ਹੈਪਾਟਾਇਟਿਸ ਬੀ—ਜਾਨਲੇਵਾ ਬੀਮਾਰੀ
ਹੈਪਾਟਾਇਟਿਸ ਬੀ—ਜਾਨਲੇਵਾ ਬੀਮਾਰੀ
“ਮੈਂ 27 ਸਾਲਾਂ ਦਾ ਤੰਦਰੁਸਤ ਜਵਾਨ ਸੀ ਤੇ ਹੁਣੇ-ਹੁਣੇ ਮੇਰਾ ਵਿਆਹ ਹੋਇਆ ਸੀ। ਨੌਕਰੀ ’ਤੇ ਮੈਨੂੰ ਬਹੁਤ ਟੈਨਸ਼ਨ ਸੀ ਅਤੇ ਨਾਲੇ ਯਹੋਵਾਹ ਦਾ ਗਵਾਹ ਹੋਣ ਕਰਕੇ ਮੈਂ ਕਾਫ਼ੀ ਜ਼ਿੰਮੇਵਾਰੀਆਂ ਵੀ ਸੰਭਾਲਦਾ ਸੀ। ਮੈਂ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਹੈਪਾਟਾਇਟਿਸ ਬੀ ਨੇ ਮੇਰਾ ਜਿਗਰ ਖ਼ਰਾਬ ਕਰਨਾ ਸ਼ੁਰੂ ਕਰ ਦਿੱਤਾ ਸੀ।”—ਡੱਕ ਯੂਨ।
ਜਿਗਰ ਦਾ ਇਕ ਮੁੱਖ ਕੰਮ ਹੈ ਖ਼ੂਨ ਵਿੱਚੋਂ ਜ਼ਹਿਰ ਨੂੰ ਸਾਫ਼ ਕਰਨਾ ਅਤੇ ਇਸ ਤੋਂ ਇਲਾਵਾ ਜਿਗਰ ਘੱਟੋ-ਘੱਟ 500 ਤਰ੍ਹਾਂ ਦੇ ਹੋਰ ਅਹਿਮ ਕੰਮ ਵੀ ਕਰਦਾ ਹੈ। ਇਸ ਲਈ ਹੈਪਾਟਾਇਟਿਸ ਹੋਣ ਕਰਕੇ ਯਾਨੀ ਜਿਗਰ ਦੀ ਸੋਜ ਨਾਲ ਕਿਸੇ ਦੀ ਸਿਹਤ ਬਹੁਤ ਖ਼ਰਾਬ ਹੋ ਸਕਦੀ ਹੈ। ਹੈਪਾਟਾਇਟਿਸ ਜ਼ਿਆਦਾ ਸ਼ਰਾਬ ਪੀਣ ਜਾਂ ਜਿਗਰ ਵਿੱਚੋਂ ਜ਼ਹਿਰ ਨਾ ਸਾਫ਼ ਹੋਣ ਕਰਕੇ ਹੋ ਸਕਦਾ ਹੈ। ਪਰ ਆਮ ਤੌਰ ਤੇ ਤਰ੍ਹਾਂ-ਤਰ੍ਹਾਂ ਦੇ ਵਾਇਰਸਾਂ ਕਰਕੇ ਹੀ ਹੈਪਾਟਾਇਟਿਸ ਹੁੰਦਾ ਹੈ। ਵਿਗਿਆਨੀਆਂ ਨੇ ਪੰਜ ਅਜਿਹੇ ਵਾਇਰਸਾਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਘੱਟੋ-ਘੱਟ ਤਿੰਨ ਹੋਰ ਵੀ ਹਨ।—ਹੇਠਾਂ ਡੱਬੀ ਦੇਖੋ।
ਹੈਪਾਟਾਇਟਿਸ ਦੇ ਪੰਜਾਂ ਵਾਇਰਸਾਂ ਵਿੱਚੋਂ ਸਿਰਫ਼ ਹੈਪਾਟਾਇਟਿਸ ਬੀ ਵਾਇਰਸ (ਐੱਚ.ਬੀ.ਵੀ.), ਹਰ ਸਾਲ 6 ਲੱਖ ਲੋਕਾਂ ਦੀ ਜਾਨ *
ਲੈਂਦਾ ਹੈ। ਇਹ ਗਿਣਤੀ ਹਰ ਸਾਲ ਮਲੇਰੀਆ ਦੀ ਬੀਮਾਰੀ ਤੋਂ ਮਰਨ ਵਾਲੇ ਲੋਕਾਂ ਦੇ ਬਰਾਬਰ ਹੈ। ਦੁਨੀਆਂ ਦਾ ਤੀਜਾ ਹਿੱਸਾ, ਯਾਨੀ ਦੋ ਅਰਬ ਤੋਂ ਵੀ ਜ਼ਿਆਦਾ ਲੋਕ, ਐੱਚ.ਬੀ.ਵੀ. ਤੋਂ ਪ੍ਰਭਾਵਿਤ ਹੋ ਚੁੱਕਾ ਹੈ, ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਕੁਝ ਹੀ ਮਹੀਨਿਆਂ ਵਿਚ ਠੀਕ ਹੋ ਗਏ ਸਨ। ਪਰ 35 ਕਰੋੜ ਲੋਕਾਂ ਨੂੰ ਜ਼ਿੰਦਗੀ ਭਰ ਇਹ ਬੀਮਾਰੀ ਲੱਗੀ ਰਹੇਗੀ। ਇਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਵਿਚ ਭਾਵੇਂ ਬੀਮਾਰੀ ਦੇ ਕੋਈ ਲੱਛਣ ਹੋਣ ਜਾਂ ਨਾ ਹੋਣ, ਫਿਰ ਵੀ ਉਨ੍ਹਾਂ ਤੋਂ ਦੂਸਰਿਆਂ ਨੂੰ ਇਹ ਬੀਮਾਰੀ ਲੱਗ ਸਕਦੀ ਹੈ।ਜੇ ਸਹੀ ਇਲਾਜ ਸਮੇਂ ਸਿਰ ਸ਼ੁਰੂ ਕੀਤਾ ਜਾਵੇ, ਤਾਂ ਐੱਚ.ਬੀ.ਵੀ. ਦੇ ਕੁਝ ਮਰੀਜ਼ਾਂ ਦੇ ਜਿਗਰ ਨੂੰ ਗੰਭੀਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਕਈ ਵਾਰ ਜਿਗਰ ਦੇ ਰੁਟੀਨ ਟੈੱਸਟ ਵਿਚ ਵੀ ਇਹ ਵਾਇਰਸ ਨਹੀਂ ਦਿਖਾਈ ਦਿੰਦਾ ਜਿਸ ਕਰਕੇ ਜ਼ਿਆਦਾਤਰ ਲੋਕ ਅਣਜਾਣ ਹਨ ਕਿ ਉਨ੍ਹਾਂ ਨੂੰ ਇਹ ਵਾਇਰਸ ਹੈ। ਐੱਚ.ਬੀ.ਵੀ. ਇਕਦਮ ਹੀ ਲੱਗ ਸਕਦਾ ਹੈ ਅਤੇ ਇਸ ਦੀ ਪਛਾਣ ਕਰਨ ਲਈ ਇਕ ਖ਼ਾਸ ਬਲੱਡ ਟੈੱਸਟ ਕਰਾਉਣਾ ਪੈਂਦਾ ਹੈ। ਹੋ ਸਕਦਾ ਹੈ ਕਿ ਵਾਇਰਸ ਹੋਣ ਤੋਂ ਬਾਅਦ ਬੀਮਾਰੀ ਦੇ ਲੱਛਣ ਕਈ ਸਾਲਾਂ ਤਕ ਨਜ਼ਰ ਨਾ ਆਉਣ। ਉੱਨੀ ਦੇਰ ਤਕ ਇਹ ਬੀਮਾਰੀ ਜਿਗਰ ਦਾ ਸਿਰੋਸਿਸ ਜਾਂ ਕੈਂਸਰ ਦੀ ਬੀਮਾਰੀ ਦਾ ਰੂਪ ਧਾਰਣ ਕਰ ਸਕਦੀ ਹੈ ਜੋ 4 ਵਿੱਚੋਂ 1 ਜਣੇ ਦੀ ਜਾਨ ਲੈ ਲੈਂਦੀ ਹੈ।
“ਮੈਨੂੰ ਐੱਚ.ਬੀ.ਵੀ. ਕਿਵੇਂ ਹੋਇਆ?”
ਡੱਕ ਯੂਨ ਯਾਦ ਕਰਦਾ ਹੈ: “ਮੈਂ 30 ਸਾਲਾਂ ਦਾ ਸੀ ਜਦੋਂ ਇਸ ਬੀਮਾਰੀ ਦੇ ਲੱਛਣ ਜ਼ਾਹਰ ਹੋਣ ਲੱਗੇ। ਦਸਤ ਲੱਗਣ ਤੇ ਮੈਂ ਆਪਣੇ ਡਾਕਟਰ ਕੋਲ ਗਿਆ, ਪਰ ਉਸ ਨੇ ਮੈਨੂੰ ਸਿਰਫ਼ ਦਸਤ ਰੋਕਣ ਦੀ ਦਵਾਈ ਦਿੱਤੀ। ਮੈਂ ਫਿਰ ਹਕੀਮ ਕੋਲ ਗਿਆ ਜਿਸ ਨੇ ਮੈਨੂੰ ਅੰਤੜੀਆਂ ਅਤੇ ਪੇਟ ਲਈ ਦਵਾਈ ਦਿੱਤੀ। ਇਨ੍ਹਾਂ ਦੋਵਾਂ ਨੇ ਹੈਪਾਟਾਇਟਿਸ ਦੇ ਟੈੱਸਟ ਨਹੀਂ ਕੀਤੇ। ਜਦੋਂ ਮੇਰੇ ਦਸਤ ਨਾ ਹਟੇ, ਤਾਂ ਮੈਂ ਦੁਬਾਰਾ ਆਪਣੇ ਡਾਕਟਰ ਕੋਲ ਗਿਆ। * ਉਸ ਨੇ ਮੇਰੇ ਪੇਟ ਦਾ ਸੱਜਾ ਪਾਸਾ ਹੱਥ ਲਾ ਕੇ ਦਬਾਇਆ ਤੇ ਮੇਰੇ ਬਹੁਤ ਦਰਦ ਹੋਇਆ। ਬਲੱਡ ਟੈੱਸਟ ਕਰਨ ਤੇ ਉਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਯਾਨੀ ਮੈਨੂੰ ਹੈਪਾਟਾਇਟਿਸ ਬੀ ਵਾਇਰਸ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਕਿਉਂਕਿ ਨਾ ਤਾਂ ਮੈਂ ਕਦੇ ਖ਼ੂਨ ਲਿਆ ਸੀ ਤੇ ਨਾ ਹੀ ਕਿਸੇ ਨਾਲ ਮੇਰੇ ਨਾਜਾਇਜ਼ ਸੰਬੰਧ ਸਨ।”
ਇਹ ਪਤਾ ਲੱਗਣ ਤੋਂ ਬਾਅਦ ਕਿ ਡੱਕ ਯੂਨ ਨੂੰ ਐੱਚ.ਬੀ.ਵੀ. ਹੈ, ਉਸ ਦੀ ਪਤਨੀ, ਮਾਪਿਆਂ ਅਤੇ ਭੈਣਾਂ-ਭਰਾਵਾਂ ਨੇ ਆਪਣਾ ਬਲੱਡ ਚੈੱਕ ਕਰਾਇਆ। ਟੈੱਸਟ ਤੋਂ ਪਤਾ ਚੱਲਿਆ ਕਿ ਉਨ੍ਹਾਂ ਸਾਰਿਆਂ ਨੂੰ ਹੈਪਾਟਾਇਟਿਸ ਬੀ ਹੋ ਚੁੱਕਾ ਸੀ, ਪਰ ਫ਼ਰਕ ਇੰਨਾ ਹੀ ਸੀ ਕਿ ਉਨ੍ਹਾਂ ਦੇ ਸਰੀਰ ਵਿਚ ਇਸ ਵਾਇਰਸ ਨਾਲ ਲੜਨ ਦੀ ਤਾਕਤ ਸੀ।
ਕੀ ਡੱਕ ਯੂਨ ਨੂੰ ਉਨ੍ਹਾਂ ਵਿੱਚੋਂ ਕਿਸੇ ਤੋਂ ਵਾਇਰਸ ਹੋਇਆ ਸੀ? ਸਾਰੇ ਪਰਿਵਾਰ ਵਿਚ ਇਹ ਵਾਇਰਸ ਕਿਵੇਂ ਫੈਲਿਆ? ਇਸ ਦਾ ਜਵਾਬ ਕੋਈ ਨਹੀਂ ਦੇ ਸਕਦਾ। ਅਸਲ ਵਿਚ 35 ਫੀ ਸਦੀ ਮਰੀਜ਼ਾਂ ਵਿਚ ਇਸ ਦੇ ਕਾਰਨ ਦਾ ਕਦੇ ਪਤਾ ਨਹੀਂ ਚੱਲਦਾ। ਪਰ ਹੈਪਾਟਾਇਟਿਸ ਬੀ ਬਾਰੇ ਇੰਨਾ ਜ਼ਰੂਰ ਪਤਾ ਹੈ ਕਿ ਇਹ ਖ਼ਾਨਦਾਨੀ ਬੀਮਾਰੀ ਨਹੀਂ ਹੈ ਤੇ ਨਾ ਹੀ ਇਹ ਕਦੇ ਦੂਸਰਿਆਂ ਨਾਲ ਮਿਲ-ਜੁਲ ਕੇ ਜਾਂ ਕਿਸੇ ਦਾ ਜੂਠ ਖਾਣ-ਪੀਣ ਤੋਂ ਫੈਲਦੀ ਹੈ। ਇਸ ਦੀ ਬਜਾਇ ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਐੱਚ.ਬੀ.ਵੀ. ਨਾਲ ਪੀੜਿਤ ਵਿਅਕਤੀ ਦੇ ਖ਼ੂਨ, ਵੀਰਜ, ਯੋਨੀ ਵਿੱਚੋਂ ਵਹਿਣ ਵਾਲੇ ਤਰਲ ਜਾਂ ਥੁੱਕ ਵਰਗੇ ਸਰੀਰਕ ਤਰਲ ਕਿਸੇ ਹੋਰ ਵਿਅਕਤੀ ਦੇ ਜ਼ਖ਼ਮ ਜਾਂ ਲੇਸਦਾਰ ਤਰਲ ਦੁਆਰਾ ਖ਼ੂਨ ਵਿਚ ਚਲੇ ਜਾਂਦੇ ਹਨ।ਕਈ ਦੇਸ਼ਾਂ ਵਿਚ ਐੱਚ. ਬੀ. ਵੀ. ਦੀ ਜਾਂਚ ਕੀਤੇ ਬਿਨਾਂ ਹੀ ਖ਼ੂਨ ਚੜ੍ਹਾਇਆ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਇਹ ਬੀਮਾਰੀ ਲੱਗ ਸਕਦੀ ਹੈ। ਏਡਜ਼ ਪੈਦਾ ਕਰਨ ਵਾਲੇ ਐੱਚ. ਆਈ. ਵੀ. ਨਾਲੋਂ ਐੱਚ.ਬੀ.ਵੀ. 100 ਗੁਣਾ ਜ਼ਿਆਦਾ ਖ਼ਤਰਨਾਕ ਹੈ। ਖ਼ੂਨ ਦੇ ਿਨੱਕੇ ਜਿਹੇ ਤੁਪਕੇ ਤੋਂ ਵੀ ਐੱਚ.ਬੀ.ਵੀ. ਹੋ ਸਕਦਾ ਹੈ, ਭਾਵੇਂ ਉਹ ਬਲੇਡ ’ਤੇ ਲੱਗਾ ਹੋਵੇ ਜਾਂ ਇਕ ਹਫ਼ਤਾ ਪੁਰਾਣਾ ਸੁੱਕਾ ਦਾਗ਼ ਕਿਉਂ ਨਾ ਹੋਵੇ। *
ਸਹੀ ਜਾਣਕਾਰੀ ਦੀ ਲੋੜ
ਡੱਕ ਯੂਨ ਦੱਸਦਾ ਹੈ: “ਜਦੋਂ ਮੇਰੀ ਕੰਪਨੀ ਨੂੰ ਪਤਾ ਲੱਗਾ ਕਿ ਮੈਨੂੰ ਐੱਚ.ਬੀ.ਵੀ. ਹੈ, ਤਾਂ ਉਨ੍ਹਾਂ ਨੇ ਮੈਨੂੰ ਇਕ ਅਲੱਗ ਆਫ਼ਿਸ ਵਿਚ ਆਪਣਾ ਕੰਮ ਕਰਨ ਲਈ ਕਿਹਾ।” ਲੋਕਾਂ ਨੂੰ ਇਸ ਵਾਇਰਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਅਤੇ ਇਸ ਕਰਕੇ ਉਹ ਆਮ ਤੌਰ ਤੇ ਪੀੜਿਤ ਵਿਅਕਤੀ ਨਾਲ ਅਜਿਹਾ ਸਲੂਕ ਕਰਦੇ ਹਨ। ਕਈ ਵਾਰ ਜਾਣਕਾਰ ਲੋਕ ਵੀ ਹੈਪਾਟਾਇਟਿਸ ਬੀ ਅਤੇ ਹੈਪਾਟਾਇਟਿਸ ਏ ਵਿਚ ਫ਼ਰਕ ਨਹੀਂ ਸਮਝ ਪਾਉਂਦੇ। ਹੈਪਾਟਾਇਟਿਸ ਏ ਵਾਇਰਸ ਬਹੁਤ ਜਲਦੀ ਫੈਲਦਾ ਹੈ, ਪਰ ਇੰਨਾ ਖ਼ਤਰਨਾਕ ਨਹੀਂ ਹੁੰਦਾ। ਐੱਚ.ਬੀ.ਵੀ. ਜਿਨਸੀ ਸੰਬੰਧ ਰੱਖਣ ਨਾਲ ਵੀ ਫੈਲ ਸਕਦਾ ਹੈ, ਇਸ ਕਰਕੇ ਕਦੇ-ਕਦੇ ਇਸ ਵਾਇਰਸ ਨਾਲ ਪੀੜਿਤ ਨੇਕ ਲੋਕਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
ਗ਼ਲਤਫ਼ਹਿਮੀਆਂ ਅਤੇ ਸ਼ੱਕ ਕਰਕੇ ਕਾਫ਼ੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਮਿਸਾਲ ਲਈ, ਕਈ ਇਲਾਕਿਆਂ ਵਿਚ ਲੋਕ ਐੱਚ.ਬੀ.ਵੀ. ਨਾਲ ਪੀੜਿਤ ਨਿਆਣਿਆਂ-ਸਿਆਣਿਆਂ ਤੋਂ ਦੂਰ-ਦੂਰ ਰਹਿੰਦੇ ਹਨ। ਗੁਆਂਢੀ ਆਪਣੇ ਬੱਚਿਆਂ ਨੂੰ ਐੱਚ.ਬੀ.ਵੀ. ਵਾਲੇ ਬੱਚਿਆਂ ਨਾਲ ਖੇਡਣ ਨਹੀਂ ਦਿੰਦੇ, ਸਕੂਲਾਂ ਵਿਚ ਉਨ੍ਹਾਂ ਨੂੰ ਦਾਖ਼ਲ ਨਹੀਂ ਕੀਤਾ ਜਾਂਦਾ ਤੇ ਮਾਲਕ ਪੀੜਿਤ ਵਿਅਕਤੀਆਂ ਨੂੰ ਨੌਕਰੀ ’ਤੇ ਨਹੀਂ ਰੱਖਦੇ। ਕਈ ਵਾਰ ਡਰ ਦੇ ਮਾਰੇ ਵੀ ਲੋਕ ਆਪਣਾ ਟੈੱਸਟ ਨਹੀਂ ਕਰਾਉਂਦੇ ਤੇ ਨਾ ਹੀ ਉਹ ਕਿਸੇ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ। ਪਰ ਸੱਚਾਈ ਨਾ ਦੱਸ ਕੇ ਉਹ ਆਪਣੀ ਅਤੇ ਆਪਣੇ ਪਰਿਵਾਰ ਦੇ ਜੀਆਂ ਦੀ ਸਿਹਤ ਖ਼ਤਰੇ ਵਿਚ ਪਾਉਂਦੇ ਹਨ। ਇਸ ਤਰ੍ਹਾਂ ਇਹ ਬੀਮਾਰੀ ਇਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਦਿੰਦੀ ਰਹਿੰਦੀ ਹੈ।
ਆਰਾਮ ਕਰਨ ਦੀ ਲੋੜ
ਡੱਕ ਯੂਨ ਅੱਗੇ ਦੱਸਦਾ ਹੈ: “ਭਾਵੇਂ ਮੇਰੇ ਡਾਕਟਰ ਨੇ ਮੈਨੂੰ ਪੂਰੀ ਤਰ੍ਹਾਂ ਆਰਾਮ ਕਰਨ ਲਈ ਕਿਹਾ ਸੀ, ਫਿਰ ਵੀ ਮੈਂ ਦੋ ਮਹੀਨਿਆਂ ਬਾਅਦ ਕੰਮ ਤੇ ਵਾਪਸ ਚਲਾ ਗਿਆ। ਬਲੱਡ ਟੈੱਸਟਾਂ ਅਤੇ ਸੀ.ਟੀ. ਸਕੈਨ ਵਿਚ ਸਿਰੋਸਿਸ ਬੀਮਾਰੀ ਦੇ ਕੋਈ ਲੱਛਣ ਨਜ਼ਰ ਨਹੀਂ ਆਏ ਅਤੇ ਮੈਂ ਸੋਚਿਆ ਕਿ ਮੈਂ ਹੁਣ ਬਿਲਕੁਲ ਠੀਕ-ਠਾਕ ਹਾਂ।” ਤਿੰਨ ਸਾਲਾਂ ਬਾਅਦ ਡੱਕ ਯੂਨ ਦੀ ਕੰਪਨੀ ਨੇ ਉਸ ਨੂੰ ਇਕ ਵੱਡੇ ਸ਼ਹਿਰ ਵਿਚ ਭੇਜ ਦਿੱਤਾ ਜਿੱਥੇ ਕੰਮ ਦਾ ਬੋਝ ਹੋਰ ਵੀ ਵੱਧ ਗਿਆ। ਘਰ-ਬਾਰ ਦੇ ਖ਼ਰਚੇ ਪੂਰੇ ਕਰਨ ਵਾਸਤੇ ਫਿਰ ਵੀ ਉਹ ਕੰਮ ਕਰਦਾ ਰਿਹਾ।
ਕੁਝ ਹੀ ਮਹੀਨਿਆਂ ਵਿਚ ਡੱਕ ਯੂਨ ਦੇ ਖ਼ੂਨ ਵਿਚ ਵਾਇਰਸ ਵੱਧ ਗਿਆ ਤੇ ਉਹ ਬੇਹੱਦ ਥੱਕਿਆ-ਥੱਕਿਆ ਮਹਿਸੂਸ ਕਰਨ
ਲੱਗਾ। ਉਸ ਨੇ ਕਿਹਾ ਕਿ “ਮੈਨੂੰ ਆਪਣੀ ਨੌਕਰੀ ਛੱਡਣੀ ਪਈ ਤੇ ਹੁਣ ਮੈਂ ਪਛਤਾਉਂਦਾ ਹਾਂ ਕਿ ਮੈਂ ਕਿਉਂ ਇੰਨਾ ਕੰਮ ਕੀਤਾ। ਜੇ ਮੈਂ ਘੱਟ ਕੰਮ ਕਰਦਾ, ਤਾਂ ਸ਼ਾਇਦ ਮੇਰਾ ਜਿਗਰ ਇੰਨਾ ਖ਼ਰਾਬ ਨਾ ਹੁੰਦਾ ਤੇ ਮੈਂ ਇੰਨਾ ਬੀਮਾਰ ਨਾ ਹੁੰਦਾ।” ਡੱਕ ਯੂਨ ਨੇ ਇਸ ਤੋਂ ਇਕ ਜ਼ਰੂਰੀ ਸਬਕ ਸਿੱਖਿਆ। ਉਸ ਸਮੇਂ ਤੋਂ ਲੈ ਕੇ ਉਸ ਨੇ ਆਪਣਾ ਕੰਮ ਘਟਾ ਦਿੱਤਾ ਤੇ ਨਾਲੋਂ-ਨਾਲ ਆਪਣੇ ਖ਼ਰਚੇ ਵੀ। ਇਸ ਤੋਂ ਇਲਾਵਾ ਉਸ ਦੇ ਸਾਰੇ ਪਰਿਵਾਰ ਨੇ ਉਸ ਦਾ ਸਾਥ ਦਿੱਤਾ ਅਤੇ ਉਸ ਦੀ ਪਤਨੀ ਨੇ ਵੀ ਘਰ ਦੇ ਖ਼ਰਚੇ ਪੂਰੇ ਕਰਨ ਲਈ ਇਕ ਛੋਟੀ ਜਿਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।ਹੈਪਾਟਾਇਟਿਸ ਬੀ ਨਾਲ ਜੀਣਾ
ਡੱਕ ਯੂਨ ਦੀ ਸਿਹਤ ਕੁਝ ਹੱਦ ਤਕ ਠੀਕ ਹੋ ਗਈ, ਪਰ ਜਿਗਰ ਦੀ ਸੋਜ ਕਰਕੇ ਉਸ ਦਾ ਖ਼ੂਨ ਉਸ ਵਿੱਚੋਂ ਚੰਗੀ ਤਰ੍ਹਾਂ ਨਹੀਂ ਸੀ ਲੰਘਦਾ ਜਿਸ ਕਰਕੇ ਉਸ ਦਾ ਬਲੱਡ ਪ੍ਰੈਸ਼ਰ ਵੱਧ ਗਿਆ। ਗਿਆਰਾਂ ਸਾਲਾਂ ਬਾਅਦ ਉਸ ਦੇ ਗਲੇ ਦੀ ਨਾੜੀ ਫੱਟ ਗਈ ਤੇ ਉਸ ਦੇ ਮੂੰਹੋਂ ਖ਼ੂਨ ਵਗਣ ਲੱਗ ਪਿਆ। ਉਸ ਨੂੰ ਇਕ ਹਫ਼ਤੇ ਲਈ ਹਸਪਤਾਲ ਰਹਿਣਾ ਪਿਆ। ਚਾਰ ਸਾਲਾਂ ਬਾਅਦ ਉਸ ਦਾ ਦਿਮਾਗ਼ ਅਮੋਨੀਆ ਗੈਸ ਨਾਲ ਭਰ ਗਿਆ ਕਿਉਂਕਿ ਉਸ ਦਾ ਜਿਗਰ ਇਸ ਨੂੰ ਛਾਣ ਨਹੀਂ ਸੀ ਸਕਦਾ ਜਿਸ ਕਰਕੇ ਉਹ ਦਿਮਾਗ਼ੀ ਤੌਰ ਤੇ ਬੌਂਦਲਾ ਗਿਆ। ਪਰ ਡਾਕਟਰੀ ਇਲਾਜ ਨਾਲ ਉਹ ਕੁਝ ਹੀ ਦਿਨਾਂ ਵਿਚ ਠੀਕ ਹੋ ਗਿਆ।
ਡੱਕ ਯੂਨ ਹੁਣ 54 ਸਾਲਾਂ ਦਾ ਹੈ। ਜੇ ਉਸ ਦੀ ਹਾਲਤ ਹੋਰ ਵਿਗੜ ਗਈ, ਤਾਂ ਡਾਕਟਰ ਉਸ ਲਈ ਬਹੁਤ ਕੁਝ ਨਹੀਂ ਕਰ ਸਕਣਗੇ। ਦਵਾਈਆਂ ਵੀ ਵਾਇਰਸ ਨੂੰ ਪੂਰਾ ਖ਼ਤਮ ਨਹੀਂ ਕਰ ਸਕਦੀਆਂ ਅਤੇ ਦਵਾਈਆਂ ਉਸ ਦੇ ਸਰੀਰ ’ਤੇ ਮਾੜਾ ਅਸਰ ਪਾ ਸਕਦੀਆਂ ਹਨ। ਇਸ ਬੀਮਾਰੀ ਤੋਂ ਬਚਣ ਲਈ ਜੇ ਉਹ ਚਾਹੇ, ਤਾਂ ਲਿਵਰ ਟ੍ਰਾਂਸਪਲਾਂਟ ਕਰਾ ਸਕਦਾ ਹੈ, ਪਰ ਜਿਗਰ ਲੈਣ ਵਾਲੇ ਲੋਕਾਂ ਦੀ ਲਿਸਟ ਜਿਗਰ ਦਾਨ ਕਰਨ ਵਾਲਿਆਂ ਨਾਲੋਂ ਜ਼ਿਆਦਾ ਲੰਬੀ ਹੈ। ਡੱਕ ਯੂਨ ਨੇ ਕਿਹਾ ਕਿ “ਮੈਂ ਆਪਣੀ ਜ਼ਿੰਦਗੀ ਦੇ ਦਿਨ ਹੀ ਗਿਣ ਰਿਹਾ ਹਾਂ, ਪਰ ਚਿੰਤਾ ਕਰਨ ਦਾ ਕੀ ਫ਼ਾਇਦਾ ਹੈ। ਮੈਂ ਅਜੇ ਜ਼ਿੰਦਾ ਹਾਂ, ਮੇਰੇ ਕੋਲ ਘਰ-ਪਰਿਵਾਰ ਸਭ ਕੁਝ ਹੈ। ਅਸਲ ਵਿਚ ਮੇਰੇ ਹਾਲਾਤ ਇਕ ਬਰਕਤ ਹੀ ਸਾਬਤ ਹੋਏ ਹਨ। ਮੈਂ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਤੀਤ ਕਰ ਸਕਦਾ ਹਾਂ ਤੇ ਸਾਡੇ ਕੋਲ ਬਾਈਬਲ ਦੀ ਸਟੱਡੀ ਕਰਨ ਦਾ ਜ਼ਿਆਦਾ ਸਮਾਂ ਹੈ। ਮੈਂ ਮਰਨ ਤੋਂ ਡਰਦਾ ਨਹੀਂ, ਪਰ ਮੈਂ ਉਸ ਜ਼ਿੰਦਗੀ ਦੀ ਉਮੀਦ ਜ਼ਰੂਰ ਰੱਖਦਾ ਹਾਂ ਜਿੱਥੇ ਕਦੇ ਕੋਈ ਵੀ ਬੀਮਾਰ ਨਹੀਂ ਹੋਵੇਗਾ।” *
ਡੱਕ ਯੂਨ ਦੇ ਸਹੀ ਨਜ਼ਰੀਏ ਕਰਕੇ ਉਸ ਦਾ ਪਰਿਵਾਰ ਬਹੁਤ ਸੁਖੀ ਹੈ। ਉਹ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਆਪਣਾ ਪੂਰਾ ਸਮਾਂ ਰੱਬ ਦੀ ਸੇਵਾ ਵਿਚ ਲਗਾਉਂਦੇ ਹਨ। (g10-E 08)
[ਫੁਟਨੋਟ]
^ ਪੈਰਾ 4 ਜੇ ਇਮਯੂਨ ਸਿਸਟਮ ਇਸ ਵਾਇਰਸ ਨੂੰ ਸਰੀਰ ਦੇ ਅੰਦਰ ਛੇ ਮਹੀਨਿਆਂ ਦੇ ਵਿਚ-ਵਿਚ ਖ਼ਤਮ ਨਾ ਕਰ ਸਕੇ, ਤਾਂ ਮੰਨਿਆ ਜਾਂਦਾ ਹੈ ਕਿ ਇਹ ਬੀਮਾਰੀ ਉਮਰ ਭਰ ਲੱਗੀ ਰਹਿੰਦੀ ਹੈ।
^ ਪੈਰਾ 7 ਜਾਗਰੂਕ ਬਣੋ! ਰਸਾਲਾ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੋ ਜਿਹਾ ਇਲਾਜ ਕਰਾਉਣਾ ਚਾਹੀਦਾ ਹੈ।
^ ਪੈਰਾ 9 ਐੱਚ.ਬੀ.ਵੀ. ਤੋਂ ਪੀੜਿਤ ਵਿਅਕਤੀ ਦੇ ਖ਼ੂਨ ਨੂੰ ਚੰਗੀ ਤਰ੍ਹਾਂ ਤੇ ਜਲਦੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਇਹ ਘਰ ਵਿਚ ਵਰਤੀ ਜਾਂਦੀ ਬਲੀਚ ਜਾਂ ਫਰਨੈਲ ਦੇ ਇਕ ਹਿੱਸੇ ਵਿਚ 10 ਗੁਣਾਂ ਪਾਣੀ ਪਾ ਕੇ ਦਸਤਾਨੇ ਪਾ ਕੇ ਕਰਨਾ ਚਾਹੀਦਾ ਹੈ।
^ ਪੈਰਾ 18 ਬਾਈਬਲ ਵਿਚ ਉਸ ਉਮੀਦ ਬਾਰੇ ਹੋਰ ਜਾਣਨ ਲਈ ਜਦੋਂ ਕੋਈ ਵੀ ਬੀਮਾਰ ਨਹੀਂ ਹੋਵੇਗਾ, ਪਰਕਾਸ਼ ਦੀ ਪੋਥੀ 21:3, 4 ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇਖੋ।
[ਸਫ਼ਾ 15 ਉੱਤੇ ਸੁਰਖੀ]
ਜੇ ਸਹੀ ਇਲਾਜ ਸਮੇਂ ਸਿਰ ਸ਼ੁਰੂ ਕੀਤਾ ਜਾਵੇ, ਤਾਂ ਜ਼ਿਆਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ
[ਸਫ਼ਾ 16 ਉੱਤੇ ਸੁਰਖੀ]
ਡਰ ਦੇ ਮਾਰੇ ਕਈ ਆਪਣਾ ਟੈੱਸਟ ਨਹੀਂ ਕਰਾਉਂਦੇ ਤੇ ਨਾ ਹੀ ਕਿਸੇ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਐੱਚ.ਬੀ.ਵੀ. ਦੀ ਬੀਮਾਰੀ ਹੈ
[ਸਫ਼ਾ 14 ਉੱਤੇ ਡੱਬੀ]
ਇਹ ਕਿਸ ਤਰ੍ਹਾਂ ਦਾ ਹੈਪਾਟਾਇਟਿਸ ਹੈ?
ਮੰਨਿਆ ਜਾਂਦਾ ਹੈ ਕਿ ਪੰਜ ਤਰ੍ਹਾਂ ਦੇ ਵਾਇਰਸਾਂ ਤੋਂ ਹੈਪਾਟਾਇਟਿਸ ਹੁੰਦਾ ਹੈ ਤੇ ਉਨ੍ਹਾਂ ਵਿੱਚੋਂ ਏ, ਬੀ ਅਤੇ ਸੀ ਤਿੰਨ ਆਮ ਹਨ। ਹੋਰ ਵਾਇਰਸ ਵੀ ਇਸ ਬੀਮਾਰੀ ਦਾ ਕਾਰਨ ਹੋ ਸਕਦੇ ਹਨ। ਹੈਪਾਟਾਇਟਿਸ ਦੇ ਲੱਛਣ ਫਲੂ ਦੇ ਲੱਛਣਾਂ ਵਰਗੇ ਹੋ ਸਕਦੇ ਹਨ ਤੇ ਮਰੀਜ਼ ਨੂੰ ਪੀਲੀਆ ਵੀ ਹੋ ਸਕਦਾ ਹੈ। ਕਈ ਮਰੀਜ਼ਾਂ ਖ਼ਾਸ ਕਰਕੇ ਬੱਚਿਆਂ ਵਿਚ ਸ਼ਾਇਦ ਕੋਈ ਵੀ ਲੱਛਣ ਨਜ਼ਰ ਨਾ ਆਵੇ। ਹੈਪਾਟਾਇਟਿਸ ਬੀ ਅਤੇ ਹੈਪਾਟਾਇਟਿਸ ਸੀ ਦੇ ਲੱਛਣ ਨਜ਼ਰ ਆਉਣ ਤੋਂ ਪਹਿਲਾਂ ਹੀ ਸ਼ਾਇਦ ਜਿਗਰ ਦਾ ਕਾਫ਼ੀ ਨੁਕਸਾਨ ਹੋ ਗਿਆ ਹੋਵੇ।
ਹੈਪਾਟਾਇਟਿਸ ਏ ਵਾਇਰਸ (ਐੱਚ.ਏ.ਵੀ.)
ਐੱਚ.ਏ.ਵੀ. ਮਰੀਜ਼ ਦੇ ਮਲ ਵਿਚ ਪਾਇਆ ਜਾਂਦਾ ਹੈ। ਇਹ ਵਾਇਰਸ ਸਲੂਣੇ ਜਾਂ ਤਾਜ਼ੇ ਪਾਣੀ ਅਤੇ ਬਰਫ਼ ਦੀਆਂ ਡਲੀਆਂ ਵਿਚ ਵੀ ਜ਼ਿੰਦਾ ਰਹਿ ਸਕਦਾ ਹੈ। ਇਹ ਬੀਮਾਰੀ ਇਨ੍ਹਾਂ ਹਾਲਾਤਾਂ ਵਿਚ ਵੀ ਹੋ ਸਕਦੀ ਹੈ:
● ਕੱਚੀ ਸਮੁੰਦਰੀ ਮੱਛੀ ਖਾਣ ਨਾਲ ਜੋ ਮਲ-ਮੂਤਰ ਨਾਲ ਮਲੀਨ ਪਾਣੀ ਵਿੱਚੋਂ ਫੜੀ ਗਈ ਹੋਵੇ ਜਾਂ ਗੰਦਾ ਪਾਣੀ ਪੀਣ ਨਾਲ
● ਪੀੜਿਤ ਵਿਅਕਤੀ ਨਾਲ ਨਜ਼ਦੀਕੀ ਸੰਬੰਧ ਰੱਖਣ ਨਾਲ ਜਾਂ ਉਸ ਦਾ ਜੂਠਾ ਖਾਣ-ਪੀਣ ਨਾਲ
● ਟਾਇਲਟ ਜਾਣ ਤੋਂ ਬਾਅਦ, ਪੀੜਿਤ ਬੱਚੇ ਦੀ ਨਾਪੀ ਬਦਲਣ ਤੋਂ ਬਾਅਦ ਜਾਂ ਭੋਜਨ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਨਾ ਧੋਣ ਨਾਲ
ਐੱਚ.ਏ.ਵੀ. ਦਾ ਮਰੀਜ਼ ਗੰਭੀਰ ਤਰ੍ਹਾਂ ਬੀਮਾਰ ਹੁੰਦਾ ਹੈ, ਪਰ ਇਹ ਬੀਮਾਰੀ ਬਹੁਤਾ ਦੇਰ ਨਹੀਂ ਰਹਿੰਦੀ। ਬਹੁਤਿਆਂ ਦਾ ਸਰੀਰ ਵਾਇਰਸ ਨੂੰ ਕੁਝ ਹੀ ਹਫ਼ਤਿਆਂ ਜਾਂ ਮਹੀਨਿਆਂ ਦੇ ਅੰਦਰ-ਅੰਦਰ ਖ਼ਤਮ ਕਰ ਦਿੰਦਾ ਹੈ। ਚੰਗਾ ਖਾਣਾ ਅਤੇ ਚੰਗਾ ਆਰਾਮ ਹੀ ਐੱਚ.ਏ.ਵੀ. ਦਾ ਇਲਾਜ ਹੈ। ਸ਼ਰਾਬ ਅਤੇ ਜਿਗਰ ’ਤੇ ਅਸਰ ਪਾਉਣ ਵਾਲੀਆਂ ਦਵਾਈਆਂ, ਜਿਵੇਂ ਕਿ ਐਸੀਟਾਮਿਨੋਫਨ ਤੋਂ ਉਦੋਂ ਤਕ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਜਦ ਤਕ ਡਾਕਟਰ ਨਹੀਂ ਕਹਿੰਦਾ ਕਿ ਜਿਗਰ ਬਿਲਕੁਲ ਠੀਕ ਹੋ ਗਿਆ ਹੈ। ਠੀਕ ਹੋਣ ਤੋਂ ਬਾਅਦ ਮਰੀਜ਼ ਨੂੰ ਇਹ ਵਾਇਰਸ ਸ਼ਾਇਦ ਫਿਰ ਕਦੇ ਨਾ ਹੋਵੇ, ਪਰ ਉਸ ਨੂੰ ਹੋਰ ਤਰ੍ਹਾਂ ਦੇ ਹੈਪਾਟਾਇਟਿਸ ਹੋ ਸਕਦੇ ਹਨ। ਟੀਕਾ ਲਗਾਉਣ ਨਾਲ ਹੈਪਾਟਾਇਟਿਸ ਏ ਨੂੰ ਰੋਕਿਆ ਜਾ ਸਕਦਾ ਹੈ।
ਹੈਪਾਟਾਇਟਿਸ ਬੀ ਵਾਇਰਸ (ਐੱਚ.ਬੀ.ਵੀ.)
ਐੱਚ.ਬੀ.ਵੀ. ਨਾਲ ਪੀੜਿਤ ਵਿਅਕਤੀਆਂ ਦੇ ਖ਼ੂਨ, ਵੀਰਜ ਅਤੇ ਯੋਨੀ ਵਿੱਚੋਂ ਵਹਿਣ ਵਾਲੇ ਤਰਲ ਵਿਚ ਪਾਇਆ ਜਾਂਦਾ ਹੈ। ਇਹ ਵਾਇਰਸ ਇਨ੍ਹਾਂ ਤਰਲਾਂ ਰਾਹੀਂ ਉਸ ਵਿਅਕਤੀ ਦੇ ਸਰੀਰ ਵਿਚ ਚਲਾ ਜਾਂਦਾ ਹੈ ਜਿਸ ਨੇ ਇਸ ਬੀਮਾਰੀ ਤੋਂ ਬਚਣ ਲਈ ਟੀਕਾ ਨਾ ਲਗਾਇਆ ਹੋਵੇ। ਇਹ ਵਾਇਰਸ ਇਸ ਤਰ੍ਹਾਂ ਫੈਲਦਾ ਹੈ:
● ਜਨਮ ਦੇਣ ਤੇ (ਪੀੜਿਤ ਮਾਂ ਤੋਂ ਉਸ ਦੇ ਬੱਚੇ ਨੂੰ)
● ਡਾਕਟਰੀ, ਡੈਂਟਲ, ਟੈਟੂ ਜਾਂ ਸਰੀਰ ਵਿਚ ਛੇਕ ਕਰਾਉਣ ਵਾਲੇ ਹੋਰ ਯੰਤਰਾਂ ਰਾਹੀਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਗਿਆ ਹੋਵੇ
● ਦੂਸਰਿਆਂ ਦੀਆਂ ਟੀਕਾ ਲਾਉਣ ਵਾਲੀਆਂ ਸੂਈਆਂ, ਬਲੇਡ, ਨਹੁੰ-ਕੱਟਣੀ ਜਾਂ ਟੁੱਥਬ੍ਰਸ਼, ਯਾਨੀ ਉਹ ਚੀਜ਼ਾਂ ਜਿਨ੍ਹਾਂ ਤੋਂ ਥੋੜ੍ਹਾ ਜਿਹਾ ਖ਼ੂਨ ਜ਼ਖ਼ਮ ਰਾਹੀਂ ਚਮੜੀ ਵਿਚ ਵੜ ਸਕਦਾ ਹੈ
● ਜਿਨਸੀ ਸੰਬੰਧ
ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਐੱਚ.ਬੀ.ਵੀ. ਕੀੜੇ-ਮਕੌੜਿਆਂ ਜਾਂ ਖੰਘਣ, ਹੱਥ ਫੜਨ, ਗਲਵੱਕੜੀ ਪਾਉਣ, ਗੱਲ੍ਹ ’ਤੇ ਚੁੰਮੀ ਦੇਣ, ਮਾਂ ਦਾ ਦੁੱਧ ਪੀਣ, ਜਾਂ ਕਿਸੇ ਦਾ ਜੂਠਾ ਖਾਣ-ਪੀਣ ਨਾਲ ਨਹੀਂ ਫੈਲਦਾ। ਆਮ ਤੌਰ ਤੇ ਜੇ ਵੱਡੀ ਉਮਰ ਵਿਚ ਐੱਚ.ਬੀ.ਵੀ. ਹੋਵੇ, ਤਾਂ ਮਰੀਜ਼ ਦੇ ਠੀਕ ਹੋਣ ਦੀ ਉਮੀਦ ਹੁੰਦੀ ਹੈ ਅਤੇ ਇਸ ਤੋਂ ਬਾਅਦ ਉਸ ਨੂੰ ਇਹ ਬੀਮਾਰੀ ਫਿਰ ਨਹੀਂ ਲੱਗਦੀ। ਛੋਟੇ ਬੱਚਿਆਂ ਵਿਚ ਇਸ ਬੀਮਾਰੀ ਦਾ ਉਮਰ ਭਰ ਰਹਿਣ ਦਾ ਡਰ ਹੁੰਦਾ ਹੈ। ਜੇ ਹੈਪਾਟਾਇਟਿਸ ਬੀ ਉਮਰ ਭਰ ਰਹਿੰਦਾ ਹੈ ਅਤੇ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਮਰੀਜ਼ ਦਾ ਜਿਗਰ ਕੰਮ ਕਰਨ ਤੋਂ ਹਟ ਜਾਂਦਾ ਹੈ ਜਿਸ ਕਰਕੇ ਮੌਤ ਵੀ ਹੋ ਸਕਦੀ ਹੈ। ਟੀਕਾ ਲਗਵਾਉਣ ਨਾਲ ਹੈਪਾਟਾਇਟਿਸ ਬੀ ਨੂੰ ਰੋਕਿਆ ਜਾ ਸਕਦਾ ਹੈ।
ਹੈਪਾਟਾਇਟਿਸ ਸੀ ਵਾਇਰਸ (ਐੱਚ.ਸੀ.ਵੀ.)
ਐੱਚ.ਸੀ.ਵੀ. ਦੀ ਬੀਮਾਰੀ ਵੀ ਐੱਚ.ਬੀ.ਵੀ. ਵਾਂਗ ਫੈਲਦੀ ਹੈ, ਪਰ ਜ਼ਿਆਦਾਤਰ ਇਹ ਉਨ੍ਹਾਂ ਨੂੰ ਹੁੰਦਾ ਹੈ ਜਿਹੜੇ ਦੂਸਰਿਆਂ ਦੀਆਂ ਸੂਈਆਂ ਨਾਲ ਡ੍ਰੱਗਜ਼ ਚੜ੍ਹਾਉਂਦੇ ਹਨ। ਹੈਪਾਟਾਇਟਿਸ ਸੀ ਨੂੰ ਰੋਕਣ ਲਈ ਕੋਈ ਟੀਕਾ ਨਹੀਂ ਹੈ। *
[ਫੁਟਨੋਟ]
^ ਪੈਰਾ 46 ਵਿਸ਼ਵ ਸਿਹਤ ਸੰਗਠਨ ਤੋਂ ਹੈਪਾਟਾਇਟਿਸ ਬਾਰੇ ਹੋਰ ਜਾਣਕਾਰੀ ਉਨ੍ਹਾਂ ਦੀ ਵੈੱਬ-ਸਾਈਟ www.who.int ਤੋਂ ਮਿਲ ਸਕਦੀ ਹੈ।
[ਸਫ਼ਾ 16 ਉੱਤੇ ਡੱਬੀ]
ਐੱਚ.ਬੀ.ਵੀ. ਨੂੰ ਰੋਕਣ ਦੀ ਕੋਸ਼ਿਸ਼
ਭਾਵੇਂ ਐੱਚ.ਬੀ.ਵੀ. ਸੰਸਾਰ ਭਰ ਵਿਚ ਫੈਲਿਆ ਹੋਇਆ ਹੈ, ਪਰ ਉਮਰ ਭਰ ਰਹਿਣ ਵਾਲੇ ਹੈਪਾਟਾਇਟਿਸ ਬੀ ਦੇ 78 ਫੀ ਸਦੀ ਸ਼ਿਕਾਰ ਲੋਕ ਏਸ਼ੀਆ ਅਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਵਿਚ ਰਹਿੰਦੇ ਹਨ। ਉਸ ਇਲਾਕੇ ਵਿਚ 10 ਲੋਕਾਂ ਵਿੱਚੋਂ 1 ਜਣਾ ਇਸ ਵਾਇਰਸ ਨੂੰ ਆਪਣੇ ਸਰੀਰ ਵਿਚ ਚੁੱਕੀ ਫਿਰਦਾ ਹੈ। ਜ਼ਿਆਦਾਤਰ ਬੱਚਿਆਂ ਨੂੰ ਪੈਦਾ ਹੁੰਦੇ ਹੀ ਉਨ੍ਹਾਂ ਦੀਆਂ ਮਾਵਾਂ ਤੋਂ ਜਾਂ ਬਚਪਨ ਵਿਚ ਪੀੜਿਤ ਬੱਚਿਆਂ ਦੇ ਖ਼ੂਨ ਤੋਂ ਇਹ ਵਾਇਰਸ ਹੋ ਜਾਂਦਾ ਹੈ। ਨਵ-ਜੰਮਿਆਂ ਅਤੇ ਇਸ ਵਾਇਰਸ ਤੋਂ ਖ਼ਤਰੇ ਵਿਚ ਹੋਰਨਾਂ ਲੋਕਾਂ ਲਈ ਐੱਚ.ਬੀ.ਵੀ. ਰੋਕਣ ਵਾਲਾ ਟੀਕਾ ਲਾਇਆ ਜਾ ਰਿਹਾ ਹੈ। * ਜਿੱਥੇ ਟੀਕੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ, ਉੱਥੇ ਬੀਮਾਰੀ ਦੀ ਦਰ ਬਿਲਕੁਲ ਘੱਟ ਗਈ ਹੈ।
[ਫੁਟਨੋਟ]
^ ਪੈਰਾ 51 ਕਈ ਦੇਸ਼ਾਂ ਵਿਚ ਹੈਪਾਟਾਇਟਿਸ ਦਾ ਟੀਕਾ ਖ਼ੂਨ ਦੇ ਅੰਸ਼ਾਂ ਤੋਂ ਬਣਾਇਆ ਜਾਂਦਾ ਹੈ। ਜੇ ਪਾਠਕਾਂ ਨੂੰ ਇਸ ਬਾਰੇ ਚਿੰਤਾ ਹੈ, ਤਾਂ ਉਹ 15 ਜੂਨ 2000 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਪੜ੍ਹ ਸਕਦੇ ਹਨ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ 215ਵੇਂ ਸਫ਼ੇ ’ਤੇ ਵੀ ਹੋਰ ਜਾਣਕਾਰੀ ਪਾਈ ਜਾ ਸਕਦੀ ਹੈ।
[ਸਫ਼ਾ 17 ਉੱਤੇ ਤਸਵੀਰ]
ਡੱਕ ਯੂਨ ਆਪਣੀ ਪਤਨੀ ਅਤੇ ਆਪਣੇ ਤਿੰਨ ਬੱਚਿਆਂ ਨਾਲ
[ਸਫ਼ਾ 14 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Sebastian Kaulitzki/Alamy