Skip to content

Skip to table of contents

ਪ੍ਰਾਰਥਨਾ ਦੀ ਤਾਕਤ

ਪ੍ਰਾਰਥਨਾ ਦੀ ਤਾਕਤ

ਪ੍ਰਾਰਥਨਾ ਦੀ ਤਾਕਤ

ਮੱਧ ਪੂਰਬ ਵਿਚ ਨਾਹੋਰ ਸ਼ਹਿਰ ਵਿਖੇ ਸੂਰਜ ਡੁੱਬ ਰਿਹਾ ਹੈ। ਸੀਰੀਆ ਦੇਸ਼ ਦਾ ਇਕ ਅਲੀਅਜ਼ਰ ਨਾਮਕ ਆਦਮੀ ਆਪਣੇ ਦਸਾਂ ਊਠਾਂ ਦੇ ਕਾਫ਼ਲੇ ਸਮੇਤ ਸ਼ਹਿਰ ਦੇ ਇਕ ਬਾਹਰਲੇ ਖੂਹ ਤੇ ਪਹੁੰਚਿਆ। ਹਾਲਾਂਕਿ ਅਲੀਅਜ਼ਰ ਬਹੁਤ ਥੱਕਿਆ ਤੇ ਤਿਹਾਇਆ ਹੈ, ਫੇਰ ਵੀ ਉਹ ਆਪਣੇ ਨਾਲੋਂ ਦੂਜਿਆਂ ਦੀਆਂ ਲੋੜਾਂ ਬਾਰੇ ਜ਼ਿਆਦਾ ਫ਼ਿਕਰਮੰਦ ਹੈ। ਉਹ ਆਪਣੇ ਮਾਲਕ ਦੇ ਮੁੰਡੇ ਲਈ ਵਹੁਟੀ ਲੱਭਣ ਵਾਸਤੇ ਪਰਦੇਸੋਂ ਆਇਆ ਹੈ। ਇਸ ਤੋਂ ਇਲਾਵਾ, ਉਸ ਨੇ ਇਹ ਵਹੁਟੀ ਆਪਣੇ ਮਾਲਕ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਲੱਭਣੀ ਸੀ। ਪਰ ਇੰਨਾ ਔਖਾ ਕੰਮ ਉਹ ਕਿਵੇਂ ਕਰੇਗਾ?

ਅਲੀਅਜ਼ਰ ਨੂੰ ਪ੍ਰਾਰਥਨਾ ਦੀ ਤਾਕਤ ਵਿਚ ਪੂਰਾ ਭਰੋਸਾ ਸੀ। ਇਕ ਬੱਚੇ ਵਾਂਗ ਜਿਸ ਨੂੰ ਆਪਣੇ ਪਿਤਾ ਵਿਚ ਪੂਰਾ ਭਰੋਸਾ ਹੁੰਦਾ ਹੈ, ਉਹ ਬੜੀ ਹਲੀਮੀ ਨਾਲ ਇਹ ਬੇਨਤੀ ਕਰਦਾ ਹੈ: “ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਅੱਜ ਮੇਰਾ ਸਭ ਕਾਰਜ ਸੁਫਲ ਕਰ ਅਤੇ ਮੇਰੇ ਸਵਾਮੀ ਅਬਰਾਹਾਮ ਉੱਤੇ ਦਇਆ ਕਰ। ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਅਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ। ਐਉਂ ਹੋਵੇ ਕਿ ਜਿਹੜੀ ਛੋਕਰੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਕੋਡਾ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੋ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ ਅਤੇ ਮੈਂ ਏਸੇ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ।”—ਉਤਪਤ 24:12-14.

ਪ੍ਰਾਰਥਨਾ ਦੀ ਤਾਕਤ ਵਿਚ ਅਲੀਅਜ਼ਰ ਦਾ ਭਰੋਸਾ ਬੇਕਾਰ ਨਹੀਂ ਗਿਆ। ਕਿਉਂ? ਕਿਉਂਕਿ ਖੂਹ ਤੇ ਜਿਹੜੀ ਪਹਿਲੀ ਤੀਵੀਂ ਆਈ ਉਹ ਸਬੱਬ ਨਾਲ ਅਬਰਾਹਾਮ ਦੇ ਭਰਾ ਦੀ ਪੋਤੀ ਹੈ! ਉਸ ਦਾ ਨਾਂ ਰਿਬਕਾਹ ਹੈ ਅਤੇ ਉਹ ਕੁਆਰੀ, ਬੇਦਾਗ਼ ਅਤੇ ਬਹੁਤ ਹੀ ਸੋਹਣੀ ਹੈ! ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਨਾ ਸਿਰਫ਼ ਅਲੀਅਜ਼ਰ ਨੂੰ ਪਾਣੀ ਪੀਣ ਲਈ ਦਿੱਤਾ ਸਗੋਂ ਕਿਰਪਾਪੂਰਬਕ ਉਸ ਦੇ ਸਾਰੇ ਊਠਾਂ ਦੀ ਪਿਆਸ ਬੁਝਾਉਣ ਲਈ ਵੀ ਉਸ ਨੂੰ ਪਾਣੀ ਦਿੱਤਾ। ਬਾਅਦ ਵਿਚ, ਪਰਿਵਾਰ ਦੇ ਸਲਾਹ-ਮਸ਼ਵਰੇ ਤੋਂ ਬਾਅਦ, ਰਿਬਕਾਹ ਆਪਣੀ ਇੱਛਾ ਨਾਲ ਅਬਰਾਹਾਮ ਦੇ ਮੁੰਡੇ ਇਸਹਾਕ ਦੀ ਵਹੁਟੀ ਬਣਨ ਲਈ ਅਲੀਅਜ਼ਰ ਨਾਲ ਪਰਦੇਸ ਜਾਣ ਲਈ ਰਾਜ਼ੀ ਹੋ ਜਾਂਦੀ ਹੈ। ਪਰਮੇਸ਼ੁਰ ਨੇ ਕਿੰਨੇ ਅਨੋਖੇ ਅਤੇ ਸਪੱਸ਼ਟ ਤਰੀਕੇ ਨਾਲ ਅਲੀਅਜ਼ਰ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ! ਕਿਉਂਕਿ ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਕਦੇ-ਕਦਾਈਂ ਮਨੁੱਖੀ ਮਾਮਲਿਆਂ ਵਿਚ ਕਰਾਮਾਤੀ ਢੰਗ ਨਾਲ ਦਖ਼ਲ ਦਿੰਦਾ ਹੁੰਦਾ ਸੀ।

ਅਸੀਂ ਅਲੀਅਜ਼ਰ ਦੀ ਪ੍ਰਾਰਥਨਾ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਉਸ ਦੀ ਪ੍ਰਾਰਥਨਾ ਬੇਮਿਸਾਲ ਨਿਹਚਾ, ਹਲੀਮੀ ਅਤੇ ਦੂਜਿਆਂ ਦੀਆਂ ਲੋੜਾਂ ਪ੍ਰਤੀ ਨਿਸ਼ਕਾਮ ਚਿੰਤਾ ਨੂੰ ਦਿਖਾਉਂਦੀ ਹੈ। ਅਲੀਅਜ਼ਰ ਦੀ ਪ੍ਰਾਰਥਨਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਮਨੁੱਖਜਾਤੀ ਲਈ ਯਹੋਵਾਹ ਦੀ ਇੱਛਾ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਨਿਰਸੰਦੇਹ, ਅਲੀਅਜ਼ਰ ਜਾਣਦਾ ਸੀ ਕਿ ਪਰਮੇਸ਼ੁਰ ਦਾ ਅਬਰਾਹਾਮ ਨਾਲ ਖ਼ਾਸ ਲਗਾਉ ਸੀ। ਉਹ ਇਸ ਵਾਅਦੇ ਬਾਰੇ ਵੀ ਜਾਣਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਸਾਰੀ ਮਨੁੱਖਜਾਤੀ ਨੂੰ ਬਰਕਤਾਂ ਅਬਰਾਹਾਮ ਦੀ ਅੰਸ ਰਾਹੀਂ ਮਿਲਣੀਆਂ ਸਨ। (ਉਤਪਤ 12:3) ਇਸ ਲਈ, ਅਲੀਅਜ਼ਰ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਪ੍ਰਾਰਥਨਾ ਸ਼ੁਰੂ ਕੀਤੀ: “ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ।”

ਯਿਸੂ ਮਸੀਹ ਅਬਰਾਹਾਮ ਦੀ ਅੰਸ ਸੀ ਜਿਸ ਨੇ ਸਾਰੀ ਆਗਿਆਕਾਰੀ ਮਨੁੱਖਜਾਤੀ ਲਈ ਬਰਕਤਾਂ ਦਾ ਜ਼ਰੀਆ ਬਣਨਾ ਸੀ। (ਉਤਪਤ 22:18) ਜੇ ਅਸੀਂ ਚਾਹੁੰਦੇ ਹਾਂ ਕਿ ਅੱਜ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ, ਤਾਂ ਸਾਨੂੰ ਮੰਨਣਾ ਪਵੇਗਾ ਕਿ ਪਰਮੇਸ਼ੁਰ ਨੂੰ ਪ੍ਰਾਰਥਨਾਵਾਂ ਕਰਨ ਦਾ ਇੱਕੋ-ਇਕ ਜ਼ਰੀਆ ਉਸ ਦਾ ਪੁੱਤਰ ਯਿਸੂ ਮਸੀਹ ਹੀ ਹੈ। ਯਿਸੂ ਮਸੀਹ ਨੇ ਕਿਹਾ: “ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ।”—ਯੂਹੰਨਾ 15:7.

ਮਸੀਹ ਦੇ ਇਕ ਚੇਲੇ ਪੌਲੁਸ ਰਸੂਲ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਦੇਖੀ। ਪ੍ਰਾਰਥਨਾ ਦੀ ਤਾਕਤ ਵਿਚ ਉਸ ਦਾ ਭਰੋਸਾ ਯਕੀਨਨ ਥੋਥਾ ਨਹੀਂ ਸੀ। ਉਸ ਨੇ ਆਪਣੇ ਸੰਗੀ ਮਸੀਹੀਆਂ ਨੂੰ ਪ੍ਰਾਰਥਨਾ ਰਾਹੀਂ ਆਪਣੀਆਂ ਸਾਰੀਆਂ ਚਿੰਤਾਵਾਂ ਪਰਮੇਸ਼ੁਰ ਨੂੰ ਦੱਸਣ ਲਈ ਉਤਸ਼ਾਹਿਤ ਕੀਤਾ ਤੇ ਕਿਹਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:6, 7, 13) ਪਰ ਕੀ ਇਸ ਦਾ ਮਤਲਬ ਇਹ ਹੈ ਕਿ ਪੌਲੁਸ ਦੀਆਂ ਪਰਮੇਸ਼ੁਰ ਨੂੰ ਕੀਤੀਆਂ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ? ਆਓ ਦੇਖੀਏ।

ਸਾਰੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ ਜਾਂਦੀਆਂ

ਆਪਣੀ ਨਿਸ਼ਕਾਮ ਸੇਵਕਾਈ ਦੌਰਾਨ ਪੌਲੁਸ ਨੇ ਦੁੱਖ ਝੱਲਿਆ, ਜਿਸ ਨੂੰ ਉਸ ਨੇ “ਸਰੀਰ ਵਿੱਚ ਇੱਕ ਕੰਡਾ” ਕਿਹਾ। (2 ਕੁਰਿੰਥੀਆਂ 12:7) ਹੋ ਸਕਦਾ ਹੈ ਕਿ ਇਹ ਵਿਰੋਧੀਆਂ ਅਤੇ “ਖੋਟੇ ਭਰਾਵਾਂ” ਕਰਕੇ ਪੈਦਾ ਹੋਈ ਦਿਮਾਗ਼ੀ ਅਤੇ ਜਜ਼ਬਾਤੀ ਪਰੇਸ਼ਾਨੀ ਹੋਵੇ। (2 ਕੁਰਿੰਥੀਆਂ 11:26; ਗਲਾਤੀਆਂ 2:4) ਜਾਂ ਇਹ ਕੋਈ ਪੁਰਾਣੀ ਅੱਖ ਦੀ ਬੀਮਾਰੀ ਕਰਕੇ ਸਰੀਰਕ ਬੇਅਰਾਮੀ ਹੋਵੇ। (ਗਲਾਤੀਆਂ 4:15) ਕਾਰਨ ਜੋ ਵੀ ਹੋਵੇ, ‘ਸਰੀਰ ਵਿੱਚ ਇਸ ਕੰਡੇ’ ਕਰਕੇ ਪੌਲੁਸ ਬਹੁਤ ਦੁਖੀ ਸੀ। ਉਸ ਨੇ ਲਿਖਿਆ: “ਮੈਂ ਪ੍ਰਭੁ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ।” ਪਰ ਪੌਲੁਸ ਦੀ ਇਹ ਪ੍ਰਾਰਥਨਾ ਸੁਣੀ ਨਹੀਂ ਗਈ ਸੀ। ਪੌਲੁਸ ਨੂੰ ਇਹ ਦੱਸਿਆ ਗਿਆ ਕਿ ਪਰਮੇਸ਼ੁਰ ਨੇ ਉਸ ਨੂੰ ਜੋ ਅਧਿਆਤਮਿਕ ਫ਼ਾਇਦੇ ਪਹਿਲਾਂ ਹੀ ਦਿੱਤੇ ਹੋਏ ਸਨ ਜਿਵੇਂ ਕਿ ਅਜ਼ਮਾਇਸ਼ਾਂ ਸਹਿਣ ਦੀ ਤਾਕਤ, ਇਹ ਹੀ ਉਸ ਲਈ ਕਾਫ਼ੀ ਸਨ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਕਿਹਾ: “ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।”—2 ਕੁਰਿੰਥੀਆਂ 12:8, 9.

ਅਸੀਂ ਅਲੀਅਜ਼ਰ ਅਤੇ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਯਹੋਵਾਹ ਪਰਮੇਸ਼ੁਰ ਯਕੀਨਨ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਹਲੀਮੀ ਨਾਲ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਹਮੇਸ਼ਾ ਉਨ੍ਹਾਂ ਦੀਆਂ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ, ਕਿਉਂਕਿ ਪਰਮੇਸ਼ੁਰ ਹਰ ਮਾਮਲੇ ਬਾਰੇ ਦੂਰ ਦੀ ਸੋਚਦਾ ਹੈ। ਸਾਡੇ ਹਿਤ ਲਈ ਸਭ ਤੋਂ ਚੰਗਾ ਕੀ ਹੈ, ਇਸ ਬਾਰੇ ਉਹ ਸਾਡੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਹੈ। ਇਸ ਤੋਂ ਵੀ ਵੱਧ, ਉਹ ਹਮੇਸ਼ਾ ਬਾਈਬਲ ਵਿਚ ਲਿਖੇ ਆਪਣੇ ਮਕਸਦ ਦੀ ਇਕਸੁਰਤਾ ਵਿਚ ਕਾਰਵਾਈ ਕਰਦਾ ਹੈ।

ਅਧਿਆਤਮਿਕ ਚੰਗਾਈ ਦਾ ਸਮਾਂ

ਆਪਣੇ ਪੁੱਤਰ ਦੇ ਧਰਤੀ ਉੱਪਰ ਹਜ਼ਾਰ ਵਰ੍ਹੇ ਦੇ ਰਾਜ ਦੌਰਾਨ, ਪਰਮੇਸ਼ੁਰ ਮਨੁੱਖਜਾਤੀ ਦੀਆਂ ਹਰ ਤਰ੍ਹਾਂ ਦੀਆਂ ਸਰੀਰਕ, ਦਿਮਾਗ਼ੀ ਅਤੇ ਜਜ਼ਬਾਤੀ ਬੀਮਾਰੀਆਂ ਠੀਕ ਕਰਨ ਦਾ ਵਾਅਦਾ ਕਰਦਾ ਹੈ। (ਪਰਕਾਸ਼ ਦੀ ਪੋਥੀ 20:1-3; 21:3-5) ਨੇਕਦਿਲ ਮਸੀਹੀ ਇਸ ਵਾਅਦਾ ਕੀਤੇ ਹੋਏ ਭਵਿੱਖ ਦੀ ਤਾਂਘ ਨਾਲ ਉਡੀਕ ਕਰ ਰਹੇ ਹਨ ਅਤੇ ਇਸ ਵਾਅਦੇ ਨੂੰ ਹਕੀਕਤ ਵਿਚ ਬਦਲਣ ਦੀ ਪਰਮੇਸ਼ੁਰ ਦੀ ਤਾਕਤ ਵਿਚ ਪੂਰਾ ਭਰੋਸਾ ਰੱਖਦੇ ਹਨ। ਅੱਜ ਦੇ ਦਿਨਾਂ ਵਿਚ ਇਸ ਤਰ੍ਹਾਂ ਦੀ ਚਮਤਕਾਰੀ ਚੰਗਾਈ ਦੀ ਉਮੀਦ ਨਾ ਰੱਖਦੇ ਹੋਏ, ਉਹ ਦਿਲਾਸੇ ਲਈ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਾਕਤ ਵਾਸਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ। (ਜ਼ਬੂਰ 55:22) ਜਦੋਂ ਉਹ ਬੀਮਾਰ ਹੁੰਦੇ ਹਨ, ਤਾਂ ਆਪਣੇ ਮਾਲੀ ਹਾਲਾਤਾਂ ਦੇ ਮੁਤਾਬਕ ਸਭ ਤੋਂ ਵਧੀਆ ਡਾਕਟਰੀ ਸਹਾਇਤਾ ਹਾਸਲ ਕਰਨ ਲਈ ਉਹ ਅਗਵਾਈ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਨ।

ਅੱਜ-ਕੱਲ੍ਹ ਕੁਝ ਧਰਮ, ਯਿਸੂ ਅਤੇ ਉਸ ਦੇ ਰਸੂਲਾਂ ਵੱਲੋਂ ਕੀਤੇ ਗਏ ਚਮਤਕਾਰੀ ਇਲਾਜਾਂ ਦਾ ਹਵਾਲਾ ਦਿੰਦੇ ਹੋਏ, ਬੀਮਾਰਾਂ ਨੂੰ ਠੀਕ ਹੋਣ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਕਹਿੰਦੇ ਹਨ। ਪਰ ਉਸ ਸਮੇਂ ਅਜਿਹੇ ਚਮਤਕਾਰ ਇਕ ਖ਼ਾਸ ਮਕਸਦ ਲਈ ਕੀਤੇ ਗਏ ਸਨ। ਇਨ੍ਹਾਂ ਚਮਤਕਾਰਾਂ ਨੇ ਇਹ ਸਾਬਤ ਕੀਤਾ ਕਿ ਯਿਸੂ ਹੀ ਸੱਚਾ ਮਸੀਹਾ ਸੀ। ਇਨ੍ਹਾਂ ਚਮਤਕਾਰਾਂ ਨੇ ਇਹ ਵੀ ਸਾਬਤ ਕੀਤਾ ਕਿ ਪਰਮੇਸ਼ੁਰ ਦੀ ਕਿਰਪਾ ਹੁਣ ਯਹੂਦੀ ਕੌਮ ਤੋਂ ਹਟ ਕੇ ਨਵੀਂ ਮਸੀਹੀ ਕਲੀਸਿਯਾ ਉੱਤੇ ਸੀ। ਉਸ ਸਮੇਂ, ਨਵੀਂ ਬਣੀ ਮਸੀਹੀ ਕਲੀਸਿਯਾ ਨੂੰ ਮਜ਼ਬੂਤ ਕਰਨ ਲਈ ਚਮਤਕਾਰੀ ਦਾਤਾਂ ਜ਼ਰੂਰੀ ਸਨ। ਜਦੋਂ ਇਹ ਨਵੀਂ ਬਣੀ ਕਲੀਸਿਯਾ ਆਪਣੇ ਪੈਰਾਂ ਤੇ ਖੜ੍ਹ ਗਈ, ਤਾਂ ਇਹ ਚਮਤਕਾਰ “ਮੁੱਕ” ਗਏ।—1 ਕੁਰਿੰਥੀਆਂ 13:8, 11.

ਅੱਜ ਦੇ ਨਾਜ਼ੁਕ ਸਮੇਂ ਵਿਚ, ਯਹੋਵਾਹ ਪਰਮੇਸ਼ੁਰ ਆਪਣੇ ਉਪਾਸਕਾਂ ਨੂੰ ਅਧਿਆਤਮਿਕ ਚੰਗਾਈ ਕਰਨ ਦੇ ਅਹਿਮ ਕੰਮ ਵਿਚ ਸੇਧ ਦੇ ਰਿਹਾ ਹੈ। ਜਦੋਂ ਤਕ ਉਨ੍ਹਾਂ ਕੋਲ ਸਮਾਂ ਹੈ, ਲੋਕਾਂ ਨੂੰ ਇਸ ਅਰਜ਼ ਵੱਲ ਧਿਆਨ ਦੇਣਾ ਚਾਹੀਦਾ ਹੈ: “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ। ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ।”—ਯਸਾਯਾਹ 55:6, 7.

ਪਸ਼ਚਾਤਾਪੀ ਪਾਪੀਆਂ ਦੀ ਅਧਿਆਤਮਿਕ ਚੰਗਾਈ ਦਾ ਕੰਮ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ। (ਮੱਤੀ 24:14) ਆਪਣੇ ਸੇਵਕਾਂ ਨੂੰ ਇਸ ਜਾਨ-ਬਚਾਉ ਕੰਮ ਨੂੰ ਪੂਰਾ ਕਰਨ ਦੀ ਤਾਕਤ ਦੇ ਕੇ, ਯਹੋਵਾਹ ਸਾਰੀਆਂ ਕੌਮਾਂ ਵਿੱਚੋਂ ਲੱਖਾਂ ਹੀ ਲੋਕਾਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਲਈ ਅਤੇ ਇਸ ਦੁਸ਼ਟ ਰੀਤੀ-ਵਿਵਸਥਾ ਦੇ ਖ਼ਾਤਮੇ ਤੋਂ ਪਹਿਲਾਂ-ਪਹਿਲਾਂ ਉਸ ਨਾਲ ਚੰਗਾ ਰਿਸ਼ਤਾ ਬਣਾਉਣ ਲਈ ਮਦਦ ਦੇ ਰਿਹਾ ਹੈ। ਉਹ ਸਾਰੇ ਜਿਹੜੇ ਅਜਿਹੀ ਅਧਿਆਤਮਿਕ ਚੰਗਾਈ ਲਈ ਦਿਲੋਂ ਪ੍ਰਾਰਥਨਾ ਕਰਦੇ ਹਨ ਅਤੇ ਜਿਹੜੇ ਇਸ ਚੰਗਾਈ ਦੇ ਕੰਮ ਨੂੰ ਪੂਰਾ ਕਰਨ ਲਈ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਸਾਰਿਆਂ ਦੀਆਂ ਪ੍ਰਾਰਥਨਾਵਾਂ ਸੱਚੀ ਸੁਣੀਆਂ ਜਾ ਰਹੀਆਂ ਹਨ।

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Eliezer and Rebekah/The Doré Bible Illustrations/Dover Publications