Skip to content

Skip to table of contents

ਕੀ ਤੁਸੀਂ ਆਪਣੇ ਵਿਆਹ ਨੂੰ ਟੁੱਟਣ ਤੋਂ ਬਚਾ ਸਕਦੇ ਹੋ?

ਕੀ ਤੁਸੀਂ ਆਪਣੇ ਵਿਆਹ ਨੂੰ ਟੁੱਟਣ ਤੋਂ ਬਚਾ ਸਕਦੇ ਹੋ?

ਘਰ ਦੇ ਮਾਲਕ ਮੰਨਦੇ ਹਨ ਕਿ ਘਰ ਖ਼ਸਤਾ ਹਾਲਤ ਵਿਚ ਹੈ, ਫਿਰ ਵੀ ਉਹ ਉਸ ਦੀ ਮੁਰੰਮਤ ਕਰਨ ਦਾ ਫ਼ੈਸਲਾ ਕਰਦੇ ਹਨ।

ਕੀ ਤੁਸੀਂ ਵੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸੁਧਾਰਨਾ ਚਾਹੁੰਦੇ ਹੋ? ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੇਠਾਂ ਦਿੱਤੇ ਸੁਝਾਵਾਂ ਨੂੰ ਅਜ਼ਮਾ ਕੇ ਦੇਖੋ।

1 ਪੱਕਾ ਇਰਾਦਾ ਕਰੋ।

ਆਪਣੇ ਸਾਥੀ ਨਾਲ ਗੱਲਬਾਤ ਕਰ ਕੇ ਤੈਅ ਕਰੋ ਕਿ ਤੁਸੀਂ ਦੋਵੇਂ ਰਲ ਕੇ ਲੜਾਈ-ਝਗੜੇ ਖ਼ਤਮ ਕਰਨ ਦੀ ਕੋਸ਼ਿਸ਼ ਕਰੋਗੇ। ਲਿਖੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ। ਜੇ ਤੁਸੀਂ ਦੋਵੇਂ ਆਪਣੇ ਇਰਾਦੇ ’ਤੇ ਪੱਕੇ ਰਹੋਗੇ, ਤਾਂ ਤੁਸੀਂ ਰਲ ਕੇ ਆਪਣੇ ਵਿਆਹ ਨੂੰ ਟੁੱਟਣ ਤੋਂ ਬਚਾ ਸਕੋਗੇ।—ਉਪਦੇਸ਼ਕ ਦੀ ਪੋਥੀ 4:9, 10.

2 ਸਮੱਸਿਆ ਦੀ ਜੜ੍ਹ ਨੂੰ ਪਛਾਣੋ।

ਕਿਹੜੀ ਚੀਜ਼ ਕਰਕੇ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਸਮੱਸਿਆਵਾਂ ਖੜ੍ਹੀਆਂ ਹੋਈਆਂ ਹਨ? ਇਹ ਵੀ ਲਿਖ ਲਓ ਕਿ ਤੁਹਾਡੇ ਦੋਹਾਂ ਦੇ ਰਿਸ਼ਤੇ ਵਿਚ ਕਿਸ ਚੀਜ਼ ਦੀ ਘਾਟ ਹੈ ਜਾਂ ਤੁਸੀਂ ਕੀ ਬਦਲਣਾ ਚਾਹੋਗੇ। (ਅਫ਼ਸੀਆਂ 4:22-24) ਯਾਦ ਰੱਖੋ ਕਿ ਇਸ ਬਾਰੇ ਤੁਹਾਡੇ ਦੋਹਾਂ ਦੇ ਖ਼ਿਆਲ ਸ਼ਾਇਦ ਵੱਖੋ-ਵੱਖਰੇ ਹੋਣ ਕਿ ਸਮੱਸਿਆ ਦੀ ਜੜ੍ਹ ਕੀ ਹੈ।

3 ਟੀਚਾ ਰੱਖੋ।

ਹੁਣ ਤੋਂ ਛੇ ਮਹੀਨਿਆਂ ਬਾਅਦ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਕਿਹੋ ਜਿਹੀ ਚਾਹੋਗੇ? ਤੁਸੀਂ ਕਿਹੜੀਆਂ ਚੀਜ਼ਾਂ ਵਿਚ ਸੁਧਾਰ ਕਰਨਾ ਚਾਹੁੰਦੇ ਹੋ? ਆਪਣੇ ਟੀਚੇ ਨੂੰ ਲਿਖ ਲਓ। ਜਦ ਤੁਹਾਨੂੰ ਸਾਫ਼-ਸਾਫ਼ ਪਤਾ ਹੋਵੇਗਾ ਕਿ ਤੁਹਾਨੂੰ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਕੀ ਕਰਨਾ ਹੈ, ਤਾਂ ਤੁਹਾਡੇ ਲਈ ਆਪਣੇ ਟੀਚੇ ’ਤੇ ਪਹੁੰਚਣਾ ਆਸਾਨ ਹੋਵੇਗਾ।—1 ਕੁਰਿੰਥੀਆਂ 9:26.

4 ਬਾਈਬਲ ਦੀ ਸਲਾਹ ਨੂੰ ਮੰਨੋ।

ਸਮੱਸਿਆ ਦੀ ਪਛਾਣ ਕਰਨ ਅਤੇ ਇਹ ਤੈਅ ਕਰਨ ਤੋਂ ਬਾਅਦ ਕਿ ਤੁਸੀਂ ਕੀ ਸੁਧਾਰ ਲਿਆਉਣਾ ਚਾਹੁੰਦੇ ਹੋ, ਬਾਈਬਲ ਵਿੱਚੋਂ ਇਸ ਸੰਬੰਧੀ ਸਲਾਹ ਦੇਖੋ। ਬਾਈਬਲ ਦੇ ਅਸੂਲਾਂ ਦੀ ਅਹਿਮੀਅਤ ਕਦੇ ਨਹੀਂ ਘਟਦੀ, ਇਹ ਅੱਜ ਵੀ ਸਾਡੀ ਮਦਦ ਕਰ ਸਕਦੇ ਹਨ। (ਯਸਾਯਾਹ 48:17; 2 ਤਿਮੋਥਿਉਸ 3:17) ਮਿਸਾਲ ਲਈ, ਬਾਈਬਲ ਮੁਤਾਬਕ ਤੁਹਾਨੂੰ ਇਕ-ਦੂਜੇ ਨੂੰ ਮਾਫ਼ ਕਰਨਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ ‘ਸਭ ਤੋਂ ਵੱਡਾ ਗੁਣ ਹੈ ਦੂਜਿਆਂ ਨੂੰ ਮਾਫ਼ ਕਰਨਾ।’—ਕਹਾਉਤਾਂ 19:11, CL; ਅਫ਼ਸੀਆਂ 4:32.

ਜੇ ਪਹਿਲਾਂ-ਪਹਿਲਾਂ ਲੱਗੇ ਕਿ ਤੁਹਾਡੀਆਂ ਕੋਸ਼ਿਸ਼ਾਂ ਬੇਕਾਰ ਜਾ ਰਹੀਆਂ ਹਨ, ਤਾਂ ਹਿੰਮਤ ਨਾ ਹਾਰੋ। ਇਕ ਸਰਵੇਖਣ ਦੇ ਚੰਗੇ ਨਤੀਜਿਆਂ ਬਾਰੇ ਦੱਸਦੇ ਹੋਏ ਇਕ ਕਿਤਾਬ ਵਿਚ ਲਿਖਿਆ ਹੈ: “ਇਹ ਹੈਰਾਨੀ ਦੀ ਗੱਲ ਸਾਮ੍ਹਣੇ ਆਈ ਹੈ: ਜਿਹੜੇ ਪਤੀ-ਪਤਨੀ ਸਮੱਸਿਆਵਾਂ ਦੇ ਬਾਵਜੂਦ ਇਕੱਠੇ ਰਹੇ, ਉਨ੍ਹਾਂ ਵਿੱਚੋਂ 86 ਪ੍ਰਤਿਸ਼ਤ ਜੋੜੇ 5 ਸਾਲਾਂ ਬਾਅਦ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਹਨ।” ਜਿਹੜੇ ਲੋਕ ਕਹਿੰਦੇ ਹਨ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਬਹੁਤ ਦੁਖੀ ਸਨ, ਉਨ੍ਹਾਂ ਦੀ ਜ਼ਿੰਦਗੀ ਵਿਚ ਵੀ ਦੁਬਾਰਾ ਖ਼ੁਸ਼ੀਆਂ ਆ ਗਈਆਂ।

ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਵੀ ਦੁਬਾਰਾ ਖ਼ੁਸ਼ੀਆਂ ਆ ਸਕਦੀਆਂ ਹਨ। ਇਸ ਰਸਾਲੇ ਨੂੰ ਛਾਪਣ ਵਾਲੇ ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਬਾਈਬਲ ਦੇ ਸਿਧਾਂਤ ਪਤੀ-ਪਤਨੀ ਦੀ ਮਦਦ ਕਰਦੇ ਹਨ। ਮਿਸਾਲ ਲਈ, ਜਦ ਪਤੀ-ਪਤਨੀ ਇਕ-ਦੂਸਰੇ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਖੁੱਲ੍ਹੇ ਦਿਲ ਨਾਲ ਇਕ-ਦੂਸਰੇ ਨੂੰ ਮਾਫ਼ ਕਰਦੇ ਹਨ, ਤਾਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਹੋਰ ਵਧੀਆ ਬਣ ਜਾਂਦੀ ਹੈ। ਪਤਨੀਆਂ ਨੇ ਸਿੱਖਿਆ ਹੈ ਕਿ “ਦੀਨਤਾ ਅਤੇ ਸ਼ਾਂਤ ਸੁਭਾ” ਰੱਖਣ ਦਾ ਕਿੰਨਾ ਫ਼ਾਇਦਾ ਹੈ। ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਬਹੁਤ ਜ਼ਿਆਦਾ ਗੁੱਸਾ ਨਾ ਹੋਣ ਦਾ ਫ਼ਾਇਦਾ ਹੋਇਆ ਹੈ।—1 ਪਤਰਸ 3:4, CL; ਕੁਲੁੱਸੀਆਂ 3:19.

ਬਾਈਬਲ ਵਿਚ ਦਿੱਤੇ ਅਸੂਲ ਇਸ ਲਈ ਫ਼ਾਇਦੇਮੰਦ ਹਨ ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਬਾਈਬਲ ਲਿਖਵਾਈ ਹੈ ਅਤੇ ਉਸ ਨੇ ਵਿਆਹ ਦੇ ਰਿਸ਼ਤੇ ਦੀ ਸ਼ੁਰੂਆਤ ਕੀਤੀ ਸੀ। ਕਿਉਂ ਨਾ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ ਕਿ ਬਾਈਬਲ ਤੁਹਾਡੇ ਵਿਆਹੁਤਾ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕਰ ਸਕਦੀ ਹੈ। * (g10-E 02)

^ ਪੈਰਾ 14 ਪਰਿਵਾਰਾਂ ਦੀ ਮਦਦ ਲਈ ਯਹੋਵਾਹ ਦੇ ਗਵਾਹਾਂ ਨੇ 192 ਸਫ਼ਿਆਂ ਵਾਲੀ ਕਿਤਾਬ ਛਾਪੀ ਹੈ ਜਿਸ ਦਾ ਨਾਂ ਹੈ ਪਰਿਵਾਰਕ ਖ਼ੁਸ਼ੀ ਦਾ ਰਾਜ਼। ਹੋਰ ਜਾਣਕਾਰੀ ਲਈ ਇਸ ਰਸਾਲੇ ਦੇ ਸਫ਼ਾ 5 ’ਤੇ ਦਿੱਤੇ ਢੁਕਵੇਂ ਪਤੇ ’ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖੋ।