ਇਹ ਕਿਸ ਦਾ ਕਮਾਲ ਹੈ?
ਜਗਮਗਾਉਂਦਾ ਜੁਗਨੂੰ
ਫੋਟੂਰਿਸ ਨਾਂ ਦੇ ਜੁਗਨੂੰ ਦੇ ਰੌਸ਼ਨੀ ਪੈਦਾ ਕਰਨ ਵਾਲੇ ਅੰਗ ਉੱਤੇ ਉੱਚੇ-ਨੀਵੇਂ ਰੱਖੇ ਛਿਲਕਿਆਂ ਦੀ ਪਰਤ ਹੁੰਦੀ ਹੈ ਜਿਸ ਕਰਕੇ ਜੁਗਨੂੰ ਦੁਆਰਾ ਪੈਦਾ ਕੀਤੀ ਰੌਸ਼ਨੀ ਬਹੁਤ ਜ਼ਿਆਦਾ ਚਮਕਦੀ ਹੈ। *
ਜ਼ਰਾ ਸੋਚੋ: ਖੋਜਕਾਰਾਂ ਨੇ ਦੇਖਿਆ ਹੈ ਕਿ ਕੁਝ ਕਿਸਮ ਦੇ ਜੁਗਨੂੰਆਂ ਦੇ ਰੌਸ਼ਨੀ ਪੈਦਾ ਕਰਨ ਵਾਲੇ ਅੰਗ ਉੱਤੇ ਛੋਟੇ-ਛੋਟੇ ਛਿਲਕਿਆਂ ਦੀ ਉੱਚੀ-ਨੀਵੀਂ ਪਰਤ ਹੁੰਦੀ ਹੈ, ਜਿਵੇਂ ਕਿਸੇ ਇਮਾਰਤ ਦੀ ਛੱਤ ਉੱਤੇ ਟਾਈਲਾਂ ਇਕ-ਦੂਜੇ ’ਤੇ ਟੇਢੀਆਂ ਰੱਖ ਕੇ ਲਾਈਆਂ ਹੁੰਦੀਆਂ ਹਨ। ਇਹ ਛਿਲਕੇ ਇਕ ਪਾਸਿਓਂ ਸਿਰਫ਼ 3 ਮਾਈਕ੍ਰੋਮੀਟਰ ਉੱਪਰ ਨੂੰ ਚੁੱਕ ਕੇ ਰੱਖੇ ਹੁੰਦੇ ਹਨ ਜੋ ਕਿ ਇਕ ਇਨਸਾਨੀ ਵਾਲ਼ ਦੀ ਮੋਟਾਈ ਦੇ 20ਵੇਂ ਹਿੱਸੇ ਤੋਂ ਵੀ ਘੱਟ ਹੈ। ਪਰ ਛਿਲਕੇ ਇੰਨੇ ਕੁ ਹੀ ਟੇਢੇ ਰੱਖਣ ਕਰਕੇ ਜੁਗਨੂੰ ਦੀ ਰੌਸ਼ਨੀ ਲਗਭਗ 50 ਪ੍ਰਤਿਸ਼ਤ ਜ਼ਿਆਦਾ ਚਮਕਦੀ ਹੈ। ਜੇ ਇਹ ਛਿਲਕੇ ਸਿੱਧੇ ਰੱਖੇ ਹੁੰਦੇ, ਤਾਂ ਰੌਸ਼ਨੀ ਇੰਨੀ ਨਹੀਂ ਸੀ ਚਮਕਣੀ।
ਕਈ ਇਲੈਕਟ੍ਰਾਨਿਕ ਯੰਤਰਾਂ ਵਿਚ ਐੱਲ. ਈ. ਡੀ. (light-emitting diodes) ਵਰਤੇ ਜਾਂਦੇ ਹਨ। ਕੀ ਇਨ੍ਹਾਂ ਤੋਂ ਜ਼ਿਆਦਾ ਰੌਸ਼ਨੀ ਪੈਦਾ ਕੀਤੀ ਜਾ ਸਕਦੀ ਹੈ? ਇਹ ਜਾਣਨ ਲਈ ਵਿਗਿਆਨੀਆਂ ਨੇ ਐੱਲ. ਈ. ਡੀ. ਉੱਤੇ ਇਕ ਉੱਚੀ-ਨੀਵੀਂ ਪਰਤ ਚੜ੍ਹਾਈ, ਜਿਵੇਂ ਜੁਗਨੂੰ ਦੇ ਰੌਸ਼ਨੀ ਪੈਦਾ ਕਰਨ ਵਾਲੇ ਅੰਗ ਉੱਤੇ ਛਿਲਕਿਆਂ ਦੀ ਉੱਚੀ-ਨੀਵੀਂ ਪਰਤ ਹੁੰਦੀ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਇਨ੍ਹਾਂ ਵਿੱਚੋਂ 55 ਪ੍ਰਤਿਸ਼ਤ ਜ਼ਿਆਦਾ ਰੌਸ਼ਨੀ ਪੈਦਾ ਹੋਈ। ਭੌਤਿਕ-ਵਿਗਿਆਨੀ ਐਨਿਕ ਬੇ ਕਹਿੰਦੀ ਹੈ: “ਇਸ ਖੋਜ ਦੀ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਕੁਦਰਤੀ ਚੀਜ਼ਾਂ ਦੀ ਧਿਆਨ ਨਾਲ ਜਾਂਚ ਕਰ ਕੇ ਬਹੁਤ ਕੁਝ ਸਿੱਖ ਸਕਦੇ ਹਾਂ।”
ਤੁਹਾਡਾ ਕੀ ਖ਼ਿਆਲ ਹੈ? ਕੀ ਫੋਟੂਰਿਸ ਨਾਂ ਦੇ ਜੁਗਨੂੰ ਵਿਚ ਲਾਈਟ ਪੈਦਾ ਕਰਨ ਦੀ ਕਾਬਲੀਅਤ ਆਪਣੇ ਆਪ ਹੀ ਪੈਦਾ ਹੋ ਗਈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ▪ (g14 02-E)
^ ਪੈਰਾ 3 ਵਿਗਿਆਨੀਆਂ ਨੇ ਇਸ ਜੁਗਨੂੰ ਦੀਆਂ ਸਾਰੀਆਂ ਕਿਸਮਾਂ ਦਾ ਅਧਿਐਨ ਨਹੀਂ ਕੀਤਾ ਹੈ।