ਅਸੀਂ ਹੋਰ ਦੁੱਖ ਨਹੀਂ ਝੱਲ ਸਕਦੇ!
ਕੀਓ ਦੇ ਦੁੱਖ ਉਦੋਂ ਸ਼ੁਰੂ ਹੋਏ ਜਦੋਂ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਨੇੜਲੇ ਮੱਕੀ ਦੇ ਖੇਤ ਵਿਚ ਗਾਵਾਂ ਛੱਡ ਦਿੱਤੀਆਂ ਸਨ। ਬਾਅਦ ਵਿਚ ਕੰਬੋਡੀਆ ਦੀ ਖਮੇਰ ਰੂਜ਼ ਸਰਕਾਰ ਦੇ ਸਮੇਂ ਉਸ ਦੀ ਮਾਂ ਅਤੇ ਦੋ ਭੈਣਾਂ ਨੂੰ ਮਾਰ ਦਿੱਤਾ ਗਿਆ। ਫਿਰ ਬਾਰੂਦੀ ਸੁਰੰਗ ਫਟਣ ਕਰਕੇ ਕੀਓ ਜ਼ਖ਼ਮੀ ਹੋ ਗਿਆ ਅਤੇ ਮਦਦ ਦੇ ਇੰਤਜ਼ਾਰ ਵਿਚ ਉਹ 16 ਦਿਨ ਜੰਗਲ ਵਿਚ ਪਿਆ ਰਿਹਾ। ਉਸ ਦੀ ਲੱਤ ਕੱਟਣੀ ਪਈ। ਕੀਓ ਕਹਿੰਦਾ ਹੈ, “ਮੈਂ ਜੀਉਣਾ ਨਹੀਂ ਸੀ ਚਾਹੁੰਦਾ।”
ਦੁੱਖ ਹਰ ਇਨਸਾਨ ਉੱਤੇ ਆਉਂਦੇ ਹਨ। ਕੁਦਰਤੀ ਆਫ਼ਤਾਂ, ਬੀਮਾਰੀਆਂ, ਅਪਾਹਜਪੁਣਾ, ਖ਼ੂਨ-ਖ਼ਰਾਬਾ ਅਤੇ ਹੋਰ ਬਿਪਤਾਵਾਂ ਕਿਸੇ ਉੱਤੇ ਵੀ, ਕਿਤੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੀਆਂ ਹਨ। ਲੋਕ ਭਲਾਈ ਸੰਸਥਾਵਾਂ ਦੁੱਖਾਂ ਨੂੰ ਰੋਕਣ ਜਾਂ ਲੋਕਾਂ ਨੂੰ ਇਨ੍ਹਾਂ ਤੋਂ ਰਾਹਤ ਦਿਵਾਉਣ ਲਈ ਅਣਥੱਕ ਮਿਹਨਤ ਕਰਦੀਆਂ ਆਈਆਂ ਹਨ। ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਕੀ ਨਿਕਲਿਆ ਹੈ?
ਭੁੱਖਮਰੀ ਮਿਟਾਉਣ ਲਈ ਕੀਤੀ ਜਾਂਦੀ ਜੱਦੋ-ਜਹਿਦ ਦੀ ਗੱਲ ਲੈ ਲਓ। ਟੋਰੌਂਟੋ ਸਟਾਰ ਅਖ਼ਬਾਰ ਕਹਿੰਦੀ ਹੈ ਕਿ ਕੁਦਰਤੀ ਆਫ਼ਤਾਂ ਕਾਰਨ ਕਈ ਲੋਕ ਬੇਘਰ ਹੋ ਗਏ ਹਨ ਅਤੇ ਭੁੱਖੇ ਮਰ ਰਹੇ ਹਨ। ਪਰ ਅਖ਼ਬਾਰ ਦੱਸਦੀ ਹੈ ਕਿ “ਵਧਦੀ ਜਾ ਰਹੀ ਹਿੰਸਾ ਕਰਕੇ ਸੰਸਥਾਵਾਂ ਦੀਆਂ ਭੁੱਖਮਰੀ ਮਿਟਾਉਣ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫਿਰ ਗਿਆ ਹੈ।”
ਰਾਜਨੀਤਿਕ ਤੇ ਸਮਾਜਕ ਲੀਡਰਾਂ ਅਤੇ ਮੋਹਰੀ ਡਾਕਟਰਾਂ ਨੇ ਦੁੱਖਾਂ ਨੂੰ ਖ਼ਤਮ ਕਰਨ ਲਈ ਆਪਣੀ ਪੂਰੀ ਵਾਹ ਲਾਈ ਹੈ, ਪਰ ਫਿਰ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਆਰਥਿਕ ਤਰੱਕੀ ਕਰਨ ਲਈ ਚਲਾਏ ਪ੍ਰੋਗ੍ਰਾਮ ਗ਼ਰੀਬੀ ਨੂੰ ਮਿਟਾ ਨਹੀਂ ਪਾਏ। ਟੀਕੇ, ਦਵਾਈਆਂ ਅਤੇ ਓਪਰੇਸ਼ਨ ਕਰਨ ਵਾਲੀਆਂ ਨਵੀਆਂ-ਨਵੀਆਂ ਤਕਨੀਕਾਂ ਦੇ ਬਾਵਜੂਦ ਸਾਰੀਆਂ ਬੀਮਾਰੀਆਂ ਖ਼ਤਮ ਨਹੀਂ ਹੋਈਆਂ। ਅਪਰਾਧ ਅਤੇ ਹਿੰਸਾ ਵਧਦੀ ਜਾ ਰਹੀ ਹੈ ਤੇ ਪੁਲਸ ਅਤੇ ਸ਼ਾਂਤੀ ਕਾਇਮ ਕਰਨ ਵਾਲੀਆਂ ਫ਼ੌਜਾਂ ਕੁਝ ਨਹੀਂ ਕਰ ਪਾਉਂਦੀਆਂ।
ਪਰ ਇੰਨੇ ਦੁੱਖ ਕਿਉਂ ਹਨ? ਕੀ ਪਰਮੇਸ਼ੁਰ ਨੂੰ ਫ਼ਿਕਰ ਹੈ ਕਿ ਇਨਸਾਨ ਇੰਨੇ ਦੁੱਖ ਝੱਲ ਰਹੇ ਹਨ? ਲੱਖਾਂ ਹੀ ਲੋਕਾਂ ਨੂੰ ਬਾਈਬਲ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਦਿਲਾਸਾ ਮਿਲਿਆ ਹੈ ਜਿਵੇਂ ਆਪਾਂ ਅਗਲੇ ਲੇਖਾਂ ਵਿਚ ਦੇਖਾਂਗੇ। (g11-E 07)