ਪਰਮੇਸ਼ੁਰ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦਿੰਦਾ ਹੈ
ਪਰਮੇਸ਼ੁਰ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦਿੰਦਾ ਹੈ
ਕੁਰਨੇਲਿਯੁਸ ਇਕ ਅਜਿਹਾ ਮਨੁੱਖ ਸੀ ਜਿਸ ਨੇ ਵਾਰ-ਵਾਰ ਦਿਲੋਂ ਪ੍ਰਾਰਥਨਾਵਾਂ ਕਰ ਕੇ ਪਰਮੇਸ਼ੁਰ ਦੀ ਕਿਰਪਾ ਭਾਲੀ। ਇਸ ਤੋਂ ਇਲਾਵਾ, ਉਸ ਨੇ ਫ਼ੌਜੀ ਅਫ਼ਸਰ ਹੋਣ ਵਜੋਂ ਆਪਣੇ ਰੁਤਬੇ ਦਾ ਚੰਗਾ ਇਸਤੇਮਾਲ ਕੀਤਾ। ਬਾਈਬਲ ਮੁਤਾਬਕ, ਉਹ ਲੋੜਵੰਦ “ਲੋਕਾਂ ਨੂੰ ਬਹੁਤ ਦਾਨ ਦਿੰਦਾ” ਹੁੰਦਾ ਸੀ।—ਰਸੂਲਾਂ ਦੇ ਕਰਤੱਬ 10:1, 2.
ਉਸ ਸਮੇਂ, ਮਸੀਹੀ ਕਲੀਸਿਯਾ ਵਿਸ਼ਵਾਸੀ ਯਹੂਦੀਆਂ, ਨਵ-ਧਰਮੀਆਂ ਅਤੇ ਸਾਮਰੀਆਂ ਨਾਲ ਬਣੀ ਹੋਈ ਸੀ। ਕੁਰਨੇਲਿਯੁਸ ਬੇਸੁੰਨਤੀ ਪਰਾਈਆਂ ਕੌਮਾਂ ਵਿੱਚੋਂ ਸੀ ਤੇ ਮਸੀਹੀ ਕਲੀਸਿਯਾ ਦਾ ਹਿੱਸਾ ਨਹੀਂ ਸੀ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਉਸ ਦੀਆਂ ਪ੍ਰਾਰਥਨਾਵਾਂ ਬੇਕਾਰ ਗਈਆਂ? ਬਿਲਕੁਲ ਨਹੀਂ। ਯਹੋਵਾਹ ਪਰਮੇਸ਼ੁਰ ਨੇ ਕੁਰਨੇਲਿਯੁਸ ਅਤੇ ਉਸ ਦੇ ਪ੍ਰਾਰਥਨਾਪੂਰਬਕ ਕੀਤੇ ਗਏ ਕੰਮਾਂ ਵੱਲ ਧਿਆਨ ਦਿੱਤਾ।—ਰਸੂਲਾਂ ਦੇ ਕਰਤੱਬ 10:4.
ਦੂਤਾਂ ਦੀ ਅਗਵਾਈ ਨਾਲ, ਕੁਰਨੇਲਿਯੁਸ ਦਾ ਮਸੀਹੀ ਕਲੀਸਿਯਾ ਨਾਲ ਮੇਲ ਕਰਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 10:30-33) ਨਤੀਜੇ ਵਜੋਂ, ਉਸ ਨੂੰ ਅਤੇ ਉਸ ਦੇ ਘਰਾਣੇ ਨੂੰ ਪਰਾਈਆਂ ਕੌਮਾਂ ਵਿੱਚੋਂ ਪਹਿਲੇ ਬੇਸੁੰਨਤੀ ਮਸੀਹੀਆਂ ਵਜੋਂ ਕਲੀਸਿਯਾ ਵਿਚ ਮਨਜ਼ੂਰ ਕੀਤੇ ਜਾਣ ਦਾ ਵਿਸ਼ੇਸ਼-ਸਨਮਾਨ ਮਿਲਿਆ ਸੀ। ਯਹੋਵਾਹ ਨੇ ਕੁਰਨੇਲਿਯੁਸ ਦੇ ਨਿੱਜੀ ਤਜਰਬੇ ਨੂੰ ਬਾਈਬਲ ਵਿਚ ਲਿਖੇ ਜਾਣ ਦੇ ਕਾਬਲ ਸਮਝਿਆ। ਨਿਰਸੰਦੇਹ, ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਮਿਆਰਾਂ ਦੀ ਇਕਸੁਰਤਾ ਵਿਚ ਲਿਆਉਣ ਲਈ ਉਸ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹੋਣਗੀਆਂ। (ਯਸਾਯਾਹ 2:2-4; ਯੂਹੰਨਾ 17:16) ਕੁਰਨੇਲਿਯੁਸ ਦੇ ਤਜਰਬੇ ਤੋਂ ਸਾਰੀਆਂ ਕੌਮਾਂ ਦੇ ਉਨ੍ਹਾਂ ਲੋਕਾਂ ਨੂੰ ਵੱਡੀ ਹੌਸਲਾ-ਅਫ਼ਜ਼ਾਈ ਮਿਲਣੀ ਚਾਹੀਦੀ ਹੈ ਜਿਹੜੇ ਅੱਜ ਪਰਮੇਸ਼ੁਰ ਦੀ ਕਿਰਪਾ ਭਾਲ ਰਹੇ ਹਨ। ਹੇਠਾਂ ਦਿੱਤੀਆਂ ਕੁਝ ਮਿਸਾਲਾਂ ਤੇ ਗੌਰ ਕਰੋ।
ਅੱਜ ਦੇ ਦਿਨਾਂ ਦੀਆਂ ਮਿਸਾਲਾਂ
ਭਾਰਤ ਦੀ ਇਕ ਮੁਟਿਆਰ ਤੀਵੀਂ ਨੂੰ ਦਿਲਾਸੇ ਦੀ ਹੱਦੋਂ ਵੱਧ ਲੋੜ ਸੀ। ਉਸ ਦਾ ਵਿਆਹ 21 ਸਾਲਾਂ ਦੀ ਉਮਰ ਵਿਚ ਹੋਇਆ ਸੀ। ਉਸ ਦੇ ਦੋ ਬੱਚੇ ਸਨ। ਪਰ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਹੀ ਉਸ ਦਾ ਪਤੀ ਗੁਜ਼ਰ ਗਿਆ। ਅਚਾਨਕ, 24 ਸਾਲਾਂ ਦੀ ਉਮਰ ਵਿਚ ਉਹ ਵਿਧਵਾ ਹੋ ਗਈ। ਉਸ ਵੇਲੇ ਉਸ ਦੀ ਧੀ ਸਿਰਫ਼ ਦੋ ਹੀ ਮਹੀਨਿਆਂ ਦੀ ਸੀ ਤੇ ਉਸ ਦਾ ਮੁੰਡਾ 22 ਮਹੀਨਿਆਂ ਦਾ ਸੀ। ਵਾਕਈ ਉਸ ਨੂੰ ਦਿਲਾਸੇ ਦੀ ਬਹੁਤ ਲੋੜ ਸੀ! ਪਰ ਉਸ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਸੀ? ਇਕ ਰਾਤ, ਡੂੰਘੀ ਨਿਰਾਸ਼ਾ ਵਿਚ ਉਸ ਨੇ ਪ੍ਰਾਰਥਨਾ ਕੀਤੀ ਤੇ ਕਿਹਾ, “ਹੇ ਸਵਰਗੀ ਪਿਤਾ, ਕਿਰਪਾ ਕਰ ਕੇ ਮੈਨੂੰ ਆਪਣੇ ਬਚਨ ਦੁਆਰਾ ਦਿਲਾਸਾ ਦਿਓ।”
ਅਗਲੀ ਸਵੇਰ ਨੂੰ ਉਸ ਦੇ ਘਰ ਇਕ ਵਿਅਕਤੀ ਆਇਆ। ਉਹ ਇਕ ਯਹੋਵਾਹ ਦਾ ਗਵਾਹ ਸੀ। ਉਸ ਦਿਨ, ਉਸ ਦੀ ਘਰ-ਘਰ ਦੀ ਸੇਵਕਾਈ ਔਖੀ ਰਹੀ ਸੀ, ਕਿਉਂਕਿ ਉਸ ਦਿਨ ਬਹੁਤ ਘੱਟ ਲੋਕਾਂ ਨੇ ਉਸ ਦੀ ਗੱਲ ਸੁਣਨ ਲਈ ਆਪਣੇ ਬੂਹੇ ਖੋਲ੍ਹੇ। ਥੱਕਿਆ-ਟੁੱਟਿਆ ਅਤੇ ਨਿਰਾਸ਼ ਹੋਇਆ ਇਹ ਵਿਅਕਤੀ ਘਰ ਮੁੜਨ ਹੀ ਵਾਲਾ ਸੀ ਕਿ ਉਸ ਦੇ ਦਿਲ ਨੇ ਉਸ ਨੂੰ ਸਿਰਫ਼ ਇਕ ਹੋਰ ਘਰ ਦਾ ਬੂਹਾ ਖੜਕਾਉਣ ਲਈ ਉਕਸਾਇਆ। ਇਸੇ ਅਖ਼ੀਰਲੇ ਘਰ ਵਿਚ ਉਸ ਦੀ ਮੁਲਾਕਾਤ ਇਸ ਵਿਧਵਾ ਨਾਲ ਹੋਈ। ਵਿਧਵਾ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਪੜ੍ਹਨ ਲਈ ਕਿਤਾਬ ਲਈ ਜਿਸ ਵਿਚ ਬਾਈਬਲ ਦੀਆਂ ਗੱਲਾਂ ਸਮਝਾਈਆਂ ਗਈਆਂ
ਸਨ। ਗਵਾਹ ਨਾਲ ਗੱਲ-ਬਾਤ ਕਰ ਕੇ ਅਤੇ ਕਿਤਾਬ ਪੜ੍ਹ ਕੇ ਇਸ ਵਿਧਵਾ ਨੂੰ ਬਹੁਤ ਹੀ ਦਿਲਾਸਾ ਮਿਲਿਆ। ਉਸ ਨੂੰ ਮੁਰਦਿਆਂ ਦੇ ਮੁੜ ਜੀ ਉੱਠਣ ਦੇ ਪਰਮੇਸ਼ੁਰ ਦੇ ਵਾਅਦੇ ਬਾਰੇ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਪਤਾ ਲੱਗਾ, ਜੋ ਜਲਦੀ ਹੀ ਧਰਤੀ ਨੂੰ ਇਕ ਸੋਹਣੇ ਬਾਗ਼ ਵਰਗਾ ਬਣਾ ਦੇਵੇਗਾ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਨੂੰ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਪਤਾ ਲੱਗਾ ਜਿਸ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ। ਨਤੀਜੇ ਵਜੋਂ ਉਸ ਦੇ ਦਿਲ ਵਿਚ ਯਹੋਵਾਹ ਲਈ ਡੂੰਘਾ ਪਿਆਰ ਪੈਦਾ ਹੋਇਆ।ਦੱਖਣੀ ਅਫ਼ਰੀਕਾ ਦੇ ਜੌਰਜ ਸ਼ਹਿਰ ਵਿਚ ਰਹਿਣ ਵਾਲੀ ਨੋਰਾ ਨੇ ਪੂਰਣ-ਕਾਲੀ ਪ੍ਰਚਾਰ ਕੰਮ ਲਈ ਇਕ ਮਹੀਨਾ ਵੱਖ ਰੱਖਿਆ। ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ, ਉਸ ਨੇ ਯਹੋਵਾਹ ਨੂੰ ਤਨੋਂ-ਮਨੋਂ ਪ੍ਰਾਰਥਨਾ ਕੀਤੀ ਕਿ ਉਹ ਅਜਿਹਾ ਕੋਈ ਵਿਅਕਤੀ ਲੱਭਣ ਵਿਚ ਉਸ ਦੀ ਮਦਦ ਕਰੇ ਜੋ ਬਾਈਬਲ ਦਾ ਅਧਿਐਨ ਕਰਨ ਵਿਚ ਸੱਚੀ ਦਿਲਚਸਪੀ ਰੱਖਦਾ ਹੋਵੇ। ਜਿਸ ਖੇਤਰ ਵਿਚ ਉਸ ਨੇ ਪ੍ਰਚਾਰ ਕਰਨਾ ਸੀ, ਉਸ ਖੇਤਰ ਵਿਚ ਉਸ ਵਿਅਕਤੀ ਦਾ ਘਰ ਵੀ ਆਉਂਦਾ ਸੀ ਜਿਹੜਾ ਨੋਰਾ ਦੀਆਂ ਪਿਛਲੀਆਂ ਮੁਲਾਕਾਤਾਂ ਦੌਰਾਨ ਉਸ ਨਾਲ ਬਹੁਤ ਹੀ ਬੇਰੁਖੀ ਨਾਲ ਪੇਸ਼ ਆਇਆ ਸੀ। ਹੌਸਲਾ ਕਰ ਕੇ ਨੋਰਾ ਫੇਰ ਉਸ ਘਰ ਵਿਚ ਗਈ। ਉਸ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉਸ ਘਰ ਵਿਚ ਹੁਣ ਨੋਲੀਨ ਨਾਮਕ ਇਕ ਨਵੀਂ ਕਿਰਾਏਦਾਰ ਰਹਿ ਰਹੀ ਸੀ। ਇਸ ਤੋਂ ਵੀ ਵੱਧ, ਨੋਲੀਨ ਅਤੇ ਉਸ ਦੀ ਮਾਂ ਨੇ ਬਾਈਬਲ ਸਮਝਣ ਲਈ ਮਦਦ ਵਾਸਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ। ਨੋਰਾ ਕਹਿੰਦੀ ਹੈ, “ਜਦੋਂ ਮੈਂ ਉਨ੍ਹਾਂ ਨੂੰ ਬਾਈਬਲ ਅਧਿਐਨ ਦੀ ਪੇਸ਼ਕਸ਼ ਕੀਤੀ ਤਾਂ ਉਹ ਖ਼ੁਸ਼ੀ ਨਾਲ ਫੁੱਲੀਆਂ ਨਾਂ ਸਮਾਈਆਂ।” ਨੋਲੀਨ ਅਤੇ ਉਸ ਦੀ ਮਾਂ ਨੇ ਬੜੀ ਛੇਤੀ ਤਰੱਕੀ ਕੀਤੀ। ਸਮਾਂ ਪੈਣ ਤੇ ਦੋਹਾਂ ਨੇ ਨੋਰਾ ਨਾਲ ਮਿਲ ਕੇ ਅਧਿਆਤਮਿਕ ਚੰਗਾਈ ਦੇ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਇਕ ਹੋਰ ਮਿਸਾਲ ਇਕ ਵਿਆਹੁਤਾ ਜੋੜੇ ਦੀ ਹੈ ਜੋ ਪ੍ਰਾਰਥਨਾ ਦੀ ਤਾਕਤ ਨੂੰ ਦਿਖਾਉਂਦੀ ਹੈ। ਇਹ ਜੋੜਾ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਸ਼ਹਿਰ ਵਿਚ ਰਹਿੰਦਾ ਹੈ। ਸੰਨ 1996 ਵਿਚ ਸ਼ਨੀਵਾਰ ਦੀ ਰਾਤ ਨੂੰ ਡੈਨਸ ਅਤੇ ਕੈਰਲ ਦਾ ਵਿਆਹ ਟੁੱਟਣ ਦੀ ਹੱਦ ਤਕ ਪਹੁੰਚ ਗਿਆ ਸੀ। ਆਖ਼ਰੀ ਚਾਰੇ ਵਜੋਂ, ਦੋਹਾਂ ਨੇ ਮਦਦ ਲਈ ਪ੍ਰਾਰਥਨਾ ਕਰਨ ਦੀ ਸੋਚੀ ਤੇ ਉਨ੍ਹਾਂ ਨੇ ਦੇਰ ਰਾਤ ਤਕ ਵਾਰ-ਵਾਰ ਪ੍ਰਾਰਥਨਾ ਕੀਤੀ। ਅਗਲੀ ਸਵੇਰ, ਗਿਆਰਾਂ ਵਜੇ ਯਹੋਵਾਹ ਦੇ ਦੋ ਗਵਾਹਾਂ ਨੇ ਉਨ੍ਹਾਂ ਦਾ ਬੂਹਾ ਖੜਕਾਇਆ। ਡੈਨਸ ਨੇ ਬੂਹਾ ਖੋਲ੍ਹਿਆ ਤੇ ਕਿਹਾ, “ਜ਼ਰਾ ਰੁਕੋ, ਮੈਂ ਆਪਣੀ ਪਤਨੀ ਨੂੰ ਬੁਲਾਉਂਦਾ ਹਾਂ।” ਡੈਨਸ ਨੇ ਕੈਰਲ ਨੂੰ ਖ਼ਬਰਦਾਰ ਕੀਤਾ ਕਿ ਜੇ ਉਸ ਨੇ ਗਵਾਹਾਂ ਨੂੰ ਅੰਦਰ ਬੁਲਾਇਆ ਤਾਂ ਉਨ੍ਹਾਂ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੋ ਜਾਵੇਗਾ। ਪਰ ਕੈਰਲ ਨੇ ਡੈਨਸ ਨੂੰ ਯਾਦ ਦਿਵਾਇਆ ਕਿ ਅਸੀਂ ਦੋਹਾਂ ਨੇ ਮਦਦ ਲਈ ਪ੍ਰਾਰਥਨਾ ਕੀਤੀ ਸੀ ਤੇ ਹੋ ਸਕਦਾ ਹੈ ਕਿ ਪਰਮੇਸ਼ੁਰ ਵੱਲੋਂ ਇਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਹੀ ਹੋਵੇ। ਇਸ ਲਈ ਉਨ੍ਹਾਂ ਨੇ ਗਵਾਹਾਂ ਨੂੰ ਅੰਦਰ ਬੁਲਾਇਆ ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਮਕ ਕਿਤਾਬ ਤੋਂ ਇਕ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ। ਡੈਨਸ ਅਤੇ ਕੈਰਲ ਨੇ ਜੋ ਕੁਝ ਸਿੱਖਿਆ, ਉਸ ਤੋਂ ਉਹ ਖ਼ੁਸ਼ੀ ਨਾਲ ਝੂਮ ਉੱਠੇ। ਉਸੇ ਦੁਪਹਿਰ ਉਹ ਦੋਵੇਂ ਉਸ ਸ਼ਹਿਰ ਦੇ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਪਹਿਲੀ ਵਾਰ ਸਭਾ ਵਿਚ ਹਾਜ਼ਰ ਹੋਏ। ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ, ਡੈਨਸ ਅਤੇ ਕੈਰਲ ਨੇ ਆਪਣੇ ਵਿਆਹੁਤਾ ਜੀਵਨ ਦੀਆਂ ਮੁਸ਼ਕਲਾਂ ਦਾ ਹੱਲ ਲੱਭ ਲਿਆ। ਹੁਣ ਉਹ ਦੋਵੇਂ ਯਹੋਵਾਹ ਦੇ ਖ਼ੁਸ਼ ਬਪਤਿਸਮਾ-ਪ੍ਰਾਪਤ ਉਪਾਸਕ ਹਨ ਤੇ ਲਗਾਤਾਰ ਆਪਣੇ ਬਾਈਬਲ ਆਧਾਰਿਤ ਵਿਸ਼ਵਾਸ ਆਪਣੇ ਗੁਆਂਢੀਆਂ ਨਾਲ ਸਾਂਝੇ ਕਰਦੇ ਹਨ।
ਉਦੋਂ ਕੀ ਜਦੋਂ ਤੁਸੀਂ ਪ੍ਰਾਰਥਨਾ ਕਰਨ ਲਈ ਯੋਗ ਮਹਿਸੂਸ ਨਹੀਂ ਕਰਦੇ?
ਕੁਝ ਨੇਕਦਿਲ ਲੋਕ ਆਪਣੀ ਜ਼ਿੰਦਗੀ ਦੇ ਬੁਰੇ ਤੌਰ-ਤਰੀਕਿਆਂ ਕਰਕੇ ਆਪਣੇ ਆਪ ਨੂੰ ਪ੍ਰਾਰਥਨਾ ਕਰਨ ਦੇ ਅਯੋਗ ਮਹਿਸੂਸ ਕਰ ਸਕਦੇ ਹਨ। ਯਿਸੂ ਮਸੀਹ ਨੇ ਮਹਿਸੂਲ ਲੈਣ ਵਾਲੇ ਅਜਿਹੇ ਹੀ ਇਕ ਵਿਅਕਤੀ ਦੀ ਕਹਾਣੀ ਦੱਸੀ ਜਿਸ ਨੂੰ ਦੂਸਰੇ ਲੋਕ ਨਫ਼ਰਤ ਕਰਦੇ ਸਨ। ਮੰਦਰ ਵਿਚ ਦਾਖ਼ਲ ਹੋਣ ਤੇ, ਇਸ ਆਦਮੀ ਨੇ ਆਪਣੇ ਆਪ ਨੂੰ ਪ੍ਰਾਰਥਨਾ ਦੀ ਰਵਾਇਤੀ ਥਾਂ ਵਿਚ ਖਲੋਣ ਦੇ ਕਾਬਲ ਨਾ ਸਮਝਿਆ। “ਕੁਝ ਫ਼ਰਕ ਨਾਲ ਖੜੋ ਕੇ . . . [ਉਹ] ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ!” (ਲੂਕਾ 18:13) ਯਿਸੂ ਮੁਤਾਬਕ ਇਸ ਆਦਮੀ ਦੀ ਪ੍ਰਾਰਥਨਾ ਸੁਣੀ ਗਈ। ਇਸ ਤੋਂ ਇਹ ਸਬੂਤ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਵਾਕਈ ਦਿਆਲੂ ਹੈ ਅਤੇ ਸੱਚੇ ਦਿਲੋਂ ਪਛਤਾਵਾ ਕਰਨ ਵਾਲਿਆਂ ਦੀ ਮਦਦ ਕਰਨੀ ਚਾਹੁੰਦਾ ਹੈ।
ਦੱਖਣੀ ਅਫ਼ਰੀਕਾ ਦੇ ਰਹਿਣ ਵਾਲੇ ਪੌਲ ਨਾਮਕ ਇਕ ਗੱਭਰੂ ਦੀ ਮਿਸਾਲ ਵੱਲ ਗੌਰ ਕਰੋ। ਿਨੱਕੇ ਹੁੰਦਿਆਂ, ਪੌਲ ਆਪਣੀ ਮਾਂ ਨਾਲ ਮਸੀਹੀ ਸਭਾਵਾਂ ਵਿਚ ਜਾਂਦਾ ਹੁੰਦਾ ਸੀ। ਪਰ ਹਾਈ ਸਕੂਲ ਵਿਚ ਪੜ੍ਹਨ ਸਮੇਂ ਉਸ ਨੇ ਪਰਮੇਸ਼ੁਰ ਦੇ ਰਾਹਾਂ ਤੇ ਨਾ ਚੱਲਣ ਵਾਲੇ ਮੁੰਡਿਆਂ ਨਾਲ
ਉੱਠਣਾ-ਬੈਠਣਾ ਸ਼ੁਰੂ ਕਰ ਦਿੱਤਾ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਦੱਖਣੀ ਅਫ਼ਰੀਕਾ ਦੀ ਨਸਲੀ-ਵਿਤਕਰਾ ਕਰਨ ਵਾਲੀ ਸਾਬਕਾ ਸਰਕਾਰ ਦੀ ਫ਼ੌਜ ਵਿਚ ਭਰਤੀ ਹੋ ਗਿਆ। ਤਦ, ਅਚਾਨਕ ਉਸ ਦੀ ਪ੍ਰੇਮਿਕਾ ਨੇ ਉਸ ਨਾਲੋਂ ਰਿਸ਼ਤਾ ਤੋੜ ਲਿਆ। ਜ਼ਿੰਦਗੀ ਵਿਚ ਸੰਤੁਸ਼ਟੀ ਨਾ ਮਿਲਣ ਕਰਕੇ ਪੌਲ ਬਹੁਤ ਨਿਰਾਸ਼ ਹੋ ਗਿਆ। ਉਹ ਯਾਦ ਕਰਦਾ ਹੈ, “ਬੇਸ਼ੱਕ ਮੈਂ ਕਈ ਸਾਲਾਂ ਤੋਂ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਨਹੀਂ ਕੀਤੀ ਸੀ, ਪਰ ਫਿਰ ਵੀ ਮੈਂ ਇਕ ਦਿਨ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਕਿਹਾ ਕਿ ਉਹ ਮੇਰੀ ਮਦਦ ਕਰੇ।”ਇਸ ਪ੍ਰਾਰਥਨਾ ਤੋਂ ਥੋੜ੍ਹੀ ਹੀ ਦੇਰ ਬਾਅਦ, ਪੌਲ ਦੀ ਮਾਂ ਨੇ ਉਸ ਨੂੰ ਮਸੀਹ ਦੀ ਮੌਤ ਦੇ ਸਾਲਾਨਾ ਸਮਾਰਕ ਸਮਾਰੋਹ ਵਿਚ ਆਉਣ ਲਈ ਸੱਦਾ ਦਿੱਤਾ। (ਲੂਕਾ 22:19) ਪੌਲ ਇਸ ਗੱਲ ਤੋਂ ਬਹੁਤ ਹੈਰਾਨ ਸੀ ਕਿ ਭੈੜੇ ਰਾਹ ਤੇ ਪੈ ਚੁੱਕਣ ਅਤੇ ਬਾਈਬਲ ਵਿਚ ਵੀ ਕੋਈ ਖ਼ਾਸ ਦਿਲਚਸਪੀ ਨਾ ਦਿਖਾਉਣ ਦੇ ਬਾਵਜੂਦ ਵੀ ਉਸ ਦੀ ਮਾਂ ਨੇ ਉਸ ਨੂੰ ਸਮਾਰਕ ਵਿਚ ਆਉਣ ਦਾ ਸੱਦਾ ਦਿੱਤਾ। “ਮੈਂ ਸੋਚਿਆ ਇਹ ਸੱਦਾ ਮੇਰੀ ਯਹੋਵਾਹ ਨੂੰ ਕੀਤੀ ਪ੍ਰਾਰਥਨਾ ਦਾ ਜਵਾਬ ਹੈ ਤੇ ਮਹਿਸੂਸ ਕੀਤਾ ਕਿ ਮੈਨੂੰ ਇਸ ਦੇ ਬਦਲੇ ਵਿਚ ਜ਼ਰੂਰ ਕੁਝ-ਨਾ-ਕੁਝ ਕਰਨਾ ਚਾਹੀਦਾ ਹੈ।” ਉਸ ਸਮੇਂ ਤੋਂ ਹੀ ਪੌਲ ਨੇ ਸਾਰੀਆਂ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ। ਚਾਰ ਮਹੀਨਿਆਂ ਦੇ ਬਾਈਬਲ ਅਧਿਐਨ ਤੋਂ ਬਾਅਦ ਉਸ ਦਾ ਬਪਤਿਸਮਾ ਹੋ ਗਿਆ। ਇਸ ਤੋਂ ਇਲਾਵਾ, ਉਸ ਨੇ ਆਪਣੀ ਇੰਜੀਨੀਅਰੀ ਦੀ ਪੜ੍ਹਾਈ ਛੱਡ ਦਿੱਤੀ ਤੇ ਪੂਰਣ-ਕਾਲੀ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਜ, ਪੌਲ ਬਹੁਤ ਖ਼ੁਸ਼ ਹੈ ਤੇ ਹੁਣ ਉਹ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਸੋਚ ਕੇ ਉਦਾਸ ਨਹੀਂ ਹੁੰਦਾ। ਪਿਛਲੇ 11 ਸਾਲਾਂ ਤੋਂ, ਉਹ ਦੱਖਣੀ ਅਫ਼ਰੀਕਾ ਵਿਚ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰ ਰਿਹਾ ਹੈ।
ਸੱਚ-ਮੁੱਚ, ਯਹੋਵਾਹ ਪਰਮੇਸ਼ੁਰ ਦਿਆਲਤਾ ਨਾਲ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਅਤੇ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਜਲਦੀ ਹੀ ਪਰਮੇਸ਼ੁਰ ਦਾ ਵੱਡਾ ਦਿਨ ਆ ਜਾਵੇਗਾ ਤੇ ਸਾਰੀ ਦੁਸ਼ਟਤਾ ਦਾ ਅੰਤ ਕਰ ਦੇਵੇਗਾ। ਇਸ ਦੌਰਾਨ, ਯਹੋਵਾਹ ਉਦੋਂ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਜਦੋਂ ਉਹ ਪ੍ਰਚਾਰ ਦੇ ਅਹਿਮ ਕੰਮ ਵਿਚ ਜੋਸ਼ ਨਾਲ ਹਿੱਸਾ ਲੈਂਦੇ ਹੋਏ ਉਸ ਨੂੰ ਤਾਕਤ ਅਤੇ ਅਗਵਾਈ ਲਈ ਪ੍ਰਾਰਥਨਾ ਕਰਦੇ ਹਨ। ਇੰਜ ਸਾਰੀਆਂ ਕੌਮਾਂ ਵਿੱਚੋਂ ਲੱਖਾਂ ਹੀ ਲੋਕ ਮਸੀਹੀ ਕਲੀਸਿਯਾ ਨਾਲ ਜੁੜ ਰਹੇ ਹਨ ਅਤੇ ਉਨ੍ਹਾਂ ਨੂੰ ਬਾਈਬਲ ਦਾ ਉਹ ਗਿਆਨ ਦਿੱਤਾ ਜਾ ਰਿਹਾ ਹੈ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।—ਯੂਹੰਨਾ 17:3.
[ਸਫ਼ੇ 5 ਉੱਤੇ ਤਸਵੀਰ]
ਕੁਰਨੇਲਿਯੁਸ ਦੀ ਦਿਲੀ ਪ੍ਰਾਰਥਨਾ ਕਰਕੇ ਪਤਰਸ ਰਸੂਲ ਨਾਲ ਉਸ ਦੀ ਮੁਲਾਕਾਤ ਹੋਈ
[ਸਫ਼ੇ 6 ਉੱਤੇ ਤਸਵੀਰ]
ਪ੍ਰਾਰਥਨਾ ਨੇ ਬਿਪਤਾ ਦੇ ਸਮਿਆਂ ਦੌਰਾਨ ਕਈਆਂ ਦੀ ਮਦਦ ਕੀਤੀ ਹੈ
[ਸਫ਼ੇ 7 ਉੱਤੇ ਤਸਵੀਰ]
ਬਾਈਬਲ ਨੂੰ ਸਮਝਣ ਲਈ ਮਦਦ ਵਾਸਤੇ ਪ੍ਰਾਰਥਨਾ ਕਰਨੀ ਬਹੁਤ ਚੰਗੀ ਗੱਲ ਹੈ
ਵਿਆਹੁਤਾ ਜੋੜੇ ਆਪਣੀ ਵਿਆਹੁਤਾ ਜ਼ਿੰਦਗੀ ਮਜ਼ਬੂਤ ਕਰਨ ਲਈ ਮਦਦ ਵਾਸਤੇ ਪ੍ਰਾਰਥਨਾ ਕਰ ਸਕਦੇ ਹਨ