ਇਹ ਕਿਸ ਦਾ ਕਮਾਲ ਹੈ?
ਸੱਪ ਦੀ ਖੱਲ
ਸੱਪ ਬਿਨਾਂ ਹੱਥਾਂ-ਪੈਰਾਂ ਦੇ ਰੀਂਗਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਤ ਖੱਲ ਦੀ ਲੋੜ ਹੁੰਦੀ ਹੈ ਤਾਂਕਿ ਉਹ ਰਗੜਾਂ ਨੂੰ ਸਹਿ ਸਕਣ। ਕੁਝ ਸੱਪ ਦਰਖ਼ਤਾਂ ਦੇ ਉੱਚੇ-ਨੀਵੇਂ ਤਣਿਆਂ ’ਤੇ ਚੜ੍ਹ ਜਾਂਦੇ ਹਨ ਅਤੇ ਕਈ ਖੁਰਦਰੀ ਰੇਤ ਵਿਚ ਵੜ ਜਾਂਦੇ ਹਨ। ਤਾਂ ਫਿਰ ਸੱਪ ਦੀ ਖੱਲ ਘਸਦੀ ਕਿਉਂ ਨਹੀਂ?
ਜ਼ਰਾ ਸੋਚੋ: ਹਰ ਸੱਪ ਦੀ ਖੱਲ ਦੀ ਬਣਤਰ ਤੇ ਮੋਟਾਈ ਵੱਖੋ-ਵੱਖਰੀ ਹੁੰਦੀ ਹੈ। ਪਰ ਇਨ੍ਹਾਂ ਵਿਚ ਇਕ ਆਮ ਗੱਲ ਪਾਈ ਜਾਂਦੀ ਹੈ ਕਿ ਸਾਰੇ ਸੱਪਾਂ ਦੀ ਚਮੜੀ ਬਾਹਰੋਂ ਮਜ਼ਬੂਤ ਅਤੇ ਅੰਦਰੋਂ ਨਰਮ ਹੁੰਦੀ ਜਾਂਦੀ ਹੈ। ਇਸ ਦਾ ਫ਼ਾਇਦਾ ਕੀ ਹੁੰਦਾ ਹੈ? ਇਕ ਖੋਜਕਾਰ ਮਰੀ-ਕ੍ਰਿਸਟਨ ਕਲਾਈਨ ਕਹਿੰਦੀ ਹੈ: “ਜਦ ਬਾਹਰੋਂ ਸਖ਼ਤ ਤੇ ਅੰਦਰੋਂ ਲਚਕੀਲੀ ਕਿਸੇ ਵੀ ਚੀਜ਼ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਹੈ, ਤਾਂ ਪ੍ਰੈਸ਼ਰ ਇੱਕੋ ਜਗ੍ਹਾ ਪੈਣ ਦੀ ਬਜਾਇ ਜ਼ਿਆਦਾ ਹਿੱਸੇ ਵਿਚ ਫੈਲ ਜਾਂਦਾ ਹੈ।” ਸੱਪ ਦੀ ਚਮੜੀ ਦੀ ਅਨੋਖੀ ਬਣਤਰ ਕਰਕੇ ਉਸ ਦੀ ਜ਼ਮੀਨ ਉੱਤੇ ਕਾਫ਼ੀ ਜਕੜ ਹੁੰਦੀ ਹੈ ਜਿਸ ਕਾਰਨ ਇਹ ਜ਼ਮੀਨ ’ਤੇ ਰੀਂਗ ਸਕਦਾ ਹੈ। ਨਾਲੇ ਤਿੱਖੇ ਪੱਥਰਾਂ ਦਾ ਦਬਾਅ ਚਮੜੀ ਦੇ ਜ਼ਿਆਦਾ ਹਿੱਸੇ ਵਿਚ ਫੈਲ ਜਾਂਦਾ ਹੈ ਜਿਸ ਕਾਰਨ ਇਸ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਦਾ। ਸੱਪ ਦੀ ਖੱਲ ਦਾ ਹੰਢਣਸਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੱਪ ਆਮ ਤੌਰ ਤੇ ਹਰ 2-3 ਮਹੀਨਿਆਂ ਬਾਅਦ ਆਪਣੀ ਕੰਜ ਲਾਹ ਦਿੰਦੇ ਹਨ।
ਮਿਸਾਲ ਲਈ, ਜੇ ਸੱਪ ਦੀ ਖੱਲ ਵਰਗੀਆਂ ਚੀਜ਼ਾਂ ਡਾਕਟਰੀ ਖੇਤਰ ਲਈ ਬਣਾਈਆਂ ਜਾਣ, ਤਾਂ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਇਨ੍ਹਾਂ ਚੀਜ਼ਾਂ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਹ ਨਾ ਤਾਂ ਫਿਸਲਣਗੀਆਂ ਤੇ ਨਾ ਹੀ ਘਸਣਗੀਆਂ। ਨਾਲੇ ਜੇ ਫੈਕਟਰੀ ਦੀਆਂ ਮਸ਼ੀਨਾਂ ਦੇ ਪੁਰਜੇ ਸੱਪ ਦੀ ਖੱਲ ਵਰਗੇ ਬਣਾਏ ਜਾਣ, ਤਾਂ ਸ਼ਾਇਦ ਥੋੜ੍ਹਾ ਹੀ ਤੇਲ ਪਾਉਣ ਦੀ ਲੋੜ ਪਵੇਗੀ।
ਤੁਹਾਡਾ ਕੀ ਖ਼ਿਆਲ ਹੈ? ਕੀ ਸੱਪ ਦੀ ਖੱਲ ਆਪਣੇ ਆਪ ਹੀ ਬਣ ਗਈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ▪ (g14 03-E)