Skip to content

Skip to table of contents

ਕੀ ਪਰਮੇਸ਼ੁਰ ਨੂੰ ਸਾਡੀ ਪਰਵਾਹ ਹੈ?

ਕੀ ਪਰਮੇਸ਼ੁਰ ਨੂੰ ਸਾਡੀ ਪਰਵਾਹ ਹੈ?

ਪੁਰਤਗਾਲ ਦੇ ਲਿਸਬਨ ਸ਼ਹਿਰ ਨੂੰ 1 ਨਵੰਬਰ 1755 ਨੂੰ ਭੁਚਾਲ਼ ਨੇ ਹਿਲਾ ਕੇ ਰੱਖ ਦਿੱਤਾ। ਫਿਰ ਸੁਨਾਮੀ ਲਹਿਰਾਂ ਅਤੇ ਅੱਗ ਨੇ ਤਕਰੀਬਨ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ।

ਹੈਟੀ ਵਿਚ 2010 ਨੂੰ ਆਏ ਭੁਚਾਲ਼ ਤੋਂ ਬਾਅਦ ਕੈਨੇਡਾ ਦੀ ਨੈਸ਼ਨਲ ਪੋਸਟ ਅਖ਼ਬਾਰ ਨੇ ਕਿਹਾ: “ਹਰ ਵੱਡੀ ਆਫ਼ਤ ਕਰਕੇ ਇਨਸਾਨਾਂ ਦੀ ਪਰਮੇਸ਼ੁਰ ਉੱਤੇ ਨਿਹਚਾ ਦੀ ਪਰਖ ਹੁੰਦੀ ਹੈ। ਪਰ ਲਿਸਬਨ ਸ਼ਹਿਰ ਵਿਚ ਆਏ ਭੁਚਾਲ਼ ਵਾਂਗ ਹਾਲ ਹੀ ਵਿਚ ਆਏ ਹੈਟੀ ਵਰਗੇ ਭੁਚਾਲ਼ਾਂ ਨੇ ਇਨਸਾਨਾਂ ਦੀ ਨਿਹਚਾ ਹੋਰ ਵੀ ਜ਼ਿਆਦਾ ਪਰਖੀ ਹੈ।” ਲੇਖ ਦੇ ਅਖ਼ੀਰ ਵਿਚ ਲਿਖਿਆ ਸੀ: “ਪਰਮੇਸ਼ੁਰ ਨੇ ਹੈਟੀ ਤੋਂ ਮੂੰਹ ਮੋੜ ਲਿਆ ਹੈ।”

“ਸਰਬ ਸ਼ਕਤੀਮਾਨ” ਪਰਮੇਸ਼ੁਰ ਯਹੋਵਾਹ ਕੋਲ ਬੇਅੰਤ ਤਾਕਤ ਹੈ ਅਤੇ ਉਹ ਦੁੱਖਾਂ ਦਾ ਅੰਤ ਕਰ ਸਕਦਾ ਹੈ। (ਜ਼ਬੂਰਾਂ ਦੀ ਪੋਥੀ 91:1) ਇਸ ਦੇ ਨਾਲ-ਨਾਲ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੀ ਪਰਵਾਹ ਕਰਦਾ ਹੈ। ਕਿਉਂ?

ਅਸੀਂ ਪਰਮੇਸ਼ੁਰ ਬਾਰੇ ਕੀ ਜਾਣਦੇ ਹਾਂ?

ਪਰਮੇਸ਼ੁਰ ਨੂੰ ਦੁਖੀ ਇਨਸਾਨਾਂ ਨਾਲ ਹਮਦਰਦੀ ਹੈ। ਜਦੋਂ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ ਤੇ ਉਨ੍ਹਾਂ ਦੇ ਮਾਲਕ ਉਨ੍ਹਾਂ ਨਾਲ ਬਦਸਲੂਕੀ ਕਰਦੇ ਸਨ, ਤਾਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹੀ ਕਿ ਪਰਮੇਸ਼ੁਰ ਦੁਖੀ ਇਨਸਾਨਾਂ ਦੀ ਪਰਵਾਹ ਕਰਦਾ ਹੈ। ਹਾਂ, ਸਦੀਆਂ ਬਾਅਦ ਯਸਾਯਾਹ ਨਬੀ ਨੇ ਇਜ਼ਰਾਈਲੀਆਂ ਬਾਰੇ ਲਿਖਿਆ ਸੀ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।”—ਯਸਾਯਾਹ 63:9.

“ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (ਬਿਵਸਥਾ ਸਾਰ 32:4) ਪਰਮੇਸ਼ੁਰ ਕਿਸੇ ਵੀ ਗੱਲ ਵਿਚ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ। ਉਹ ‘ਆਪਣੇ ਭਗਤਾਂ ਦੇ ਰਾਹ ਦੀ ਰੱਛਿਆ ਕਰਦਾ ਹੈ,’ ਪਰ ਧਰਮੀ ਲੋਕਾਂ ਨੂੰ ‘ਦੁੱਖ ਦੇਣ ਵਾਲਿਆਂ’ ਨੂੰ ਉਹ ਦੁੱਖ ਦੇਵੇਗਾ। (ਕਹਾਉਤਾਂ 2:8; 2 ਥੱਸਲੁਨੀਕੀਆਂ 1:6, 7) “ਉਹ ਨਾ ਸ਼ਾਸਕਾਂ ਦਾ ਪੱਖ ਕਰਦਾ, ਅਤੇ ਨਾ ਹੀ ਅਮੀਰ ਨੂੰ ਗਰੀਬ ਨਾਲੋਂ ਚੰਗਾ ਮੰਨਦਾ, ਕਿਉਂਕਿ ਉਸ ਨੇ ਸਭ ਨੂੰ ਰਚਿਆ ਹੈ।” (ਅੱਯੂਬ 34:19, CL) ਪਰਮੇਸ਼ੁਰ ਇਹ ਵੀ ਜਾਣਦਾ ਹੈ ਕਿ ਇਨਸਾਨਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਇਸ ਤੋਂ ਉਲਟ, ਦੁੱਖਾਂ ਨੂੰ ਦੂਰ ਕਰਨ ਦੇ ਜੋ ਹੱਲ ਇਨਸਾਨ ਲੱਭਦੇ ਹਨ, ਉਹ ਗੋਲੀ ਲੱਗਣ ਨਾਲ ਹੋਏ ਜ਼ਖ਼ਮ ਉੱਤੇ ਬੈਂਡੇਜ ਲਾਉਣ ਦੇ ਬਰਾਬਰ ਹਨ। ਹਾਲਾਂਕਿ ਬੈਂਡੇਜ ਜ਼ਖ਼ਮ ਨੂੰ ਢਕ ਦੇਵੇਗੀ, ਪਰ ਇਹ ਜ਼ਖ਼ਮ ਦੇ ਅਸਲੀ ਕਾਰਨ ਅਤੇ ਇਸ ਨਾਲ ਹੁੰਦੇ ਦਰਦ ਤੋਂ ਮਰੀਜ਼ ਨੂੰ ਛੁਟਕਾਰਾ ਨਹੀਂ ਦਿਵਾਏਗੀ।

ਕੀ ਡਾਕਟਰ ਗੋਲੀ ਲੱਗਣ ਨਾਲ ਹੋਏ ਜ਼ਖ਼ਮ ਉੱਤੇ ਸਿਰਫ਼ ਬੈਂਡੇਜ ਹੀ ਲਾਵੇਗਾ?

ਪਰਮੇਸ਼ੁਰ ‘ਦਿਆਲੂ ਅਤੇ ਕਿਰਪਾਲੂ ਅਰ ਭਲਿਆਈ ਨਾਲ ਭਰਪੂਰ ਹੈ।’ (ਕੂਚ 34:6) ਬਾਈਬਲ ਵਿਚ ਵਰਤੇ “ਦਇਆ” ਸ਼ਬਦ ਦਾ ਮਤਲਬ ਹੈ ਕਿਸੇ ਦੁਖੀ ਇਨਸਾਨ ਨਾਲ ਹਮਦਰਦੀ ਹੋਣ ਕਰਕੇ ਅਤੇ ਉਸ ਉੱਤੇ ਤਰਸ ਖਾ ਕੇ ਉਸ ਦੀ ਮਦਦ ਕਰਨ ਲਈ ਪ੍ਰੇਰਿਤ ਹੋਣਾ। ਜਿਸ ਮੂਲ ਇਬਰਾਨੀ ਸ਼ਬਦ ਦਾ ਤਰਜਮਾ “ਕਿਰਪਾਲੂ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਕਿਸੇ ਲੋੜਵੰਦ ਇਨਸਾਨ ਦੀ ਲੋੜ ਪੂਰੀ ਕਰਨ ਲਈ ਦਿਲੋਂ ਉਸ ਦੀ ਮਦਦ ਕਰਨੀ।” ਥੀਓਲਾਜੀਕਲ ਡਿਕਸ਼ਨਰੀ ਆਫ਼ ਓਲਡ ਟੈਸਟਾਮੈਂਟ ਮੁਤਾਬਕ ਜਿਸ ਸ਼ਬਦ ਦਾ ਤਰਜਮਾ “ਭਲਿਆਈ” ਕੀਤਾ ਗਿਆ ਹੈ, ਉਸ ਦਾ ਭਾਵ ਹੈ “ਕਿਸੇ ਮੁਸੀਬਤ ਦੇ ਸ਼ਿਕਾਰ ਜਾਂ ਦੁਖੀ ਇਨਸਾਨ ਦੀ ਮਦਦ ਕਰਨੀ।” ਕਿਸੇ ਇਨਸਾਨ ਦਾ ਦੁੱਖ ਦੇਖ ਕੇ ਯਹੋਵਾਹ ਪਰਮੇਸ਼ੁਰ ਨੂੰ ਨਾ ਸਿਰਫ਼ ਦੁੱਖ ਹੁੰਦਾ ਹੈ, ਸਗੋਂ ਉਹ ਦਇਆ, ਕਿਰਪਾ ਅਤੇ ਭਲਿਆਈ ਤੋਂ ਪ੍ਰੇਰਿਤ ਹੋ ਕੇ ਮਦਦ ਵੀ ਕਰਦਾ ਹੈ। ਇਸ ਲਈ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਉਹ ਦੁੱਖਾਂ ਦਾ ਅੰਤ ਕਰੇਗਾ।

ਪਿਛਲੇ ਲੇਖ ਵਿਚ ਅਸੀਂ ਤਿੰਨ ਕਾਰਨ ਦੇਖੇ ਸਨ ਜਿਨ੍ਹਾਂ ਕਰਕੇ ਅੱਜ ਇਨਸਾਨਾਂ ਨੂੰ ਜ਼ਿਆਦਾਤਰ ਦੁੱਖ ਝੱਲਣੇ ਪੈਂਦੇ ਹਨ ਅਤੇ ਜਿਨ੍ਹਾਂ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਨਹੀਂ। ਆਓ ਆਪਾਂ ਹੁਣ ਦੇਖੀਏ ਕਿ ਇਨ੍ਹਾਂ ਕਾਰਨਾਂ ਲਈ ਕੌਣ ਜ਼ਿੰਮੇਵਾਰ ਹੈ।

ਨਿੱਜੀ ਫ਼ੈਸਲੇ

ਸ਼ੁਰੂ ਵਿਚ ਆਦਮ ਪਰਮੇਸ਼ੁਰ ਦੇ ਰਾਜ ਅਧੀਨ ਸੀ। ਪਰ ਜਦ ਉਸ ਨੂੰ ਖ਼ੁਦ ਫ਼ੈਸਲਾ ਕਰਨ ਦਾ ਮੌਕਾ ਮਿਲਿਆ, ਤਾਂ ਉਸ ਨੇ ਪਰਮੇਸ਼ੁਰ ਦੇ ਰਾਜ ਨੂੰ ਠੁਕਰਾ ਦਿੱਤਾ ਅਤੇ ਆਪਣੀ ਮਰਜ਼ੀ ਕੀਤੀ ਜਿਸ ਦੇ ਉਸ ਨੂੰ ਨਤੀਜੇ ਭੁਗਤਣੇ ਪਏ। ਉਸ ਨੇ ਉਤਪਤ 2:17 ਵਿਚ ਦਿੱਤੀ ਯਹੋਵਾਹ ਦੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ ਕਿ “ਤੂੰ ਜ਼ਰੂਰ ਮਰੇਂਗਾ।” ਪਰਮੇਸ਼ੁਰ ਦੇ ਰਾਜ ਨੂੰ ਠੁਕਰਾਉਣ ਦੇ ਨਤੀਜੇ ਵਜੋਂ ਸਾਰੇ ਇਨਸਾਨ ਪਾਪ ਅਤੇ ਨਾਮੁਕੰਮਲਤਾ ਦੇ ਗ਼ੁਲਾਮ ਹੋ ਗਏ। ਬਾਈਬਲ ਸਮਝਾਉਂਦੀ ਹੈ ਕਿ “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਪਰ ਪਰਮੇਸ਼ੁਰ ਪਾਪ ਦੇ ਅਸਰਾਂ ਨੂੰ ਜ਼ਰੂਰ ਮਿਟਾਵੇਗਾ।

ਵੇਲੇ ਕੁਵੇਲੇ ਵਾਪਰਦੀਆਂ ਘਟਨਾਵਾਂ

ਜਿਵੇਂ ਉੱਪਰ ਕਿਹਾ ਗਿਆ ਹੈ ਕਿ ਆਦਮ ਨੇ ਪਰਮੇਸ਼ੁਰ ਦੀ ਸੇਧ ਨੂੰ ਠੁਕਰਾ ਦਿੱਤਾ ਜਿਸ ਅਨੁਸਾਰ ਚੱਲ ਕੇ ਇਨਸਾਨ ਸੁਰੱਖਿਅਤ ਰਹਿ ਸਕਦੇ ਸਨ। ਉਹ ਕੁਦਰਤੀ ਆਫ਼ਤਾਂ ਤੋਂ ਬਚੇ ਰਹਿ ਸਕਦੇ ਸਨ। ਆਦਮ ਦੇ ਫ਼ੈਸਲੇ ਦੀ ਤੁਲਨਾ ਉਸ ਮਰੀਜ਼ ਨਾਲ ਕੀਤੀ ਜਾ ਸਕਦੀ ਹੈ ਜੋ ਕੁਸ਼ਲ ਅਤੇ ਤਜਰਬੇਕਾਰ ਡਾਕਟਰ ਦੀ ਸਲਾਹ ਨਹੀਂ ਮੰਨਦਾ। ਜੇ ਮਰੀਜ਼ ਨੂੰ ਖ਼ਤਰਿਆਂ ਅਤੇ ਸਿਹਤ ਸਮੱਸਿਆਵਾਂ ਦਾ ਨਾ ਪਤਾ ਹੋਵੇ ਜਿਨ੍ਹਾਂ ਬਾਰੇ ਡਾਕਟਰ ਨੂੰ ਪਤਾ ਹੁੰਦਾ ਹੈ, ਤਾਂ ਉਸ ਨੂੰ ਸ਼ਾਇਦ ਜਾਣ-ਬੁੱਝ ਕੇ ਡਾਕਟਰ ਦੀ ਸਲਾਹ ਨਾ ਮੰਨਣ ਦੇ ਬੁਰੇ ਅੰਜਾਮ ਭੁਗਤਣੇ ਪੈਣ। ਇਸੇ ਤਰ੍ਹਾਂ ਇਨਸਾਨਾਂ ਵੱਲੋਂ ਧਰਤੀ ਦਾ ਨੁਕਸਾਨ ਕਰਨ, ਮਜ਼ਬੂਤ ਇਮਾਰਤਾਂ ਨਾ ਬਣਾਉਣ ਅਤੇ ਕੁਦਰਤ ਵੱਲੋਂ ਮਿਲਦੀਆਂ ਚੇਤਾਵਨੀਆਂ ਵੱਲ ਧਿਆਨ ਨਾ ਦੇਣ ਕਾਰਨ ਉਨ੍ਹਾਂ ਨੂੰ ਅਕਸਰ ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਪਰਮੇਸ਼ੁਰ ਹਮੇਸ਼ਾ ਇਸ ਤਰ੍ਹਾਂ ਦੇ ਹਾਲਾਤ ਨਹੀਂ ਰਹਿਣ ਦੇਵੇਗਾ।

‘ਦੁਨੀਆਂ ਦਾ ਹਾਕਮ’

ਪਰਮੇਸ਼ੁਰ ਨੇ ਸ਼ੈਤਾਨ ਨੂੰ ਬਗਾਵਤ ਕਰਨ ਤੋਂ ਬਾਅਦ ਦੁਨੀਆਂ ਉੱਤੇ ਰਾਜ ਕਿਉਂ ਕਰਨ ਦਿੱਤਾ? ਇਕ ਕਿਤਾਬ ਮੁਤਾਬਕ “ਕੋਈ ਵੀ ਨਵੀਂ ਸਰਕਾਰ ਸ਼ੁਰੂ-ਸ਼ੁਰੂ ਵਿਚ ਸਮੱਸਿਆਵਾਂ ਦਾ ਦੋਸ਼ ਪਿਛਲੀ ਸਰਕਾਰ ਉੱਤੇ ਲਾ ਸਕਦੀ ਹੈ।” ਜੇ ਯਹੋਵਾਹ “ਦੁਨੀਆਂ ਦੇ ਹਾਕਮ” ਨੂੰ ਸਮੇਂ ਤੋਂ ਪਹਿਲਾਂ ਰਾਜ ਕਰਨ ਤੋਂ ਹਟਾ ਦਿੰਦਾ, ਤਾਂ ਸ਼ੈਤਾਨ ਆਪਣੀਆਂ ਨਾਕਾਮਯਾਬੀਆਂ ਦਾ ਦੋਸ਼ ਪਹਿਲੇ ਹਾਕਮ ਯਾਨੀ ਪਰਮੇਸ਼ੁਰ ਉੱਤੇ ਲਾ ਸਕਦਾ ਸੀ। (ਯੂਹੰਨਾ 12:31) ਪਰ ਸ਼ੈਤਾਨ ਨੂੰ ਕੁਝ ਸਮੇਂ ਤਕ ਦੁਨੀਆਂ ਉੱਤੇ ਆਪਣਾ ਅਧਿਕਾਰ ਚਲਾਉਣ ਦੀ ਇਜਾਜ਼ਤ ਦੇਣ ਕਰਕੇ ਇਹ ਸਾਬਤ ਹੋ ਗਿਆ ਹੈ ਕਿ ਉਹ ਰਾਜੇ ਵਜੋਂ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਫਿਰ ਵੀ ਇਹ ਸਵਾਲ ਉੱਠਦਾ ਹੈ ਕਿ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਦੁੱਖ ਖ਼ਤਮ ਹੋ ਜਾਣਗੇ? (g11-E 07)