸ਼! ਤੁਸੀਂ ਆਪਣੇ ਗੁੱਸੇ ਨੂੰ ਕੰਟ੍ਰੋਲ ਵਿਚ ਰੱਖ ਰਹੇ ਹੋ!
ਪਰ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਤੇ ਵੱਖਰੇ ਤਰੀਕਿਆਂ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। ਬਾਈਬਲ ਦੇ ਲਿਖਾਰੀ ਯਾਕੂਬ ਨੇ ਕਿਹਾ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।” (ਯਾਕੂਬ 3:2) ਜਦ ਗੁੱਸੇ ਦੀ ਗੱਲ ਆਉਂਦੀ ਹੈ, ਤਾਂ ਸ਼ਾਇਦ ਤੁਸੀਂ 17 ਸਾਲਾਂ ਦੀ ਸਰੀਨਾ * ਵਾਂਗ ਮਹਿਸੂਸ ਕਰੋ। ਉਹ ਕਹਿੰਦੀ ਹੈ: “ਮੇਰੇ ਅੰਦਰ ਗੁੱਸਾ ਭੜਕ ਉੱਠਦਾ ਹੈ ਅਤੇ ਮੈਂ ਉਸ ਉੱਤੇ ਆਪਣੀ ਭੜਾਸ ਕੱਢਦੀ ਹਾਂ ਜੋ ਮੈਨੂੰ ਜ਼ਰਾ ਵੀ ਨਾਰਾਜ਼ ਕਰਦਾ ਹੈ, ਚਾਹੇ ਮੇਰੇ ਮਾਪੇ ਹੋਣ, ਮੇਰੀ ਭੈਣ ਹੋਵੇ ਜਾਂ ਮੇਰਾ ਕੁੱਤਾ ਹੀ ਹੋਵੇ!”
ਸੱਚ ਕੀ ਹੈ?
ਕੀ ਤੁਹਾਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਵਿਚ ਮੁਸ਼ਕਲ ਆਉਂਦੀ ਹੈ? ਜੇ ਹਾਂ, ਤਾਂ ਤੁਹਾਡੀ ਮਦਦ ਹੋ ਸਕਦੀ ਹੈ। ਪਰ ਪਹਿਲਾਂ ਆਓ ਆਪਾਂ ਕੁਝ ਗ਼ਲਤਫ਼ਹਿਮੀਆਂ ਦੂਰ ਕਰੀਏ।
◼ ਗ਼ਲਤਫ਼ਹਿਮੀ: “ਮੇਰਾ ਨਹੀਂ ਗੁੱਸਾ ਕੰਟ੍ਰੋਲ ਹੁੰਦਾ—ਮੇਰੇ ਪੂਰੇ ਖ਼ਾਨਦਾਨ ਦਾ ਇਹੀ ਸੁਭਾਅ ਹੈ!”
ਸੱਚ: ਹੋ ਸਕਦਾ ਹੈ ਕਿ ਤੁਸੀਂ ਆਪਣੇ ਪਾਲਣ-ਪੋਸਣ, ਹਾਲਾਤਾਂ ਜਾਂ ਹੋਰ ਕਾਰਨਾਂ ਕਰਕੇ ‘ਗੁੱਸੇ ਵਾਲੇ’ ਹੋਵੋ। ਪਰ ਇਸ ਗੁੱਸੇ ਨੂੰ ਕਾਬੂ ਵਿਚ ਰੱਖਣਾ ਤੁਹਾਡੇ ਵੱਸ ਦੀ ਗੱਲ ਹੈ। (ਕਹਾਉਤਾਂ 29:22) ਸਵਾਲ ਇਹ ਹੈ, ਕੀ ਗੁੱਸਾ ਤੁਹਾਡੀ ਮੁੱਠੀ ਵਿਚ ਹੈ ਜਾਂ ਕੀ ਤੁਸੀਂ ਗੁੱਸੇ ਦੀ ਮੁੱਠੀ ਵਿਚ ਹੋ? ਦੂਸਰਿਆਂ ਨੇ ਆਪਣਾ ਗੁੱਸਾ ਕੰਟ੍ਰੋਲ ਕਰਨਾ ਸਿੱਖਿਆ ਹੈ ਅਤੇ ਤੁਸੀਂ ਵੀ ਸਿੱਖ ਸਕਦੇ ਹੋ!—ਕੁਲੁੱਸੀਆਂ 3:8-10.
ਬਾਈਬਲ ਤੋਂ ਮਦਦ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।”—ਅਫ਼ਸੀਆਂ 4:31.
◼ ਗ਼ਲਤਫ਼ਹਿਮੀ: “ਜੇ ਮੈਂ ਗੁੱਸੇ ਹਾਂ, ਤਾਂ ਅੰਦਰੋਂ-ਅੰਦਰੀਂ ਖਿਝਣ ਦੀ ਬਜਾਇ ਬਿਹਤਰ ਹੈ ਕਿ ਮੈਂ ਆਪਣਾ ਗੁੱਸਾ ਬਾਹਰ ਕੱਢਾਂ।”
ਸੱਚ: ਇਹ ਦੋਵੇਂ ਗੱਲਾਂ ਗ਼ਲਤ ਹਨ ਤੇ ਤੁਹਾਡੀ ਸਿਹਤ ’ਤੇ ਮਾੜਾ ਅਸਰ ਪਾ ਸਕਦੀਆਂ ਹਨ। ਇਹ ਸੱਚ ਹੈ ਕਿ ‘ਆਪਣੇ ਗਿਲੇ ਨੂੰ ਖੋਲ੍ਹ ਕੇ ਦੱਸਣ’ ਦਾ ਸਮਾਂ ਹੁੰਦਾ ਹੈ। (ਅੱਯੂਬ 10:1) ਪਰ ਇਸ ਦਾ ਇਹ ਮਤਲਬ ਨਹੀਂ ਕਿ ਜਦ ਜੀ ਚਾਹੇ ਤੁਸੀਂ ਬੰਬ ਦੀ ਤਰ੍ਹਾਂ ਫਟ ਸਕਦੇ ਹੋ। ਤੁਸੀਂ ਭੜਕ ਉੱਠਣ ਤੋਂ ਬਿਨਾਂ ਗੱਲ ਕਰਨੀ ਸਿੱਖ ਸਕਦੇ ਹੋ।
ਬਾਈਬਲ ਤੋਂ ਮਦਦ: “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ . . . ਅਤੇ ਸਬਰ ਕਰਨ ਵਾਲਾ ਹੋਵੇ।”—2 ਤਿਮੋਥਿਉਸ 2:24.
◼ ਗ਼ਲਤਫ਼ਹਿਮੀ: “ਜੇ ਮੈਂ ਸਾਰਿਆਂ ਨਾਲ ਮਿੱਠਾ ਰਹਾਂ, ਤਾਂ ਲੋਕ ਮੇਰਾ ਫ਼ਾਇਦਾ ਉਠਾਉਣਗੇ।”
ਸੱਚ: ਲੋਕਾਂ ਨੂੰ ਪਤਾ ਹੈ ਕਿ ਗੁੱਸੇ ਉੱਤੇ ਕਾਬੂ ਰੱਖਣਾ ਆਸਾਨ ਨਹੀਂ ਹੈ ਤੇ ਇਸ ਕਰਕੇ ਉਹ ਤੁਹਾਡੀ ਇੱਜ਼ਤ ਕਰਨਗੇ।
ਬਾਈਬਲ ਤੋਂ ਮਦਦ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”—ਰੋਮੀਆਂ 12:18.
ਆਪਣੇ ਗੁੱਸੇ ਉੱਤੇ ਕੰਟ੍ਰੋਲ ਰੱਖਣਾ
ਜੇ ਤੁਹਾਨੂੰ ਜਲਦੀ ਗੁੱਸਾ ਚੜ੍ਹ ਜਾਂਦਾ ਹੈ, ਤਾਂ ਸ਼ਾਇਦ ਤੁਸੀਂ ਆਪਣੇ ਗੁੱਸੇ ਲਈ ਹੁਣ ਤਕ ਦੂਜਿਆਂ ਵਿਚ ਕਸੂਰ ਕੱਢਦੇ ਆਏ ਹੋ। ਮਿਸਾਲ ਲਈ, ਕੀ ਤੁਸੀਂ ਕਦੇ ਕਿਹਾ ਹੈ: “ਉਸ ਨੇ ਮੈਨੂੰ ਭੜਕਾਇਆ” ਜਾਂ “ਉਸ ਕਰਕੇ ਮੈਨੂੰ ਗੁੱਸਾ ਚੜ੍ਹਿਆ”? ਜੇ ਹਾਂ, ਤਾਂ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਦੂਸਰੇ ਤੁਹਾਨੂੰ ਕੰਟ੍ਰੋਲ ਕਰ ਰਹੇ ਹਨ। ਤੁਸੀਂ ਕੰਟ੍ਰੋਲ ਰੱਖਣ ਲਈ ਕੀ ਕਰ ਸਕਦੇ ਹੋ? ਇਸ ਤਰ੍ਹਾਂ ਕਰ ਕੇ ਦੇਖੋ:
ਆਪਣੀ ਗ਼ਲਤੀ ਮੰਨੋ। ਸਭ ਤੋਂ ਪਹਿਲਾਂ ਤੁਹਾਨੂੰ ਕਬੂਲ ਕਰਨ ਦੀ ਲੋੜ ਹੈ ਕਿ ਸਿਰਫ਼ ਤੁਸੀਂ ਆਪਣੇ ਗੁੱਸੇ ਲਈ ਜ਼ਿੰਮੇਵਾਰ ਹੋ। ਇਸ ਲਈ ਦੂਸਰਿਆਂ ਵੱਲ ਉਂਗਲ ਨਾ ਉਠਾਓ। ਇਹ ਕਹਿਣ ਦੀ ਬਜਾਇ ਕਿ “ਉਸ ਨੇ ਮੈਨੂੰ ਭੜਕਾਇਆ” ਕਬੂਲ ਕਰੋ ਕਿ ਤੁਸੀਂ ਖ਼ੁਦ ਭੜਕ ਉੱਠੇ। ਇਹ ਕਹਿਣ ਦੀ ਬਜਾਇ ਕਿ “ਉਸ ਕਰਕੇ ਮੈਨੂੰ ਗੁੱਸਾ ਚੜ੍ਹਿਆ” ਮੰਨੋ ਕਿ ਤੁਸੀਂ ਆਪ ਜ਼ਿਆਦਾ ਗਰਮ ਹੋ ਗਏ। ਜਦ ਤੁਸੀਂ ਆਪਣੀ ਗ਼ਲਤੀ ਮੰਨਣ ਲਈ ਤਿਆਰ ਹੋਵੋਗੇ ਤਦ ਤੁਸੀਂ ਆਪਣੇ ਆਪ ਨੂੰ ਬਦਲ ਸਕੋਗੇ।—ਗਲਾਤੀਆਂ 6:5.
ਪਹਿਲਾਂ ਹੀ ਮੁਸ਼ਕਲ ਬਾਰੇ ਸੋਚੋ। ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਸੋ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਹੀ ਮੁਸ਼ਕਲ ਬਾਰੇ ਸੋਚੋ। ਆਪਣੇ ਆਪ ਨੂੰ ਪੁੱਛੋ: ‘ਮੈਨੂੰ ਗੁੱਸਾ ਖ਼ਾਸ ਕਰਕੇ ਕਦੋਂ ਚੜ੍ਹਦਾ ਹੈ?’ ਮਿਸਾਲ ਲਈ, ਮੇਗਨ ਨਾਂ ਦੀ ਲੜਕੀ ਨੇ ਕਿਹਾ: “ਮੈਂ ਰਾਤ ਨੂੰ ਸ਼ਿਫਟ ਲਾਉਂਦੀ ਹਾਂ ਅਤੇ ਕੰਮ ਤੋਂ ਆ ਕੇ ਮੈਂ ਬਹੁਤ ਥੱਕੀ ਹੋਈ ਹੁੰਦੀ ਹਾਂ। ਇਸ ਲਈ ਛੋਟੀ ਜਿਹੀ ਗੱਲ ਕਰਕੇ ਮੇਰਾ ਗੁੱਸਾ ਭੜਕ ਉੱਠਦਾ ਹੈ।”
ਸਵਾਲ: ਤੁਹਾਡਾ ਗੁੱਸਾ ਕਦੋਂ ਭੜਕ ਉੱਠਦਾ ਹੈ?
․․․․․
ਸੋਚ-ਸਮਝ ਕੇ ਜਵਾਬ ਦਿਓ। ਜਦ ਕੋਈ ਤੁਹਾਨੂੰ ਗੁੱਸੇ ਕਰਦਾ ਹੈ, ਤਾਂ ਹੌਲੀ-ਹੌਲੀ ਸਾਹ ਲਓ ਅਤੇ ਆਪਣੀ ਆਵਾਜ਼ ਧੀਮੀ ਕਰ ਕੇ ਹੌਲੀ ਬੋਲੋ। ਇਲਜ਼ਾਮ ਲਗਾਉਣ ਦੀ ਬਜਾਇ (“ਚੋਰ! ਤੂੰ ਬਿਨਾਂ ਪੁੱਛੇ ਮੇਰਾ ਸਵੈਟਰ ਲਿਆ!”) ਇਹ ਦੱਸਣ ਦੀ ਕੋਸ਼ਿਸ਼ ਕਰੋ ਕਿ ਉਸ ਦੀ ਕਰਨੀ ਦਾ ਤੁਹਾਡੇ ’ਤੇ ਕੀ ਅਸਰ ਪਿਆ। (“ਮੈਨੂੰ ਖਿੱਝ ਆਉਂਦੀ ਹੈ ਜਦ ਮੈਂ ਆਪਣਾ ਸਵੈਟਰ ਪਾਉਣਾ ਚਾਹੁੰਦਾ ਹਾਂ, ਪਰ ਤੇਰੇ ਪਾਇਆ ਹੁੰਦਾ ਹੈ, ਉਹ ਵੀ ਬਿਨਾਂ ਪੁੱਛੇ।”)
ਇੱਦਾਂ ਕਰ ਕੇ ਦੇਖੋ: ਉਸ ਸਮੇਂ ਬਾਰੇ ਸੋਚੋ ਜਦ ਤੁਹਾਡਾ ਗੁੱਸਾ ਭੜਕ ਉੱਠਿਆ ਸੀ।
1. ਕਿਸ ਚੀਜ਼ ਨੇ ਤੁਹਾਨੂੰ ਭੜਕਾਇਆ?
․․․․․
2. ਤੁਸੀਂ ਕਿਵੇਂ ਜਵਾਬ ਦਿੱਤਾ? (ਤੁਸੀਂ ਕੀ ਕਿਹਾ ਜਾਂ ਕੀਤਾ?)
․․․․․
3. ਜਵਾਬ ਦੇਣ ਦਾ ਬਿਹਤਰ ਤਰੀਕਾ ਕੀ ਹੁੰਦਾ?
․․․․․
ਅੰਜਾਮ ਬਾਰੇ ਸੋਚੋ। ਬਾਈਬਲ ਦੇ ਕਈ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ। ਮਿਸਾਲ ਲਈ:
◼ ਕਹਾਉਤਾਂ 12:18: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” ਸਾਡੇ ਲਫ਼ਜ਼ ਕਿਸੇ ਦੇ ਦਿਲ ਨੂੰ ਦੁੱਖ ਦੇ ਸਕਦੇ ਹਨ ਅਤੇ ਜਦੋਂ ਤੁਹਾਨੂੰ ਗੁੱਸਾ ਚੜ੍ਹਿਆ ਹੁੰਦਾ ਹੈ, ਤਾਂ ਤੁਸੀਂ ਜ਼ਰੂਰ ਅਜਿਹਾ ਕੁਝ ਕਹਿ ਹੀ ਦਿਓਗੇ ਜਿਸ ਤੋਂ ਤੁਹਾਨੂੰ ਬਾਅਦ ਵਿਚ ਪਛਤਾਉਣਾ ਪਵੇ।
◼ ਕਹਾਉਤਾਂ 29:11: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।” ਜੇ ਤੁਸੀਂ ਲਾਲ-ਪੀਲੇ ਹੋ ਕੇ ਕੁਝ ਕਹਿ ਦਿਓ, ਤਾਂ ਤੁਸੀਂ ਹੀ ਮੂਰਖ ਲੱਗੋਗੇ।
◼ ਕਹਾਉਤਾਂ 14:30: “ਮਨ ਦਾ ਚੈਨ ਮਨੁੱਖ ਨੂੰ ਚੰਗੀ ਸਿਹਤ ਦਿੰਦਾ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਗੁੱਸਾ ਕਰਨਾ ਤੁਹਾਡੀ ਸਿਹਤ ਲਈ ਮਾੜਾ ਹੈ। ਅਨੀਤਾ ਨਾਂ ਦੀ ਲੜਕੀ ਕਹਿੰਦੀ ਹੈ: “ਮੇਰੇ ਪਰਿਵਾਰ ਵਿਚ ਹਾਈ ਬਲੱਡ-ਪ੍ਰੈਸ਼ਰ ਦੀ ਸ਼ਿਕਾਇਤ ਹੈ ਅਤੇ ਮੈਨੂੰ ਤਾਂ ਪਹਿਲਾਂ ਹੀ ਟੈਨਸ਼ਨ ਬਹੁਤ ਰਹਿੰਦੀ ਹੈ। ਇਸ ਲਈ ਮੈਂ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਦੀ ਹਾਂ।”
ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਪਹਿਲਾਂ ਹੀ ਆਪਣੀ ਕਹਿਣੀ ਅਤੇ ਕਰਨੀ ਦੇ ਅੰਜਾਮ ਬਾਰੇ ਸੋਚੋ। 18 ਸਾਲਾਂ ਦੀ ਹੈਦਰ ਕਹਿੰਦੀ ਹੈ: “ਮੈਂ ਆਪਣੇ ਆਪ ਨੂੰ ਪੁੱਛਦੀ ਹਾਂ, ‘ਉਦੋਂ ਕੀ ਹੋਵੇਗਾ ਜੇ ਮੈਂ ਕਿਸੇ ਨਾਲ ਗੁੱਸੇ ਹੋ ਜਾਵਾਂ? ਉਹ ਮੇਰੇ ਬਾਰੇ ਕੀ ਸੋਚਣਗੇ? ਸਾਡੇ ਰਿਸ਼ਤੇ ਉੱਤੇ ਇਸ ਦਾ ਕੀ ਅਸਰ ਪਵੇਗਾ? ਮੈਨੂੰ ਕਿੱਦਾਂ ਲੱਗੇਗਾ ਜੇ ਕੋਈ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇ?’” ਤੁਸੀਂ ਵੀ ਗੱਲ ਕਰਨ ਜਾਂ ਮੈਸਿਜ ਭੇਜਣ ਤੋਂ ਪਹਿਲਾਂ ਇਹ ਸਵਾਲ ਪੁੱਛ ਸਕਦੇ ਹੋ ਚਾਹੇ ਤੁਸੀਂ ਚਿੱਠੀ ਲਿਖੋ, ਫ਼ੋਨ ਕਰੋ, ਇੰਸਟੰਟ ਮੈਸਿਜ ਭੇਜੋ, ਐੱਸ.ਐੱਮ.ਐੱਸ. ਭੇਜੋ ਜਾਂ ਈ-ਮੇਲ ਭੇਜੋ।
ਸਵਾਲ: ਉਦੋਂ ਕੀ ਹੋ ਸਕਦਾ ਹੈ ਜੇ ਕੋਈ ਤੁਹਾਨੂੰ ਨਾਰਾਜ਼ ਕਰੇ ਅਤੇ ਤੁਸੀਂ ਬਦਲੇ ਵਿਚ ਗੁੱਸੇ ਹੋ ਕੇ ਮੈਸਿਜ ਭੇਜੋ?
․․․․․
ਮਦਦ ਮੰਗੋ। ਕਹਾਉਤਾਂ 27:17: “ਜਿਸ ਤਰ੍ਹਾਂ ਲੋਹਾ, ਲੋਹੇ ਨੂੰ ਤੇਜ਼ ਕਰਦਾ ਹੈ, ਉਸੇ ਤਰ੍ਹਾਂ ਮਨੁੱਖ, ਮਨੁੱਖ ਨੂੰ ਸਿਖਾ ਸਕਦਾ ਹੈ।” (ਨਵਾਂ ਅਨੁਵਾਦ) ਕਿਉਂ ਨਾ ਆਪਣੇ ਮੰਮੀ-ਡੈਡੀ ਜਾਂ ਹੋਰ ਕਿਸੇ ਸਿਆਣੇ ਨੂੰ ਪੁੱਛੋ ਕਿ ਉਹ ਆਪਣੇ ਗੁੱਸੇ ਨੂੰ ਠੰਢਾ ਕਿਵੇਂ ਰੱਖਦੇ ਹਨ?
ਆਪਣੀ ਤਰੱਕੀ ਵੱਲ ਧਿਆਨ ਦਿਓ। ਡਾਇਰੀ ਵਿਚ ਆਪਣੀ ਤਰੱਕੀ ਬਾਰੇ ਲਿਖੋ। ਜਦ ਵੀ ਤੁਸੀਂ ਗੁੱਸੇ ਹੁੰਦੇ ਹੋ, ਤਾਂ ਲਿਖੋ: (1) ਕੀ ਹੋਇਆ, (2) ਤੁਸੀਂ ਕੀ ਕੀਤਾ ਜਾਂ ਕਿਹਾ ਅਤੇ (3) ਤੁਸੀਂ ਸੋਚ-ਸਮਝ ਕੇ ਕੀ ਜਵਾਬ ਦੇ ਸਕਦੇ ਸੀ। ਸਮੇਂ ਦੇ ਬੀਤਣ ਨਾਲ ਤੁਸੀਂ ਆਪਣੇ ਗੁੱਸੇ ਨੂੰ ਕੰਟ੍ਰੋਲ ਵਿਚ ਕਰ ਸਕੋਗੇ। (g09-E 09)
“ਨੌਜਵਾਨ ਪਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
^ ਪੈਰਾ 17 ਕੁਝ ਨਾਂ ਬਦਲੇ ਗਏ ਹਨ।
ਇਸ ਬਾਰੇ ਸੋਚੋ
ਕੁਝ ਸ਼ਾਂਤ ਸੁਭਾਅ ਵਾਲਿਆਂ ਨੂੰ ਵੀ ਕਦੇ-ਕਦੇ ਗੁੱਸਾ ਚੜ੍ਹਿਆ ਹੈ। ਅਸੀਂ ਹੇਠਾਂ ਦਿੱਤੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?
◼ ਮੂਸਾ।—ਗਿਣਤੀ 20:1-12; ਜ਼ਬੂਰਾਂ ਦੀ ਪੋਥੀ 106:32, 33.
◼ ਪੌਲੁਸ ਅਤੇ ਬਰਨਬਾਸ।—ਰਸੂਲਾਂ ਦੇ ਕਰਤੱਬ 15:36-40.
[ਸਫ਼ਾ 27 ਉੱਤੇ ਡੱਬੀ/ਤਸਵੀਰਾਂ]
ਤੁਹਾਡੇ ਹਾਨੀ ਕੀ ਕਹਿੰਦੇ ਹਨ
“ਜਦ ਮੈਨੂੰ ਗੁੱਸਾ ਚੜ੍ਹਦਾ ਹੈ, ਤਾਂ ਮੈਂ ਜਾਂ ਤਾਂ ਆਪਣੀ ਡਾਇਰੀ ਵਿਚ ਲਿਖਦੀ ਹਾਂ ਜਾਂ ਆਪਣੀ ਮੰਮੀ ਨਾਲ ਗੱਲ ਕਰਦੀ ਹਾਂ। ਇੱਦਾਂ ਕਰਨ ਨਾਲ ਮੇਰੇ ਗੁੱਸੇ ਦੀ ਅੱਗ ਬੁੱਝ ਜਾਂਦੀ ਹੈ।”—ਅਲੈਕਸੀਸ, ਅਮਰੀਕਾ।
“ਜਦੋਂ ਮੈਨੂੰ ਟੈਨਸ਼ਨ ਹੁੰਦੀ ਹੈ, ਤਾਂ ਮੈਂ ਬਾਹਰ ਤੁਰਨ ਜਾਂਦੀ ਹਾਂ। ਤਾਜ਼ੀ ਹਵਾ ਲੈਣ ਨਾਲ ਮੇਰਾ ਗੁੱਸਾ ਠੰਢਾ ਹੋ ਜਾਂਦਾ ਹੈ।”—ਇਲਿਜ਼ਬਥ, ਆਇਰਲੈਂਡ।
“ਮੈਂ ਰੁਕ ਕੇ ਆਪਣੇ ਮਨ ਵਿਚ ਸੋਚਦਾ ਹਾਂ, ‘ਕੀ ਹੋਵੇਗਾ ਜੇ ਮੈਂ ਗੁੱਸੇ ਹੋ ਕੇ ਉੱਚੀ ਆਵਾਜ਼ ਵਿਚ ਜਵਾਬ ਦੇਵਾਂ?’ ਇਸ ਤਰ੍ਹਾਂ ਕਰ ਕੇ ਮੈਨੂੰ ਪਤਾ ਲੱਗ ਜਾਂਦਾ ਕਿ ਗੁੱਸੇ ਹੋਣ ਦਾ ਕੋਈ ਫ਼ਾਇਦਾ ਨਹੀਂ।”—ਗ੍ਰੇਅਮ, ਆਸਟ੍ਰੇਲੀਆ।
[ਸਫ਼ਾ 27 ਉੱਤੇ ਡੱਬੀ]
ਕੀ ਤੁਹਾਨੂੰ ਪਤਾ ਹੈ?
ਕਈ ਵਾਰ ਪਰਮੇਸ਼ੁਰ ਵੀ ਗੁੱਸੇ ਹੁੰਦਾ ਹੈ। ਪਰ ਉਸ ਦਾ ਗੁੱਸਾ ਹਮੇਸ਼ਾ ਜਾਇਜ਼ ਹੁੰਦਾ ਹੈ ਅਤੇ ਉਹ ਹਮੇਸ਼ਾ ਆਪਣੇ ਗੁੱਸੇ ਨੂੰ ਕੰਟ੍ਰੋਲ ਵਿਚ ਰੱਖਦਾ ਹੈ। ਉਹ ਕਦੇ ਬੇਕਾਬੂ ਨਹੀਂ ਹੁੰਦਾ।—ਕੂਚ 34:6; ਬਿਵਸਥਾ ਸਾਰ 32:4 ਅਤੇ ਯਸਾਯਾਹ 48:9 ਦੇਖੋ।
[ਸਫ਼ਾ 28 ਉੱਤੇ ਤਸਵੀਰ]
ਸਿਰਫ਼ ਤੁਸੀਂ ਹੀ ਆਪਣੇ ਗੁੱਸੇ ਦੀ ਅੱਗ ਬੁਝਾ ਸਕਦੇ ਹੋ