Skip to content

Skip to table of contents

ਕਾਰ ਹਾਦਸਿਆਂ ਨੂੰ ਕਿਵੇਂ ਰੋਕੀਏ

ਕਾਰ ਹਾਦਸਿਆਂ ਨੂੰ ਕਿਵੇਂ ਰੋਕੀਏ

ਕਾਰ ਹਾਦਸਿਆਂ ਨੂੰ ਕਿਵੇਂ ਰੋਕੀਏ

ਘਸਰਦੇ ਟਾਇਰਾਂ ਵਿੱਚੋਂ ਜ਼ੋਰਦਾਰ ਚੀਂਅ, ਲੋਹੇ ਦੀ ਟੁੱਟ-ਫੁੱਟ, ਸ਼ੀਸ਼ੇ ਦਾ ਚੂਰ-ਚੂਰ ਹੋਣਾ, ਲੋਕਾਂ ਦਾ ਚੀਕ-ਚਿਹਾੜਾ . . . ਇਨ੍ਹਾਂ ਆਵਾਜ਼ਾਂ ਤੋਂ ਸ਼ਾਇਦ ਉਹ ਹਰ ਇਨਸਾਨ ਵਾਕਫ਼ ਹੋਵੇ ਜੋ ਕਾਰ ਹਾਦਸੇ ਦਾ ਸ਼ਿਕਾਰ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਹਰ ਸਾਲ ਦੁਨੀਆਂ ਭਰ ਵਿਚ ਲਗਭਗ 12 ਲੱਖ ਲੋਕ ਸੜਕ ਹਾਦਸਿਆਂ ਵਿਚ ਮਾਰੇ ਜਾਂਦੇ ਹਨ ਅਤੇ 50 ਲੱਖ ਜ਼ਖ਼ਮੀ ਹੋ ਜਾਂਦੇ ਹਨ।

ਪਰ ਸਾਵਧਾਨੀ ਨਾਲ ਕਾਰ ਚਲਾਉਣ ਅਤੇ ਅਕਲਮੰਦੀ ਵਰਤਣ ਨਾਲ ਬਹੁਤ ਸਾਰੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਆਓ ਦੇਖੀਏ ਕਿਵੇਂ।

ਸਪੀਡ ਲਿਮਿਟ, ਸੀਟ ਬੈੱਲਟਾਂ ਅਤੇ ਐੱਸ.ਐੱਮ.ਐੱਸ.

ਕੁਝ ਸੜਕਾਂ ਉੱਤੇ ਸਪੀਡ ਲਿਮਿਟ ਸ਼ਾਇਦ ਬਹੁਤ ਘੱਟ ਲੱਗੇ। ਪਰ ਉਸ ਲਿਮਿਟ ਨਾਲੋਂ ਤੇਜ਼ ਗੱਡੀ ਚਲਾਉਣ ਨਾਲ ਆਮ ਤੌਰ ਤੇ ਮੰਜ਼ਲ ਤਕ ਪਹੁੰਚ ਕੇ ਤੁਸੀਂ ਕੁਝ ਹੀ ਮਿੰਟ ਬਚਾ ਸਕਦੇ ਹੋ। ਮਿਸਾਲ ਲਈ, ਜੇ ਅਸੀਂ 80 ਕਿਲੋਮੀਟਰ ਦੀ ਦੂਰੀ ਦਾ ਸਫ਼ਰ ਤੈਅ ਕਰਨ ਲਈ 104 ਕਿਲੋਮੀਟਰ ਤੋਂ ਵਧਾ ਕੇ 129 ਕਿਲੋਮੀਟਰ ਪ੍ਰਤੀ ਘੰਟਾ ਗੱਡੀ ਚਲਾਈਏ, ਤਾਂ ਅਸੀਂ ਨੌਂ ਮਿੰਟਾਂ ਤੋਂ ਵੀ ਘੱਟ ਸਮਾਂ ਬਚਾ ਪਾਵਾਂਗੇ। ਕੀ ਇਸ ਥੋੜ੍ਹੇ ਜਿਹੇ ਸਮੇਂ ਨੂੰ ਬਚਾਉਣ ਲਈ ਜਾਨ ਨੂੰ ਖ਼ਤਰੇ ਵਿਚ ਪਾਉਣਾ ਠੀਕ ਹੈ?

ਸੀਟ ਬੈੱਲਟਾਂ ਨੂੰ ਸਾਡੀ ਸੁਰੱਖਿਆ ਲਈ ਬਣਾਇਆ ਗਿਆ ਹੈ। ਅਮਰੀਕਾ ਦੀ ਇਕ ਸਰਕਾਰੀ ਏਜੰਸੀ ਨੇ ਸਿੱਟਾ ਕੱਢਿਆ ਕਿ ਸੀਟ ਬੈੱਲਟ ਲਗਾਉਣ ਨਾਲ ਅਮਰੀਕਾ ਵਿਚ 2005 ਤੋਂ ਲੈ ਕੇ 2009 ਤਕ 72,000 ਤੋਂ ਜ਼ਿਆਦਾ ਜਾਨਾਂ ਬਚੀਆਂ ਹਨ। ਕੀ ਏਅਰ ਬੈਗ ਸੀਟ ਬੈੱਲਟ ਦੀ ਥਾਂ ਲੈ ਸਕਦਾ ਹੈ? ਨਹੀਂ। ਸੀਟ ਬੈੱਲਟ ਲਗਾਉਣ ਨਾਲ ਹੀ ਏਅਰ ਬੈਗ ਤੁਹਾਨੂੰ ਜ਼ਿਆਦਾ ਸੁਰੱਖਿਆ ਦੇ ਸਕਦਾ ਹੈ। ਜੇ ਤੁਸੀਂ ਸੀਟ ਬੈੱਲਟ ਨਹੀਂ ਲਾਉਂਦੇ, ਤਾਂ ਏਅਰ ਬੈਗ ਦਾ ਕੋਈ ਫ਼ਾਇਦਾ ਨਹੀਂ ਹੋਣਾ ਅਤੇ ਇਹ ਖ਼ਤਰਨਾਕ ਵੀ ਹੋ ਸਕਦਾ ਹੈ। ਇਸ ਲਈ ਸੀਟ ਬੈੱਲਟ ਲਾਉਣ ਦੀ ਆਦਤ ਪਾਓ ਅਤੇ ਆਪਣੇ ਨਾਲ ਸਫ਼ਰ ਕਰਨ ਵਾਲਿਆਂ ਨੂੰ ਵੀ ਸੀਟ ਬੈੱਲਟ ਲਾਉਣ ਲਈ ਕਹੋ। ਹੋਰ ਸਾਵਧਾਨੀ: ਗੱਡੀ ਚਲਾਉਂਦੇ ਵੇਲੇ ਕਦੇ ਵੀ ਐੱਸ.ਐੱਮ.ਐੱਸ. ਪੜ੍ਹਨ ਜਾਂ ਲਿਖਣ ਦੀ ਕੋਸ਼ਿਸ਼ ਨਾ ਕਰੋ।

ਸੜਕਾਂ ਦੀ ਹਾਲਤ ਅਤੇ ਗੱਡੀ ਦੀ ਮੁਰੰਮਤ

ਗਿੱਲੀਆਂ, ਮਿੱਟੀ, ਰੇਤੇ ਜਾਂ ਰੋੜੀ ਵਾਲੀਆਂ ਸੜਕਾਂ ਉੱਤੇ ਟਾਇਰਾਂ ਦੀ ਜਕੜ ਘੱਟ ਜਾਂਦੀ ਹੈ। ਜਦੋਂ ਤੁਸੀਂ ਗੱਡੀ ਹੌਲੀ ਚਲਾਉਂਦੇ ਹੋ, ਤਾਂ ਬ੍ਰੇਕ ਲਾਉਣ ਵੇਲੇ ਗੱਡੀ ਤਿਲਕਣ ਦੀ ਸੰਭਾਵਨਾ ਘੱਟ ਹੁੰਦੀ ਹੈ। ਮੌਸਮ ਦੇ ਅਨੁਸਾਰ ਆਪਣੀ ਗੱਡੀ ਦੇ ਟਾਇਰਾਂ ਨੂੰ ਚੈੱਕ ਕਰੋ ਕਿ ਉਹ ਘਸੇ ਹੋਏ ਤਾਂ ਨਹੀਂ ਹਨ। ਜੇ ਹਨ, ਤਾਂ ਸੜਕ ’ਤੇ ਚੰਗੀ ਜਕੜ ਵਾਸਤੇ ਉਨ੍ਹਾਂ ਨੂੰ ਬਦਲੋ।

ਚੌਂਕ ਸਾਰੇ ਡਰਾਈਵਰਾਂ ਲਈ ਖ਼ਤਰਨਾਕ ਹੁੰਦੇ ਹਨ। ਇਕ ਮਾਹਰ ਨੇ ਅੱਗੇ ਦੱਸੀ ਸਲਾਹ ਦਿੱਤੀ: ਜਦੋਂ ਟ੍ਰੈਫਿਕ ਲਾਈਟ ਹਰੀ ਹੋ ਜਾਂਦੀ ਹੈ, ਤਾਂ ਅੱਗੇ ਵਧਣ ਤੋਂ ਪਹਿਲਾਂ ਥੋੜ੍ਹੀ ਉਡੀਕ ਕਰੋ। ਥੋੜ੍ਹੀ ਜਿਹੀ ਉਡੀਕ ਕਰਨ ਨਾਲ ਤੁਸੀਂ ਉਸ ਕਾਰ ਵਿਚ ਵੱਜਣ ਤੋਂ ਬਚੋਗੇ ਜੋ ਲਾਲ ਲਾਈਟ ਹੋਣ ਤੇ ਰੁਕੀ ਨਹੀਂ।

ਆਪਣੀ ਕਾਰ ਨੂੰ ਚੰਗੀ ਹਾਲਤ ਵਿਚ ਰੱਖਣ ਨਾਲ ਤੁਸੀਂ ਹਾਦਸਿਆਂ ਤੋਂ ਬਚ ਸਕਦੇ ਹੋ। ਜ਼ਰਾ ਸੋਚੋ ਕਿ ਕੀ ਹੋ ਸਕਦਾ ਹੈ ਜੇ ਗੱਡੀ ਚਲਾਉਂਦੇ ਸਮੇਂ ਤੁਹਾਡੀ ਗੱਡੀ ਦੀਆਂ ਬ੍ਰੇਕਾਂ ਫੇਲ੍ਹ ਹੋ ਜਾਣ। ਇਹੋ ਜਿਹੇ ਹੋਰ ਮਕੈਨੀਕਲ ਨੁਕਸਾਂ ਤੋਂ ਬਚਾਅ ਕਰਨ ਲਈ ਕੁਝ ਗੱਡੀਆਂ ਦੇ ਮਾਲਕ ਸਮੇਂ-ਸਮੇਂ ਤੇ ਆਪਣੀ ਗੱਡੀ ਦੀ ਜਾਂਚ ਕਰਵਾਉਂਦੇ ਹਨ। ਦੂਜੇ ਪਾਸੇ, ਕੁਝ ਗੱਡੀਆਂ ਦੇ ਮਾਲਕ ਆਪਣੀ ਗੱਡੀ ਦੀ ਕੁਝ ਮੁਰੰਮਤ ਆਪ ਕਰਨੀ ਪਸੰਦ ਕਰਦੇ ਹਨ। ਭਾਵੇਂ ਕਿ ਤੁਸੀਂ ਆਪ ਮੁਰੰਮਤ ਕਰਦੇ ਹੋ, ਪਰ ਪੱਕਾ ਕਰੋ ਕਿ ਤੁਹਾਡੀ ਗੱਡੀ ਦੀ ਲੋੜੀਂਦੀ ਜਾਂਚ ਅਤੇ ਮੁਰੰਮਤ ਹੋਈ ਹੈ।

ਸ਼ਰਾਬ ਪੀ ਕੇ ਗੱਡੀ ਚਲਾਉਣੀ

ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਚੰਗੇ ਡਰਾਈਵਰ ਵੀ ਸ਼ਰਾਬ ਪੀ ਕੇ ਖ਼ਤਰਾ ਮੁੱਲ ਲੈਂਦੇ ਹਨ। ਸਾਲ 2008 ਦੌਰਾਨ ਅਮਰੀਕਾ ਵਿਚ ਗੱਡੀਆਂ ਦੇ ਹਾਦਸਿਆਂ ਵਿਚ 37,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਨ੍ਹਾਂ ਵਿੱਚੋਂ ਇਕ ਤਿਹਾਈ ਜਾਨਾਂ ਉਨ੍ਹਾਂ ਹਾਦਸਿਆਂ ਕਾਰਨ ਗਈਆਂ ਹਨ ਜਿਨ੍ਹਾਂ ਦੇ ਜ਼ਿੰਮੇਵਾਰ ਉਹ ਡਰਾਈਵਰ ਸਨ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ। ਥੋੜ੍ਹੀ ਜਿਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਵੀ ਤੁਹਾਡੇ ਡਰਾਈਵਿੰਗ ਕਰਨ ਦੇ ਤਰੀਕੇ ’ਤੇ ਬੁਰਾ ਅਸਰ ਪੈ ਸਕਦਾ ਹੈ। ਕੁਝ ਫ਼ੈਸਲਾ ਕਰਦੇ ਹਨ ਕਿ ਜੇ ਉਨ੍ਹਾਂ ਨੇ ਗੱਡੀ ਚਲਾਉਣੀ ਹੈ, ਤਾਂ ਉਹ ਸ਼ਰਾਬ ਨਹੀਂ ਪੀਣਗੇ।

ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਸੀਟ ਬੈੱਲਟ ਲਗਾਉਣ, ਆਪਣੀ ਕਾਰ ਦੀ ਮੁਰੰਮਤ ਕਰਾਉਣ ਅਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਨਾਲ ਤੁਸੀਂ ਆਪਣੀ ਅਤੇ ਦੂਜਿਆਂ ਦੀ ਜਾਨ ਖ਼ਤਰੇ ਵਿਚ ਪੈਣ ਤੋਂ ਬਚਾ ਸਕਦੇ ਹੋ। ਗੱਡੀ ਚਲਾਉਂਦੇ ਸਮੇਂ ਇਹ ਸੁਝਾਅ ਹਾਦਸਿਆਂ ਤੋਂ ਬਚਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਪਰ ਸਿਰਫ਼ ਤਾਂ ਹੀ ਜੇ ਤੁਸੀਂ ਇਨ੍ਹਾਂ ਸੁਝਾਵਾਂ ’ਤੇ ਅਮਲ ਕਰੋਗੇ। (g11-E 07)

[ਸਫ਼ਾ 11 ਉੱਤੇ ਡੱਬੀ]

ਉਣੀਂਦਰੇ ਵਿਚ ਗੱਡੀ ਨਾ ਚਲਾਓ

“ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਣੀਂਦਰੇ ਵਿਚ ਗੱਡੀ ਚਲਾਉਣੀ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਬਰਾਬਰ ਹੈ।” ਅਮਰੀਕੀ ਨੈਸ਼ਨਲ ਸਲੀਪ ਫਾਊਂਡੇਸ਼ਨ ਦੀ ਇਸ ਟਿੱਪਣੀ ਤੋਂ ਪਤਾ ਲੱਗਦਾ ਹੈ ਕਿ ਉਣੀਂਦਰੇ ਵਿਚ ਗੱਡੀ ਚਲਾਉਣਾ ਖ਼ਤਰਨਾਕ ਹੈ। ਜੇ ਤੁਸੀਂ ਆਪਣੇ ਵਿਚ ਹੇਠਾਂ ਦੱਸੇ ਲੱਛਣ ਦੇਖਦੇ ਹੋ, ਤਾਂ ਤੁਹਾਡੇ ਲਈ ਗੱਡੀ ਚਲਾਉਣੀ ਸੁਰੱਖਿਅਤ ਨਹੀਂ ਹੈ: *

ਧਿਆਨ ਲਾਉਣ ਵਿਚ ਮੁਸ਼ਕਲ, ਵਾਰ-ਵਾਰ ਅੱਖਾਂ ਬੰਦ ਹੋਣੀਆਂ ਜਾਂ ਪਲਕਾਂ ਦਾ ਭਾਰੀ ਹੋਣਾ

ਸਿਰ ਉਤਾਂਹ ਰੱਖਣ ਵਿਚ ਮੁਸ਼ਕਲ

ਵਾਰ-ਵਾਰ ਉਬਾਸੀਆਂ ਆਉਣੀਆਂ

ਪਿਛਲੇ ਕੁਝ ਕਿਲੋਮੀਟਰਾਂ ਦਾ ਸਫ਼ਰ ਯਾਦ ਨਾ ਰਹਿਣਾ

ਮੋੜ ਮੁੜਨਾ ਜਾਂ ਟ੍ਰੈਫਿਕ ਸਾਈਨ ਭੁੱਲ ਜਾਣੇ

ਆਪਣੀ ਲੇਨ ਵਿੱਚੋਂ ਬਾਹਰ ਜਾਣਾ, ਮੁਹਰਲੀ ਗੱਡੀ ਦੇ ਬਹੁਤ ਨਜ਼ਦੀਕ ਜਾਣਾ ਜਾਂ ਰੰਬਲ ਸਟ੍ਰਿਪਸ ’ਤੇ ਗੱਡੀ ਚਲਾਉਣੀ

ਜੇ ਤੁਸੀਂ ਆਪਣੇ ਵਿਚ ਇਹ ਲੱਛਣ ਦੇਖਦੇ ਹੋ, ਤਾਂ ਆਪਣੇ ਨਾਲ ਦੇ ਕਿਸੇ ਵਿਅਕਤੀ ਨੂੰ ਗੱਡੀ ਚਲਾਉਣ ਲਈ ਕਹੋ ਜਾਂ ਗੱਡੀ ਕਿਸੇ ਸੁਰੱਖਿਅਤ ਥਾਂ ਤੇ ਲੈ ਜਾ ਕੇ ਕੁਝ ਪਲ ਸੌਂ ਲਓ। ਆਪਣੀ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਬਿਹਤਰ ਹੈ ਦੇਰ ਨਾਲ ਜਾਣਾ!

[ਫੁਟਨੋਟ]

^ ਪੈਰਾ 16 ਇਹ ਲਿਸਟ ਨੈਸ਼ਨਲ ਸਲੀਪ ਫਾਊਂਡੇਸ਼ਨ ਨੇ ਦਿੱਤੀ ਹੈ।