ਮੁਲਾਕਾਤ | ਈਰੇਨ ਹੋਫ ਲੋਰੈਂਸੋ
ਆਰਥੋਪੀਡਿਕ ਸਰਜਨ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ
ਈਰੇਨ ਹੋਫ ਲੋਰੈਂਸੋ ਸਵਿਟਜ਼ਰਲੈਂਡ ਵਿਚ ਰੀੜ੍ਹ ਦੀ ਹੱਡੀ ਤੇ ਜੋੜਾਂ ਦੀ ਡਾਕਟਰ ਹੈ। ਇਕ ਸਮਾਂ ਸੀ ਜਦੋਂ ਉਸ ਦਾ ਰੱਬ ਤੋਂ ਵਿਸ਼ਵਾਸ ਉੱਠ ਗਿਆ ਸੀ। ਪਰ ਕੁਝ ਸਾਲ ਬਾਅਦ ਉਹ ਮੰਨਣ ਲੱਗ ਪਈ ਕਿ ਰੱਬ ਜ਼ਿੰਦਗੀ ਦੇਣ ਵਾਲਾ ਹੈ। ਜਾਗਰੂਕ ਬਣੋ! ਨੇ ਉਸ ਦੇ ਕੰਮ ਤੇ ਉਸ ਦੇ ਵਿਸ਼ਵਾਸਾਂ ਬਾਰੇ ਉਸ ਤੋਂ ਸਵਾਲ ਪੁੱਛੇ।
ਕਿਹੜੀ ਗੱਲ ਨੇ ਵਿਗਿਆਨ ਵਿਚ ਤੁਹਾਡੀ ਦਿਲਚਸਪੀ ਜਗਾਈ?
ਬਚਪਨ ਵਿਚ ਮੈਂ ਕੁਦਰਤ ਦੀਆਂ ਚੀਜ਼ਾਂ ਵਿਚ ਬਹੁਤ ਦਿਲਚਸਪੀ ਲੈਂਦੀ ਸੀ। ਮੈਂ ਜਿਊਰਿਕ ਝੀਲ ਦੇ ਕਿਨਾਰੇ ਰਿਕਟਰਸਵਿਲ ਨਾਂ ਦੇ ਇਕ ਪਿੰਡ ਵਿਚ ਵੱਡੀ ਹੋਈ। ਮੇਰੇ ਮਾਪੇ ਤੇ ਮੇਰੀ ਭੈਣ ਤੇ ਮੇਰਾ ਭਰਾ ਮੈਨੂੰ ਸੈਰ ਤੇ ਲੈ ਕੇ ਜਾਂਦੇ ਸਨ ਅਤੇ ਮੇਰੇ ਨਾਲ ਜੀਵ-ਜੰਤੂਆਂ ਤੇ ਪੇੜ-ਪੌਦਿਆਂ ਬਾਰੇ ਗੱਲਾਂ ਕਰਦੇ ਸਨ।
ਤੁਸੀਂ ਆਰਥੋਪੀਡਿਕ ਸਰਜਰੀ ਦੀ ਪੜ੍ਹਾਈ ਕਿਉਂ ਕੀਤੀ?
ਮੇਰੇ ਡੈਡੀ ਜੀ ਨੇ ਥੋੜ੍ਹੇ ਸਮੇਂ ਲਈ ਲਾਗੇ ਦੇ ਇਕ ਹਸਪਤਾਲ ਦੇ ਓਪਰੇਸ਼ਨ ਥੀਏਟਰ ਵਿਚ ਕੰਮ ਕੀਤਾ। ਉਨ੍ਹਾਂ ਨੇ ਉੱਥੇ ਜੋ ਵੀ ਦੇਖਿਆ, ਉਸ ਬਾਰੇ ਸਾਨੂੰ ਦੱਸਦੇ ਰਹਿੰਦੇ ਸਨ। ਉਨ੍ਹਾਂ ਦਾ ਜੋਸ਼ ਦੇਖ ਕੇ ਮੈਂ ਇਕ ਸਰਜਨ ਬਣਨ ਦਾ ਫ਼ੈਸਲਾ ਕੀਤਾ। ਮੈਂ ਆਰਥੋਪੀਡਿਕ ਸਰਜਰੀ ਦੀ ਖ਼ਾਸ ਟ੍ਰੇਨਿੰਗ ਲਈ ਕਿਉਂਕਿ ਮੈਨੂੰ ਇਸ ਗੱਲ ਵਿਚ ਦਿਲਚਸਪੀ ਸੀ ਕਿ ਸਾਡਾ ਸਰੀਰ ਕਿਵੇਂ ਕੰਮ ਕਰਦਾ ਹੈ। ਆਰਥੋਪੀਡਿਕ ਸਰਜਨ ਨੂੰ ਇਕ ਇੰਜੀਨੀਅਰ ਵਾਂਗ ਸੋਚਣਾ ਪੈਂਦਾ ਹੈ ਤਾਂਕਿ ਉਹ ਹੱਡੀਆਂ, ਮਾਸਪੇਸ਼ੀਆਂ ਤੇ ਨਸਾਂ ਦਾ ਸਹੀ ਢੰਗ ਨਾਲ ਓਪਰੇਸ਼ਨ ਕਰ ਸਕੇ।
ਇਸ ਤੋਂ ਇਲਾਵਾ, ਜਦੋਂ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ, ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ। ਨਾਲੇ ਮੈਨੂੰ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਚੰਗਾ ਲੱਗਦਾ ਹੈ।
ਤੁਹਾਡਾ ਰੱਬ ਤੋਂ ਵਿਸ਼ਵਾਸ ਕਿਉਂ ਉੱਠ ਗਿਆ ਸੀ?
ਇਸ ਦੇ ਪਿੱਛੇ ਖ਼ਾਸ ਕਰਕੇ ਦੋ ਕਾਰਨ ਸਨ। ਪਹਿਲਾ, ਮੈਂ ਦੇਖਿਆ ਕਿ ਚਰਚ ਦੇ ਕੁਝ ਪਾਦਰੀਆਂ ਦਾ ਚਾਲ-ਚਲਣ ਠੀਕ ਨਹੀਂ ਸੀ ਤੇ ਇਹ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਾ। ਦੂਜਾ, ਸਕੂਲ ਵਿਚ ਕੁਝ ਜੀਵ-ਵਿਗਿਆਨ ਦੇ ਅਧਿਆਪਕ ਵਿਕਾਸਵਾਦ ’ਤੇ ਵਿਸ਼ਵਾਸ ਕਰਦੇ ਸਨ। ਮੈਂ ਵੀ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਣ ਲੱਗ ਪਈ ਖ਼ਾਸ ਕਰਕੇ ਜਦੋਂ ਮੈਂ ਯੂਨੀਵਰਸਿਟੀ ਗਈ।
ਤੁਸੀਂ ਵਿਕਾਸਵਾਦ ’ਤੇ ਵਿਸ਼ਵਾਸ ਕਿਉਂ ਕਰਨ ਲੱਗ ਪਏ?
ਮੈਂ ਆਪਣੇ ਪ੍ਰੋਫ਼ੈਸਰਾਂ ਦੀਆਂ ਗੱਲਾਂ ’ਤੇ ਯਕੀਨ ਕਰਦੀ ਸੀ। ਨਾਲੇ ਮੈਂ ਸੋਚਿਆ ਕਿ ਵੱਖ-ਵੱਖ ਕਿਸਮ ਦੇ ਜਾਨਵਰਾਂ ਵਿਚ ਜੋ ਮਿਲਦੀਆਂ-ਜੁਲਦੀਆਂ ਗੱਲਾਂ ਹਨ, ਇਸ ਤੋਂ
ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਸ਼ੁਰੂਆਤ ਇਕ ਤੋਂ ਹੀ ਹੋਈ ਹੈ। ਇਸ ਕਰਕੇ ਮੈਂ ਸੋਚਦੀ ਹੁੰਦੀ ਸੀ ਕਿ ਸਾਡੇ ਸੈੱਲਾਂ ਦੇ ਜਨੈਟਿਕ ਕੋਡ ਵਿਚ ਤਬਦੀਲੀਆਂ ਕਾਰਨ ਨਵੀਆਂ ਨਸਲਾਂ ਪੈਦਾ ਹੁੰਦੀਆਂ ਹਨ।ਪਰ ਤੁਸੀਂ ਆਪਣੇ ਵਿਚਾਰ ਕਿਉਂ ਬਦਲ ਲਏ?
ਮੇਰੇ ਇਕ ਦੋਸਤ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਦੀ ਇਕ ਮੀਟਿੰਗ ਤੇ ਬੁਲਾਇਆ। ਮੰਡਲੀ ਦੇ ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਅਤੇ ਵਧੀਆ ਭਾਸ਼ਣ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਾ। ਇਸ ਤੋਂ ਬਾਅਦ ਮੰਡਲੀ ਦੀ ਇਕ ਔਰਤ ਮੈਨੂੰ ਮਿਲਣ ਆਈ ਤੇ ਮੈਂ ਉਸ ਨੂੰ ਪੁੱਛਿਆ: “ਮੈਂ ਕਿੱਦਾਂ ਯਕੀਨ ਕਰ ਸਕਦੀ ਹਾਂ ਕਿ ਬਾਈਬਲ ਦੀਆਂ ਗੱਲਾਂ ਸੱਚੀਆਂ ਹਨ?”
ਉਸ ਨੇ ਬਾਈਬਲ ਵਿੱਚੋਂ ਸਾਡੇ ਦਿਨਾਂ ਨਾਲ ਸੰਬੰਧ ਰੱਖਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਦਿਖਾਈਆਂ। ਮਿਸਾਲ ਲਈ, ਉਸ ਨੇ ਮੈਨੂੰ ਯਿਸੂ ਦੀ ਭਵਿੱਖਬਾਣੀ ਦਿਖਾਈ ਕਿ ਅੰਤ ਦੇ ਦਿਨਾਂ ਵਿਚ ਹਰ ਪਾਸੇ ਲੜਾਈਆਂ ਹੋਣਗੀਆਂ, “ਵੱਡੇ-ਵੱਡੇ ਭੁਚਾਲ਼ ਆਉਣਗੇ,” “ਥਾਂ-ਥਾਂ ਮਹਾਂਮਾਰੀਆਂ ਫੈਲਣਗੀਆਂ” ਅਤੇ “ਕਾਲ਼ ਪੈਣਗੇ।” * ਉਸ ਨੇ ਇਹ ਵੀ ਭਵਿੱਖਬਾਣੀ ਦਿਖਾਈ ਕਿ ਸਾਡੇ ਦਿਨਾਂ ਵਿਚ ਲੋਕ ਬੁਰੇ ਕੰਮ ਕਰਨਗੇ ਤੇ ਲਾਲਚੀ ਹੋਣਗੇ। * ਫਿਰ ਥੋੜ੍ਹੀ ਦੇਰ ਬਾਅਦ ਮੈਂ ਬਾਈਬਲ ਸਟੱਡੀ ਸ਼ੁਰੂ ਕਰ ਲਈ ਤੇ ਮੈਨੂੰ ਪਤਾ ਲੱਗਾ ਕਿ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਹਮੇਸ਼ਾ ਪੂਰੀਆਂ ਹੁੰਦੀਆਂ ਹਨ। ਜ਼ਿੰਦਗੀ ਦੀ ਸ਼ੁਰੂਆਤ ਬਾਰੇ ਮੈਂ ਆਪਣੇ ਵਿਚਾਰਾਂ ਦੀ ਵੀ ਦੁਬਾਰਾ ਜਾਂਚ ਕੀਤੀ।
ਕੀ ਤੁਹਾਡੀ ਮੈਡੀਕਲ ਰਿਸਰਚ ਨੇ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਸਮਝਣ ਵਿਚ ਮਦਦ ਕੀਤੀ?
ਬਿਲਕੁਲ। ਜਦੋਂ ਮੈਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੈਂ ਗੋਡੇ ਦੀ ਸਰਜਰੀ ਬਾਰੇ ਰਿਸਰਚ ਕਰ ਰਹੀ ਸੀ। 1960 ਦੇ ਦਹਾਕੇ ਦੇ ਅਖ਼ੀਰ ਵਿਚ ਵਿਗਿਆਨੀ ਹੋਰ ਚੰਗੀ ਤਰ੍ਹਾਂ ਸਮਝਣ ਲੱਗੇ ਕਿ ਗੋਡਾ ਕਿਵੇਂ ਕੰਮ ਕਰਦਾ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਦਰਵਾਜ਼ੇ ਦੇ ਕਬਜ਼ੇ ਦੀ ਤਰ੍ਹਾਂ ਗੋਡਾ ਸਿਰਫ਼ ਅੰਦਰ-ਬਾਹਰ ਨੂੰ ਹੀ ਨਹੀਂ ਮੁੜਦਾ, ਸਗੋਂ ਇਹ ਘੁੰਮ ਵੀ ਸਕਦਾ ਹੈ। ਇਸੇ ਕਰਕੇ ਅਸੀਂ ਚੱਲ-ਫਿਰ ਸਕਦੇ ਹਾਂ, ਨੱਚ ਸਕਦੇ ਹਾਂ, ਸਕੇਟਿੰਗ ਕਰ ਸਕਦੇ ਹਾਂ ਤੇ ਹੋਰ ਬਹੁਤ ਸਾਰੇ ਕੰਮ ਕਰ ਸਕਦੇ ਹਾਂ।
ਖੋਜਕਾਰ ਲਗਭਗ 40 ਸਾਲ ਤੋਂ ਬਨਾਵਟੀ ਗੋਡਾ ਡੀਜ਼ਾਈਨ ਕਰਨ ਦੀ ਕੋਸ਼ਿਸ਼ ਕਰਦੇ ਆਏ ਹਨ। ਪਰ ਮਨੁੱਖ ਦੇ ਗੋਡੇ ਦੀ ਨਕਲ ਕਰਨੀ ਬਹੁਤ ਮੁਸ਼ਕਲ ਕੰਮ ਹੈ। ਇਸ ਤੋਂ ਇਲਾਵਾ, ਬਨਾਵਟੀ ਗੋਡਾ ਮਨੁੱਖ ਦੇ ਗੋਡੇ ਤੋਂ ਘੱਟ ਸਮੇਂ ਲਈ ਕੰਮ ਕਰਦਾ ਹੈ। ਭਾਵੇਂ ਡੀਜ਼ਾਈਨਰ ਬਨਾਵਟੀ ਗੋਡਾ ਬਣਾਉਣ ਲਈ ਵਧੀਆ ਸਾਮਾਨ ਵਰਤਦੇ ਹਨ, ਫਿਰ ਵੀ ਇਹ ਗੋਡਾ ਸਿਰਫ਼ 20 ਕੁ ਸਾਲ ਤਕ ਚੱਲਦਾ ਹੈ। ਡੀਜ਼ਾਈਨਰ ਇਸ ਗੱਲ ਤੋਂ ਹੀ ਖ਼ੁਸ਼ ਹੋ ਜਾਂਦੇ ਹਨ। ਦਰਅਸਲ ਸਾਡਾ ਗੋਡਾ ਜੀਉਂਦੇ ਸੈੱਲਾਂ ਤੋਂ ਬਣਿਆ ਹੈ, ਇਸ ਕਰਕੇ ਸਾਡੇ ਗੋਡੇ ਦੇ ਸੈੱਲ ਨਵੇਂ ਹੁੰਦੇ ਰਹਿੰਦੇ ਹਨ। ਗੋਡੇ ਬਾਰੇ ਰਿਸਰਚ ਕਰਨ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਇਹ ਆਪਣੇ ਆਪ ਨਹੀਂ ਬਣਿਆ, ਸਗੋਂ ਇਸ ਨੂੰ ਬਣਾਉਣ ਵਾਲਾ ਬੁੱਧੀਮਾਨ ਰੱਬ ਹੈ।
ਜਨੈਟਿਕ ਕੋਡ ਵਿਚ ਤਬਦੀਲੀਆਂ ਅਤੇ ਜੀਉਂਦੀਆਂ ਚੀਜ਼ਾਂ ਵਿਚ ਮਿਲਦੀਆਂ-ਜੁਲਦੀਆਂ ਗੱਲਾਂ ਬਾਰੇ ਕੀ?
ਜੀਉਂਦੀਆਂ ਚੀਜ਼ਾਂ ਵਿਚ ਮਿਲਦੀਆਂ- ਜੁਲਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਡੀਜ਼ਾਈਨਰ ਇੱਕੋ ਹੈ। ਇਸ ਤੋਂ ਇਲਾਵਾ, ਜਨੈਟਿਕ ਕੋਡ ਵਿਚ ਤਬਦੀਲੀਆਂ ਹੋਣ ਕਰਕੇ ਜੀਉਂਦੀਆਂ ਚੀਜ਼ਾਂ ਦੇ ਡੀਜ਼ਾਈਨ ਵਿਚ ਸੁਧਾਰ ਨਹੀਂ ਹੁੰਦਾ। ਇਸ ਦੇ ਉਲਟ, ਇਨ੍ਹਾਂ ਤਬਦੀਲੀਆਂ ਕਰਕੇ ਜਨੈਟਿਕ ਕੋਡ ਨੂੰ ਨੁਕਸਾਨ ਪਹੁੰਚਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਤਬਦੀਲੀਆਂ ਕਰਕੇ ਮਨੁੱਖੀ ਗੋਡਾ ਜਾਂ ਸਰੀਰ ਦੇ ਹੋਰ ਅੰਗ ਆਪਣੇ ਆਪ ਕਦੇ ਨਹੀਂ ਬਣ ਸਕਦੇ।
ਜਨੈਟਿਕ ਕੋਡ ਵਿਚ ਤਬਦੀਲੀਆਂ ਹੋਣ ਕਰਕੇ ਮਨੁੱਖੀ ਗੋਡਾ ਆਪਣੇ ਆਪ ਕਦੇ ਨਹੀਂ ਬਣ ਸਕਦਾ
ਤੁਸੀਂ ਯਹੋਵਾਹ ਦੇ ਗਵਾਹ ਕਿਉਂ ਬਣੇ?
ਜਦੋਂ ਮੈਂ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲੱਗ ਪਈ, ਤਾਂ ਮੇਰੀ ਜ਼ਿੰਦਗੀ ਵਿਚ ਕਾਫ਼ੀ ਸੁਧਾਰ ਹੋਇਆ। ਨਾਲੇ 2003 ਵਿਚ ਮੈਂ ਯਹੋਵਾਹ ਦੇ ਗਵਾਹਾਂ ਦੇ ਇਕ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਤੇ ਗਈ। ਉੱਥੇ ਮੈਂ ਉਨ੍ਹਾਂ ਵਿਚ ਭੈਣਾਂ-ਭਰਾਵਾਂ ਵਰਗਾ ਪਿਆਰ ਅਤੇ ਏਕਤਾ ਦੇਖੀ ਜੋ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖੀ ਸੀ। ਉੱਥੇ ਉਹ ਗਵਾਹ ਵੀ ਸਨ ਜੋ ਪਹਿਲਾਂ ਇਕ-ਦੂਜੇ ਨੂੰ ਕਦੇ ਮਿਲੇ ਨਹੀਂ ਸਨ। ਉਨ੍ਹਾਂ ਦਾ ਪਿਆਰ ਦੇਖ ਕੇ ਮੈਂ ਵੀ ਯਹੋਵਾਹ ਦੀ ਗਵਾਹ ਬਣਨਾ ਚਾਹੁੰਦੀ ਸੀ। (g13 08-E)