Skip to content

Skip to table of contents

ਮੁੱਖ ਪੰਨੇ ਤੋਂ | ਘਰ ਵਿਚ ਕਿਵੇਂ ਰੱਖੀਏ ਸ਼ਾਂਤੀ

ਪਰਿਵਾਰ ਵਿਚ ਸ਼ਾਂਤੀ ਦਾ ਬਸੇਰਾ

ਪਰਿਵਾਰ ਵਿਚ ਸ਼ਾਂਤੀ ਦਾ ਬਸੇਰਾ

ਤੁਹਾਡੇ ਖ਼ਿਆਲ ਨਾਲ ਕੀ ਬਾਈਬਲ ਘਰ ਵਿਚ ਸੁੱਖ-ਸ਼ਾਂਤੀ ਲਿਆਉਣ ਵਿਚ ਸਾਡੀ ਮਦਦ ਕਰ ਸਕਦੀ ਹੈ? ਇਸ ਬਾਰੇ ਕੁਝ ਪਰਿਵਾਰਾਂ ਨਾਲ ਗੱਲ ਕੀਤੀ ਗਈ। ਦੇਖੋ ਕਿ ਬਾਈਬਲ ਵਿਚ ਦੱਸੀਆਂ ਗੱਲਾਂ ਨੇ ਉਨ੍ਹਾਂ ਦੀ ਕਿਸ ਤਰ੍ਹਾਂ ਮਦਦ ਕੀਤੀ। ਕੁਝ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਲੜਾਈ-ਝਗੜੇ ਤੋਂ ਬਚ ਸਕਦੇ ਹੋ, ਸ਼ਾਂਤੀ ਬਣਾਈ ਰੱਖ ਸਕਦੇ ਹੋ ਅਤੇ ਵਿਆਹੁਤਾ ਬੰਧਨ ਦੀਆਂ ਤੰਦਾਂ ਨੂੰ ਕਿਵੇਂ ਪੱਕਾ ਕਰ ਸਕਦੇ ਹੋ।

ਸ਼ਾਂਤੀ ਬਣਾਈ ਰੱਖਣ ਲਈ ਬਾਈਬਲ ਦੇ ਅਸੂਲ

ਇਕ-ਦੂਜੇ ਬਾਰੇ ਚੰਗਾ ਸੋਚੋ

“ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ। ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”ਫ਼ਿਲਿੱਪੀਆਂ 2:3, 4.

“ਅਸੀਂ ਦੇਖਿਆ ਹੈ ਕਿ ਜੀਵਨ ਸਾਥੀ ਨੂੰ ਆਪਣੇ ਤੇ ਦੂਜਿਆਂ ਨਾਲੋਂ ਜ਼ਿਆਦਾ ਅਹਿਮੀਅਤ ਦੇਣੀ ਚੰਗੀ ਗੱਲ ਹੈ।”—ਸੀ. ਪੀ., 19 ਸਾਲਾਂ ਤੋਂ ਵਿਆਹੀ ਹੋਈ।

ਧਿਆਨ ਨਾਲ ਸੁਣੋ

“ਉਨ੍ਹਾਂ ਨੂੰ ਯਾਦ ਕਰਾਉਂਦਾ ਰਹਿ ਕਿ ਉਹ . . . ਲੜਾਈ-ਝਗੜੇ ਨਾ ਕਰਨ, ਅੜਬ ਨਾ ਹੋਣ ਅਤੇ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣ।”ਤੀਤੁਸ 3:1, 2.

“ਬਹੁਤ ਸਾਰੇ ਤਣਾਅ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਝਗੜਾਲੂ ਆਵਾਜ਼ ਵਿਚ ਗੱਲ ਨਾ ਕਰੀਏ। ਜੇ ਤੁਸੀਂ ਇਕ-ਦੂਜੇ ਦੀ ਗੱਲ ਨਾਲ ਸਹਿਮਤ ਨਹੀਂ ਵੀ ਹੋ, ਫਿਰ ਵੀ ਇਕ-ਦੂਜੇ ਦੀ ਗੱਲ ਧਿਆਨ ਨਾਲ ਸੁਣੋ ਅਤੇ ਪਹਿਲਾਂ ਤੋਂ ਹੀ ਕੋਈ ਰਾਇ ਕਾਇਮ ਨਾ ਕਰੋ।”—ਪੀ. ਪੀ., 20 ਸਾਲਾਂ ਤੋਂ ਵਿਆਹੀ ਹੋਈ।

ਧੀਰਜ ਅਤੇ ਨਰਮਾਈ ਪੈਦਾ ਕਰੋ

“ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ, ਅਤੇ ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।”ਕਹਾਉਤਾਂ 25:15.

“ਝਗੜੇ ਤਾਂ ਹੋਣੇ ਹੀ ਹਨ, ਪਰ ਇਹ ਤਾਂ ਹੀ ਸੁਲਝਾਏ ਜਾ ਸਕਦੇ ਹਨ ਜੇਕਰ ਸਾਡਾ ਰਵੱਈਆ ਸਹੀ ਹੈ। ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਜੇ ਰੱਖਦੇ ਹਾਂ, ਤਾਂ ਅਸੀਂ ਦੇਖਿਆ ਹੈ ਕਿ ਸਾਰਾ ਕੁਝ ਠੀਕ ਹੋ ਜਾਂਦਾ ਹੈ।”—ਜੀ. ਏ., 27 ਸਾਲਾਂ ਤੋਂ ਵਿਆਹੀ ਹੋਈ।

ਗਾਲ਼ੀ-ਗਲੋਚ ਤੇ ਮਾਰ-ਕੁੱਟ ਨਾ ਕਰੋ

“ਹੁਣ ਤੁਸੀਂ ਇਹ ਸਭ ਕੁਝ ਛੱਡ ਦਿਓ ਯਾਨੀ ਕ੍ਰੋਧ, ਗੁੱਸਾ, ਬੁਰਾਈ, ਗਾਲ਼ੀ-ਗਲੋਚ ਅਤੇ ਆਪਣੇ ਮੂੰਹੋਂ ਅਸ਼ਲੀਲ ਗੱਲਾਂ ਕਰਨੀਆਂ।”ਕੁਲੁੱਸੀਆਂ 3:8.

“ਮੈਂ ਆਪਣੇ ਪਤੀ ਦੀ ਦਾਦ ਦਿੰਦੀ ਹਾਂ ਕਿ ਉਹ ਆਪੇ ਤੋਂ ਬਾਹਰ ਨਹੀਂ ਹੁੰਦਾ। ਉਹ ਹਮੇਸ਼ਾ ਸ਼ਾਂਤ ਰਹਿੰਦਾ ਹੈ। ਉਹ ਮੇਰੇ ’ਤੇ ਨਾ ਕਦੇ ਚਿਲਾਉਂਦਾ ਤੇ ਨਾ ਹੀ ਮੇਰੀ ਬੇਇੱਜ਼ਤੀ ਕਰਦਾ ਹੈ।”—ਬੀ. ਡੀ., 20 ਸਾਲਾਂ ਤੋਂ ਵਿਆਹੀ ਹੋਈ।

ਛੇਤੀ ਮਾਫ਼ ਕਰਨ ਤੇ ਝਗੜੇ ਸੁਲਝਾਉਣ ਲਈ ਤਿਆਰ ਰਹੋ

“ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”ਕੁਲੁੱਸੀਆਂ 3:13.

“ਤਣਾਅ ਵਿਚ ਹੁੰਦਿਆਂ ਹਮੇਸ਼ਾ ਸ਼ਾਂਤ ਰਹਿਣਾ ਸੌਖਾ ਨਹੀਂ ਹੁੰਦਾ ਅਤੇ ਤੁਸੀਂ ਝੱਟ ਹੀ ਇੱਦਾਂ ਦਾ ਕੁਝ ਕਹਿ ਜਾਂ ਕਰ ਦਿੰਦੇ ਹੋ ਜਿਸ ਨਾਲ ਤੁਹਾਡੇ ਜੀਵਨ ਸਾਥੀ ਨੂੰ ਗਹਿਰੀ ਸੱਟ ਲੱਗਦੀ ਹੈ। ਇਸ ਸਮੇਂ ਕਿੰਨਾ ਚੰਗਾ ਹੋਵੇਗਾ ਜੇ ਅਸੀਂ ਮਾਫ਼ ਕਰ ਦੇਈਏ। ਮਾਫ਼ੀ ਤੋਂ ਬਿਨਾਂ ਖ਼ੁਸ਼ੀਆਂ ਭਰਿਆ ਵਿਆਹੁਤਾ ਜੀਵਨ ਅਸੰਭਵ ਹੈ।”—ਏ. ਬੀ., 34 ਸਾਲਾਂ ਤੋਂ ਵਿਆਹੀ ਹੋਈ।

ਖੁੱਲ੍ਹੇ ਦਿਲ ਨਾਲ ਦੇਣ ਦੀ ਆਦਤ ਪਾਓ

“ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ। . . . ਜਿਸ ਮਾਪ ਨਾਲ ਤੁਸੀਂ ਮਾਪ ਕੇ ਦੂਸਰਿਆਂ ਨੂੰ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਮਾਪ ਕੇ ਦੇਣਗੇ।”ਲੂਕਾ 6:38.

“ਮੇਰਾ ਪਤੀ ਜਾਣਦਾ ਹੈ ਕਿ ਮੈਨੂੰ ਕੀ ਪਸੰਦ ਹੈ ਤੇ ਉਹ ਹਮੇਸ਼ਾ ਮੈਨੂੰ ਤੋਹਫ਼ੇ ਲਿਆ ਕੇ ਦਿੰਦਾ ਹੈ। ਫਿਰ ਮੈਂ ਵੀ ਅਕਸਰ ਸੋਚਦੀ ਹਾਂ ਕਿ ‘ਮੈਂ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਕੀ ਦੇਵਾਂ?’ ਇੱਦਾਂ ਕਰਨ ਨਾਲ ਸਾਨੂੰ ਬਹੁਤ ਹਾਸਾ ਆਉਂਦਾ ਹੈ, ਤੇ ਅਸੀਂ ਹਾਲੇ ਵੀ ਇੱਦਾਂ ਹੀ ਕਰਦੇ ਹਾਂ।”—ਐੱਚ. ਕੇ., 44 ਸਾਲਾਂ ਤੋਂ ਵਿਆਹੀ ਹੋਈ।

ਘਰ ਸ਼ਾਂਤੀ ਕਾਇਮ ਕਰਨ ਵਿਚ ਕਦੀ ਹਾਰ ਨਾ ਮੰਨੋ

ਦੁਨੀਆਂ ਭਰ ਵਿਚ ਰਹਿੰਦੇ ਲੱਖਾਂ ਪਰਿਵਾਰਾਂ ਵਿੱਚੋਂ ਜਾਗਰੂਕ ਬਣੋ! ਨੇ ਕੁਝ ਪਰਿਵਾਰਾਂ ਦੀ ਇੰਟਰਵਿਊ ਲਈ ਜਿਨ੍ਹਾਂ ਨੇ ਬਾਈਬਲ ਦੀ ਮਦਦ ਨਾਲ ਉਹ ਗੁਣ ਪੈਦਾ ਕੀਤੇ ਜੋ ਘਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਹਨ। * ਉਨ੍ਹਾਂ ਨੇ ਦੇਖਿਆ ਹੈ ਕਿ ਜੇ ਪਰਿਵਾਰ ਦੇ ਕੁਝ ਮੈਂਬਰ ਸ਼ਾਂਤੀ ਰੱਖਣ ਦੀ ਕੋਸ਼ਿਸ਼ ਨਹੀਂ ਵੀ ਕਰਦੇ, ਫਿਰ ਵੀ ਸ਼ਾਂਤੀ ਬਣਾਉਣ ਦੀਆਂ ਕੋਸ਼ਿਸ਼ਾਂ ਬੇਕਾਰ ਨਹੀਂ ਜਾਂਦੀਆਂ ਕਿਉਂਕਿ ਬਾਈਬਲ ਵਾਅਦਾ ਕਰਦੀ ਹੈ: “ਸ਼ਾਂਤੀ ਦੇ ਸਲਾਹੂਆਂ ਲਈ ਅਨੰਦ ਹੁੰਦਾ ਹੈ।”ਕਹਾਉਤਾਂ 12:20. (g15-E 12)

^ ਪੈਰਾ 24 ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆਈਏ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 14ਵਾਂ ਅਧਿਆਇ ਦੇਖੋ। ਤੁਸੀਂ ਇਹ ਕਿਤਾਬ www.dan124.com/pa ’ਤੇ ਪੜ੍ਹ ਸਕਦੇ ਹੋ। BIBLE TEACHINGS > HELP FOR THE FAMILY ਹੇਠਾਂ ਵੀ ਦੇਖੋ।