ਮੁੱਖ ਪੰਨੇ ਤੋਂ | ਜੀਉਣ ਦਾ ਕੀ ਫ਼ਾਇਦਾ?
ਕਿਉਂਕਿ ਮਦਦ ਮਿਲ ਸਕਦੀ ਹੈ
“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਪਰਮੇਸ਼ੁਰ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਜਦੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਮਰਨਾ ਹੀ ਬਿਹਤਰ ਹੈ ਕਿਉਂਕਿ ਮੁਸ਼ਕਲਾਂ ਦਾ ਕੋਈ ਹੱਲ ਨਹੀਂ, ਤਾਂ ਇਨ੍ਹਾਂ ਕੁਝ ਗੱਲਾਂ ’ਤੇ ਵਿਚਾਰ ਕਰੋ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ।
ਪ੍ਰਾਰਥਨਾ। ਕਈ ਲੋਕਾਂ ਦਾ ਕਹਿਣਾ ਹੈ ਕਿ ਪ੍ਰਾਰਥਨਾ ਕਰਨ ਨਾਲ ਸਿਰਫ਼ ਮਨ ਦੀ ਸ਼ਾਂਤੀ ਮਿਲਦੀ ਹੈ। ਜਾਂ ਲੋਕ ਉਦੋਂ ਪ੍ਰਾਰਥਨਾ ਕਰਦੇ ਹਨ ਜਦੋਂ ਕੋਈ ਹੋਰ ਚਾਰਾ ਨਹੀਂ ਹੁੰਦਾ। ਪਰ ਪ੍ਰਾਰਥਨਾ ਰਾਹੀਂ ਤੁਸੀਂ ਯਹੋਵਾਹ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹੋ ਜਿਸ ਨੂੰ ਤੁਹਾਡਾ ਬਹੁਤ ਫ਼ਿਕਰ ਹੈ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣਾ ਦਿਲ ਉਸ ਅੱਗੇ ਖੋਲ੍ਹ ਦਿਓ। ਨਾਲੇ ਬਾਈਬਲ ਤਾਕੀਦ ਕਰਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 55:22.
ਕਿਉਂ ਨਾ ਅੱਜ ਤੁਸੀਂ ਰੱਬ ਅੱਗੇ ਅਰਦਾਸ ਕਰੋ? ਉਸ ਦਾ ਨਾਂ ਯਹੋਵਾਹ ਵਰਤੋ ਅਤੇ ਉਸ ਅੱਗੇ ਆਪਣੇ ਮਨ ਦਾ ਬੋਝ ਹਲਕਾ ਕਰੋ। (ਜ਼ਬੂਰਾਂ ਦੀ ਪੋਥੀ 62:8) ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਦੋਸਤ ਬਣੋ। (ਯਸਾਯਾਹ 55:6; ਯਾਕੂਬ 2:23) ਪ੍ਰਾਰਥਨਾ ਇਕ ਅਜਿਹਾ ਰਾਹ ਹੈ ਜਿਸ ਰਾਹੀਂ ਤੁਸੀਂ ਕਿਤੇ ਵੀ ਕਿਸੇ ਵੀ ਸਮੇਂ ਤੇ ਉਸ ਨਾਲ ਗੱਲ ਕਰ ਸਕਦੇ ਹੋ।
ਲੋਕਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਬਚਾਉਣ ਵਾਲੀ ਅਮਰੀਕਾ ਦੀ ਇਕ ਸੰਸਥਾ ਮੁਤਾਬਕ “ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਆਤਮ-ਹੱਤਿਆ ਕਰਨ ਵਾਲੇ 90% ਜਾਂ ਇਸ ਤੋਂ ਜ਼ਿਆਦਾ ਲੋਕਾਂ ਦੀ ਮੌਤ ਵੇਲੇ ਦਿਮਾਗ਼ੀ ਹਾਲਤ ਠੀਕ ਨਹੀਂ ਸੀ। ਇਹ ਗੱਲ ਸਾਮ੍ਹਣੇ ਆਈ ਹੈ ਕਿ ਨਾ ਤਾਂ ਉਨ੍ਹਾਂ ਦੀ ਬੀਮਾਰੀ ਦਾ ਪਤਾ ਲਾਇਆ ਗਿਆ ਤੇ ਨਾ ਹੀ ਇਲਾਜ ਕੀਤਾ ਗਿਆ।”
ਤੁਹਾਨੂੰ ਪਿਆਰ ਕਰਨ ਵਾਲੇ। ਤੁਹਾਡੇ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਦੀਆਂ ਨਜ਼ਰਾਂ ਵਿਚ ਤੁਹਾਡੀ ਜ਼ਿੰਦਗੀ ਬਹੁਤ ਅਨਮੋਲ ਹੈ। ਇਨ੍ਹਾਂ ਵਿਚ ਸ਼ਾਇਦ ਉਹ ਲੋਕ ਵੀ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਮਿਲੇ ਨਹੀਂ ਹੋ। ਮਿਸਾਲ ਲਈ, ਪ੍ਰਚਾਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਦੇ-ਕਦੇ ਦੁਖੀ ਲੋਕ ਮਿਲਦੇ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਕਬੂਲ ਕੀਤਾ ਕਿ ਉਹ ਮਦਦ ਲਈ ਤਰਸਦੇ ਸਨ ਅਤੇ ਆਪਣੀ ਜ਼ਿੰਦਗੀ ਖ਼ਤਮ ਕਰਨੀ ਚਾਹੁੰਦੇ ਸਨ। ਘਰ-ਘਰ ਪ੍ਰਚਾਰ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਅਜਿਹੇ ਲੋਕਾਂ ਦੀ ਮਦਦ ਕਰਨ ਦੇ ਮੌਕੇ ਮਿਲੇ ਹਨ। ਉਹ ਯਿਸੂ ਦੀ ਰੀਸ ਕਰਦਿਆਂ ਆਪਣੇ ਗੁਆਂਢੀਆਂ ਲਈ ਪਿਆਰ ਦਿਖਾਉਂਦੇ ਹਨ। ਉਹ ਵਾਕਈ ਤੁਹਾਨੂੰ ਪਿਆਰ ਕਰਦੇ ਹਨ।—ਯੂਹੰਨਾ 13:35.
ਡਾਕਟਰੀ ਮਦਦ। ਜਿਨ੍ਹਾਂ ਦੇ ਮਨ ਵਿਚ ਖ਼ੁਦਕੁਸ਼ੀ ਦੇ ਖ਼ਿਆਲ ਆਉਂਦੇ ਹਨ, ਉਨ੍ਹਾਂ ਨੂੰ ਸ਼ਾਇਦ ਡਿਪਰੈਸ਼ਨ ਹੋ ਸਕਦਾ ਹੈ। ਇਸ ਵਿਚ ਸ਼ਰਮਾਉਣ ਦੀ ਕੋਈ ਗੱਲ ਨਹੀਂ। ਕਿਹਾ ਜਾਂਦਾ ਹੈ ਕਿ ਜਿਵੇਂ ਜ਼ੁਕਾਮ ਕਿਸੇ ਨੂੰ ਵੀ ਹੋ ਸਕਦਾ ਹੈ ਉਸੇ ਤਰ੍ਹਾਂ ਡਿਪਰੈਸ਼ਨ ਦਾ ਕੋਈ ਵੀ ਸ਼ਿਕਾਰ ਹੋ ਸਕਦਾ ਹੈ। ਪਰ ਯਕੀਨ ਰੱਖੋ ਕਿ ਇਸ ਦਾ ਇਲਾਜ ਹੈ। * (g14 04-E)
ਯਾਦ ਰੱਖੋ: ਅਕਸਰ ਨਿਰਾਸ਼ਾ ਦੀ ਗਹਿਰੀ ਖਾਈ ਵਿੱਚੋਂ ਤੁਸੀਂ ਇਕੱਲੇ ਨਹੀਂ ਨਿਕਲ ਸਕਦੇ, ਪਰ ਹਾਂ ਤੁਸੀਂ ਕਿਸੇ ਦੇ ਸਹਾਰੇ ਨਾਲ ਇਸ ਵਿੱਚੋਂ ਜ਼ਰੂਰ ਨਿਕਲ ਸਕਦੇ ਹੋ।
ਹੁਣੇ ਕਦਮ ਚੁੱਕੋ: ਕਿਸੇ ਚੰਗੇ ਡਾਕਟਰ ਕੋਲ ਜਾਓ ਜੋ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ।
^ ਪੈਰਾ 8 ਜੇ ਤੁਹਾਡੇ ਮਨ ਵਿਚ ਆਪਣੀ ਜਾਨ ਲੈਣ ਦੇ ਖ਼ਿਆਲ ਹਾਵੀ ਹੁੰਦੇ ਹਨ, ਤਾਂ ਉਨ੍ਹਾਂ ਹਸਪਤਾਲਾਂ, ਸੈਂਟਰਾਂ ਜਾਂ ਕਲਿਨਿਕਾਂ ਦਾ ਪਤਾ ਕਰੋ ਜਿੱਥੇ ਮਾਨਸਿਕ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਥਾਵਾਂ ’ਤੇ ਅਜਿਹੇ ਮਰੀਜ਼ਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਖ਼ਾਸ ਟ੍ਰੇਨਿੰਗ ਮਿਲੀ ਹੁੰਦੀ ਹੈ।