ਮੈਂ ਮੌਤ ਦਾ ਗਮ ਕਿੱਦਾਂ ਸਹਾਂ?
ਨੌਜਵਾਨ ਪੁੱਛਦੇ ਹਨ
ਮੈਂ ਮੌਤ ਦਾ ਗਮ ਕਿੱਦਾਂ ਸਹਾਂ?
“ਜਦ ਮੰਮੀ ਗੁਜ਼ਰੇ, ਤਾਂ ਮੈਨੂੰ ਲੱਗਾ ਕਿ ਮੇਰੀ ਦੁਨੀਆਂ ਉੱਜੜ ਗਈ। ਮੰਮੀ ਕਰਕੇ ਹੀ ਸਾਡੇ ਪਰਿਵਾਰ ਵਿਚ ਇੰਨੀ ਏਕਤਾ ਸੀ।”—ਕੈਰਨ। *
ਮੰਮੀ ਜਾਂ ਡੈਡੀ ਦੀ ਮੌਤ ਨਾਲੋਂ ਜ਼ਿਆਦਾ ਹੋਰ ਕੋਈ ਚੀਜ਼ ਤੁਹਾਡੀ ਜ਼ਿੰਦਗੀ ਉੱਤੇ ਇੰਨਾ ਡੂੰਘਾ ਅਸਰ ਨਹੀਂ ਪਾਵੇਗੀ। ਨਾ ਸਿਰਫ਼ ਤੁਹਾਨੂੰ ਵੱਡਾ ਗਮ ਸਹਿਣਾ ਪਵੇਗਾ, ਪਰ ਤੁਹਾਡੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ।
ਸ਼ਾਇਦ ਤੁਹਾਡੀ ਉਮੀਦ ਸੀ ਕਿ ਉਹ ਉਸ ਸਮੇਂ ਤੁਹਾਡੇ ਨਾਲ ਖ਼ੁਸ਼ੀ ਮਨਾਉਣਗੇ ਜਦ ਤੁਹਾਨੂੰ ਗੱਡੀ ਚਲਾਉਣ ਦਾ ਲਸੰਸ ਮਿਲੇਗਾ, ਤੁਸੀਂ ਸਕੂਲ ਦੀ ਪੜ੍ਹਾਈ ਖ਼ਤਮ ਕਰੋਗੇ ਜਾਂ ਤੁਹਾਡਾ ਵਿਆਹ ਹੋਵੇਗਾ। ਪਰ ਹੁਣ ਇਨ੍ਹਾਂ ਉਮੀਦਾਂ ਉੱਤੇ ਪਾਣੀ ਫਿਰ ਗਿਆ ਹੈ। ਤੁਸੀਂ ਉਦਾਸ, ਨਿਰਾਸ਼ ਜਾਂ ਸ਼ਾਇਦ ਗੁੱਸੇ ਵੀ ਹੋਵੋ। ਮੰਮੀ ਜਾਂ ਡੈਡੀ ਦੀ ਮੌਤ ਹੋਣ ਕਰਕੇ ਤੁਹਾਡੇ ਉੱਤੇ ਬਹੁਤ ਕੁਝ ਬੀਤਦਾ ਹੈ। ਤੁਸੀਂ ਇਹ ਦੁੱਖ ਕਿੱਦਾਂ ਸਹਿ ਸਕਦੇ ਹੋ?
‘ਕੀ ਇਸ ਤਰ੍ਹਾਂ ਮਹਿਸੂਸ ਕਰਨਾ ਆਮ ਹੈ?’
ਪਹਿਲਾਂ-ਪਹਿਲਾਂ ਤੁਸੀਂ ਸ਼ਾਇਦ ਅਜਿਹਾ ਕੁਝ ਮਹਿਸੂਸ ਕਰੋ ਜੋ ਤੁਸੀਂ ਪਹਿਲਾਂ ਕਦੇ ਨਹੀਂ ਮਹਿਸੂਸ ਕੀਤਾ। ਬ੍ਰਾਈਅਨ ਸਿਰਫ਼ 13 ਸਾਲਾਂ ਦਾ ਸੀ ਜਦ ਉਸ ਦਾ ਪਿਤਾ ਦਿਲ ਦੇ ਦੌਰੇ ਕਰਕੇ ਪੂਰਾ ਹੋ ਗਿਆ। ਉਹ ਦੱਸਦਾ ਹੈ: “ਜਿਸ ਰਾਤ ਸਾਨੂੰ ਪਤਾ ਲੱਗਾ ਅਸੀਂ ਇਕ-ਦੂਜੇ ਨੂੰ ਫੜ ਕੇ ਰੋਏ।” ਨੈਟਲੀ 10 ਸਾਲਾਂ ਦੀ ਸੀ ਜਦ ਕੈਂਸਰ ਨੇ ਉਸ ਦੇ ਡੈਡੀ ਦੀ ਜਾਨ ਲੈ ਲਈ। ਉਹ ਯਾਦ ਕਰਦੀ ਹੈ: “ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ। ਮੈਂ ਪੱਥਰ ਵਾਂਗ ਸੁੰਨ ਸੀ।”
ਕਿਸੇ ਅਜ਼ੀਜ਼ ਦੀ ਮੌਤ ਬਾਰੇ ਸੁਣ ਕੇ ਸਾਰਿਆਂ ਉੱਤੇ ਵੱਖੋ-ਵੱਖਰਾ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ ਕਿ “ਹਰ ਇੱਕ” ਨੂੰ ‘ਆਪਣਾ ਦੁਖ ਅਤੇ ਰੰਜ’ ਹੁੰਦਾ ਹੈ। (2 ਇਤਹਾਸ 6:29) ਇਸ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰਾ ਰੁਕ ਕੇ ਸੋਚੋ ਕਿ ਮੰਮੀ ਜਾਂ ਡੈਡੀ ਦੀ ਮੌਤ ਦਾ ਤੁਹਾਡੇ ਉੱਤੇ ਕੀ ਅਸਰ ਪਿਆ ਹੈ। ਹੇਠਾਂ ਲਿਖੋ ਕਿ (1) ਤੁਹਾਨੂੰ ਕਿੱਦਾਂ ਲੱਗਾ ਜਦ ਤੁਸੀਂ ਮੰਮੀ ਜਾਂ ਡੈਡੀ ਦੀ ਮੌਤ ਬਾਰੇ ਸੁਣਿਆ ਅਤੇ (2) ਤੁਸੀਂ ਹੁਣ ਕਿੱਦਾਂ ਮਹਿਸੂਸ ਕਰਦੇ ਹੋ। *
(1) ․․․․․
(2) ․․․․․
ਹੋ ਸਕਦਾ ਹੈ ਕਿ ਤੁਹਾਡੇ ਜਵਾਬਾਂ ਤੋਂ ਪਤਾ ਲੱਗੇ ਕਿ ਤੁਸੀਂ ਕੁਝ ਹੱਦ ਤਕ ਪਹਿਲਾਂ ਜਿੰਨੇ ਦੁਖੀ ਨਹੀਂ ਮਹਿਸੂਸ ਕਰ ਰਹੇ। ਇਹ ਆਮ ਹੈ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਮੰਮੀ
ਜਾਂ ਡੈਡੀ ਨੂੰ ਭੁੱਲ ਚੁੱਕੇ ਹੋ। ਦੂਜੇ ਪਾਸੇ, ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਪਹਿਲਾਂ ਨਾਲੋਂ ਵੀ ਦੁਖੀ ਤੇ ਗਮ ਵਿਚ ਡੁੱਬੇ ਹੋਏ ਹੋ। ਸ਼ਾਇਦ ਤੁਹਾਡਾ ਗਮ ਸਮੁੰਦਰ ਦੀਆਂ ਲਹਿਰਾਂ ਵਾਂਗ ਚੜ੍ਹਦਾ ਤੇ ਲਹਿੰਦਾ ਹੋਵੇ ਅਤੇ ਫਿਰ ਅਚਾਨਕ ਕਿਨਾਰੇ ਜਾ ਕੇ ਟਕਰਾਉਂਦਾ ਹੋਵੇ। ਇਹ ਵੀ ਆਮ ਹੈ—ਚਾਹੇ ਮੌਤ ਹੋਣ ਤੋਂ ਸਾਲਾਂ ਬਾਅਦ ਵੀ ਇਸ ਤਰ੍ਹਾਂ ਹੋਵੇ। ਸਵਾਲ ਇਹ ਹੈ ਕਿ ਤੁਸੀਂ ਇਹ ਗਮ ਕਿਵੇਂ ਸਹਿ ਸਕਦੇ ਹੋ?ਗਮ ਸਹਿਣ ਦੇ ਤਰੀਕੇ
ਆਪਣੇ ਹੰਝੂ ਨਾ ਰੋਕੋ! ਰੋਣ ਨਾਲ ਦਿਲ ਹੌਲਾ ਹੁੰਦਾ ਹੈ। ਪਰ ਹੋ ਸਕਦਾ ਹੈ ਕਿ ਤੁਸੀਂ ਅਲੀਸਿਆ ਵਾਂਗ ਮਹਿਸੂਸ ਕਰੋ ਜੋ ਉਸ ਵੇਲੇ 19 ਸਾਲਾਂ ਦੀ ਸੀ ਜਦ ਉਸ ਦੀ ਮੰਮੀ ਗੁਜ਼ਰ ਗਈ। ਉਹ ਕਹਿੰਦੀ ਹੈ: “ਮੈਨੂੰ ਲੱਗਾ ਕਿ ਜੇ ਮੈਂ ਦੂਸਰਿਆਂ ਦੇ ਸਾਮ੍ਹਣੇ ਜ਼ਿਆਦਾ ਰੋਈ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਮੇਰੀ ਨਿਹਚਾ ਕਮਜ਼ੋਰ ਹੈ।” ਪਰ ਜ਼ਰਾ ਸੋਚੋ: ਯਿਸੂ ਮਸੀਹ ਇਕ ਮੁਕੰਮਲ ਆਦਮੀ ਸੀ ਜਿਸ ਦੀ ਨਿਹਚਾ ਰੱਬ ਉੱਤੇ ਪੱਕੀ ਸੀ। ਲੇਕਿਨ ਉਸ ਦੇ ਦੋਸਤ ਲਾਜ਼ਰ ਦੀ ਮੌਤ ਹੋਣ ਤੇ “ਯਿਸੂ ਰੋਇਆ।” (ਯੂਹੰਨਾ 11:35) ਸੋ ਆਪਣੇ ਹੰਝੂਆਂ ਨੂੰ ਨਾ ਰੋਕੋ। ਰੋਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਨਿਹਚਾ ਕਮਜ਼ੋਰ ਹੈ। ਅਲੀਸਿਆ ਦੱਸਦੀ ਹੈ: “ਅਖ਼ੀਰ ਵਿਚ ਮੈਂ ਰੋਈ, ਬਹੁਤ ਰੋਈ, ਹਰ ਰੋਜ਼ ਰੋਈ।” *
ਦੋਸ਼ੀ ਭਾਵਨਾਵਾਂ ਬਾਰੇ ਗੱਲ ਕਰੋ। ਕੈਰਨ 13 ਸਾਲਾਂ ਦੀ ਸੀ ਜਦ ਉਸ ਦੀ ਮੰਮੀ ਗੁਜ਼ਰ ਗਈ। ਉਹ ਦੱਸਦੀ ਹੈ: “ਮੈਂ ਸੌਣ ਤੋਂ ਪਹਿਲਾਂ ਹਮੇਸ਼ਾ ਆਪਣੀ ਮੰਮੀ ਨੂੰ ਜਾ ਕੇ ਮਿਲਦੀ ਹੁੰਦੀ ਸੀ, ਪਰ ਇਕ ਰਾਤ ਮੈਂ ਇੱਦਾਂ ਨਹੀਂ ਕੀਤਾ। ਅਗਲੇ ਸਵੇਰ ਮੰਮ ਗੁਜ਼ਰ ਗਈ। ਮੈਨੂੰ ਇਹ ਗੱਲ ਖਾਂਦੀ ਰਹਿੰਦੀ ਹੈ ਕਿ ਮੈਂ ਉਸ ਰਾਤ ਆਪਣੀ ਮੰਮੀ ਨੂੰ ਨਹੀਂ ਮਿਲੀ ਅਤੇ ਮੈਨੂੰ ਲੱਗਦਾ ਹੈ ਕਿ ਅਗਲੇ ਸਵੇਰ ਜੋ ਹੋਇਆ ਉਸ ਸਭ ਲਈ ਮੈਂ ਜ਼ਿੰਮੇਵਾਰ ਹਾਂ। ਡੈਡ ਕੰਮ ਦੇ ਸਿਲਸਿਲੇ ਵਿਚ ਸ਼ਹਿਰੋਂ ਬਾਹਰ ਚੱਲਿਆ ਗਿਆ। ਉਹ ਚਾਹੁੰਦਾ ਸੀ ਕਿ ਮੈਂ ਤੇ ਮੇਰੀ ਭੈਣ ਉੱਠ ਕੇ ਮੰਮ ਨੂੰ ਜਾ ਕੇ ਦੇਖੀਏ। ਪਰ ਅਸੀਂ ਦੇਰ ਤਕ ਸੁੱਤੀਆਂ ਰਹੀਆਂ। ਜਦ ਮੈਂ ਮੰਮੀ ਦੇ ਕਮਰੇ ਵਿਚ ਗਈ, ਤਾਂ ਉਹ ਸਾਹ ਨਹੀਂ ਲੈ ਰਹੀ ਸੀ। ਮੈਨੂੰ ਬਹੁਤ ਬੁਰਾ ਲੱਗਾ ਕਿਉਂਕਿ ਡੈਡ ਦੇ ਜਾਣ ਤੋਂ ਪਹਿਲਾਂ ਉਹ ਬਿਲਕੁਲ ਠੀਕ ਸੀ!”
ਕੈਰਨ ਵਾਂਗ ਸ਼ਾਇਦ ਤੁਸੀਂ ਵੀ ਉਨ੍ਹਾਂ ਚੀਜ਼ਾਂ ਲਈ ਦੋਸ਼ੀ ਮਹਿਸੂਸ ਕਰੋ ਜੋ ਤੁਸੀਂ ਨਹੀਂ ਕੀਤੀਆਂ। ਹੋ ਸਕਦਾ ਹੈ ਕਿ ਤੁਸੀਂ ਸੋਚੋ “ਕਾਸ਼।” ‘ਕਾਸ਼ ਮੈਂ ਡੈਡੀ ਨੂੰ ਡਾਕਟਰ ਨੂੰ ਮਿਲਣ ਲਈ ਕਿਹਾ ਹੁੰਦਾ।’ ‘ਕਾਸ਼ ਮੈਂ ਮੰਮ ਨੂੰ ਪਹਿਲਾਂ ਜਾ ਕੇ ਦੇਖ ਲਿਆ ਹੁੰਦਾ।’ ਜੇ ਅਜਿਹੀਆਂ ਸੋਚਾਂ ਤੁਹਾਨੂੰ ਸਤਾਉਂਦੀਆਂ ਹਨ, ਤਾਂ ਇਹ ਗੱਲ ਯਾਦ ਰੱਖੋ: ਇਸ ਤਰ੍ਹਾਂ ਪਛਤਾਉਣਾ ਕੁਦਰਤੀ ਹੈ। ਸੱਚ ਇਹ ਹੈ ਕਿ ਜੇ ਤੁਹਾਨੂੰ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ, ਤਾਂ ਤੁਸੀਂ ਜ਼ਰੂਰ ਇਸ ਬਾਰੇ ਕੁਝ ਕਰਦੇ। ਪਰ ਤੁਹਾਨੂੰ ਨਹੀਂ ਪਤਾ ਸੀ। ਇਸ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ। ਤੁਸੀਂ ਆਪਣੀ ਮੰਮੀ ਜਾਂ ਡੈਡੀ ਦੀ ਮੌਤ ਦੇ ਜ਼ਿੰਮੇਵਾਰ ਨਹੀਂ ਹੋ! *
ਦਿਲ ਖੋਲ੍ਹ ਕੇ ਗੱਲ ਕਰੋ। ਕਹਾਉਤਾਂ 12:25 ਵਿਚ ਲਿਖਿਆ ਹੈ: “ਭਲੇ ਸ਼ਬਦ ਮਨੁੱਖ ਨੂੰ ਖੁਸ਼ ਰੱਖਦੇ ਹਨ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਤੁਸੀਂ ਆਪਣੇ ਜਜ਼ਬਾਤਾਂ ਨੂੰ ਜ਼ਾਹਰ ਨਹੀਂ ਕਰੋਗੇ, ਤਾਂ ਤੁਹਾਨੂੰ ਆਪਣਾ ਗਮ ਸਹਿਣਾ ਮੁਸ਼ਕਲ ਲੱਗੇਗਾ। ਦੂਜੇ ਪਾਸੇ, ਜਦ ਤੁਸੀਂ ਉਦਾਸ ਹੁੰਦੇ ਹੋ, ਤਾਂ ਕਿਸੇ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਨਾਲ ਦਿਲ ਖੋਲ੍ਹ ਕੇ ਗੱਲ ਕਰੋ। ਤੁਹਾਨੂੰ ਉਨ੍ਹਾਂ ਦੇ ਸ਼ਬਦਾਂ ਰਾਹੀਂ ਹੌਸਲਾ ਮਿਲੇਗਾ। ਕਿਉਂ ਨਾ ਹੇਠਾਂ ਦਿੱਤੇ ਸੁਝਾਵਾਂ ਨੂੰ ਲਾਗੂ ਕਰ ਕੇ ਦੇਖੋ?
ਆਪਣੀ ਮੰਮੀ ਜਾਂ ਡੈਡੀ ਨਾਲ ਗੱਲ ਕਰੋ। ਇਹ ਸਮਾਂ ਮੁਸ਼ਕਲ ਹੋ ਸਕਦਾ ਹੈ। ਮਿਸਾਲ ਲਈ, ਜੇ ਤੁਹਾਡੀ ਮੰਮੀ ਦੀ ਮੌਤ ਹੋਈ ਹੈ, ਤਾਂ ਇਹ ਤੁਹਾਡੇ ਡੈਡੀ ਲਈ ਬਹੁਤ ਮੁਸ਼ਕਲ ਹੋਵੇਗਾ। ਫਿਰ ਵੀ ਤੁਹਾਡਾ ਡੈਡੀ ਤੁਹਾਡੀ ਦੇਖ-ਭਾਲ ਕਰਨੀ ਚਾਹੇਗਾ। ਇਸ ਲਈ ਉਸ ਨੂੰ ਦੱਸੋ ਕਿ ਤੁਹਾਡੇ ਦਿਲ ਵਿਚ ਕੀ ਹੈ। ਗੱਲਬਾਤ ਕਰਨ ਨਾਲ ਤੁਹਾਡਾ ਦਿਲ ਹੌਲਾ ਵੀ ਹੋਵੇਗਾ ਅਤੇ ਤੁਸੀਂ ਇਕ-ਦੂਜੇ ਦੇ ਹੋਰ ਕਰੀਬ ਹੋ ਜਾਓਗੇ।
ਗੱਲਬਾਤ ਸ਼ੁਰੂ ਕਰਨ ਲਈ ਇਸ ਤਰ੍ਹਾਂ ਕਰ ਕੇ ਦੇਖੋ: ਦੋ ਜਾਂ ਤਿੰਨ ਗੱਲਾਂ ਲਿਖੋ ਜੋ ਤੁਸੀਂ ਜਾਣਨੀਆਂ ਚਾਹੁੰਦੇ ਹੋ। ਮਿਸਾਲ ਲਈ, ਜੇ ਤੁਹਾਡਾ ਡੈਡੀ ਗੁਜ਼ਰਿਆ ਹੈ ਅਤੇ ਤੁਸੀਂ ਉਸ ਬਾਰੇ ਕੁਝ ਗੱਲਾਂ ਜਾਣਨੀਆਂ ਚਾਹੁੰਦੇ ਹੋ, ਤਾਂ ਆਪਣੀ ਮੰਮੀ ਤੋਂ ਇਨ੍ਹਾਂ ਬਾਰੇ ਪੁੱਛੋ। *
․․․․․
ਜਿਗਰੀ ਦੋਸਤਾਂ ਨਾਲ ਗੱਲ ਕਰੋ। ਬਾਈਬਲ ਕਹਿੰਦੀ ਹੈ ਕਿ ਸੱਚੇ ਦੋਸਤ ‘ਬਿਪਤਾ ਦੇ ਦਿਨ ਲਈ ਜੰਮੇ ਹਨ।’ (ਕਹਾਉਤਾਂ 17:17) ਅਲੀਸਿਆ ਕਹਿੰਦੀ ਹੈ ਕਿ “ਕਈ ਵਾਰ ਉਹ ਦੋਸਤ ਤੁਹਾਡੀ ਮਦਦ ਕਰਦਾ ਹੈ ਜਿਸ ਤੋਂ ਤੁਸੀਂ ਮਦਦ ਦੀ ਉਮੀਦ ਨਹੀਂ ਰੱਖੀ ਸੀ। ਸੋ ਗੱਲ ਕਰਨ ਤੋਂ ਨਾ ਡਰੋ।” ਇਹ ਸੱਚ ਹੈ ਕਿ ਤੁਹਾਡੇ ਲਈ ਸ਼ਾਇਦ ਦੋਸਤ ਨਾਲ ਗੱਲ ਕਰਨੀ ਮੁਸ਼ਕਲ ਹੋਵੇ ਅਤੇ ਤੁਹਾਨੂੰ ਪਤਾ ਨਾ ਲੱਗੇ ਕਿ ਤੁਹਾਨੂੰ ਕੀ ਕਹਿਣਾ ਚਾਹੀਦਾ ਹੈ। ਪਰ ਅਖ਼ੀਰ ਵਿਚ ਤੁਹਾਡਾ ਫ਼ਾਇਦਾ ਹੋਵੇਗਾ ਜੇ ਤੁਸੀਂ ਦੂਸਰਿਆਂ ਨਾਲ ਆਪਣੇ ਦੁੱਖ ਬਾਰੇ ਗੱਲ ਕਰੋ। ਦਿਲ ਦਾ ਦੌਰਾ ਪੈਣ ਤੋਂ ਬਾਅਦ ਡੇਵਿਡ ਦੇ ਪਿਤਾ ਦੀ ਮੌਤ ਹੋ ਗਈ। ਉਸ ਸਮੇਂ ਡੇਵਿਡ ਸਿਰਫ਼ 9 ਸਾਲਾਂ ਦਾ ਸੀ। ਉਹ ਯਾਦ ਕਰਦਾ ਹੈ: “ਮੈਂ ਕਿਸੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕੀਤੀ, ਪਰ ਹੁਣ ਮੈਨੂੰ ਪਤਾ ਹੈ ਕਿ ਮੇਰੇ ਲਈ ਬਿਹਤਰ ਹੁੰਦਾ ਜੇ ਮੈਂ ਗੱਲ ਕੀਤੀ ਹੁੰਦੀ। ਇਸ ਤਰ੍ਹਾਂ ਗਮ ਸਹਿਣ ਵਿਚ ਮੇਰੀ ਮਦਦ ਹੁੰਦੀ।”
ਰੱਬ ਨਾਲ ਗੱਲ ਕਰੋ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਾਰਥਨਾ ਵਿਚ ਯਹੋਵਾਹ ਪਰਮੇਸ਼ੁਰ ਅੱਗੇ ‘ਆਪਣਾ ਮਨ ਖੋਲ੍ਹਣ’ ਤੋਂ ਬਾਅਦ ਤੁਹਾਡੇ ਮਨ ਦਾ ਬੋਝ ਹਲਕਾ ਹੋ ਜਾਵੇਗਾ। (ਜ਼ਬੂਰਾਂ ) ਪਰ ਸਿਰਫ਼ ਚੰਗਾ ਮਹਿਸੂਸ ਕਰਨ ਲਈ ਪ੍ਰਾਰਥਨਾ ਨਹੀਂ ਕੀਤੀ ਜਾਂਦੀ। ਪ੍ਰਾਰਥਨਾ ਰਾਹੀਂ ਤੁਸੀਂ “ਸਰਬ ਦਿਲਾਸੇ” ਦੇ ਪਰਮੇਸ਼ੁਰ ਅੱਗੇ ਬੇਨਤੀ ਕਰਦੇ ਹੋ “ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।”— ਦੀ ਪੋਥੀ 62:82 ਕੁਰਿੰਥੀਆਂ 1:3, 4.
ਰੱਬ ਸਾਨੂੰ ਦਿਲਾਸਾ ਕਿਵੇਂ ਦਿੰਦਾ ਹੈ? ਇਕ ਤਰੀਕਾ ਹੈ ਆਪਣੀ ਪਵਿੱਤਰ ਸ਼ਕਤੀ ਰਾਹੀਂ। ਇਸ ਰਾਹੀਂ ਤੁਹਾਨੂੰ “ਮਹਾ-ਸ਼ਕਤੀ” ਮਿਲ ਸਕਦੀ ਹੈ ਤਾਂਕਿ ਤੁਸੀਂ ਗਮ ਸਹਿ ਸਕੋ। (2 ਕੁਰਿੰਥੁਸ 4:7, ਨਵਾਂ ਅਨੁਵਾਦ) ਰੱਬ ਸਾਨੂੰ “ਧਰਮ ਪੁਸਤਕ” ਯਾਨੀ ਬਾਈਬਲ ਤੋਂ ਵੀ ਦਿਲਾਸਾ ਦਿੰਦਾ ਹੈ। (ਰੋਮੀਆਂ 15:4) ਸੋ ਪਰਮੇਸ਼ੁਰ ਤੋਂ ਉਸ ਦੀ ਸ਼ਕਤੀ ਮੰਗੋ ਅਤੇ ਬਾਈਬਲ ਦੇ ਹੌਸਲੇ ਭਰੇ ਸ਼ਬਦਾਂ ਨੂੰ ਪੜ੍ਹਨ ਲਈ ਸਮਾਂ ਕੱਢੋ। (2 ਥੱਸਲੁਨੀਕੀਆਂ 2:16, 17) ਕਿਉਂ ਨਾ ਬਾਈਬਲ ਦੇ ਉਨ੍ਹਾਂ ਹਵਾਲਿਆਂ ਦੀ ਲਿਸਟ ਆਪਣੇ ਕੋਲ ਰੱਖੋ ਜਿਨ੍ਹਾਂ ਤੋਂ ਤੁਹਾਨੂੰ ਖ਼ਾਸ ਕਰਕੇ ਦਿਲਾਸਾ ਮਿਲਦਾ ਹੈ? *
ਕੀ ਦਰਦ ਕਦੇ ਮਿਟੇਗਾ?
ਇਹ ਨਾ ਸੋਚੋ ਕਿ ਤੁਹਾਡਾ ਗਮ ਰਾਤੋ-ਰਾਤ ਹੀ ਖ਼ਤਮ ਹੋ ਜਾਵੇਗਾ। ਬ੍ਰੀਐਨ ਸਿਰਫ਼ 16 ਸਾਲਾਂ ਦੀ ਸੀ ਜਦ ਉਸ ਦੀ ਮਾਂ ਗੁਜ਼ਰ ਗਈ। ਉਹ ਕਹਿੰਦੀ ਹੈ: “ਦਰਦ ਇਕਦਮ ਹੀ ਖ਼ਤਮ ਨਹੀਂ ਹੁੰਦਾ। ਕਈ ਵਾਰ ਮੈਂ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕਦੀ। ਦੂਸਰੇ ਸਮਿਆਂ ਤੇ ਮੈਂ ਆਪਣੇ ਗਮ ਦੀ ਬਜਾਇ ਯਹੋਵਾਹ ਦੇ ਵਾਅਦਿਆਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੀ ਮਾਂ ਨੂੰ ਫਿਰ ਤੋਂ ਸੁੰਦਰ ਧਰਤੀ ਉੱਤੇ ਮਿਲਾਂਗੀ।”
ਬਾਈਬਲ ਭਰੋਸਾ ਦਿਲਾਉਂਦੀ ਹੈ ਕਿ ਜਿਸ ਸਮੇਂ ਬਾਰੇ ਬ੍ਰੀਐਨ ਗੱਲ ਕਰਦੀ ਹੈ, ਉਸ ਸਮੇਂ “ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” (ਪਰਕਾਸ਼ ਦੀ ਪੋਥੀ 21:3, 4) ਜੇ ਤੁਸੀਂ ਵੀ ਅਜਿਹੇ ਵਾਅਦਿਆਂ ਉੱਤੇ ਸੋਚ-ਵਿਚਾਰ ਕਰੋਗੇ, ਤਾਂ ਤੁਹਾਨੂੰ ਗਮ ਸਹਿਣ ਵਿਚ ਮਦਦ ਮਿਲੇਗੀ। (g09-E 08)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
^ ਪੈਰਾ 3 ਇਸ ਲੇਖ ਵਿਚ ਅਸਲੀ ਨਾਂ ਨਹੀਂ ਵਰਤੇ ਗਏ।
^ ਪੈਰਾ 8 ਜੇ ਇਸ ਵਕਤ ਤੁਹਾਡੇ ਲਈ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਲ ਹਨ, ਤਾਂ ਸ਼ਾਇਦ ਤੁਸੀਂ ਬਾਅਦ ਵਿਚ ਦੇ ਸਕਦੇ ਹੋ।
^ ਪੈਰਾ 13 ਇਹ ਨਾ ਸੋਚੋ ਕਿ ਆਪਣੇ ਗਮ ਨੂੰ ਜ਼ਾਹਰ ਕਰਨ ਲਈ ਤੁਹਾਨੂੰ ਰੋਣਾ ਚਾਹੀਦਾ ਹੈ। ਹਰੇਕ ਇਨਸਾਨ ਆਪੋ ਆਪਣੇ ਤਰੀਕੇ ਨਾਲ ਆਪਣਾ ਗਮ ਜ਼ਾਹਰ ਕਰਦਾ ਹੈ। ਜ਼ਰੂਰੀ ਗੱਲ ਇਹ ਹੈ: ਜੇ ਤੁਹਾਨੂੰ ਰੋਣਾ ਆ ਰਿਹਾ ਹੈ, ਤਾਂ ਸਮਝੋ ਕਿ ਇਹ “ਇੱਕ ਰੋਣ ਦਾ ਵੇਲਾ” ਹੋ ਸਕਦਾ ਹੈ।—ਉਪਦੇਸ਼ਕ ਦੀ ਪੋਥੀ 3:4.
^ ਪੈਰਾ 15 ਜੇ ਅਜਿਹੀ ਸੋਚਣੀ ਤੁਹਾਨੂੰ ਖਾਂਦੀ ਜਾ ਰਹੀ ਹੈ, ਤਾਂ ਇਸ ਬਾਰੇ ਕਿਸੇ ਨਾਲ ਗੱਲ ਕਰੋ। ਮਿਸਾਲ ਲਈ, ਜੇ ਤੁਹਾਡੀ ਮੰਮੀ ਗੁਜ਼ਰ ਗਈ ਹੈ, ਤਾਂ ਤੁਸੀਂ ਆਪਣੇ ਡੈਡੀ ਨਾਲ ਜਾਂ ਹੋਰ ਕਿਸੇ ਸਿਆਣੇ ਨਾਲ ਗੱਲ ਕਰ ਸਕਦੇ ਹੋ। ਸਮੇਂ ਦੇ ਬੀਤਣ ਨਾਲ ਤੁਸੀਂ ਸਹੀ ਨਜ਼ਰੀਆ ਅਪਣਾ ਸਕੋਗੇ।
^ ਪੈਰਾ 18 ਜੇ ਤੁਹਾਡੇ ਮਾਪਿਆਂ ਵਿੱਚੋਂ ਸਿਰਫ਼ ਇਕ ਨੇ ਹੀ ਤੁਹਾਨੂੰ ਪਾਲਿਆ ਹੈ ਜਾਂ ਤੁਹਾਡੇ ਹਾਲਾਤਾਂ ਕਰਕੇ ਇਕ ਜਣਾ ਤੁਹਾਡੇ ਨਾਲ ਨਹੀਂ ਰਹਿੰਦਾ, ਤਾਂ ਤੁਸੀਂ ਕਿਸੇ ਹੋਰ ਸਿਆਣੇ ਨਾਲ ਗੱਲ ਕਰ ਸਕਦੇ ਹੋ।
^ ਪੈਰਾ 22 ਕਈਆਂ ਨੂੰ ਇਨ੍ਹਾਂ ਹਵਾਲਿਆਂ ਤੋਂ ਦਿਲਾਸਾ ਮਿਲਿਆ ਹੈ: ਜ਼ਬੂਰਾਂ ਦੀ ਪੋਥੀ 34:18; 102:17; 147:3; ਯਸਾਯਾਹ 25:8; ਯੂਹੰਨਾ 5:28, 29.
ਇਸ ਬਾਰੇ ਸੋਚੋ
◼ ਇਸ ਲੇਖ ਵਿੱਚੋਂ ਤੁਸੀਂ ਕਿਹੜੇ ਸੁਝਾਅ ਲਾਗੂ ਕਰੋਗੇ? ․․․․․
◼ ਹੇਠਾਂ ਬਾਈਬਲ ਦੇ ਕੁਝ ਹਵਾਲੇ ਲਿਖੋ ਜੋ ਉਦੋਂ ਤੁਹਾਡੀ ਮਦਦ ਕਰਨਗੇ ਜਦੋਂ ਤੁਸੀਂ ਬਹੁਤ ਉਦਾਸ ਹੁੰਦੇ ਹੋ। ․․․․․
[ਸਫ਼ਾ 11 ਉੱਤੇ ਡੱਬੀ]
ਰੋਣਾ ਠੀਕ ਹੈ . . . ਉਹ ਵੀ ਰੋਏ ਸੀ!
ਅਬਰਾਹਾਮ—ਉਤਪਤ 23:2.
ਯੂਸੁਫ਼—ਉਤਪਤ 50:1.
ਦਾਊਦ—2 ਸਮੂਏਲ 1:11, 12; 18:33.
ਲਾਜ਼ਰ ਦੀ ਭੈਣ ਮਰਿਯਮ—ਯੂਹੰਨਾ 11:32, 33.
ਯਿਸੂ—ਯੂਹੰਨਾ 11:35.
ਮਰਿਯਮ ਮਗਦਲੀਨੀ—ਯੂਹੰਨਾ 20:11.
[ਸਫ਼ਾ 13 ਉੱਤੇ ਡੱਬੀ]
ਮਾਪਿਆਂ ਨੂੰ ਸਲਾਹ
ਆਪਣੇ ਸਾਥੀ ਦਾ ਵਿਛੋੜਾ ਬਹੁਤ ਦਰਦਨਾਕ ਹੁੰਦਾ ਹੈ। ਲੇਕਿਨ ਤੁਹਾਡੇ ਬੱਚੇ ਨੂੰ ਵੀ ਤੁਹਾਡੀ ਲੋੜ ਹੈ। ਤੁਸੀਂ ਉਸ ਦੀ ਮਦਦ ਕਰਨ ਦੇ ਨਾਲ-ਨਾਲ ਆਪਣੇ ਗਮ ਨੂੰ ਵੀ ਕਿੱਦਾਂ ਸਹਿ ਸਕਦੇ ਹੋ?
ਆਪਣੀਆਂ ਭਾਵਨਾਵਾਂ ਨਾ ਦਬਾਓ। ਤੁਹਾਡੇ ਬੱਚੇ ਨੇ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਸਬਕ ਤੁਹਾਡੇ ਤੋਂ ਸਿੱਖੇ ਹਨ। ਗਮ ਸਹਿਣ ਬਾਰੇ ਵੀ ਉਹ ਤੁਹਾਥੋਂ ਹੀ ਸਿੱਖੇਗਾ। ਇਸ ਲਈ ਇਹ ਨਾ ਸੋਚੋ ਕਿ ਤੁਹਾਨੂੰ ਦਿਲ ’ਤੇ ਪੱਥਰ ਰੱਖ ਕੇ ਆਪਣੇ ਹੰਝੂ ਪੀਣੇ ਪੈਣਗੇ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਡਾ ਬੱਚਾ ਵੀ ਸੋਚੇਗਾ ਕਿ ਉਸ ਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਇਸ ਦੇ ਉਲਟ ਜਦ ਤੁਸੀਂ ਆਪਣਾ ਸੋਗ ਅਤੇ ਦਰਦ ਜ਼ਾਹਰ ਕਰਦੇ ਹੋ, ਤਾਂ ਉਹ ਸਿੱਖਦਾ ਹੈ ਕਿ ਆਪਣੀਆਂ ਭਾਵਨਾਵਾਂ ਦਬਾਉਣ ਨਾਲੋਂ ਉਨ੍ਹਾਂ ਨੂੰ ਜ਼ਾਹਰ ਕਰਨਾ ਬਿਹਤਰ ਹੈ ਅਤੇ ਉਸ ਲਈ ਉਦਾਸ, ਨਿਰਾਸ਼ ਜਾਂ ਗੁੱਸੇ ਹੋਣਾ ਠੀਕ ਹੈ।
ਆਪਣੇ ਬੱਚੇ ਨੂੰ ਗੱਲ ਕਰਨ ਦੀ ਹੱਲਾਸ਼ੇਰੀ ਦਿਓ। ਆਪਣੇ ਬੱਚੇ ਨੂੰ ਮਜਬੂਰ ਕੀਤੇ ਬਿਨਾਂ ਉਸ ਨੂੰ ਗੱਲ ਕਰਨ ਦੀ ਹੱਲਾਸ਼ੇਰੀ ਦਿਓ। ਜੇ ਉਸ ਨੂੰ ਗੱਲ ਕਰਨੀ ਔਖੀ ਲੱਗਦੀ ਹੈ, ਤਾਂ ਕਿਉਂ ਨਾ ਉਸ ਨਾਲ ਬੈਠ ਕੇ ਇਹ ਲੇਖ ਪੜ੍ਹੋ? ਆਪਣੇ ਸਾਥੀ ਦੀਆਂ ਮਿੱਠੀਆਂ ਯਾਦਾਂ ਬਾਰੇ ਵੀ ਗੱਲ ਕਰੋ। ਉਸ ਨੂੰ ਦੱਸੋ ਕਿ ਤੁਹਾਡੇ ਲਈ ਵੀ ਮੌਤ ਦਾ ਗਮ ਸਹਿਣਾ ਕਿੰਨਾ ਮੁਸ਼ਕਲ ਹੈ। ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡਾ ਬੱਚਾ ਵੀ ਦਿਲ ਖੋਲ੍ਹ ਕੇ ਗੱਲ ਕਰਨੀ ਸਿੱਖੇਗਾ।
ਆਪਣੀਆਂ ਲੋੜਾਂ ਵੀ ਪਛਾਣੋ। ਇਹ ਸੱਚ ਹੈ ਕਿ ਇਸ ਦੁੱਖ ਭਰੇ ਸਮੇਂ ਦੌਰਾਨ ਤੁਸੀਂ ਆਪਣੇ ਬੱਚੇ ਲਈ ਸਹਾਰਾ ਬਣਨਾ ਚਾਹੁੰਦੇ ਹੋ। ਪਰ ਯਾਦ ਰੱਖੋ ਕਿ ਤੁਹਾਡੇ ਸਾਥੀ ਦੀ ਮੌਤ ਹੋਣ ਕਰਕੇ ਤੁਹਾਡੇ ਦਿਲ ’ਤੇ ਵੀ ਗਹਿਰੀ ਸੱਟ ਲੱਗੀ ਹੈ। ਸੋ ਕੁਝ ਸਮੇਂ ਲਈ ਮਾਨਸਿਕ, ਜਜ਼ਬਾਤੀ ਅਤੇ ਸਰੀਰਕ ਤੌਰ ਤੇ ਤੁਸੀਂ ਕਮਜ਼ੋਰ ਹੋ ਸਕਦੇ ਹੋ। (ਕਹਾਉਤਾਂ 24:10) ਇਸ ਲਈ ਲੋੜ ਪੈਣ ਤੇ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਮੰਗ ਸਕਦੇ ਹੋ। ਮਦਦ ਮੰਗਣੀ ਬੁੱਧੀ ਦੀ ਗੱਲ ਹੈ ਜਿਵੇਂ ਕਹਾਉਤਾਂ 11:2 ਵਿਚ ਲਿਖਿਆ ਹੈ ਕਿ “ਦੀਨਾਂ ਦੇ ਨਾਲ ਬੁੱਧ ਹੈ।”
ਸਭ ਤੋਂ ਵੱਡਾ ਸਹਾਰਾ ਯਹੋਵਾਹ ਪਰਮੇਸ਼ੁਰ ਹੀ ਦਿੰਦਾ ਹੈ। ਉਹ ਆਪਣੇ ਹਰੇਕ ਸੇਵਕ ਨਾਲ ਵਾਅਦਾ ਕਰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾਯਾਹ 41:13.
[ਸਫ਼ਾ 11 ਉੱਤੇ ਤਸਵੀਰ]
ਗਮ ਸਮੁੰਦਰ ਦੀਆਂ ਲਹਿਰਾਂ ਵਾਂਗ ਹੋ ਸਕਦਾ ਹੈ ਜੋ ਅਚਾਨਕ ਕਿਨਾਰੇ ਨਾਲ ਟਕਰਾਉਂਦੀਆਂ ਹਨ