Skip to content

Skip to table of contents

ਯਿਸੂ ਬਾਰੇ ਕਹਾਣੀਆਂ ਸੱਚੀਆਂ ਹਨ ਜਾਂ ਝੂਠੀਆਂ?

ਯਿਸੂ ਬਾਰੇ ਕਹਾਣੀਆਂ ਸੱਚੀਆਂ ਹਨ ਜਾਂ ਝੂਠੀਆਂ?

ਯਿਸੂ ਬਾਰੇ ਕਹਾਣੀਆਂ ਸੱਚੀਆਂ ਹਨ ਜਾਂ ਝੂਠੀਆਂ?

ਸੰਸਾਰ ਭਰ ਵਿਚ ਲੋਕ ਯਿਸੂ ਨਾਸਰੀ ਬਾਰੇ ਸੁਣ ਚੁੱਕੇ ਹਨ। ਲੋਕਾਂ ਨੇ ਉਸ ਬਾਰੇ ਸਕੂਲਾਂ ਵਿਚ ਜਾਂ ਹੋਰ ਕਿਤਿਓਂ ਸਿੱਖਿਆ ਹੈ। ਕਿਹਾ ਜਾਂਦਾ ਹੈ ਕਿ ਇਸ ਇਨਸਾਨ ਨੇ ਮਨੁੱਖੀ ਇਤਿਹਾਸ ਬਦਲ ਦਿੱਤਾ ਹੈ। ਕਈ ਲੋਕ ਇੰਜੀਲ ਦੀਆਂ ਕਿਤਾਬਾਂ ਨੂੰ ਸੱਚ ਸਮਝਦੇ ਹਨ। ਉਨ੍ਹਾਂ ਦਾ ਇਹ ਵੀ ਖ਼ਿਆਲ ਹੈ ਕਿ ਯਿਸੂ ਨੇ ਇਸ ਤਰ੍ਹਾਂ ਦੀ ਕਹਾਵਤ ਕਹੀ ਸੀ ਕਿ “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।” (ਮੱਤੀ 5:37) ਭਾਵੇਂ ਤੁਹਾਡੇ ਮਾਪੇ ਮਸੀਹੀ ਨਹੀਂ ਵੀ ਸਨ, ਤਾਂ ਵੀ ਉਨ੍ਹਾਂ ਨੇ ਤੁਹਾਨੂੰ ਅਣਜਾਣੇ ਵਿਚ ਇਨ੍ਹਾਂ ਕਿਤਾਬਾਂ ਵਿੱਚੋਂ ਸਿੱਖਿਆ ਦਿੱਤੀ ਹੋ ਸਕਦੀ ਹੈ।

ਬਾਈਬਲ ਵਿਚ ਮਸੀਹ ਬਾਰੇ ਦੱਸੀਆਂ ਗਈਆਂ ਗੱਲਾਂ ਦੇ ਕਾਰਨ, ਉਸ ਦੇ ਲੱਖਾਂ ਹੀ ਸੱਚੇ ਚੇਲੇ ਕਸ਼ਟ ਸਹਿਣ ਅਤੇ ਮਰਨ ਲਈ ਰਜ਼ਾਮੰਦ ਰਹੇ ਹਨ। ਇੰਜੀਲ ਦੀਆਂ ਇਨ੍ਹਾਂ ਕਿਤਾਬਾਂ ਨੇ ਲੋਕਾਂ ਨੂੰ ਹੌਸਲਾ, ਸਹਿਣ-ਸ਼ਕਤੀ, ਨਿਹਚਾ, ਅਤੇ ਉਮੀਦ ਵੀ ਦਿੱਤੀ ਹੈ। ਫਿਰ, ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਇਨ੍ਹਾਂ ਕਿਤਾਬਾਂ ਨੂੰ ਕਲਪਨਾ ਵਜੋਂ ਰੱਦ ਕਰ ਦੇਣ ਲਈ ਖ਼ਾਸ ਸਬੂਤ ਦੀ ਜ਼ਰੂਰਤ ਹੋਵੇਗੀ? ਜ਼ਰਾ ਸੋਚੋ ਕਿ ਇਨ੍ਹਾਂ ਕਿਤਾਬਾਂ ਨੇ ਮਨੁੱਖੀ ਸੋਚ-ਵਿਚਾਰਾਂ ਅਤੇ ਚਾਲ-ਚਲਣ ਉੱਤੇ ਕਿੰਨਾ ਵੱਡਾ ਪ੍ਰਭਾਵ ਪਾਇਆ ਹੈ। ਤੁਸੀਂ ਉਸ ਵਿਅਕਤੀ ਬਾਰੇ ਕੀ ਸੋਚੋਗੇ ਜੋ ਕਹੇ ਕਿ ਇਹ ਕਿਤਾਬਾਂ ਝੂਠੀਆਂ ਹਨ? ਕੀ ਤੁਸੀਂ ਸਬੂਤ ਨਹੀਂ ਮੰਗੋਗੇ?

ਆਓ ਅਸੀਂ ਇਨ੍ਹਾਂ ਕਿਤਾਬਾਂ ਬਾਰੇ ਕੁਝ ਸਵਾਲਾਂ ਉੱਤੇ ਵਿਚਾਰ ਕਰੀਏ। ਤੁਸੀਂ ਖ਼ੁਦ ਦੇਖੋ ਕਿ ਇਨ੍ਹਾਂ ਕਿਤਾਬਾਂ ਦੀ ਜਾਂਚ ਕਰਨ ਵਾਲੇ ਕੁਝ ਵਿਦਵਾਨ ਇਨ੍ਹਾਂ ਮਾਮਲਿਆਂ ਬਾਰੇ ਕੀ ਕਹਿੰਦੇ ਹਨ, ਭਾਵੇਂ ਕਿ ਉਨ੍ਹਾਂ ਵਿੱਚੋਂ ਕਈ ਮਸੀਹੀ ਨਹੀਂ ਹਨ। ਇਹ ਪੜ੍ਹਨ ਤੋਂ ਬਾਅਦ ਤੁਸੀਂ ਖ਼ੁਦ ਫ਼ੈਸਲਾ ਕਰ ਸਕਦੇ ਹੋ।

ਇਨ੍ਹਾਂ ਸਵਾਲਾਂ ਬਾਰੇ ਸੋਚੋ

ਕੀ ਇੰਜੀਲ ਦੀਆਂ ਕਿਤਾਬਾਂ ਚਲਾਕੀ ਦੇ ਕੰਮ ਹਨ?

ਜੀਸਸ ਸੈਮੀਨਾਰ ਦੇ ਮੋਢੀ ਰੋਬਰਟ ਫੰਕ ਨੇ ਕਿਹਾ ਕਿ “ਮੱਤੀ, ਮਰਕੁਸ, ਲੂਕਾ, ਅਤੇ ਯੂਹੰਨਾ ਨੇ ਆਪਣੇ ਬਿਰਤਾਂਤਾਂ ਵਿਚ ਯਿਸੂ ਦੀ ਮੌਤ ਤੋਂ ਬਾਅਦ ਫੈਲੀ ਹੋਈ ਮਸੀਹੀ ਸਿੱਖਿਆ ਅਨੁਸਾਰ ‘ਮਸੀਹਾ ਨੂੰ ਪੇਸ਼’ ਕੀਤਾ।” ਪਰ, ਜਦੋਂ ਇੰਜੀਲ ਦੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਸਨ, ਕਈ ਲੋਕ ਹਾਲੇ ਵੀ ਜੀਉਂਦੇ ਸਨ ਜਿਨ੍ਹਾਂ ਨੇ ਯਿਸੂ ਦੀਆਂ ਗੱਲਾਂ ਖ਼ੁਦ ਸੁਣੀਆਂ ਸਨ, ਉਸ ਦੇ ਕੰਮ ਦੇਖੇ ਸਨ, ਅਤੇ ਉਸ ਦੇ ਜੀ ਉੱਠਣ ਤੋਂ ਬਾਅਦ ਉਸ ਨੂੰ ਦੇਖਿਆ ਸੀ। ਉਨ੍ਹਾਂ ਨੇ ਤਾਂ ਨਹੀਂ ਕਿਹਾ ਕਿ ਇਹ ਕਿਤਾਬਾਂ ਚਲਾਕੀ ਦੇ ਕੰਮ ਸਨ।

ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਉੱਤੇ ਗੌਰ ਕਰੋ। ਇਨ੍ਹਾਂ ਦੋ ਘਟਨਾਵਾਂ ਬਾਰੇ ਸਿਰਫ਼ ਇੰਜੀਲ ਦੀਆਂ ਕਿਤਾਬਾਂ ਵਿਚ ਹੀ ਨਹੀਂ ਗੱਲ ਕੀਤੀ ਗਈ। ਪ੍ਰਾਚੀਨ ਕੁਰਿੰਥੁਸ ਵਿਚ ਮਸੀਹੀਆਂ ਨੂੰ ਲਿਖੀ ਗਈ ਪੌਲੁਸ ਰਸੂਲ ਦੀ ਪਹਿਲੀ ਪੱਤਰੀ ਵਿਚ ਵੀ ਇਨ੍ਹਾਂ ਬਾਰੇ ਗੱਲ ਕੀਤੀ ਗਈ ਹੈ। ਉਸ ਨੇ ਲਿਖਿਆ: “ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ ਅਤੇ ਇਹ ਜੋ ਕੇਫ਼ਾਸ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ ਅਤੇ ਮਗਰੋਂ ਕੁਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ ਅਤੇ ਓਹਨਾਂ ਵਿੱਚੋਂ ਬਹੁਤੇ ਅਜੇ ਜੀਉਂਦੇ ਹਨ ਪਰ ਕਈ ਸੌਂ ਗਏ ਪਿੱਛੋਂ ਯਾਕੂਬ ਨੂੰ ਦਰਸ਼ਣ ਦਿੱਤਾ ਅਤੇ ਫੇਰ ਸਭਨਾਂ ਰਸੂਲਾਂ ਨੂੰ ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮ ਨੂੰ।” (1 ਕੁਰਿੰਥੀਆਂ 15:3-8) ਅਜਿਹੇ ਚਸ਼ਮਦੀਦ ਗਵਾਹਾਂ ਨੇ ਯਿਸੂ ਦੀ ਜ਼ਿੰਦਗੀ ਦੀਆਂ ਇਤਿਹਾਸਕ ਅਸਲੀਅਤਾਂ ਬਾਰੇ ਲਿਖਿਆ ਸੀ।

ਅੱਜ-ਕੱਲ੍ਹ ਦੇ ਆਲੋਚਕਾਂ ਦਾ ਦਾਅਵਾ ਹੈ ਕਿ ਇਹ ਕਿਤਾਬਾਂ ਚਲਾਕੀ ਦੇ ਕੰਮ ਹਨ। ਇਹ ਸ਼ਿਕਾਇਤ ਬਾਈਬਲ ਦੇ ਯੂਨਾਨੀ ਹਿੱਸੇ ਉੱਤੇ ਨਹੀਂ ਲਗਾਈ ਜਾ ਸਕਦੀ। ਸਗੋਂ, ਦੂਜੀ ਸਦੀ ਦੀਆਂ ਲਿਖਤਾਂ ਉੱਤੇ ਲਗਾਈ ਜਾ ਸਕਦੀ ਹੈ। ਸੋ ਮਸੀਹ ਬਾਰੇ ਵੱਖਰੀਆਂ ਕਹਾਣੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਲੋਕਾਂ ਨੇ ਸੱਚੀ ਮਸੀਹੀਅਤ ਨੂੰ ਤਿਆਗ ਦਿੱਤਾ। ਬਾਈਬਲ ਦੇ ਵਿਰੁੱਧ ਕਹਾਣੀਆਂ ਉਨ੍ਹਾਂ ਇਲਾਕਿਆਂ ਵਿਚ ਪੈਦਾ ਹੋਈਆਂ ਜਿੱਥੇ ਕਲੀਸਿਯਾਵਾਂ ਵਿਚ ਕੋਈ ਰਸੂਲ ਨਹੀਂ ਸਨ।—ਰਸੂਲਾਂ ਦੇ ਕਰਤੱਬ 20:28-30.

ਕੀ ਇੰਜੀਲ ਦੀਆਂ ਕਿਤਾਬਾਂ ਲੋਕ-ਕਥਾਵਾਂ ਹਨ?

ਸੀ. ਐੱਸ. ਲੁਇਸ ਨਾਂ ਦੇ ਲੇਖਕ ਅਨੁਸਾਰ ਇੰਜੀਲ ਦੀਆਂ ਕਿਤਾਬਾਂ ਲੋਕ-ਕਥਾਵਾਂ ਨਹੀਂ ਹਨ। ਉਸ ਨੇ ਲਿਖਿਆ ਕਿ ‘ਮੈਂ ਇਕ ਸਾਹਿੱਤਕ ਇਤਿਹਾਸਕਾਰ ਵਜੋਂ ਕਹਿ ਸਕਦਾ ਹਾਂ ਕਿ ਇੰਜੀਲ ਦੀਆਂ ਕਿਤਾਬਾਂ ਹੋਰ ਜੋ ਮਰਜ਼ੀ ਹੋਣ, ਇਹ ਲੋਕ-ਕਥਾਵਾਂ ਨਹੀਂ ਹਨ। ਇਸ ਵਿਚ ਲੋਕ-ਕਥਾ ਹੋਣ ਜੋਗੀਆਂ ਬਣਾਵਟੀ ਗੱਲਾਂ ਨਹੀਂ ਹਨ। ਯਿਸੂ ਦੇ ਜੀਵਨ ਬਾਰੇ ਜ਼ਿਆਦਾਤਰ ਗੱਲਾਂ ਸਾਨੂੰ ਨਹੀਂ ਪਤਾ, ਪਰ ਲੋਕ-ਕਥਾ ਘੜਨ ਵਾਲੇ ਤਾਂ ਉਸ ਬਾਰੇ ਗੱਲਾਂ ਵਧਾ-ਚੜ੍ਹਾ ਕੇ ਲਿੱਖਦੇ।’ ਮਸ਼ਹੂਰ ਇਤਿਹਾਸਕਾਰ ਐੱਚ. ਜੀ. ਵੈਲਜ਼ ਦੀ ਗੱਲ ਵੀ ਦਿਲਚਸਪ ਹੈ। ਭਾਵੇਂ ਉਹ ਆਪਣੇ ਆਪ ਨੂੰ ਮਸੀਹੀ ਨਹੀਂ ਸੀ ਕਹਾਉਂਦਾ, ਉਸ ਨੇ ਕਿਹਾ ਕਿ ‘ਇੰਜੀਲ ਦੀਆਂ ਕਿਤਾਬਾਂ ਦੇ ਚਾਰੇ ਲਿਖਾਰੀ ਇੱਕੋ ਹੀ ਬੰਦੇ ਦੀ ਸਹੀ-ਸਹੀ ਤਸਵੀਰ ਪੇਸ਼ ਕਰਦੇ ਹਨ। ਉਨ੍ਹਾਂ ਦੇ ਬਿਰਤਾਂਤ ਅਸਲੀਅਤ ਦਾ ਯਕੀਨ ਦਿਲਾਉਂਦੇ ਹਨ।’

ਉਸ ਸਮੇਂ ਬਾਰੇ ਸੋਚੋ ਜਦੋਂ ਮੌਤ ਤੋਂ ਬਾਅਦ ਜੀ ਉੱਠਿਆ ਯਿਸੂ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ। ਕੋਈ ਲੋਕ-ਕਥਾ ਲਿਖਣ ਵਾਲਾ ਤਾਂ ਇਸ ਘਟਨਾ ਨੂੰ ਇਸ ਤਰ੍ਹਾਂ ਪੇਸ਼ ਕਰਦਾ ਕਿ ਯਿਸੂ ਬੜੀ ਧੂਮ-ਧਾਮ ਨਾਲ ਵਾਪਸ ਆਇਆ ਸੀ ਅਤੇ ਉਸ ਨੇ ਬਹੁਤ ਹੀ ਵਧੀਆ ਭਾਸ਼ਣ ਦਿੱਤਾ ਸੀ! ਇਸ ਦੀ ਬਜਾਇ, ਇੰਜੀਲ ਦੇ ਲਿਖਾਰੀਆਂ ਨੇ ਸਿਰਫ਼ ਇਹ ਕਿਹਾ ਕਿ ਉਹ ਆਪਣੇ ਚੇਲਿਆਂ ਦੇ ਸਾਮ੍ਹਣੇ ਆਇਆ। ਉਹ ਉਸ ਨੂੰ ਹੱਥ ਲਾ ਸਕੇ, ਅਤੇ ਫਿਰ ਉਸ ਨੇ ਪੁੱਛਿਆ: “ਹੇ ਜੁਆਨੋ, ਤੁਸਾਂ ਖਾਣ ਨੂੰ ਕੁਝ ਫੜਿਆ?” (ਯੂਹੰਨਾ 21:5) ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਗ੍ਰੈਗ ਈਸਟਰਬਰੂਕ ਨਾਂ ਦੇ ਵਿਦਵਾਨ ਨੇ ਕਿਹਾ ਕਿ “ਇਸ ਤਰ੍ਹਾਂ ਦੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਇਹ ਬਿਰਤਾਂਤ ਸੱਚੇ ਹਨ, ਨਾ ਕਿ ਝੂਠੇ।”

ਯਾਦ ਰੱਖਿਆ ਜਾਵੇ ਕਿ ਇੰਜੀਲ ਦੀਆਂ ਕਿਤਾਬਾਂ ਉਸ ਸਮੇਂ ਦੌਰਾਨ ਲਿਖੀਆਂ ਗਈਆਂ ਸਨ, ਜਦੋਂ ਸਿੱਖਿਆ ਦੇਣ ਦਾ ਤਰੀਕਾ ਕੱਟੜ ਹੁੰਦਾ ਸੀ। ਉਸ ਜ਼ਮਾਨੇ ਵਿਚ ਰੱਟੇ ਲਾ-ਲਾ ਕੇ ਗੱਲਾਂ ਸਿਖਾਈਆਂ ਜਾਂਦੀਆਂ ਸਨ ਤਾਂਕਿ ਉਹ ਚੇਤੇ ਰਹਿਣ। ਅਸੀਂ ਕਹਿ ਸਕਦੇ ਹਾਂ ਕਿ ਯਿਸੂ ਨੇ ਜੋ ਕਿਹਾ ਅਤੇ ਕੀਤਾ ਉਹ ਧਿਆਨ ਨਾਲ ਰਿਕਾਰਡ ਕੀਤਾ ਗਿਆ ਸੀ। ਤਾਂ ਫਿਰ, ਇਹ ਦਾਅਵਾ ਕਮਜ਼ੋਰ ਹੈ ਕਿ ਇੰਜੀਲ ਦੀਆਂ ਕਿਤਾਬਾਂ ਸਿਰਫ਼ ਲੋਕ-ਕਥਾਵਾਂ ਹੀ ਹਨ।

ਜੇ ਇੰਜੀਲ ਦੀਆਂ ਕਿਤਾਬਾਂ ਲੋਕ-ਕਥਾਵਾਂ ਹੀ ਹਨ, ਤਾਂ ਕੀ ਇਹ ਯਿਸੂ ਦੀ ਮੌਤ ਤੋਂ ਇੰਨੀ ਛੇਤੀ ਬਾਅਦ ਤਿਆਰ ਕੀਤੀਆਂ ਜਾ ਸਕਦੀਆਂ ਸਨ?

ਮੰਨਿਆ ਜਾਂਦਾ ਹੈ ਕਿ ਇੰਜੀਲ ਦੀਆਂ ਕਿਤਾਬਾਂ 41 ਅਤੇ 98 ਸਾ.ਯੁ. ਦੇ ਸਮੇਂ ਦੌਰਾਨ ਲਿਖੀਆਂ ਗਈਆਂ ਸਨ। ਯਿਸੂ ਦੀ ਮੌਤ 33 ਸਾ.ਯੁ. ਵਿਚ ਹੋਈ ਸੀ। ਇਸ ਦਾ ਇਹ ਅਰਥ ਹੋਇਆ ਕਿ ਉਸ ਦੀ ਸੇਵਕਾਈ ਦੀ ਸਮਾਪਤੀ ਤੋਂ ਛੇਤੀ ਹੀ ਬਾਅਦ ਉਸ ਦੀ ਜੀਵਨ ਕਹਾਣੀ ਲਿਖੀ ਗਈ ਸੀ। ਜੇਕਰ ਇਹ ਕਿਤਾਬਾਂ ਸਿਰਫ਼ ਲੋਕ-ਕਥਾਵਾਂ ਹੀ ਹੁੰਦੀਆਂ, ਤਾਂ ਇਹ ਛੋਟਾ ਜਿਹਾ ਸਮਾਂ ਵੱਡੀ ਔਕੜ ਪੇਸ਼ ਕਰਦਾ ਹੈ ਕਿਉਂਕਿ ਲੋਕ-ਕਥਾਵਾਂ ਘੜਨ ਲਈ ਸਮਾਂ ਲੱਗਦਾ ਹੈ। ਯੂਨਾਨੀ ਪ੍ਰਾਚੀਨ ਮਹਾਂਕਾਵਿ ਹੋਮਰ ਦੁਆਰਾ ਲਿਖੀਆਂ ਗਈਆਂ ਲੋਕ-ਕਥਾਵਾਂ, ਇਲੀਅਡ ਅਤੇ ਓਡੀਸੀ ਉੱਤੇ ਗੌਰ ਕਰੋ। ਕਈਆਂ ਲੋਕਾਂ ਦਾ ਇਹ ਵਿਚਾਰ ਹੈ ਕਿ ਇਨ੍ਹਾਂ ਮਹਾਨ ਕਥਾਵਾਂ ਨੂੰ ਸਥਾਪਿਤ ਹੋਣ ਲਈ ਸੈਂਕੜੇ ਹੀ ਸਾਲ ਲੱਗੇ ਸਨ। ਫਿਰ, ਇੰਜੀਲ ਦੀਆਂ ਕਿਤਾਬਾਂ ਬਾਰੇ ਕੀ ਕਿਹਾ ਜਾ ਸਕਦਾ ਹੈ?

ਇਤਿਹਾਸਕਾਰ ਵਿਲ ਡੁਰੈਂਟ ਨੇ ਕੈਸਰ ਅਤੇ ਮਸੀਹ ਨਾਂ ਦੀ ਆਪਣੀ ਅੰਗ੍ਰੇਜ਼ੀ ਪੁਸਤਕ ਵਿਚ ਲਿਖਿਆ ਕਿ “ਇਹ ਗੱਲ ਕਿ ਇਕ ਪੀੜ੍ਹੀ ਦੇ ਕੁਝ ਆਮ ਆਦਮੀਆਂ ਨੇ ਇਕ ਇੰਨੀ ਸ਼ਕਤੀਸ਼ਾਲੀ ਅਤੇ ਆਕਰਸ਼ਕ ਸ਼ਖ਼ਸੀਅਤ, ਇਕ ਇੰਨਾ ਉੱਚ ਨੀਤੀ-ਸ਼ਾਸਤਰ ਅਤੇ ਮਨੁੱਖੀ ਭਾਈਚਾਰੇ ਦਾ ਇਕ ਇੰਨਾ ਪ੍ਰੇਰਣਾਦਾਇਕ ਦ੍ਰਿਸ਼ ਘੜਿਆ ਹੈ, ਇੰਜੀਲ ਵਿਚ ਦਰਜ ਕੀਤੇ ਹੋਏ ਕਿਸੇ ਵੀ ਚਮਤਕਾਰ ਨਾਲੋਂ ਕਿਤੇ ਜ਼ਿਆਦਾ ਨਾ ਮੰਨਣਯੋਗ ਹੋਵੇਗਾ। ਭਾਵੇਂ ਕਿ ਬਾਈਬਲ ਵਿਦਵਾਨ ਦੋ ਸਦੀਆਂ ਤੋਂ ਬਾਈਬਲ ਦੀ ਸਮਾਲੋਚਨਾ ਕਰਦੇ ਆਏ ਹਨ ਪਰ ਫਿਰ ਵੀ ਮਸੀਹ ਦਾ ਜੀਵਨ, ਸ਼ਖ਼ਸੀਅਤ ਅਤੇ ਸਿੱਖਿਆ ਦੀ ਰੂਪ-ਰੇਖਾ ਅਜੇ ਵੀ ਕਾਫ਼ੀ ਸਪੱਸ਼ਟ ਹੈ ਤੇ ਇਹ ਪੱਛਮੀ ਲੋਕਾਂ ਦੇ ਇਤਿਹਾਸ ਦੀ ਸਭ ਤੋਂ ਦਿਲਚਸਪ ਵਿਸ਼ੇਸ਼ਤਾ ਹੈ।”

ਕੀ ਇੰਜੀਲ ਦੀਆਂ ਕਿਤਾਬਾਂ ਨੂੰ ਬਾਅਦ ਵਿਚ ਬਦਲਿਆ ਗਿਆ ਸੀ ਤਾਂਕਿ ਉਹ ਮੁਢਲੇ ਮਸੀਹੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ?

ਕੁਝ ਆਲੋਚਕ ਇਹ ਦਾਅਵਾ ਕਰਦੇ ਹਨ ਕਿ ਮੁਢਲੇ ਮਸੀਹੀਆਂ ਦੇ ਸਮਾਜ ਵਿਚ ਅਣਬਣ ਕਰਕੇ ਇਨ੍ਹਾਂ ਕਿਤਾਬਾਂ ਦੇ ਲਿਖਾਰੀਆਂ ਨੇ ਯਿਸੂ ਦੀ ਕਹਾਣੀ ਨੂੰ ਬਦਲ ਦਿੱਤਾ ਸੀ। ਪਰ, ਅੱਛੀ ਤਰ੍ਹਾਂ ਜਾਂਚ ਕਰਨ ਤੋਂ ਪਤਾ ਚੱਲਦਾ ਹੈ ਕਿ ਇਹ ਵਿਚਾਰ ਗ਼ਲਤ ਹੈ। ਜੇ ਪਹਿਲੀ ਸਦੀ ਵਿਚ ਮਸੀਹੀ ਧੋਖੇਬਾਜ਼ੀ ਕਰਕੇ ਯਿਸੂ ਬਾਰੇ ਇਨ੍ਹਾਂ ਬਿਰਤਾਂਤਾਂ ਵਿਚ ਤੋੜ-ਜੋੜ ਕੀਤੀ ਗਈ ਸੀ, ਤਾਂ ਦੋਹਾਂ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਦੀਆਂ ਕਮੀਆਂ ਕਿਉਂ ਰਿਕਾਰਡ ਕੀਤੀਆਂ ਗਈਆਂ ਹਨ?

ਉਦਾਹਰਣ ਲਈ, ਮੱਤੀ 6:5-7 ਤੇ ਯਿਸੂ ਨੇ ਕਿਹਾ ਸੀ ਕਿ “ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਙੁ ਨਾ ਹੋ ਕਿਉਂ ਜੋ ਓਹ ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋਕੇ ਪ੍ਰਾਰਥਨਾ ਕਰਨੀ ਪਸਿੰਦ ਕਰਦੇ ਹਨ ਜੋ ਮਨੁੱਖ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਓਹ ਆਪਣਾ ਫਲ ਪਾ ਚੁੱਕੇ।” ਇੱਥੇ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਯਹੂਦੀ ਗ੍ਰੰਥੀਆਂ ਦੀ ਨਿੰਦਾ ਹੋ ਰਹੀ ਸੀ। ਯਿਸੂ ਨੇ ਅੱਗੇ ਕਿਹਾ ਕਿ “ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ [ਗ਼ੈਰ-ਯਹੂਦੀਆਂ] ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ।” ਇਸ ਤਰ੍ਹਾਂ ਯਿਸੂ ਦੀਆਂ ਗੱਲਾਂ ਨੂੰ ਦਰਜ ਕਰ ਕੇ ਇੰਜੀਲ ਦੀਆਂ ਕਿਤਾਬਾਂ ਦੇ ਲਿਖਾਰੀ ਲੋਕਾਂ ਦੇ ਧਰਮ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ। ਉਹ ਸਿਰਫ਼ ਯਿਸੂ ਮਸੀਹ ਦੀਆਂ ਗੱਲਾਂ ਨੂੰ ਰਿਕਾਰਡ ਕਰ ਰਹੇ ਸਨ।

ਇੰਜੀਲ ਦੇ ਉਸ ਬਿਰਤਾਂਤ ਉੱਤੇ ਵੀ ਗੌਰ ਕਰੋ ਜਦੋਂ ਕੁਝ ਔਰਤਾਂ ਯਿਸੂ ਦੀ ਕਬਰ ਦੇਖਣ ਗਈਆਂ ਸਨ। ਉਨ੍ਹਾਂ ਨੇ ਕਬਰ ਖਾਲੀ ਪਾਈ। (ਮਰਕੁਸ 16:1-8) ਗ੍ਰੈਗ ਈਸਟਰਬਰੂਕ ਦੇ ਅਨੁਸਾਰ, “ਪ੍ਰਾਚੀਨ ਮੱਧ ਪੂਰਬੀ ਸਮਾਜ ਵਿਚ ਆਮ ਤੌਰ ਤੇ ਔਰਤਾਂ ਦੀ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਸੀ: ਮਿਸਾਲ ਲਈ, ਦੋ ਮਰਦਾਂ ਦੀ ਗਵਾਹੀ ਤੇ ਇਕ ਔਰਤ ਉੱਤੇ ਜ਼ਨਾਹਕਾਰੀ ਦਾ ਦੋਸ਼ ਲਗਾਇਆ ਜਾ ਸਕਦਾ ਸੀ, ਪਰ ਕਿਸੇ ਔਰਤ ਦੀ ਗਵਾਹੀ ਤੇ ਇਕ ਮਰਦ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਸੀ।” ਅਸਲ ਵਿਚ, ਯਿਸੂ ਦੇ ਆਪਣੇ ਚੇਲਿਆਂ ਨੇ ਵੀ ਔਰਤਾਂ ਦੀ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਸੀ! (ਲੂਕਾ 24:11) ਇਸ ਕਰਕੇ ਇਹ ਕਹਾਣੀ ਉਸੇ ਤਰ੍ਹਾਂ ਦੱਸੀ ਗਈ ਹੈ ਜਿਸ ਤਰ੍ਹਾਂ ਉਹ ਸੱਚ-ਸੱਚ ਸੀ।

ਇੰਜੀਲ ਦੀਆਂ ਕਿਤਾਬਾਂ ਵਿਚ ਦ੍ਰਿਸ਼ਟਾਂਤ ਪਾਏ ਜਾਂਦੇ ਹਨ, ਪਰ ਪੱਤਰੀਆਂ ਅਤੇ ਰਸੂਲਾਂ ਦੇ ਕਰਤੱਬ ਵਿਚ ਕੋਈ ਦ੍ਰਿਸ਼ਟਾਂਤ ਨਹੀਂ ਪਾਏ ਜਾਂਦੇ ਹਨ। ਇਸ ਤੋਂ ਅੱਛੀ ਤਰ੍ਹਾਂ ਪਤਾ ਚੱਲਦਾ ਹੈ ਕਿ ਮੁਢਲੇ ਮਸੀਹੀਆਂ ਨੇ ਬਾਅਦ ਵਿਚ ਇੰਜੀਲ ਵਿਚ ਦ੍ਰਿਸ਼ਟਾਂਤ ਨਹੀਂ ਸ਼ਾਮਲ ਕੀਤੇ ਸਨ, ਪਰ ਇਹ ਖ਼ੁਦ ਯਿਸੂ ਨੇ ਹੀ ਦੱਸੇ ਸਨ। ਇਸ ਤੋਂ ਇਲਾਵਾ, ਇੰਜੀਲ ਅਤੇ ਪੱਤਰੀਆਂ ਵਿਚ ਪਾਈਆਂ ਜਾਣ ਵਾਲੀਆਂ ਗੱਲਾਂ ਦੀ ਧਿਆਨ ਨਾਲ ਤੁਲਨਾ ਕਰਨ ਤੋਂ ਇਹ ਪਤਾ ਚੱਲਦਾ ਹੈ ਕਿ ਨਾ ਪੌਲੁਸ ਦੇ ਅਤੇ ਨਾ ਹੀ ਦੂਜੇ ਲਿਖਾਰੀਆਂ ਦੇ ਸ਼ਬਦ ਚਲਾਕੀ ਨਾਲ ਇਵੇਂ ਦਿਖਾਏ ਗਏ ਹਨ ਜਿਵੇਂ ਕਿ ਉਹ ਯਿਸੂ ਨੇ ਕਹੇ ਹੋਣ। ਜੇ ਮੁਢਲੇ ਮਸੀਹੀਆਂ ਨੇ ਇਵੇਂ ਕੀਤਾ ਹੁੰਦਾ, ਤਾਂ ਸਾਨੂੰ ਘੱਟ ਤੋਂ ਘੱਟ ਪੱਤਰੀਆਂ ਵਿੱਚੋਂ ਕੁਝ ਗੱਲਾਂ ਇੰਜੀਲ ਵਿਚ ਮਿਲਣੀਆਂ ਚਾਹੀਦੀਆਂ ਸਨ। ਕਿਉਂਕਿ ਅਸੀਂ ਇਹ ਨਹੀਂ ਪਾਉਂਦੇ, ਤਾਂ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਇੰਜੀਲ ਵਿਚ ਗੱਲਾਂ ਯਿਸੂ ਦੀਆਂ ਹੀ ਹਨ ਅਤੇ ਉਹ ਸੱਚੀਆਂ ਹਨ।

ਇੰਜੀਲ ਦੀਆਂ ਕਿਤਾਬਾਂ ਵਿਚ ਉਨ੍ਹਾਂ ਗੱਲਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਆਪਸ ਵਿਚ ਮਿਲਦੀਆਂ-ਜੁਲਦੀਆਂ ਨਹੀਂ ਹਨ?

ਕਾਫ਼ੀ ਸਮੇਂ ਲਈ ਆਲੋਚਕਾਂ ਨੇ ਕਿਹਾ ਹੈ ਕਿ ਇੰਜੀਲ ਦੇ ਬਿਰਤਾਂਤ ਵਿਰੋਧੀ ਗੱਲਾਂ ਨਾਲ ਭਰੇ ਹੋਏ ਹਨ। ਇਤਿਹਾਸਕਾਰ ਡੁਰੈਂਟ ਨੇ ਇਨ੍ਹਾਂ ਬਿਰਤਾਂਤਾਂ ਦੀ ਕੇਵਲ ਇਤਿਹਾਸਕ ਤੌਰ ਤੇ ਹੀ ਜਾਂਚ ਕੀਤੀ ਸੀ। ਉਸ ਨੇ ਕਿਹਾ ਕਿ ਭਾਵੇਂ ਇਨ੍ਹਾਂ ਬਿਰਤਾਂਤਾਂ ਦੀਆਂ ਗੱਲਾਂ ਵਿਰੋਧੀ ਲੱਗਦੀਆਂ ਹਨ, “ਇਹ ਗੱਲਾਂ ਖ਼ਾਸ ਨਹੀਂ ਹਨ, ਪਰ ਨਿੱਕੀਆਂ-ਨਿੱਕੀਆਂ ਹੀ ਹਨ; ਇਨ੍ਹਾਂ ਚਾਰਾਂ ਬਿਰਤਾਂਤਾਂ ਵਿਚ ਮਸੀਹ ਬਾਰੇ ਵਿਰੋਧੀ ਗੱਲਾਂ ਨਹੀਂ ਪਰ ਆਪਸ ਵਿਚ ਮਿਲਦੀਆਂ-ਜੁਲਦੀਆਂ ਗੱਲਾਂ ਪਾਈਆਂ ਜਾਂਦੀਆਂ ਹਨ।”

ਇੰਜੀਲ ਦੀਆਂ ਕਿਤਾਬਾਂ ਵਿਚ ਜਾਪਦੀਆਂ ਵਿਰੋਧੀ ਗੱਲਾਂ ਅਕਸਰ ਸੌਖੀਆਂ ਹੀ ਸਮਝਾਈਆਂ ਜਾ ਸਕਦੀਆਂ ਹਨ। ਮਿਸਾਲ ਲਈ, ਮੱਤੀ 8:5 ਵਿਚ ਲਿਖਿਆ ਹੈ ਕਿ ‘ਇੱਕ ਸੂਬੇਦਾਰ ਯਿਸੂ ਕੋਲ ਆਇਆ ਅਤੇ ਉਸ ਨੇ ਉਸ ਦੀ ਮਿੰਨਤ ਕੀਤੀ’ ਕਿ ਉਹ ਉਸ ਦੇ ਨੌਕਰ ਨੂੰ ਚੰਗਾ ਕਰ ਦੇਵੇ। ਲੂਕਾ 7:3 ਤੇ ਅਸੀਂ ਪੜ੍ਹਦੇ ਹਾਂ ਕਿ ਸੂਬੇਦਾਰ ਨੇ “ਯਹੂਦੀਆਂ ਦਿਆਂ ਕਈਆਂ ਬਜ਼ੁਰਗਾਂ ਨੂੰ [ਯਿਸੂ] ਦੇ ਕੋਲ ਘੱਲਿਆ ਅਤੇ ਉਸ ਦੇ ਅੱਗੇ ਅਰਜ਼ ਕੀਤੀ ਜੋ ਆਣ ਕੇ ਮੇਰੇ ਨੌਕਰ ਨੂੰ ਬਚਾ।” ਸੂਬੇਦਾਰ ਨੇ ਬਜ਼ੁਰਗਾਂ ਨੂੰ ਆਪਣੀ ਜਗ੍ਹਾ ਭੇਜਿਆ ਸੀ। ਮੱਤੀ ਕਹਿੰਦਾ ਹੈ ਕਿ ਸੂਬੇਦਾਰ ਨੇ ਖ਼ੁਦ ਯਿਸੂ ਦੀ ਮਿੰਨਤ ਕੀਤੀ ਕਿਉਂਕਿ ਇਸ ਬੰਦੇ ਨੇ ਉਨ੍ਹਾਂ ਬਜ਼ੁਰਗਾਂ ਰਾਹੀਂ ਬੇਨਤੀ ਕੀਤੀ। ਇਹ ਸਿਰਫ਼ ਇਕ ਮਿਸਾਲ ਹੈ ਜੋ ਦਿਖਾਉਂਦੀ ਹੈ ਕਿ ਇੰਜੀਲ ਦੀਆਂ ਕਿਤਾਬਾਂ ਵਿਚ ਜਾਪਦੇ ਫ਼ਰਕ ਸਮਝਾਏ ਜਾ ਸਕਦੇ ਹਨ।

ਬਾਈਬਲ ਦੀ ਨੁਕਤਾਚੀਨੀ ਕਰਨ ਵਾਲੇ ਇਹ ਦਾਅਵਾ ਕਰਦੇ ਹਨ ਕਿ ਇੰਜੀਲ ਦੇ ਬਿਰਤਾਂਤ ਅਸਲੀ ਇਤਿਹਾਸ ਨਹੀਂ ਹਨ। ਇਸ ਬਾਰੇ ਕੀ ਕਿਹਾ ਜਾ ਸਕਦਾ ਹੈ? ਡੁਰੈਂਟ ਨੇ ਅੱਗੇ ਕਿਹਾ ਕਿ “ਬਾਈਬਲ ਦੀ ਨੁਕਤਾਚੀਨੀ ਕਰਨ ਵਾਲਿਆਂ ਨੇ ਨਵੇਂ ਨੇਮ ਉੱਤੇ ਹੱਦੋਂ ਵੱਧ ਸਖ਼ਤੀ ਵਰਤੀ ਹੈ। ਜੇ ਪ੍ਰਾਚੀਨ ਸਮੇਂ ਦੇ ਸਨਮਾਨਿਤ ਵਿਅਕਤੀਆਂ ਉੱਤੇ ਇਹੀ ਸਖ਼ਤੀ ਵਰਤੀ ਜਾਵੇ, ਤਾਂ ਹਾਮੁਰਾਬੀ, ਦਾਊਦ, ਅਤੇ ਸੁਕਰਾਤ ਵੀ ਕਾਲਪਨਿਕ ਵਿਅਕਤੀ ਹੀ ਲੱਗਣ ਲੱਗ ਪੈਣ। ਇੰਜੀਲ ਦੇ ਪ੍ਰਚਾਰਕਾਂ ਦੇ ਆਪੋ-ਆਪਣੇ ਪੱਖਪਾਤ ਹੁੰਦੇ ਸਨ ਅਤੇ ਰੱਬ ਬਾਰੇ ਵੀ ਉਨ੍ਹਾਂ ਦੇ ਆਪੋ-ਆਪਣੇ ਖ਼ਿਆਲ ਹੁੰਦੇ ਸਨ। ਇਸ ਦੇ ਬਾਵਜੂਦ, ਉਨ੍ਹਾਂ ਨੇ ਅਨੇਕ ਘਟਨਾਵਾਂ ਰਿਕਾਰਡ ਕੀਤੀਆਂ ਜਿਨ੍ਹਾਂ ਨੂੰ ਘਾੜਤਾਂ ਘੜਨ ਵਾਲਿਆਂ ਨੇ ਨਹੀਂ ਰਿਕਾਰਡ ਕਰਨਾ ਸੀ। ਮਿਸਾਲ ਲਈ, ਉਨ੍ਹਾਂ ਨੇ ਦੱਸਿਆ ਕਿ ਰਸੂਲਾਂ ਨੇ ਆਪਸ ਵਿਚ ਰਾਜ ਵਿਚ ਵੱਡੀਆਂ ਪਦਵੀਆਂ ਲਈ ਮੁਕਾਬਲਾ ਕੀਤਾ ਸੀ ਅਤੇ ਕਿ ਉਹ ਯਿਸੂ ਦੀ ਗਿਰਫ਼ਤਾਰੀ ਤੋਂ ਬਾਅਦ ਭੱਜ ਗਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਤਰਸ ਨੇ ਯਿਸੂ ਦਾ ਇਨਕਾਰ ਕੀਤਾ ਸੀ। ਇਨ੍ਹਾਂ ਬਿਰਤਾਂਤਾਂ ਨੂੰ ਪੜ੍ਹਨ ਵਾਲੇ ਕਿਸੇ ਵੀ ਇਨਸਾਨ ਨੂੰ ਕੋਈ ਸ਼ੱਕ ਨਹੀਂ ਹੋ ਸਕਦਾ ਹੈ ਕਿ ਇਨ੍ਹਾਂ ਦੇ ਪਿੱਛੇ ਕਿਸ ਦਾ ਹੱਥ ਹੈ।”

ਯਿਸੂ ਬਾਰੇ ਈਸਾਈ-ਜਗਤ ਕੀ ਸਿਖਾਉਂਦਾ ਹੈ?

ਜੀਸਸ ਸੈਮੀਨਾਰ ਦਾ ਕਹਿਣਾ ਹੈ ਕਿ ਇੰਜੀਲ ਦੀਆਂ ਕਿਤਾਬਾਂ ਬਾਰੇ ਉਨ੍ਹਾਂ ਦੀ ਖੋਜ ਉੱਤੇ “ਚਰਚ ਦੀ ਕੌਂਸਲ ਦੇ ਹੁਕਮ ਕੋਈ ਫ਼ਰਕ ਨਹੀਂ ਪਾ ਸਕਦੇ।” ਪਰ ਇਤਿਹਾਸਕਾਰ ਵੈਲਜ਼ ਜਾਣਦਾ ਸੀ ਕਿ ਇਨ੍ਹਾਂ ਕਿਤਾਬਾਂ ਵਿਚ ਪੇਸ਼ ਕੀਤੀਆਂ ਗਈਆਂ ਯਿਸੂ ਦੀਆਂ ਸਿੱਖਿਆਵਾਂ ਅਤੇ ਈਸਾਈ-ਜਗਤ ਦੀਆਂ ਸਿੱਖਿਆਵਾਂ ਵਿਚਕਾਰ ਵੱਡਾ ਫ਼ਰਕ ਹੈ। ਉਸ ਨੇ ਲਿਖਿਆ ਸੀ ਕਿ “ਇਸ ਦਾ ਕੋਈ ਸਬੂਤ ਨਹੀਂ ਹੈ ਕਿ ਯਿਸੂ ਦੇ ਰਸੂਲਾਂ ਨੇ ਕਦੇ ਵੀ ਤ੍ਰਿਏਕ ਬਾਰੇ ਸੁਣਿਆ ਸੀ . . . ਨਾ ਹੀ ਯਿਸੂ ਨੇ ਕਦੇ ਆਈਸਿਸ ਦੇ ਰੂਪ ਵਿਚ ਸਵਰਗ ਦੀ ਰਾਣੀ, ਯਾਨੀ ਕਿ ਆਪਣੀ ਮਾਤਾ ਮਰਿਯਮ ਦੀ ਪੂਜਾ ਬਾਰੇ ਕੁਝ ਕਿਹਾ ਸੀ। ਉਸ ਨੇ ਉਹ ਸਭ ਕੁਝ ਰੱਦ ਕੀਤਾ ਸੀ ਜੋ ਈਸਾਈ-ਜਗਤ ਵਿਚ ਉਪਾਸਨਾ ਦੇ ਸੰਬੰਧ ਵਿਚ ਹੁਣ ਦੇਖਿਆ ਜਾਂਦਾ ਹੈ।” ਇਸ ਕਰਕੇ ਅਸੀਂ ਈਸਾਈ-ਜਗਤ ਦੀਆਂ ਸਿੱਖਿਆਵਾਂ ਦੇ ਆਧਾਰ ਤੇ ਹੀ ਇੰਜੀਲ ਦੀਆਂ ਕਿਤਾਬਾਂ ਬਾਰੇ ਫ਼ੈਸਲਾ ਨਹੀਂ ਕਰ ਸਕਦੇ।

ਤੁਹਾਡਾ ਕੀ ਫ਼ੈਸਲਾ ਹੈ?

ਇੱਥੇ ਚਰਚਾ ਕੀਤੇ ਗਏ ਨੁਕਤਿਆਂ ਉੱਤੇ ਗੌਰ ਕਰਨ ਤੋਂ ਬਾਅਦ, ਤੁਹਾਡਾ ਕੀ ਖ਼ਿਆਲ ਹੈ? ਕੀ ਕੋਈ ਅਜਿਹਾ ਪੱਕਾ ਸਬੂਤ ਹੈ ਕਿ ਇੰਜੀਲ ਦੀਆਂ ਕਿਤਾਬਾਂ ਸਿਰਫ਼ ਪੁਰਾਣੀਆਂ ਕਥਾਵਾਂ ਹੀ ਹਨ? ਕਈਆਂ ਨੂੰ ਇਨ੍ਹਾਂ ਕਿਤਾਬਾਂ ਦੀ ਖਰਿਆਈ ਬਾਰੇ ਸਵਾਲ ਵਿਅਰਥ ਲੱਗਦੇ ਹਨ। ਆਪਣੀ ਰਾਇ ਬਣਾਉਣ ਲਈ, ਤੁਹਾਨੂੰ ਖ਼ੁਦ ਨਿਰਪੱਖ ਤਰੀਕੇ ਨਾਲ ਇਹ ਬਿਰਤਾਂਤ ਪੜ੍ਹਨੇ ਚਾਹੀਦੇ ਹਨ। (ਰਸੂਲਾਂ ਦੇ ਕਰਤੱਬ 17:11) ਜਦੋਂ ਤੁਸੀਂ ਉਨ੍ਹਾਂ ਵਿਚ ਦੇਖੋਗੇ ਕਿ ਯਿਸੂ ਦੀ ਸ਼ਖ਼ਸੀਅਤ ਕਿੰਨੀ ਇਕਸੁਰਤਾ, ਸੱਚਾਈ, ਅਤੇ ਖਰਿਆਈ ਨਾਲ ਪੇਸ਼ ਕੀਤੀ ਗਈ ਹੈ, ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹ ਬਿਰਤਾਂਤ ਝੂਠੇ ਨਹੀਂ ਸਗੋਂ ਸੱਚੇ ਹਨ। *

ਜੇ ਤੁਸੀਂ ਬਾਈਬਲ ਦੀ ਜਾਂਚ ਧਿਆਨ ਨਾਲ ਕਰ ਕੇ ਉਸ ਦੀ ਸਲਾਹ ਲਾਗੂ ਕਰੋਗੇ, ਤਾਂ ਤੁਹਾਡੀ ਜ਼ਿੰਦਗੀ ਬਿਹਤਰ ਬਣ ਸਕਦੀ ਹੈ। (ਯੂਹੰਨਾ 6:68) ਇਹ ਖ਼ਾਸ ਤੌਰ ਤੇ ਯਿਸੂ ਦੀਆਂ ਗੱਲਾਂ ਬਾਰੇ ਸੱਚ ਹੈ। ਇਸ ਤੋਂ ਇਲਾਵਾ, ਇੰਜੀਲ ਦੀਆਂ ਕਿਤਾਬਾਂ ਤੋਂ ਤੁਸੀਂ ਸਿੱਖ ਸਕਦੇ ਹੋ ਕਿ ਆਗਿਆਕਾਰ ਮਨੁੱਖਜਾਤੀ ਲਈ ਇਕ ਸ਼ਾਨਦਾਰ ਭਵਿੱਖ ਹੈ।—ਯੂਹੰਨਾ 3:16; 17:3, 17.

[ਫੁਟਨੋਟ]

^ ਪੈਰਾ 29 ਤਮਾਮ ਲੋਕਾਂ ਲਈ ਇਕ ਪੁਸਤਕ ਨਾਂ ਦਾ ਬ੍ਰੋਸ਼ਰ ਅਤੇ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਨਾਂ ਦੀ ਪੁਸਤਕ ਦੇ 5 ਤੋਂ 7 ਅਧਿਆਇ ਦੇਖੋ। ਇਹ ਦੋਵੇਂ ਪ੍ਰਕਾਸ਼ਨ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਨ।

[ਸਫ਼ੇ 7 ਉੱਤੇ ਡੱਬੀ]

ਭਰੋਸੇਯੋਗ ਰਿਪੋਰਟਾਂ ਦਾ ਸਬੂਤ

ਕੁਝ ਸਾਲ ਪਹਿਲਾਂ ਆਸਟ੍ਰੇਲੀਆ ਦੇ ਇਕ ਲੇਖਕ, ਜੋ ਇਕ ਸਮੇਂ ਬਾਈਬਲ ਦਾ ਆਲੋਚਕ ਵੀ ਹੁੰਦਾ ਸੀ, ਨੇ ਕਬੂਲ ਕੀਤਾ: “ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਉਹ ਕੀਤਾ ਜੋ ਇਕ ਰਿਪੋਰਟਰ ਦਾ ਫ਼ਰਜ਼ ਬਣਦਾ ਹੈ, ਮਤਲਬ ਕਿ ਮੈਂ ਹਕੀਕਤਾਂ ਦੀ ਜਾਂਚ ਕੀਤੀ। . . . ਮੈਂ [ਇੰਜੀਲ ਦੀਆਂ ਕਿਤਾਬਾਂ] ਪੜ੍ਹ ਕੇ ਬਹੁਤ ਹੈਰਾਨ ਹੋਇਆ ਕਿ ਉਹਲੋਕ-ਕਥਾਵਾਂ ਨਹੀਂ ਸਨ, ਅਤੇ ਨਾ ਹੀ ਉਹ ਕਾਲਪਨਿਕ ਕਹਾਣੀਆਂ ਸਨ। ਉਹ ਅਸਲੀ ਰਿਪੋਰਟਾਂ ਸਨ। ਇਹ ਘਟਨਾਵਾਂ ਦੇਖਣ ਅਤੇ ਸੁਣਨ ਵਾਲਿਆਂ ਦੀਆਂ ਆਪਣੀਆਂ ਰਿਪੋਰਟਾਂ ਸਨ। . . . ਰਿਪੋਰਟ ਕਰਨ ਦੀ ਇਕ ਵਿਸ਼ੇਸ਼ਤਾ ਹੁੰਦੀ ਹੈ, ਅਤੇ ਇਹ ਵਿਸ਼ੇਸ਼ਤਾ ਇੰਜੀਲ ਦੀਆਂ ਕਿਤਾਬਾਂ ਵਿਚ ਮਿਲਦੀ ਹੈ।”

ਇਸੇ ਤਰ੍ਹਾਂ, ਆੱਕਲੈਂਡ ਯੂਨੀਵਰਸਿਟੀ ਵਿਚ ਕਲਾਸਿਕੀ ਸਾਹਿੱਤ ਦੇ ਪ੍ਰੋਫ਼ੈਸਰ ਈ. ਐੱਮ. ਬਲੇਕਲੌਕ ਨੇ ਕਿਹਾ: “ਮੈਂ ਆਪਣੇ ਆਪ ਨੂੰ ਇਕ ਇਤਿਹਾਸਕਾਰ ਸਮਝਦਾ ਹਾਂ। ਅਤੇ ਮੈਂ ਕਲਾਸਿਕੀ ਲੇਖਾਂ ਨੂੰ ਇਤਿਹਾਸ ਦੇ ਪੱਖੋਂ ਦੇਖਦਾ ਹਾਂ। ਯਕੀਨ ਕਰੋ ਕਿ ਪ੍ਰਾਚੀਨ ਇਤਿਹਾਸ ਦੀਆਂ ਜ਼ਿਆਦਾਤਰ ਗੱਲਾਂ ਨਾਲੋਂ ਮਸੀਹ ਦੇ ਜੀਵਨ, ਮੌਤ, ਅਤੇ ਜੀ ਉੱਠਣ ਦਾ ਜ਼ਿਆਦਾ ਸਬੂਤ ਹੈ।”

[ਸਫ਼ੇ 8,9 ਉੱਤੇ ਨਕਸ਼ਾ/​ਤਸਵੀਰਾਂ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਫਨੀਸ਼ੀਆ

ਗਲੀਲ

ਯਰਦਨ ਦਰਿਆ

ਯਹੂਦਿਯਾ

[ਤਸਵੀਰਾਂ]

“ਪ੍ਰਾਚੀਨ ਇਤਿਹਾਸ ਦੀਆਂ ਜ਼ਿਆਦਾਤਰ ਗੱਲਾਂ ਨਾਲੋਂ ਮਸੀਹ ਦੇ ਜੀਵਨ, ਮੌਤ, ਅਤੇ ਜੀ ਉੱਠਣ ਦਾ ਜ਼ਿਆਦਾ ਸਬੂਤ ਹੈ”—ਈ. ਐੱਮ. ਬਲੇਕਲੌਕ

[ਕ੍ਰੈਡਿਟ ਲਾਈਨ]

Background maps: Based on a map copyrighted by Pictorial Archive (Near Eastern History) Est. and Survey of Israel.