ਇਹ ਕਿਸ ਦਾ ਕਮਾਲ ਹੈ?
ਬਿੱਲੀ ਦੀਆਂ ਮੁੱਛਾਂ ਦੇ ਫ਼ਾਇਦੇ
ਘਰੇਲੂ ਬਿੱਲੀਆਂ ਜ਼ਿਆਦਾਤਰ ਰਾਤ ਨੂੰ ਜਾਗਦੀਆਂ ਹਨ। ਉਨ੍ਹਾਂ ਦੀਆਂ ਮੁੱਛਾਂ ਉਨ੍ਹਾਂ ਨੂੰ ਨੇੜੇ ਪਈਆਂ ਚੀਜ਼ਾਂ ਨੂੰ ਪਛਾਣਨ ਤੇ ਸ਼ਿਕਾਰ ਫੜਨ ਵਿਚ ਮਦਦ ਕਰਦੀਆਂ ਹਨ, ਖ਼ਾਸ ਕਰਕੇ ਹਨੇਰਾ ਹੋਣ ਤੇ।
ਗੌਰ ਕਰੋ: ਬਿੱਲੀਆਂ ਦੀਆਂ ਮੁੱਛਾਂ ਟਿਸ਼ੂਆਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਟਿਸ਼ੂਆਂ ਦੀਆਂ ਬਹੁਤ ਸਾਰੀਆਂ ਨਸਾਂ ਹੁੰਦੀਆਂ ਹਨ। ਇਨ੍ਹਾਂ ਨਸਾਂ ਦੀ ਮਦਦ ਨਾਲ ਬਿੱਲੀਆਂ ਨੂੰ ਹਵਾ ਵਿਚ ਹੁੰਦੀ ਥੋੜ੍ਹੀ ਜਿਹੀ ਹਰਕਤ ਵੀ ਪਤਾ ਲੱਗ ਜਾਂਦੀ ਹੈ। ਇਸ ਕਰਕੇ ਬਿੱਲੀਆਂ ਬਿਨਾਂ ਦੇਖੇ ਨੇੜੇ ਪਈਆਂ ਚੀਜ਼ਾਂ ਨੂੰ ਲੱਭ ਸਕਦੀਆਂ ਹਨ ਜਿਸ ਦਾ ਉਨ੍ਹਾਂ ਨੂੰ ਰਾਤ ਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ।
ਬਿੱਲੀ ਦੀਆਂ ਮੁੱਛਾਂ ਨਾਲ ਉਨ੍ਹਾਂ ਨੂੰ ਏਅਰ ਪ੍ਰੈਸ਼ਰ ਦਾ ਬਹੁਤ ਜਲਦੀ ਪਤਾ ਲੱਗ ਜਾਂਦਾ ਹੈ। ਇਸ ਕਰਕੇ ਬਿੱਲੀਆਂ ਇਨ੍ਹਾਂ ਦਾ ਇਸਤੇਮਾਲ ਸ਼ਿਕਾਰ ਦੇ ਠਿਕਾਣੇ ਨੂੰ ਲੱਭਣ ਅਤੇ ਚੀਜ਼ਾਂ ਦੀ ਹਰਕਤ ਦਾ ਪਤਾ ਲਗਾਉਣ ਲਈ ਕਰਦੀਆਂ ਹਨ। ਕਿਸੇ ਵੀ ਜਗ੍ਹਾ ਵਿਚ ਵੜਨ ਤੋਂ ਪਹਿਲਾਂ ਬਿੱਲੀਆਂ ਦੀਆਂ ਮੁੱਛਾਂ ਉਸ ਜਗ੍ਹਾ ਦੀ ਚੌੜਾਈ ਨੂੰ ਮਾਪਣ ਲਈ ਵੀ ਮਦਦਗਾਰ ਹੁੰਦੀਆਂ ਹਨ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਇਹ ਗੱਲ ਮੰਨਦਾ ਹੈ ਕਿ “ਮੁੱਛਾਂ ਦੇ ਸਾਰੇ ਫ਼ਾਇਦਿਆਂ ਬਾਰੇ ਨਹੀਂ ਪਤਾ, ਪਰ ਇੰਨਾ ਪਤਾ ਹੈ ਕਿ ਜੇ ਇਨ੍ਹਾਂ ਨੂੰ ਕੱਟ ਦਿੱਤਾ ਜਾਵੇ, ਤਾਂ ਬਿੱਲੀਆਂ ਕੁਝ ਸਮੇਂ ਲਈ ਨਕਾਰਾ ਹੋ ਜਾਂਦੀਆਂ ਹਨ।”
ਵਿਗਿਆਨੀ ਇਸ ਤਰ੍ਹਾਂ ਦੇ ਰੋਬੋਟ ਤਿਆਰ ਕਰਦੇ ਹਨ ਜਿਨ੍ਹਾਂ ਵਿਚ ਬਿੱਲੀਆਂ ਦੀਆਂ ਮੁੱਛਾਂ ਦੀ ਨਕਲ ਕਰ ਕੇ ਸੈਂਸਰ ਲਗਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਮਦਦ ਨਾਲ ਰੋਬੋਟ ਬਿਨਾਂ ਟਕਰਾਏ ਇੱਧਰ-ਉੱਧਰ ਜਾ ਸਕਦੇ ਹਨ। ਇਨ੍ਹਾਂ ਸੈਂਸਰਾਂ ਨੂੰ ਈ-ਵਿਸਕਰਸ ਕਿਹਾ ਜਾਂਦਾ ਹੈ। ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਬਰਕਲੀ ਦਾ ਵਿਗਿਆਨੀ ਅਲੀ ਜਾਵੇ ਕਹਿੰਦਾ ਹੈ ਕਿ ਇਨ੍ਹਾਂ ਦਾ ਇਸਤੇਮਾਲ “ਅਡਵਾਂਸ ਰੋਬੋਟਿਕਸ, ਉਹ ਮਸ਼ੀਨਾਂ ਜਿਨ੍ਹਾਂ ਰਾਹੀਂ ਇਨਸਾਨ ਮਸ਼ੀਨਾਂ ਨਾਲ ਗੱਲ ਕਰ ਸਕਦਾ ਹੈ, ਜੀਵ-ਵਿਗਿਆਨ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਕੀਤਾ ਜਾਣਾ ਚਾਹੀਦਾ ਹੈ।”
ਤੁਹਾਡਾ ਕੀ ਖ਼ਿਆਲ ਹੈ? ਕੀ ਬਿੱਲੀ ਦੀਆਂ ਮੁੱਛਾਂ ਵਿਚ ਕੰਮ ਕਰਨ ਦੀ ਕਾਬਲੀਅਤ ਆਪਣੇ ਆਪ ਹੀ ਪੈਦਾ ਹੋ ਗਈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ▪ (g15-E 04)