Skip to content

Skip to table of contents

ਯਹੋਵਾਹ ਦੀ ਸੇਵਾ ਕਰਨ ਲਈ ਸਾਦੀ ਜ਼ਿੰਦਗੀ ਜੀਉਣੀ

ਯਹੋਵਾਹ ਦੀ ਸੇਵਾ ਕਰਨ ਲਈ ਸਾਦੀ ਜ਼ਿੰਦਗੀ ਜੀਉਣੀ

ਜੀਵਨੀ

ਯਹੋਵਾਹ ਦੀ ਸੇਵਾ ਕਰਨ ਲਈ ਸਾਦੀ ਜ਼ਿੰਦਗੀ ਜੀਉਣੀ

ਕਲਾਰਾ ਗਰਬਰ ਮੌਇਅਰ ਦੀ ਜ਼ਬਾਨੀ

ਮੇਰੀ ਉਮਰ 92 ਸਾਲ ਹੈ ਤੇ ਹੁਣ ਮੇਰੇ ਕੋਲੋਂ ਜ਼ਿਆਦਾ ਤੁਰ-ਫਿਰ ਨਹੀਂ ਹੁੰਦਾ। ਪਰ ਮੇਰਾ ਦਿਮਾਗ਼ ਅਤੇ ਮੇਰੀ ਯਾਦਾਸ਼ਤ ਅਜੇ ਵੀ ਬਹੁਤ ਤੇਜ਼ ਹੈ। ਮੈਂ ਕਿੰਨੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬਚਪਨ ਤੋਂ ਯਹੋਵਾਹ ਦੀ ਸੇਵਾ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਹੈ। ਸਿੱਧੀ-ਸਾਦੀ ਜ਼ਿੰਦਗੀ ਜੀਉਣ ਨਾਲ ਮੈਂ ਯਹੋਵਾਹ ਦੀ ਸੇਵਾ ਚੰਗੇ ਤਰੀਕੇ ਨਾਲ ਕਰ ਸਕੀ ਹਾਂ।

ਮੇਰਾ ਜਨਮ 18 ਅਗਸਤ 1907 ਨੂੰ ਅਲਾਈਅੰਸ, ਓਹੀਓ, ਅਮਰੀਕਾ ਵਿਚ ਹੋਇਆ ਸੀ ਤੇ ਮੈਂ ਪੰਜਾਂ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਜਦੋਂ ਮੈਂ ਅੱਠ ਸਾਲ ਦੀ ਸੀ, ਤਾਂ ਬਾਈਬਲ ਸਟੂਡੈਂਟਸ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਦਾ ਇਕ ਪੂਰਣ-ਕਾਲੀ ਪ੍ਰਚਾਰਕ ਸਾਈਕਲ ਤੇ ਸਾਡੇ ਡੇਅਰੀ ਫਾਰਮ ਆਇਆ। ਉਹ ਮੇਰੇ ਮੰਮੀ, ਲੋਰਾ ਗਰਬਰ ਨੂੰ ਦਰਵਾਜ਼ੇ ਤੇ ਮਿਲਿਆ ਤੇ ਪੁੱਛਿਆ ਕਿ ਕੀ ਉਹ ਜਾਣਦੀ ਹੈ ਕਿ ਪਰਮੇਸ਼ੁਰ ਦੁਸ਼ਟਤਾ ਨੂੰ ਕਿਉਂ ਇਜਾਜ਼ਤ ਦਿੰਦਾ ਹੈ। ਮੰਮੀ ਦੇ ਮਨ ਵਿਚ ਇਹ ਸਵਾਲ ਕਈ ਵਾਰ ਉੱਠਿਆ ਸੀ।

ਡੈਡੀ ਨੂੰ ਪੁੱਛਣ ਤੋਂ ਬਾਅਦ, ਜੋ ਉਸ ਵੇਲੇ ਤਬੇਲੇ ਵਿਚ ਸਨ, ਮੰਮੀ ਨੇ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੇ ਛੇ ਖੰਡਾਂ ਦਾ ਸੈੱਟ ਆਰਡਰ ਕੀਤਾ। ਮੰਮੀ ਨੂੰ ਇਨ੍ਹਾਂ ਨੂੰ ਪੜ੍ਹਨ ਵਿਚ ਬਹੁਤ ਮਜ਼ਾ ਆਇਆ। ਉਨ੍ਹਾਂ ਨੇ ਇਨ੍ਹਾਂ ਵਿੱਚੋਂ ਜਿਹੜੀਆਂ ਬਾਈਬਲ ਸੱਚਾਈਆਂ ਪੜ੍ਹੀਆਂ, ਉਨ੍ਹਾਂ ਦਾ ਉਨ੍ਹਾਂ ਉੱਤੇ ਬਹੁਤ ਅਸਰ ਹੋਇਆ। ਉਨ੍ਹਾਂ ਨੂੰ ਛੇਵੇਂ ਖੰਡ, ਨਵੀਂ ਸ੍ਰਿਸ਼ਟੀ ਦਾ ਅਧਿਐਨ ਕਰਨ ਤੇ ਪਤਾ ਲੱਗ ਗਿਆ ਕਿ ਪਾਣੀ ਵਿਚ ਡੁਬਕੀ ਲਾਉਣ ਦੁਆਰਾ ਮਸੀਹੀ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਬਾਈਬਲ ਸਟੂਡੈਂਟਸ ਕਿੱਥੇ ਮਿਲਣਗੇ, ਇਸ ਲਈ ਉਨ੍ਹਾਂ ਨੇ ਡੈਡੀ ਨੂੰ ਕਿਹਾ ਕਿ ਉਹ ਫਾਰਮ ਵਿਚ ਇਕ ਛੋਟੀ ਜਿਹੀ ਨਹਿਰ ਵਿਚ ਉਨ੍ਹਾਂ ਨੂੰ ਬਪਤਿਸਮਾ ਦੇਣ, ਭਾਵੇਂ ਉਸ ਵੇਲੇ ਮਾਰਚ ਮਹੀਨੇ ਵਿਚ ਬਹੁਤ ਠੰਢ ਸੀ। ਇਹ ਸਾਲ 1916 ਦੀ ਗੱਲ ਹੈ।

ਇਸ ਤੋਂ ਕੁਝ ਸਮੇਂ ਬਾਅਦ ਮੰਮੀ ਨੇ ਅਖ਼ਬਾਰ ਵਿਚ ਇਕ ਇਸ਼ਤਿਹਾਰ ਪੜ੍ਹਿਆ ਕਿ ਅਲਾਈਅੰਸ ਦੇ ਡਾਟਰਜ਼ ਆਫ਼ ਵੈਟਰਨਜ਼ ਨਾਂ ਦੇ ਹਾਲ ਵਿਚ ਇਕ ਭਾਸ਼ਣ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਸੀ “ਯੁਗਾਂ ਦੀ ਈਸ਼ਵਰੀ ਜੁਗਤੀ।” ਮੰਮੀ ਨੇ ਇਸ ਭਾਸ਼ਣ ਨੂੰ ਸੁਣਨ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਸ਼ਾਸਤਰ ਦਾ ਅਧਿਐਨ ਦੇ ਪਹਿਲੇ ਖੰਡ ਦਾ ਵੀ ਇਹੀ ਸਿਰਲੇਖ ਸੀ। ਬੱਘੀ ਤਿਆਰ ਕੀਤੀ ਗਈ ਤੇ ਅਸੀਂ ਘਰ ਦੇ ਸਾਰੇ ਜੀਅ ਉਸ ਵਿਚ ਬੈਠ ਕੇ ਆਪਣੀ ਪਹਿਲੀ ਸਭਾ ਵਿਚ ਗਏ। ਉਸ ਸਮੇਂ ਤੋਂ ਅਸੀਂ ਹਰ ਐਤਵਾਰ ਤੇ ਬੁੱਧਵਾਰ ਸ਼ਾਮ ਨੂੰ ਭਰਾਵਾਂ ਦੇ ਘਰਾਂ ਵਿਚ ਹੁੰਦੀਆਂ ਸਭਾਵਾਂ ਵਿਚ ਜਾਣ ਲੱਗ ਪਏ। ਜਲਦੀ ਹੀ ਮਸੀਹੀ ਕਲੀਸਿਯਾ ਦੇ ਇਕ ਭਰਾ ਨੇ ਮੰਮੀ ਨੂੰ ਦੁਬਾਰਾ ਬਪਤਿਸਮਾ ਦਿੱਤਾ। ਡੈਡੀ ਹਮੇਸ਼ਾ ਫਾਰਮ ਦੇ ਕੰਮਾਂ-ਕਾਰਾਂ ਵਿਚ ਹੀ ਰੁੱਝੇ ਰਹਿੰਦੇ ਸੀ, ਪਰ ਬਾਅਦ ਵਿਚ ਉਨ੍ਹਾਂ ਨੇ ਵੀ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤੇ ਕੁਝ ਸਾਲਾਂ ਬਾਅਦ ਬਪਤਿਸਮਾ ਲੈ ਲਿਆ।

ਅਗਵਾਈ ਕਰਨ ਵਾਲੇ ਭਰਾਵਾਂ ਨੂੰ ਮਿਲਣਾ

ਉਸ ਵੇਲੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਜੇ. ਐੱਫ਼. ਰਦਰਫ਼ਰਡ 10 ਜੂਨ 1917 ਨੂੰ ਅਲਾਈਅੰਸ ਵਿਚ ਆਏ ਤੇ “ਕੌਮਾਂ ਕਿਉਂ ਲੜਦੀਆਂ ਹਨ?” ਨਾਮਕ ਵਿਸ਼ੇ ਉੱਤੇ ਉਨ੍ਹਾਂ ਨੇ ਭਾਸ਼ਣ ਦਿੱਤਾ। ਉਸ ਵੇਲੇ ਮੈਂ ਨੌਂ ਸਾਲ ਦੀ ਸੀ ਅਤੇ ਮੈਂ ਆਪਣੇ ਮੰਮੀ-ਡੈਡੀ ਤੇ ਆਪਣੇ ਦੋ ਭਰਾਵਾਂ ਵਿਲੀ ਤੇ ਚਾਰਲਜ਼ ਨਾਲ ਉਹ ਭਾਸ਼ਣ ਸੁਣਿਆ। ਉਸ ਵੇਲੇ ਕੋਲੰਬੀਆ ਥੀਏਟਰ ਵਿਚ ਸੌ ਤੋਂ ਜ਼ਿਆਦਾ ਲੋਕ ਭਾਸ਼ਣ ਸੁਣਨ ਲਈ ਆਏ ਸਨ। ਭਰਾ ਰਦਰਫ਼ਰਡ ਦੇ ਭਾਸ਼ਣ ਤੋਂ ਬਾਅਦ ਥੀਏਟਰ ਦੇ ਬਾਹਰ ਤਕਰੀਬਨ ਸਾਰੇ ਜਣਿਆਂ ਨੇ ਇਕੱਠੇ ਹੋ ਕੇ ਫ਼ੋਟੋ ਖਿਚਵਾਈ। ਅਗਲੇ ਹਫ਼ਤੇ ਉਸੇ ਥੀਏਟਰ ਵਿਚ ਏ. ਐੱਚ. ਮੈਕਮਿਲਨ ਨੇ “ਪਰਮੇਸ਼ੁਰ ਦਾ ਆ ਰਿਹਾ ਰਾਜ” ਨਾਮਕ ਵਿਸ਼ੇ ਉੱਤੇ ਭਾਸ਼ਣ ਦਿੱਤਾ। ਸਾਡੇ ਲਈ ਇਹ ਬਹੁਤ ਖ਼ੁਸ਼ੀ ਦੀ ਗੱਲ ਸੀ ਕਿ ਇਹ ਭਰਾ ਸਾਡੇ ਛੋਟੇ ਜਿਹੇ ਸ਼ਹਿਰ ਵਿਚ ਆਏ।

ਪਹਿਲੇ ਸੰਮੇਲਨਾਂ ਦੀਆਂ ਮਿੱਠੀਆਂ ਯਾਦਾਂ

ਮੈਂ 1918 ਵਿਚ ਪਹਿਲੀ ਵਾਰ ਸੰਮੇਲਨ ਵਿਚ ਗਈ ਜੋ ਅਲਾਈਅੰਸ ਤੋਂ ਕੁਝ ਕਿਲੋਮੀਟਰ ਦੂਰ ਐੱਟਵੋਟਰ, ਓਹੀਓ ਵਿਚ ਹੋਇਆ ਸੀ। ਮੰਮੀ ਨੇ ਸੋਸਾਇਟੀ ਦੇ ਪ੍ਰਤਿਨਿਧ ਨੂੰ ਪੁੱਛਿਆ ਕਿ ਮੈਂ ਇੰਨੀ ਛੋਟੀ ਉਮਰ ਤੇ ਬਪਤਿਸਮਾ ਲੈ ਸਕਦੀ ਸੀ ਕਿ ਨਹੀਂ। ਮੈਂ ਮਹਿਸੂਸ ਕਰਦੀ ਸੀ ਕਿ ਮੈਂ ਪਰਮੇਸ਼ੁਰ ਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਸਹੀ ਤਰੀਕੇ ਨਾਲ ਆਪਣਾ ਸਮਰਪਣ ਕਰ ਦਿੱਤਾ ਸੀ, ਇਸ ਲਈ ਉਸ ਦਿਨ ਮੈਨੂੰ ਸੇਬਾਂ ਦੇ ਇਕ ਵੱਡੇ ਸਾਰੇ ਬਾਗ਼ ਲਾਗੇ ਨਹਿਰ ਵਿਚ ਬਪਤਿਸਮਾ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ। ਭਰਾਵਾਂ ਨੇ ਕੱਪੜੇ ਬਦਲਣ ਲਈ ਜੋ ਟੈਂਟ ਲਾਇਆ ਸੀ, ਉੱਥੇ ਮੈਂ ਕੱਪੜੇ ਬਦਲੇ ਤੇ ਇਕ ਪੁਰਾਣਾ ਮੋਟਾ ਗਾਊਨ ਪਾ ਕੇ ਬਪਤਿਸਮਾ ਲਿਆ।

ਸਾਲ 1919 ਦੇ ਸਤੰਬਰ ਮਹੀਨੇ ਵਿਚ ਮੈਂ ਅਤੇ ਮੰਮੀ-ਡੈਡੀ ਰੇਲ-ਗੱਡੀ ਰਾਹੀਂ ਏਅਰੀ ਝੀਲ ਉੱਤੇ ਸਥਿਤ ਸੈਨਡਸਕੀ, ਓਹੀਓ ਗਏ। ਉੱਥੋਂ ਫਿਰ ਅਸੀਂ ਕਿਸ਼ਤੀ ਰਾਹੀਂ ਕੁਝ ਹੀ ਸਮੇਂ ਵਿਚ ਸੀਡਰ ਪਾਇੰਟ ਪਹੁੰਚ ਗਏ ਜਿੱਥੇ ਸਾਡਾ ਯਾਦਗਾਰੀ ਸੰਮੇਲਨ ਹੋਣਾ ਸੀ। ਜਦੋਂ ਅਸੀਂ ਕਿਸ਼ਤੀ ਵਿੱਚੋਂ ਉੱਤਰੇ, ਤਾਂ ਘਾਟ ਉੱਤੇ ਖਾਣ-ਪੀਣ ਦੇ ਸਾਮਾਨ ਦਾ ਇਕ ਛੋਟਾ ਜਿਹਾ ਸਟਾਲ ਸੀ। ਮੈਂ ਉੱਥੋਂ ਹੰਬਰਗਰ ਲਿਆ ਜੋ ਉਨ੍ਹਾਂ ਦਿਨਾਂ ਵਿਚ ਮੇਰੇ ਲਈ ਇਕ ਬਹੁਤ ਹੀ ਲਜ਼ੀਜ਼ ਖਾਣਾ ਸੀ। ਕਿੰਨਾ ਸੁਆਦ ਸੀ ਉਹ! ਉਸ ਅੱਠ-ਦਿਨਾ ਸੰਮੇਲਨ ਵਿਚ ਸਿਖਰ ਹਾਜ਼ਰੀ 7,000 ਸੀ। ਉੱਥੇ ਕੋਈ ਸਾਊਂਡ ਸਿਸਟਮ ਨਹੀਂ ਸੀ, ਜਿਸ ਕਰਕੇ ਮੈਨੂੰ ਬਹੁਤ ਧਿਆਨ ਲਾ ਕੇ ਸਾਰਾ ਪ੍ਰੋਗ੍ਰਾਮ ਸੁਣਨਾ ਪਿਆ।

ਇਸ ਸੰਮੇਲਨ ਵਿਚ ਪਹਿਰਾਬੁਰਜ ਦੇ ਨਾਲ ਦਾ ਰਸਾਲਾ ਸੁਨਹਿਰਾ ਯੁਗ (ਅੰਗ੍ਰੇਜ਼ੀ), ਜੋ ਹੁਣ ਜਾਗਰੂਕ ਬਣੋ! ਕਹਾਉਂਦਾ ਹੈ, ਰੀਲੀਜ਼ ਕੀਤਾ ਗਿਆ ਸੀ। ਉਸ ਸੰਮੇਲਨ ਵਿਚ ਹਾਜ਼ਰ ਹੋਣ ਲਈ ਮੈਂ ਪਹਿਲੇ ਹਫ਼ਤੇ ਸਕੂਲ ਨਹੀਂ ਗਈ, ਪਰ ਇਸ ਦਾ ਮੈਨੂੰ ਕੋਈ ਅਫ਼ਸੋਸ ਨਹੀਂ। ਸੀਡਰ ਪਾਇੰਟ ਇਕ ਅਜਿਹਾ ਸ਼ਹਿਰ ਸੀ ਜਿੱਥੇ ਲੋਕ ਘੁੰਮਣ-ਫਿਰਨ ਲਈ ਆਉਂਦੇ ਸਨ। ਸੰਮੇਲਨ ਲਈ ਆਏ ਭੈਣਾਂ-ਭਰਾਵਾਂ ਲਈ ਰੈਸਤੋਰਾਂ ਵਿਚ ਭੋਜਨ ਬਣਾਉਣ ਲਈ ਲਾਂਗਰੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਕਿਸੇ ਕਾਰਨ ਕਰਕੇ ਉੱਥੋਂ ਦੇ ਲਾਂਗਰੀਆਂ ਤੇ ਵੇਟਰੈੱਸਾਂ ਨੇ ਹੜਤਾਲ ਕਰ ਦਿੱਤੀ। ਇਸ ਲਈ ਜਿਨ੍ਹਾਂ ਭਰਾਵਾਂ ਨੂੰ ਖਾਣਾ ਬਣਾਉਣਾ ਆਉਂਦਾ ਸੀ ਉਨ੍ਹਾਂ ਨੇ ਭੈਣਾਂ-ਭਰਾਵਾਂ ਲਈ ਖਾਣਾ ਬਣਾਇਆ। ਫਿਰ ਕਈ ਦਹਾਕਿਆਂ ਤਕ, ਯਹੋਵਾਹ ਦੇ ਲੋਕ ਸੰਮੇਲਨਾਂ ਤੇ ਮਹਾਂ-ਸੰਮੇਲਨਾਂ ਵਿਚ ਆਪ ਖਾਣਾ ਬਣਾਉਂਦੇ ਰਹੇ।

ਸਾਨੂੰ ਸਤੰਬਰ 1922 ਵਿਚ ਨੌਂ-ਦਿਨਾ ਮਹਾਂ-ਸੰਮੇਲਨ ਲਈ ਸੀਡਰ ਪਾਇੰਟ ਦੁਬਾਰਾ ਆਉਣ ਦਾ ਮੌਕਾ ਮਿਲਿਆ। ਉੱਥੇ ਸਿਖਰ ਹਾਜ਼ਰੀ 18,000 ਤੋਂ ਜ਼ਿਆਦਾ ਸੀ। ਇਸੇ ਸੰਮੇਲਨ ਵਿਚ ਭਰਾ ਰਦਰਫ਼ਰਡ ਨੇ ਸਾਨੂੰ ਉਤਸ਼ਾਹਿਤ ਕੀਤਾ: “ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ।” ਪਰ ਮੈਂ ਕਈ ਸਾਲ ਪਹਿਲਾਂ ਹੀ ਟ੍ਰੈਕਟ ਤੇ ਸੁਨਹਿਰਾ ਯੁਗ ਰਸਾਲੇ ਵੰਡਣ ਦੁਆਰਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਪ੍ਰਚਾਰ ਪ੍ਰਤੀ ਕਦਰਦਾਨੀ

ਸਾਲ 1918 ਦੇ ਸ਼ੁਰੂ-ਸ਼ੁਰੂ ਵਿਚ, ਮੈਂ ਆਪਣੇ ਫਾਰਮ ਦੇ ਲਾਗੇ-ਲਾਗੇ ਦੇ ਫਾਰਮਾਂ ਵਿਚ ਬਾਬਲ ਦਾ ਪਤਨ (ਅੰਗ੍ਰੇਜ਼ੀ) ਨਾਮਕ ਟ੍ਰੈਕਟ ਵੰਡੇ। ਠੰਢ ਹੋਣ ਕਰਕੇ ਅਸੀਂ ਘਰ ਵਿਚ ਚੁੱਲ੍ਹੇ ਉੱਤੇ ਇਕ ਪੱਥਰ ਗਰਮ ਕਰ ਕੇ ਬੱਘੀ ਵਿਚ ਆਪਣੇ ਨਾਲ ਲੈ ਕੇ ਜਾਂਦੇ ਸੀ, ਤਾਂਕਿ ਸਾਡੇ ਪੈਰ ਗਰਮ ਰਹਿਣ। ਅਸੀਂ ਮੋਟੇ-ਮੋਟੇ ਕੋਟ ਤੇ ਟੋਪੀਆਂ ਪਾ ਕੇ ਜਾਂਦੇ ਸੀ ਕਿਉਂਕਿ ਬੱਘੀ ਦੀ ਸਿਰਫ਼ ਛੱਤ ਸੀ ਤੇ ਆਲੇ-ਦੁਆਲੇ ਪਰਦੇ ਲਾਏ ਹੋਏ ਸਨ ਤੇ ਇਸ ਵਿਚ ਹੀਟਰ ਨਹੀਂ ਸੀ। ਪਰ ਉਹ ਸਮੇਂ ਬੜੇ ਖ਼ੁਸ਼ੀਆਂ ਭਰੇ ਸਨ।

ਸਾਲ 1920 ਵਿਚ ਭੇਦ ਪ੍ਰਗਟ ਹੋਇਆ (ਅੰਗ੍ਰੇਜ਼ੀ) ਕਿਤਾਬ ਦਾ ਖ਼ਾਸ ਐਡੀਸ਼ਨ ਇਕ ਰਸਾਲੇ ਦੇ ਰੂਪ ਵਿਚ ਛਾਪਿਆ ਗਿਆ ਜਿਸ ਨੂੰ ZG ਕਿਹਾ ਜਾਂਦਾ ਸੀ। * ਮੈਂ ਤੇ ਮੇਰੇ ਮੰਮੀ-ਡੈਡੀ ਇਹ ਰਸਾਲੇ ਲੈ ਕੇ ਅਲਾਈਅੰਸ ਵਿਚ ਪ੍ਰਚਾਰ ਕਰਨ ਗਏ। ਉਨ੍ਹਾਂ ਦਿਨਾਂ ਵਿਚ ਹਰੇਕ ਨੂੰ ਇਕੱਲੇ-ਇਕੱਲੇ ਪ੍ਰਚਾਰ ਕਰਨਾ ਪੈਂਦਾ ਸੀ। ਮੈਂ ਡਰਦੀ-ਡਰਦੀ ਪੌੜੀਆਂ ਚੜ੍ਹ ਕੇ ਇਕ ਘਰ ਦੇ ਵਰਾਂਡੇ ਵਿਚ ਗਈ ਜਿੱਥੇ ਕਾਫ਼ੀ ਲੋਕ ਬੈਠੇ ਸਨ। ਜਦੋਂ ਮੈਂ ਗੱਲ ਖ਼ਤਮ ਕੀਤੀ, ਤਾਂ ਇਕ ਤੀਵੀਂ ਨੇ ਕਿਹਾ: “ਇਹ ਕੁੜੀ ਤਾਂ ਬਹੁਤ ਵਧੀਆ ਭਾਸ਼ਣ ਦਿੰਦੀ ਹੈ,” ਤੇ ਉਸ ਨੇ ਇਕ ਰਸਾਲਾ ਲੈ ਲਿਆ। ਉਸ ਦਿਨ ਮੈਂ 13 ਰਸਾਲੇ ਵੰਡੇ। ਮੈਂ ਉਸ ਦਿਨ ਪਹਿਲੀ ਵਾਰ ਘਰ-ਘਰ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਲੰਬੀ ਤੇ ਰਸਮੀ ਤੌਰ ਤੇ ਗਵਾਹੀ ਦਿੱਤੀ।

ਜਦੋਂ ਮੈਂ ਨੌਂਵੀਂ ਕਲਾਸ ਵਿਚ ਸੀ, ਤਾਂ ਮੰਮੀ ਨੂੰ ਨਿਮੋਨੀਆ ਹੋ ਗਿਆ ਤੇ ਉਹ ਲਗਭਗ ਇਕ ਮਹੀਨਾ ਬਿਸਤਰੇ ਤੇ ਹੀ ਪਏ ਰਹੇ। ਮੇਰੀ ਸਾਰਿਆਂ ਤੋਂ ਛੋਟੀ ਭੈਣ ਹੇਜ਼ਲ ਅਜੇ ਕੁਝ ਮਹੀਨਿਆਂ ਦੀ ਹੀ ਸੀ ਜਿਸ ਕਰਕੇ ਮੈਨੂੰ ਫਾਰਮ ਵਿਚ ਕੰਮ ਕਰਨ ਤੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਸਕੂਲ ਛੱਡਣਾ ਪਿਆ। ਪਰ ਫਿਰ ਵੀ ਸਾਡਾ ਪਰਿਵਾਰ ਬਾਈਬਲ ਸੱਚਾਈ ਨੂੰ ਗੰਭੀਰਤਾ ਨਾਲ ਲੈਂਦਾ ਰਿਹਾ ਅਤੇ ਸਾਰੀਆਂ ਸਭਾਵਾਂ ਵਿਚ ਲਗਾਤਾਰ ਹਾਜ਼ਰ ਹੁੰਦਾ ਸੀ।

ਸਾਲ 1928 ਵਿਚ ਮਸੀਹ ਦੀ ਮੌਤ ਦੇ ਸਮਾਰਕ ਵਿਚ ਸਾਰੇ ਹਾਜ਼ਰ ਲੋਕਾਂ ਨੂੰ ਇਕ ਟ੍ਰੈਕਟ ਦਿੱਤਾ ਗਿਆ ਜਿਸ ਦਾ ਸਿਰਲੇਖ ਸੀ “ਨੌਂ ਕਿੱਥੇ ਹਨ?” ਇਸ ਵਿਚ ਲੂਕਾ 17:11-19 ਉੱਤੇ ਚਰਚਾ ਕੀਤੀ ਗਈ ਸੀ। ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਚਮਤਕਾਰੀ ਤਰੀਕੇ ਨਾਲ ਸ਼ੁੱਧ ਕੀਤੇ ਗਏ ਦਸਾਂ ਕੋੜ੍ਹੀਆਂ ਵਿੱਚੋਂ ਸਿਰਫ਼ ਇਕ ਹੀ ਕੋੜ੍ਹੀ ਨੇ ਆ ਕੇ ਨਿਮਰਤਾ ਨਾਲ ਯਿਸੂ ਦਾ ਧੰਨਵਾਦ ਕੀਤਾ। ਇਸ ਦਾ ਮੇਰੇ ਉੱਤੇ ਬਹੁਤ ਅਸਰ ਹੋਇਆ। ਮੈਂ ਆਪਣੇ ਆਪ ਤੋਂ ਪੁੱਛਿਆ, ‘ਮੈਂ ਕਿੰਨੀ ਕੁ ਸ਼ੁਕਰਗੁਜ਼ਾਰ ਹਾਂ?’

ਕਿਉਂਕਿ ਹੁਣ ਸਾਡੇ ਘਰ ਦੇ ਹਾਲਾਤ ਚੰਗੇ ਸਨ ਅਤੇ ਮੈਂ ਤੰਦਰੁਸਤ ਸੀ ਤੇ ਮੇਰੇ ਉੱਤੇ ਕੋਈ ਜ਼ਿੰਮੇਵਾਰੀ ਵੀ ਨਹੀਂ ਸੀ, ਇਸ ਲਈ ਮੈਂ ਘਰ ਛੱਡ ਕੇ ਪਾਇਨੀਅਰੀ, ਅਰਥਾਤ ਪੂਰਣ-ਕਾਲੀ ਸੇਵਕਾਈ ਕਰਨ ਦਾ ਫ਼ੈਸਲਾ ਕੀਤਾ। ਮੇਰੇ ਮੰਮੀ-ਡੈਡੀ ਨੇ ਵੀ ਮੈਨੂੰ ਪਾਇਨੀਅਰੀ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਲਈ ਮੇਰੀ ਸਾਥਣ, ਐਗਨਸ ਅਲੈਟਾ, ਤੇ ਮੈਨੂੰ ਪ੍ਰਚਾਰ ਕਰਨ ਲਈ ਇਕ ਖੇਤਰ ਦੇ ਦਿੱਤਾ ਗਿਆ ਅਤੇ ਅਸੀਂ 28 ਅਗਸਤ 1928 ਨੂੰ ਸ਼ਾਮ 9 ਵਜੇ ਰੇਲ-ਗੱਡੀ ਵਿਚ ਬੈਠ ਗਈਆਂ। ਸਾਡੇ ਦੋਵਾਂ ਕੋਲ ਸਿਰਫ਼ ਇਕ-ਇਕ ਸੂਟਕੇਸ ਤੇ ਬਾਈਬਲ ਸਾਹਿੱਤ ਪਾਉਣ ਲਈ ਇਕ-ਇਕ ਬੈਗ ਸੀ। ਸਟੇਸ਼ਨ ਉੱਤੇ ਮੇਰੀਆਂ ਭੈਣਾਂ ਤੇ ਮੇਰੇ ਮੰਮੀ-ਡੈਡੀ ਤੇ ਅਸੀਂ ਦੋਵੇਂ ਜਣੀਆਂ ਵੀ ਰੋ ਰਹੀਆਂ ਸੀ। ਮੈਂ ਸੋਚਿਆ ਕਿ ਅਸੀਂ ਫਿਰ ਕਦੀ ਉਨ੍ਹਾਂ ਨੂੰ ਨਹੀਂ ਮਿਲਾਂਗੀਆਂ ਕਿਉਂਕਿ ਸਾਨੂੰ ਵਿਸ਼ਵਾਸ ਸੀ ਕਿ ਆਰਮਾਗੇਡਨ ਬਹੁਤ ਨੇੜੇ ਸੀ। ਅਗਲੇ ਦਿਨ ਸਵੇਰੇ ਅਸੀਂ ਆਪਣੇ ਖੇਤਰ ਬਰੂਕਸਵਿਲ, ਕੈਂਟਕੀ ਪਹੁੰਚੀਆਂ।

ਅਸੀਂ ਇਕ ਬੋਰਡਿੰਗ-ਹਾਊਸ ਵਿਚ ਇਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਤੇ ਡੱਬਾਬੰਦ ਭੋਜਨ ਖ਼ਰੀਦਿਆ ਤੇ ਆਪਣੇ ਲਈ ਸੈਂਡਵਿਚ ਵੀ ਬਣਾਏ। ਅਸੀਂ ਇਕੱਲੀਆਂ ਪ੍ਰਚਾਰ ਕਰਦੀਆਂ ਹੋਈਆਂ ਘਰ-ਘਰ ਮਿਲਣ ਵਾਲੇ ਲੋਕਾਂ ਨੂੰ ਦੋ ਕੁ ਡਾਲਰ ਦੀ ਕੀਮਤ ਤੇ ਪੰਜ ਜਿਲਦਬੱਧ ਕਿਤਾਬਾਂ ਪੇਸ਼ ਕਰਦੀਆਂ ਸੀ। ਹੌਲੀ-ਹੌਲੀ ਅਸੀਂ ਸਾਰੇ ਸ਼ਹਿਰ ਵਿਚ ਪ੍ਰਚਾਰ ਕਰ ਦਿੱਤਾ। ਉੱਥੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਜਿਨ੍ਹਾਂ ਨੂੰ ਬਾਈਬਲ ਵਿਚ ਕਾਫ਼ੀ ਦਿਲਚਸਪੀ ਸੀ।

ਲਗਭਗ ਤਿੰਨ ਮਹੀਨਿਆਂ ਵਿਚ ਅਸੀਂ ਬਰੂਕਸਵਿਲ ਤੇ ਔਗਸਟਾ ਸ਼ਹਿਰ ਵਿਚ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਾਰਿਆਂ ਨੂੰ ਪ੍ਰਚਾਰ ਕਰ ਦਿੱਤਾ ਸੀ। ਇਸ ਲਈ ਅਸੀਂ ਮੇਜ਼ਵਿਲ, ਪੈਰਿਸ ਤੇ ਰਿਚਮੰਡ ਵਿਚ ਪ੍ਰਚਾਰ ਕਰਨ ਲਈ ਉੱਥੇ ਚਲੇ ਗਈਆਂ। ਅਗਲੇ ਤਿੰਨ ਸਾਲਾਂ ਦੌਰਾਨ ਅਸੀਂ ਕੈਂਟਕੀ ਦੇ ਬਹੁਤ ਸਾਰੇ ਇਲਾਕਿਆਂ ਵਿਚ ਗਏ ਜਿਨ੍ਹਾਂ ਵਿਚ ਕੋਈ ਕਲੀਸਿਯਾ ਨਹੀਂ ਸੀ। ਓਹੀਓ ਤੋਂ ਸਾਡੇ ਦੋਸਤ ਤੇ ਪਰਿਵਾਰ ਦੇ ਮੈਂਬਰ ਅਕਸਰ ਸਾਡੇ ਨਾਲ ਇਕ ਹਫ਼ਤੇ ਲਈ ਜਾਂ ਜ਼ਿਆਦਾ ਦਿਨਾਂ ਲਈ ਪ੍ਰਚਾਰ ਕਰਨ ਵਾਸਤੇ ਆਉਂਦੇ ਹੁੰਦੇ ਸੀ।

ਦੂਸਰੇ ਯਾਦਗਾਰੀ ਮਹਾਂ-ਸੰਮੇਲਨ

ਕੋਲੰਬਸ, ਓਹੀਓ ਵਿਚ 24-30 ਜੁਲਾਈ 1931 ਵਿਚ ਹੋਇਆ ਮਹਾਂ-ਸੰਮੇਲਨ ਸੱਚ-ਮੁੱਚ ਇਕ ਯਾਦਗਾਰੀ ਸੰਮੇਲਨ ਸੀ। ਇਸੇ ਸੰਮੇਲਨ ਵਿਚ ਐਲਾਨ ਕੀਤਾ ਗਿਆ ਸੀ ਕਿ ਹੁਣ ਅਸੀਂ ਬਾਈਬਲ-ਆਧਾਰਿਤ ਨਾਂ ‘ਯਹੋਵਾਹ ਦੇ ਗਵਾਹ’ ਵਜੋਂ ਪਛਾਣੇ ਜਾਵਾਂਗੇ। (ਯਸਾਯਾਹ 43:12) ਇਸ ਤੋਂ ਪਹਿਲਾਂ ਜਦੋਂ ਲੋਕ ਸਾਨੂੰ ਪੁੱਛਦੇ ਹੁੰਦੇ ਸੀ ਕਿ ਸਾਡਾ ਕਿਹੜਾ ਧਰਮ ਹੈ, ਤਾਂ ਅਸੀਂ ਕਹਿੰਦੇ ਸੀ, “ਇੰਟਰਨੈਸ਼ਨਲ ਬਾਈਬਲ ਸਟੂਡੈਂਟਸ।” ਪਰ ਇਸ ਨਾਲ ਸਾਡੀ ਚੰਗੇ ਤਰੀਕੇ ਨਾਲ ਪਛਾਣ ਨਹੀਂ ਹੁੰਦੀ ਸੀ ਕਿਉਂਕਿ ਹੋਰ ਵੀ ਬਹੁਤ ਸਾਰੇ ਬਾਈਬਲ ਦੇ ਵਿਦਿਆਰਥੀ ਸਨ ਜੋ ਦੂਜੇ ਧਰਮਾਂ ਨਾਲ ਸੰਬੰਧ ਰੱਖਦੇ ਸਨ।

ਮੇਰੀ ਸਾਥਣ, ਐਗਨਸ ਨੇ ਵਿਆਹ ਕਰਾ ਲਿਆ ਸੀ ਤੇ ਮੈਂ ਹੁਣ ਇਕੱਲੀ ਰਹਿ ਗਈ ਸੀ। ਇਸ ਲਈ ਮੈਨੂੰ ਉਸ ਸੰਮੇਲਨ ਵਿਚ ਇਹ ਘੋਸ਼ਣਾ ਸੁਣ ਕੇ ਬਹੁਤ ਖ਼ੁਸ਼ੀ ਹੋਈ ਕਿ ਜਿਨ੍ਹਾਂ ਨੂੰ ਪਾਇਨੀਅਰੀ ਕਰਨ ਲਈ ਸਾਥੀ ਦੀ ਜ਼ਰੂਰਤ ਹੈ, ਉਹ ਫਲਾਨੀ-ਫਲਾਨੀ ਜਗ੍ਹਾ ਪਹੁੰਚਣ। ਉੱਥੇ ਮੈਂ ਬਰਥਾ ਤੇ ਐਲਸੀ ਗਾਰਟੀ ਅਤੇ ਬੈਸੀ ਐਨਸਮਿੰਗਰ ਨੂੰ ਮਿਲੀ। ਉਨ੍ਹਾਂ ਕੋਲ ਦੋ ਕਾਰਾਂ ਸਨ ਤੇ ਉਹ ਚੌਥੀ ਪਾਇਨੀਅਰ ਭੈਣ ਨੂੰ ਲੱਭ ਰਹੀਆਂ ਸਨ ਤਾਂਕਿ ਉਹ ਉਨ੍ਹਾਂ ਨਾਲ ਪਾਇਨੀਅਰੀ ਕਰ ਸਕੇ। ਸੰਮੇਲਨ ਤੋਂ ਬਾਅਦ ਅਸੀਂ ਇਕੱਠੀਆਂ ਗਈਆਂ, ਭਾਵੇਂ ਅਸੀਂ ਪਹਿਲਾਂ ਕਦੀ ਇਕ-ਦੂਜੇ ਨੂੰ ਨਹੀਂ ਮਿਲੀਆਂ ਸੀ।

ਗਰਮੀਆਂ ਵਿਚ ਅਸੀਂ ਪੂਰੇ ਪੈਨਸਿਲਵੇਨੀਆ ਵਿਚ ਪ੍ਰਚਾਰ ਕੀਤਾ। ਫਿਰ ਜਦੋਂ ਸਰਦੀਆਂ ਆਈਆਂ, ਤਾਂ ਅਸੀਂ ਬੇਨਤੀ ਕੀਤੀ ਕਿ ਸਾਨੂੰ ਉੱਤਰੀ ਕੈਰੋਲਾਇਨਾ, ਵਰਜੀਨੀਆ ਅਤੇ ਮੈਰੀਲੈਂਡ ਦੇ ਘੱਟ ਠੰਢ ਵਾਲੇ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਭੇਜਿਆ ਜਾਵੇ। ਬਸੰਤ ਰੁੱਤ ਵਿਚ ਅਸੀਂ ਉੱਤਰੀ ਇਲਾਕੇ ਵਿਚ ਵਾਪਸ ਆ ਜਾਂਦੀਆਂ ਸੀ। ਉਸ ਵੇਲੇ ਪਾਇਨੀਅਰ ਇਸੇ ਤਰ੍ਹਾਂ ਕਰਦੇ ਸਨ। ਸਾਲ 1934 ਵਿਚ ਜਾਨ ਬੂਥ ਤੇ ਰੂਡੋਲਫ ਅੱਬੂਲ ਆਪਣੇ ਨਾਲ ਰਾਲਫ਼ ਮੌਇਅਰ ਤੇ ਉਸ ਦੇ ਛੋਟੇ ਭਰਾ ਵਿਲਾਰਡ ਨੂੰ ਹੈਜ਼ਰਡ, ਕੈਂਟਕੀ ਲੈ ਗਏ।

ਮੈਂ ਰਾਲਫ਼ ਨੂੰ ਕਈ ਵਾਰੀ ਮਿਲ ਚੁੱਕੀ ਸੀ। ਪਰ 30 ਮਈ–3 ਜੂਨ 1935 ਨੂੰ ਵਾਸ਼ਿੰਗਟਨ, ਡੀ.ਸੀ. ਵਿਚ ਹੋਏ ਵੱਡੇ ਮਹਾਂ-ਸੰਮੇਲਨ ਦੌਰਾਨ ਅਸੀਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਏ। ਜਦੋਂ “ਵੱਡੀ ਭੀੜ” ਉੱਤੇ ਭਾਸ਼ਣ ਚੱਲ ਰਿਹਾ ਸੀ, ਤਾਂ ਮੈਂ ਤੇ ਰਾਲਫ਼ ਬਾਲਕਨੀ ਵਿਚ ਬੈਠੇ ਸੀ। (ਪਰਕਾਸ਼ ਦੀ ਪੋਥੀ 7:9-14) ਉਦੋਂ ਤਕ ਅਸੀਂ ਵਿਸ਼ਵਾਸ ਕਰਦੇ ਸੀ ਕਿ ਵੱਡੀ ਭੀੜ ਦੇ ਲੋਕ ਵੀ ਸਵਰਗ ਜਾਣਗੇ, ਪਰ ਉਹ 1,44,000 ਨਾਲੋਂ ਘੱਟ ਵਫ਼ਾਦਾਰ ਸਨ। (ਪਰਕਾਸ਼ ਦੀ ਪੋਥੀ 14:1-3) ਇਸ ਲਈ ਮੈਂ ਉਨ੍ਹਾਂ ਵਿਚ ਨਹੀਂ ਹੋਣਾ ਚਾਹੁੰਦੀ ਸੀ!

ਜਦੋਂ ਭਰਾ ਰਦਰਫ਼ਰਡ ਨੇ ਸਮਝਾਇਆ ਕਿ ਵੱਡੀ ਭੀੜ ਦੇ ਵਫ਼ਾਦਾਰ ਲੋਕ ਆਰਮਾਗੇਡਨ ਵਿੱਚੋਂ ਬਚ ਕੇ ਧਰਤੀ ਉੱਤੇ ਰਹਿਣਗੇ, ਤਾਂ ਉੱਥੇ ਹਾਜ਼ਰ ਬਹੁਤ ਸਾਰੇ ਲੋਕ ਹੈਰਾਨ ਹੋਏ। ਤਦ ਉਸ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਖੜ੍ਹੇ ਹੋਣ ਦਾ ਸੱਦਾ ਦਿੱਤਾ ਜੋ ਵੱਡੀ ਭੀੜ ਦੇ ਹਨ। ਮੈਂ ਖੜ੍ਹੀ ਨਹੀਂ ਹੋਈ, ਪਰ ਰਾਲਫ਼ ਖੜ੍ਹਾ ਹੋ ਗਿਆ। ਬਾਅਦ ਵਿਚ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ, ਇਸ ਲਈ 1935 ਤੋਂ ਬਾਅਦ ਮਸੀਹ ਦੀ ਮੌਤ ਦੇ ਸਮਾਰਕ ਵਿਚ ਮੈਂ ਫਿਰ ਕਦੀ ਵੀ ਰੋਟੀ ਤੇ ਮੈ ਨਹੀਂ ਲਈ। ਪਰ ਮੰਮੀ ਨਵੰਬਰ 1957 ਵਿਚ ਆਪਣੀ ਮੌਤ ਤਕ ਰੋਟੀ ਤੇ ਮੈ ਲੈਂਦੇ ਰਹੇ।

ਪੱਕਾ ਸਾਥੀ

ਰਾਲਫ਼ ਤੇ ਮੈਂ ਇਕ ਦੂਜੇ ਨੂੰ ਚਿੱਠੀ-ਪੱਤਰ ਲਿਖਦੇ ਰਹੇ। ਮੈਂ ਲੇਕ ਪਲੇਸਿਡ, ਨਿਊਯਾਰਕ ਵਿਚ ਪਾਇਨੀਅਰੀ ਕਰ ਰਹੀ ਸੀ ਤੇ ਉਹ ਪੈਨਸਿਲਵੇਨੀਆ ਵਿਚ ਪਾਇਨੀਅਰੀ ਕਰ ਰਿਹਾ ਸੀ। ਸਾਲ 1936 ਵਿਚ ਉਸ ਨੇ ਇਕ ਛੋਟਾ ਜਿਹਾ ਘਰਨੁਮਾ ਟ੍ਰੇਲਰ ਬਣਾਇਆ ਜਿਸ ਨੂੰ ਉਹ ਆਪਣੀ ਕਾਰ ਨਾਲ ਜੋੜ ਸਕਦਾ ਸੀ। ਉਹ ਇਸ ਨੂੰ ਪੌਟਸਟਾਊਨ, ਪੈਨਸਿਲਵੇਨੀਆ ਤੋਂ ਨਿਊਅਰਕ, ਨਿਊ ਜਰਸੀ ਲੈ ਕੇ ਆਇਆ ਜਿੱਥੇ 16-18 ਅਕਤੂਬਰ ਨੂੰ ਮਹਾਂ-ਸੰਮੇਲਨ ਹੋਣਾ ਸੀ। ਇਕ ਦਿਨ ਸ਼ਾਮ ਨੂੰ ਪ੍ਰੋਗ੍ਰਾਮ ਤੋਂ ਬਾਅਦ ਅਸੀਂ ਕਈ ਪਾਇਨੀਅਰ ਰਾਲਫ਼ ਦਾ ਨਵਾਂ ਟ੍ਰੇਲਰ ਦੇਖਣ ਗਏ। ਜਦੋਂ ਮੈਂ ਤੇ ਰਾਲਫ਼ ਟ੍ਰੇਲਰ ਦੇ ਅੰਦਰ ਸਿੰਕ ਕੋਲ ਖੜ੍ਹੇ ਸੀ, ਤਾਂ ਉਸ ਨੇ ਮੈਨੂੰ ਪੁੱਛਿਆ, “ਕੀ ਤੈਨੂੰ ਇਹ ਟ੍ਰੇਲਰ ਪਸੰਦ ਹੈ?”

ਜਦੋਂ ਮੈਂ ਹਾਂ ਵਿਚ ਸਿਰ ਹਿਲਾਇਆ, ਤਾਂ ਉਸ ਨੇ ਪੁੱਛਿਆ, “ਕੀ ਤੂੰ ਇਸ ਵਿਚ ਰਹਿਣਾ ਚਾਹੁੰਦੀ ਹੈਂ?”

“ਹਾਂ,” ਮੈਂ ਜਵਾਬ ਦਿੱਤਾ ਅਤੇ ਤਦ ਉਸ ਨੇ ਮੈਨੂੰ ਪੋਲੇ ਜਿਹੇ ਚੁੰਮਿਆ ਤੇ ਮੈਨੂੰ ਉਸ ਦਾ ਉਹ ਚੁੰਮਣ ਅੱਜ ਵੀ ਯਾਦ ਹੈ। ਕੁਝ ਦਿਨਾਂ ਬਾਅਦ, ਅਸੀਂ ਵਿਆਹ ਦਾ ਲਸੰਸ ਲੈ ਲਿਆ। ਮਹਾਂ-ਸੰਮੇਲਨ ਤੋਂ ਅਗਲੇ ਦਿਨ 19 ਅਕਤੂਬਰ ਨੂੰ ਅਸੀਂ ਬਰੁਕਲਿਨ ਗਏ ਤੇ ਉੱਥੇ ਵਾਚ ਟਾਵਰ ਸੋਸਾਇਟੀ ਦਾ ਛਾਪਾਖ਼ਾਨਾ ਦੇਖਿਆ। ਉੱਥੇ ਅਸੀਂ ਪਾਇਨੀਅਰੀ ਕਰਨ ਵਾਸਤੇ ਖੇਤਰ ਮੰਗਿਆ। ਗ੍ਰਾਂਟ ਸੂਟਰ ਉਸ ਵੇਲੇ ਖੇਤਰ ਦਾ ਕੰਮ ਸੰਭਾਲਦੇ ਸੀ ਤੇ ਉਸ ਨੇ ਪੁੱਛਿਆ ਕਿ ਇਸ ਇਲਾਕੇ ਵਿਚ ਕੌਣ ਪ੍ਰਚਾਰ ਕਰੇਗਾ। ਰਾਲਫ਼ ਨੇ ਕਿਹਾ, “ਅਸੀਂ ਕਰਾਂਗੇ ਜੇ ਅਸੀਂ ਵਿਆਹ ਕਰਾ ਸਕੀਏ।”

“ਜੇ ਤੁਸੀਂ ਸ਼ਾਮ ਨੂੰ ਪੰਜ ਵਜੇ ਆਓ, ਤਾਂ ਅਸੀਂ ਵਿਆਹ ਦਾ ਪ੍ਰਬੰਧ ਕਰ ਸਕਦੇ ਹਾਂ,” ਭਰਾ ਸੂਟਰ ਨੇ ਕਿਹਾ। ਉਸੇ ਦਿਨ ਸ਼ਾਮ ਨੂੰ ਬਰੁਕਲਿਨ ਹਾਈਟਸ ਵਿਚ ਇਕ ਭਰਾ ਦੇ ਘਰ ਵਿਚ ਸਾਡਾ ਵਿਆਹ ਹੋ ਗਿਆ। ਅਸੀਂ ਕੁਝ ਦੋਸਤਾਂ ਨਾਲ ਜਾ ਕੇ ਰੈਸਤੋਰਾਂ ਵਿਚ ਖਾਣਾ ਖਾਧਾ ਤੇ ਫਿਰ ਗੱਡੀ ਫੜ ਕੇ ਅਸੀਂ ਨਿਊਅਰਕ, ਨਿਊ ਜਰਸੀ ਵਿਚ ਰਾਲਫ਼ ਦੇ ਟ੍ਰੇਲਰ ਵਿਚ ਵਾਪਸ ਆ ਗਏ।

ਉਸ ਤੋਂ ਕੁਝ ਸਮੇਂ ਬਾਅਦ ਅਸੀਂ ਹੀਥਸਵਿਲ, ਵਰਜੀਨੀਆ ਗਏ, ਜਿੱਥੇ ਅਸੀਂ ਇਕੱਠਿਆਂ ਨੇ ਪਹਿਲੀ ਵਾਰ ਪਾਇਨੀਅਰੀ ਕੀਤੀ। ਅਸੀਂ ਨੋਰਥਮਬਰਲੈਂਡ ਕਾਉਂਟੀ ਵਿਚ ਪਾਇਨੀਅਰੀ ਕੀਤੀ ਤੇ ਫਿਰ ਅਸੀਂ ਪੈਨਸਿਲਵੇਨੀਆ ਵਿਚ ਫੁਲਟਨ ਤੇ ਫ਼ਰੈਂਕਲਿਨ ਕਾਉਂਟੀ ਵਿਚ ਚਲੇ ਗਏ। ਸਾਲ 1939 ਵਿਚ ਰਾਲਫ਼ ਨੂੰ ਜ਼ੋਨ ਨਿਗਾਹਬਾਨ ਵਜੋਂ ਕੰਮ ਕਰਨ ਲਈ ਕਿਹਾ ਗਿਆ। ਇਸ ਕੰਮ ਵਿਚ ਅਸੀਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਵੱਖਰੀਆਂ-ਵੱਖਰੀਆਂ ਕਲੀਸਿਯਾਵਾਂ ਵਿਚ ਜਾਣਾ ਸੀ। ਅਸੀਂ ਟੈਨਿਸੀ ਰਾਜ ਦੀਆਂ ਕਲੀਸਿਯਾਵਾਂ ਵਿਚ ਗਏ। ਅਗਲੇ ਸਾਲ ਸਾਡਾ ਪੁੱਤਰ, ਐਲਨ ਪੈਦਾ ਹੋਇਆ ਤੇ 1941 ਵਿਚ ਸਾਨੂੰ ਜ਼ੋਨ ਨਿਗਾਹਬਾਨ ਦੇ ਕੰਮ ਤੋਂ ਹਟਾ ਕੇ ਮੇਰੀਅਨ, ਵਰਜੀਨੀਆ ਵਿਚ ਵਿਸ਼ੇਸ਼ ਪਾਇਨੀਅਰਾਂ ਦੇ ਤੌਰ ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਦਿਨਾਂ ਵਿਚ ਵਿਸ਼ੇਸ਼ ਪਾਇਨੀਅਰਾਂ ਨੂੰ ਇਕ ਮਹੀਨੇ ਵਿਚ 200 ਘੰਟੇ ਪ੍ਰਚਾਰ ਕਰਨਾ ਪੈਂਦਾ ਸੀ।

ਹਾਲਾਤਾਂ ਅਨੁਸਾਰ ਢਲ਼ਣਾ

ਸਾਲ 1943 ਵਿਚ ਮੇਰੇ ਲਈ ਵਿਸ਼ੇਸ਼ ਪਾਇਨੀਅਰੀ ਛੱਡਣੀ ਜ਼ਰੂਰੀ ਹੋ ਗਈ। ਛੋਟੇ ਟ੍ਰੇਲਰ ਵਿਚ ਰਹਿਣਾ, ਇਕ ਛੋਟੇ ਬੱਚੇ ਦੀ ਦੇਖ-ਭਾਲ ਕਰਨੀ, ਖਾਣਾ ਬਣਾਉਣਾ, ਸਾਰਿਆਂ ਦੇ ਕੱਪੜੇ ਧੋਣੇ ਤੇ ਹਰ ਮਹੀਨੇ 60 ਘੰਟੇ ਪ੍ਰਚਾਰ ਕਰਨਾ ਮੇਰੇ ਲਈ ਕਾਫ਼ੀ ਸੀ। ਪਰ ਰਾਲਫ਼ ਵਿਸ਼ੇਸ਼ ਪਾਇਨੀਅਰੀ ਕਰਦਾ ਰਿਹਾ।

ਸਾਲ 1945 ਵਿਚ ਅਸੀਂ ਅਲਾਈਅੰਸ, ਓਹੀਓ ਵਾਪਸ ਚਲੇ ਗਏ ਤੇ ਆਪਣਾ ਟ੍ਰੇਲਰ ਵੇਚ ਦਿੱਤਾ ਜਿਸ ਵਿਚ ਅਸੀਂ ਨੌਂ ਸਾਲ ਤਕ ਰਹੇ ਸੀ। ਅਸੀਂ ਮੇਰੇ ਮੰਮੀ-ਡੈਡੀ ਕੋਲ ਫਾਰਮ ਵਿਚ ਚਲੇ ਗਏ। ਉੱਥੇ ਹੀ, ਵਰਾਂਡੇ ਵਿਚ ਸਾਡੀ ਧੀ ਰਿਬੇਕਾ ਦਾ ਜਨਮ ਹੋਇਆ। ਰਾਲਫ਼ ਸ਼ਹਿਰ ਵਿਚ ਕੁਝ ਘੰਟੇ ਕੰਮ ਕਰਦਾ ਸੀ ਤੇ ਨਾਲ-ਨਾਲ ਨਿਯਮਿਤ ਪਾਇਨੀਅਰੀ ਵੀ ਕਰਦਾ ਸੀ। ਮੈਂ ਫਾਰਮ ਵਿਚ ਕੰਮ ਕਰਦੀ ਸੀ ਤੇ ਪਾਇਨੀਅਰੀ ਵਿਚ ਮੈਂ ਜਿੰਨੀ ਉਸ ਦੀ ਮਦਦ ਕਰ ਸਕਦੀ ਸੀ, ਕਰਦੀ। ਮੇਰੇ ਪਰਿਵਾਰ ਨੇ ਸਾਨੂੰ ਜ਼ਮੀਨ ਤੇ ਘਰ ਦੇਣ ਦੀ ਪੇਸ਼ਕਸ਼ ਕੀਤੀ, ਪਰ ਰਾਲਫ਼ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਜ਼ਿੰਦਗੀ ਨੂੰ ਸਾਦੀ ਰੱਖਣਾ ਚਾਹੁੰਦਾ ਸੀ ਤਾਂਕਿ ਅਸੀਂ ਰਾਜ ਹਿਤਾਂ ਨੂੰ ਪਹਿਲ ਦੇ ਸਕੀਏ।

ਸਾਲ 1950 ਵਿਚ ਅਸੀਂ ਪੌਟਸਟਾਊਨ, ਪੈਨਸਿਲਵੇਨੀਆ ਚਲੇ ਗਏ ਤੇ ਉੱਥੇ 25 ਡਾਲਰ ਮਹੀਨੇ ਤੇ ਇਕ ਘਰ ਕਿਰਾਏ ਤੇ ਲਿਆ। ਅਗਲੇ 30 ਸਾਲਾਂ ਤਕ ਕਿਰਾਇਆ ਸਿਰਫ਼ 75 ਡਾਲਰ ਤਕ ਹੀ ਵਧਿਆ। ਅਸੀਂ ਮਹਿਸੂਸ ਕਰਦੇ ਸੀ ਕਿ ਸਾਦੀ ਜ਼ਿੰਦਗੀ ਜੀਉਣ ਵਿਚ ਯਹੋਵਾਹ ਸਾਡੀ ਮਦਦ ਕਰ ਰਿਹਾ ਸੀ। (ਮੱਤੀ 6:31-33) ਰਾਲਫ਼ ਹਫ਼ਤੇ ਵਿਚ ਤਿੰਨ ਦਿਨ ਨਾਈ ਦਾ ਕੰਮ ਕਰਦਾ ਸੀ। ਹਰ ਹਫ਼ਤੇ ਅਸੀਂ ਆਪਣੇ ਦੋ ਬੱਚਿਆਂ ਨਾਲ ਬਾਈਬਲ ਦਾ ਅਧਿਐਨ ਕਰਦੇ ਸੀ, ਕਲੀਸਿਯਾ ਸਭਾਵਾਂ ਵਿਚ ਜਾਂਦੇ ਸੀ ਤੇ ਸਾਰੇ ਜਣੇ ਮਿਲ ਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਸੀ। ਰਾਲਫ਼ ਨੇ ਸਥਾਨਕ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਵਜੋਂ ਵੀ ਸੇਵਾ ਕੀਤੀ। ਸਾਦੀ ਜ਼ਿੰਦਗੀ ਜੀਉਣ ਨਾਲ ਅਸੀਂ ਯਹੋਵਾਹ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕੇ।

ਮੇਰੇ ਪਿਆਰੇ ਸਾਥੀ ਦਾ ਵਿਛੋੜਾ

ਸਤਾਰਾਂ ਮਈ 1981 ਨੂੰ ਅਸੀਂ ਕਿੰਗਡਮ ਹਾਲ ਵਿਚ ਬੈਠੇ ਜਨਤਕ ਭਾਸ਼ਣ ਸੁਣ ਰਹੇ ਸੀ। ਰਾਲਫ਼ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਇਸ ਲਈ ਉਹ ਹਾਲ ਦੇ ਪਿਛਲੇ ਪਾਸੇ ਚਲਾ ਗਿਆ ਤੇ ਇਕ ਅਟੈਂਡੈਂਟ ਦੇ ਹੱਥ ਉਸ ਨੇ ਮੇਰੇ ਕੋਲ ਇਕ ਨੋਟ ਘੱਲਿਆ ਕਿ ਉਹ ਘਰ ਜਾ ਰਿਹਾ ਸੀ। ਰਾਲਫ਼ ਨੇ ਪਹਿਲਾਂ ਤਾਂ ਕਦੀ ਇਸ ਤਰ੍ਹਾਂ ਨਹੀਂ ਕੀਤਾ ਸੀ। ਇਸ ਲਈ ਫ਼ੌਰਨ ਮੈਂ ਕਿਸੇ ਨੂੰ ਕਿਹਾ ਕਿ ਉਹ ਮੈਨੂੰ ਘਰ ਛੱਡ ਆਵੇ। ਰਾਲਫ਼ ਨੂੰ ਜ਼ਬਰਦਸਤ ਦਿਲ ਦਾ ਦੌਰਾ ਪਿਆ ਤੇ ਉਹ ਇਕ ਘੰਟੇ ਦੇ ਅੰਦਰ-ਅੰਦਰ ਹੀ ਮਰ ਗਿਆ। ਉਸ ਦਿਨ ਸਵੇਰੇ ਪਹਿਰਾਬੁਰਜ ਅਧਿਐਨ ਖ਼ਤਮ ਹੋਣ ਤੇ ਕਲੀਸਿਯਾ ਵਿਚ ਰਾਲਫ਼ ਦੀ ਮੌਤ ਦੀ ਘੋਸ਼ਣਾ ਕੀਤੀ ਗਈ।

ਉਸ ਮਹੀਨੇ ਰਾਲਫ਼ ਪਹਿਲਾਂ ਹੀ 50 ਘੰਟੇ ਪ੍ਰਚਾਰ ਕਰ ਚੁੱਕਾ ਸੀ। ਉਸ ਨੇ 46 ਤੋਂ ਜ਼ਿਆਦਾ ਸਾਲਾਂ ਤਕ ਇਕ ਪਾਇਨੀਅਰ ਵਜੋਂ ਪੂਰਣ-ਕਾਲੀ ਸੇਵਕਾਈ ਕੀਤੀ ਸੀ। ਉਸ ਨੇ ਸੌ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਦਾ ਅਧਿਐਨ ਕਰਾਇਆ ਜਿਹੜੇ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਗਵਾਹ ਬਣ ਗਏ। ਸਾਨੂੰ ਜੋ ਵੀ ਅਧਿਆਤਮਿਕ ਬਰਕਤਾਂ ਮਿਲੀਆਂ ਹਨ, ਉਹ ਉਨ੍ਹਾਂ ਸਭ ਕੁਰਬਾਨੀਆਂ ਨਾਲੋਂ ਵਧ ਕੇ ਸਨ ਜੋ ਅਸੀਂ ਬੀਤੇ ਸਾਲਾਂ ਦੌਰਾਨ ਕੀਤੀਆਂ ਸਨ।

ਆਪਣੇ ਵਿਸ਼ੇਸ਼-ਸਨਮਾਨਾਂ ਲਈ ਸ਼ੁਕਰਗੁਜ਼ਾਰ

ਪਿਛਲੇ 18 ਸਾਲਾਂ ਤੋਂ ਮੈਂ ਇਕੱਲੀ ਰਹਿ ਰਹੀ ਹਾਂ। ਮੈਂ ਸਭਾਵਾਂ ਵਿਚ ਜਾਂਦੀ ਹਾਂ, ਆਪਣੀ ਸਮਰਥਾ ਅਨੁਸਾਰ ਮੈਂ ਦੂਜਿਆਂ ਨੂੰ ਪ੍ਰਚਾਰ ਕਰਦੀ ਹਾਂ ਤੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੀ ਹਾਂ। ਹੁਣ ਮੈਂ ਬਿਰਧ ਨਾਗਰਿਕਾਂ ਲਈ ਅਲੱਗ ਰੱਖੇ ਗਏ ਇਕ ਅਪਾਰਟਮੈਂਟ ਵਿਚ ਰਹਿੰਦੀ ਹਾਂ। ਮੇਰੇ ਕੋਲ ਥੋੜ੍ਹਾ ਜਿਹਾ ਹੀ ਫਰਨੀਚਰ ਹੈ ਤੇ ਮੈਂ ਟੈਲੀਵਿਯਨ ਵੀ ਨਹੀਂ ਰੱਖਿਆ ਹੈ। ਪਰ ਮੈਨੂੰ ਕੋਈ ਕਮੀ ਨਹੀਂ ਹੈ ਤੇ ਅਧਿਆਤਮਿਕ ਤੌਰ ਤੇ ਮੈਂ ਬਹੁਤ ਅਮੀਰ ਹਾਂ। ਮੇਰੇ ਮੰਮੀ-ਡੈਡੀ ਤੇ ਮੇਰੇ ਦੋ ਭਰਾ ਆਪਣੀ ਮੌਤ ਤਕ ਵਫ਼ਾਦਾਰ ਰਹੇ ਤੇ ਮੇਰੀਆਂ ਦੋਵੇਂ ਭੈਣਾਂ ਅਜੇ ਵੀ ਵਫ਼ਾਦਾਰੀ ਨਾਲ ਸੱਚਾਈ ਦੇ ਰਾਹ ਉੱਤੇ ਚੱਲ ਰਹੀਆਂ ਹਨ।

ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੇਰਾ ਪੁੱਤਰ ਐਲਨ ਇਕ ਮਸੀਹੀ ਬਜ਼ੁਰਗ ਹੈ। ਕਈ ਸਾਲਾਂ ਤੋਂ ਉਹ ਕਿੰਗਡਮ ਹਾਲਾਂ ਤੇ ਅਸੈਂਬਲੀ ਹਾਲਾਂ ਵਿਚ ਤੇ ਗਰਮੀਆਂ ਵਿਚ ਹੋਣ ਵਾਲੇ ਮਹਾਂ-ਸੰਮੇਲਨਾਂ ਵਿਚ ਵੀ ਸਾਊਂਡ ਸਿਸਟਮ ਲਗਾਉਣ ਦਾ ਕੰਮ ਸੰਭਾਲਦਾ ਹੈ। ਉਸ ਦੀ ਪਤਨੀ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀ ਹੈ ਤੇ ਉਨ੍ਹਾਂ ਦੇ ਦੋਵੇਂ ਮੁੰਡੇ ਬਜ਼ੁਰਗ ਹਨ। ਮੇਰੀ ਕੁੜੀ ਰਿਬੇਕਾ ਕੇਰਸ 35 ਤੋਂ ਜ਼ਿਆਦਾ ਸਾਲਾਂ ਤੋਂ ਪੂਰਣ-ਕਾਲੀ ਸੇਵਕਾਈ ਕਰ ਰਹੀ ਹੈ। ਇਸ ਦੌਰਾਨ ਉਸ ਨੇ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਵੀ ਚਾਰ ਸਾਲ ਸੇਵਾ ਕੀਤੀ। ਉਹ ਤੇ ਉਸ ਦਾ ਪਤੀ ਅਮਰੀਕਾ ਦੇ ਵੱਖਰੇ-ਵੱਖਰੇ ਇਲਾਕਿਆਂ ਵਿਚ ਪਿਛਲੇ 25 ਸਾਲਾਂ ਤੋਂ ਸਫ਼ਰੀ ਕੰਮ ਕਰ ਰਹੇ ਹਨ।

ਯਿਸੂ ਨੇ ਕਿਹਾ ਸੀ ਕਿ ਰਾਜ ਇਕ ਲੁਕੇ ਹੋਏ ਧਨ ਵਾਂਗ ਹੈ ਜਿਸ ਨੂੰ ਲੱਭਿਆ ਜਾ ਸਕਦਾ ਹੈ। (ਮੱਤੀ 13:44) ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਪਰਿਵਾਰ ਨੇ ਬਹੁਤ ਸਾਲ ਪਹਿਲਾਂ ਇਹ ਧਨ ਲੱਭਿਆ। ਪਿਛਲੇ 80 ਤੋਂ ਜ਼ਿਆਦਾ ਸਾਲਾਂ ਤਕ ਯਹੋਵਾਹ ਦੀ ਵਫ਼ਾਦਾਰੀ ਨਾਲ ਕੀਤੀ ਸੇਵਾ ਨੂੰ ਯਾਦ ਕਰ ਕੇ ਮੈਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! ਮੈਨੂੰ ਕੋਈ ਅਫ਼ਸੋਸ ਨਹੀਂ ਹੈ। ਜੇ ਮੈਨੂੰ ਆਪਣੀ ਜ਼ਿੰਦਗੀ ਨੂੰ ਦੁਬਾਰਾ ਜੀਉਣ ਦਾ ਮੌਕਾ ਮਿਲੇ, ਤਾਂ ਵੀ ਮੈਂ ਆਪਣੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਹੀ ਜੀਵਾਂਗੀ, ਕਿਉਂਕਿ ਇਹ ਗੱਲ ਬਿਲਕੁਲ ਸੱਚ ਹੈ ਕਿ ‘ਪਰਮੇਸ਼ੁਰ ਦੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ।’—ਜ਼ਬੂਰ 63:3.

[ਫੁਟਨੋਟ]

^ ਪੈਰਾ 17 ਭੇਦ ਪ੍ਰਗਟ ਹੋਇਆ ਨਾਮਕ ਕਿਤਾਬ ਸ਼ਾਸਤਰ ਦਾ ਅਧਿਐਨ ਦਾ ਸੱਤਵਾਂ ਖੰਡ ਸੀ। ਪਹਿਲੇ ਛੇ ਖੰਡ ਚਾਰਲਜ਼ ਟੇਜ਼ ਰਸਲ ਨੇ ਲਿਖੇ ਸਨ। ਪਰ ਸੱਤਵਾਂ ਖੰਡ ਭਰਾ ਰਸਲ ਦੀ ਮੌਤ ਤੋਂ ਬਾਅਦ ਛਪਿਆ ਸੀ।

[ਸਫ਼ੇ 23 ਉੱਤੇ ਤਸਵੀਰ]

ਅਸੀਂ ਸਾਲ 1917 ਵਿਚ ਅਲਾਈਅੰਸ, ਓਹੀਓ ਵਿਚ ਭਰਾ ਰਦਰਫ਼ਰਡ ਦਾ ਭਾਸ਼ਣ ਸੁਣਿਆ

[ਸਫ਼ੇ 23 ਉੱਤੇ ਤਸਵੀਰ]

ਰਾਲਫ਼ ਨਾਲ ਉਸ ਦੇ ਟ੍ਰੇਲਰ ਦੇ ਸਾਮ੍ਹਣੇ

[ਸਫ਼ੇ 24 ਉੱਤੇ ਤਸਵੀਰ]

ਅੱਜ ਆਪਣੇ ਦੋ ਬੱਚਿਆਂ ਨਾਲ