ਪਿਆਰ ਕਰਨ ਵਾਲੇ ਪਰਮੇਸ਼ੁਰ ਨੂੰ ਜਾਣਨਾ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਪਿਆਰ ਕਰਨ ਵਾਲੇ ਪਰਮੇਸ਼ੁਰ ਨੂੰ ਜਾਣਨਾ
ਬ੍ਰਾਜ਼ੀਲ ਵਿਚ ਰਹਿਣ ਵਾਲਾ ਔਨਟੋਨਿਓ ਅਜੇ 16 ਸਾਲ ਦਾ ਹੀ ਸੀ ਕਿ ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਬੇਕਾਰ ਹੈ, ਇਸ ਲਈ ਉਸ ਨੇ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੇ ਕਈ ਵਾਰ ਆਤਮ-ਹੱਤਿਆ ਕਰਨ ਦੀ ਵੀ ਸੋਚੀ। ਪਰ ਜਦੋਂ ਉਸ ਨੇ ਇੰਜ ਕਰਨ ਦੀ ਸੋਚੀ ਤਾਂ ਉਸ ਨੂੰ ਆਪਣੀ ਮਾਂ ਦੇ ਇਹ ਸ਼ਬਦ ਯਾਦ ਆਏ: “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਪਰ ਇਹ ਪਿਆਰ ਕਰਨ ਵਾਲਾ ਪਰਮੇਸ਼ੁਰ ਕਿੱਥੇ ਸੀ?
ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ, ਔਨਟੋਨਿਓ ਨੇ ਆਪਣੇ ਸ਼ਹਿਰ ਦੇ ਪਾਦਰੀ ਤੋਂ ਮਦਦ ਮੰਗੀ। ਭਾਵੇਂ ਕਿ ਔਨਟੋਨਿਓ ਕੈਥੋਲਿਕ ਗਿਰਜੇ ਵਿਚ ਬੜੇ ਜੋਸ਼ ਨਾਲ ਜਾਣ ਲੱਗ ਪਿਆ, ਪਰ ਉਸ ਦੇ ਦਿਲ ਵਿਚ ਅਜੇ ਵੀ ਬਹੁਤ ਸਾਰੇ ਸਵਾਲ ਸਨ। ਮਿਸਾਲ ਵਜੋਂ, ਉਸ ਨੂੰ ਯਿਸੂ ਦੇ ਇਹ ਲਫ਼ਜ਼ ਸਮਝ ਨਹੀਂ ਆਉਂਦੇ ਸਨ ਕਿ ਤੁਸੀਂ “ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਯਿਸੂ ਨੇ ਇੱਥੇ ਕਿਸ ਤਰ੍ਹਾਂ ਦੀ ਆਜ਼ਾਦੀ ਦਾ ਵਾਅਦਾ ਕੀਤਾ? ਉਸ ਨੂੰ ਚਰਚ ਤੋਂ ਇਨ੍ਹਾਂ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਮਿਲੇ। ਅਖ਼ੀਰ ਔਨਟੋਨਿਓ ਭਟਕ ਗਿਆ ਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਨਸ਼ਾ ਕਰਨ ਲੱਗ ਪਿਆ।
ਇਸੇ ਸਮੇਂ ਦੌਰਾਨ, ਔਨਟੋਨਿਓ ਦੀ ਪਤਨੀ ਮਾਰੀਆ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਕਿ ਉਸ ਨੇ ਆਪਣੀ ਪਤਨੀ ਦਾ ਵਿਰੋਧ ਤਾਂ ਨਹੀਂ ਕੀਤਾ, ਪਰ ਉਸ ਨੇ ਇਹ ਕਿਹਾ ਕਿ “ਇਹ ਇਕ ਅਮਰੀਕੀ ਧਰਮ ਹੈ ਜੋ ਸਿਰਫ਼ ਅਮਰੀਕੀ ਸਾਮਰਾਜ ਦੇ ਫ਼ਾਇਦੇ ਲਈ ਕੰਮ ਕਰਦਾ ਹੈ।”
ਪਰ, ਮਾਰੀਆ ਨੇ ਹਾਰ ਨਾ ਮੰਨੀ। ਉਹ ਔਨਟੋਨਿਓ ਨੂੰ ਪਸੰਦ ਆਉਣ ਵਾਲੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਮੈਗਜ਼ੀਨ ਜਾਣ-ਬੁੱਝ ਕੇ ਘਰ ਵਿਚ ਇੱਧਰ-ਉੱਧਰ ਰੱਖ ਦਿੰਦੀ ਸੀ। ਕਿਉਂਕਿ ਔਨਟੋਨਿਓ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਇਸ ਲਈ ਜਦੋਂ ਉਸ ਦੀ ਪਤਨੀ ਘਰ ਨਹੀਂ ਹੁੰਦੀ ਸੀ, ਤਾਂ ਉਹ ਅਕਸਰ ਇਨ੍ਹਾਂ ਰਸਾਲਿਆਂ ਨੂੰ ਪੜ੍ਹਦਾ ਹੁੰਦਾ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਉਸ ਨੂੰ ਆਪਣੇ ਬਾਈਬਲ ਸੰਬੰਧੀ ਸਵਾਲਾਂ ਦਾ ਜਵਾਬ ਮਿਲਿਆ। ਉਹ ਯਾਦ ਕਰਦਾ ਹੈ ਕਿ “ਇਸ ਤੋਂ ਇਲਾਵਾ ਮੈਂ ਆਪਣੀ ਪਤਨੀ ਅਤੇ ਗਵਾਹਾਂ ਵੱਲੋਂ ਦਿਖਾਏ ਪਿਆਰ ਤੋਂ ਵੀ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ।”
ਸੰਨ 1992 ਦੇ ਅੱਧ ਵਿਚ, ਔਨਟੋਨਿਓ ਨੇ ਫ਼ੈਸਲਾ ਕੀਤਾ ਕਿ ਉਹ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰੇਗਾ। ਪਰ ਉਹ ਲਗਾਤਾਰ ਨਸ਼ੀਲੀਆਂ ਦਵਾਈਆਂ ਲੈਂਦਾ ਰਿਹਾ ਤੇ ਹੱਦੋਂ ਵੱਧ ਸ਼ਰਾਬ ਵੀ ਪੀਂਦਾ ਰਿਹਾ। ਇਕ ਰਾਤ ਜਦੋਂ ਔਨਟੋਨਿਓ ਅਤੇ ਉਸ ਦਾ ਇਕ ਦੋਸਤ ਸ਼ਹਿਰ ਤੋਂ ਵਾਪਸ ਆ ਰਹੇ ਸਨ, ਤਾਂ ਰਾਹ ਵਿਚ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਜਦੋਂ ਪੁਲਸ ਨੂੰ ਤਲਾਸ਼ੀ ਲੈਣ ਤੇ ਔਨਟੋਨਿਓ ਕੋਲੋਂ ਕੋਕੀਨ ਮਿਲੀ, ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਕ ਪੁਲਸੀਏ ਨੇ ਉਸ ਨੂੰ ਚਿੱਕੜ ਵਿਚ ਸੁੱਟ ਦਿੱਤਾ ਅਤੇ ਉਸ ਦੇ ਮੂੰਹ ਦੇ ਨੇੜੇ ਬੰਦੂਕ ਰੱਖ ਦਿੱਤੀ। “ਖ਼ਤਮ ਕਰ ਦੇ ਇਸ ਨੂੰ!” ਦੂਜੇ ਪੁਲਸੀਏ ਨੇ ਗੁੱਸੇ ਨਾਲ ਕਿਹਾ।
ਔਨਟੋਨਿਓ ਨੂੰ ਲੱਗਾ ਕਿ ਹੁਣ ਉਹ ਨਹੀਂ ਬਚੇਗਾ ਅਤੇ ਇਕ ਦਮ ਉਸ ਨੂੰ ਯਹੋਵਾਹ ਤੇ ਆਪਣੇ ਪਰਿਵਾਰ ਦੀ ਯਾਦ ਆਈ। ਉਸ ਨੇ ਫਟਾਫਟ ਯਹੋਵਾਹ ਨੂੰ ਮਦਦ ਲਈ ਬੇਨਤੀ ਕੀਤੀ। ਹੈਰਾਨੀ ਦੀ ਗੱਲ ਹੈ ਕਿ ਪੁਲਸੀਏ ਨੇ ਉਸ ਨੂੰ ਗੋਲੀ ਨਹੀਂ ਮਾਰੀ ਤੇ ਉਸ ਨੂੰ ਛੱਡ ਦਿੱਤਾ। ਉਹ ਘਰ ਗਿਆ ਤੇ ਹੁਣ ਉਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਸਿਰਫ਼ ਯਹੋਵਾਹ ਨੇ ਹੀ ਉਸ ਨੂੰ ਬਚਾਇਆ ਸੀ।
ਹੁਣ ਔਨਟੋਨਿਓ ਨੇ ਨਵੇਂ ਸਿਰਿਓਂ ਜੋਸ਼ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਹੌਲੀ-ਹੌਲੀ ਉਸ ਨੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। (ਅਫ਼ਸੀਆਂ 4:22-24) ਉਸ ਨੇ ਆਪਣੇ ਤੇ ਕਾਬੂ ਰੱਖਣਾ ਸਿੱਖਿਆ ਅਤੇ ਨਸ਼ੀਲੀਆਂ ਦਵਾਈਆਂ ਲੈਣ ਦੀ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਲਈ ਉਸ ਨੇ ਡਾਕਟਰੀ ਮਦਦ ਵੀ ਲਈ। ਦੋ ਮਹੀਨਿਆਂ ਦੇ ਇਲਾਜ ਦੌਰਾਨ, ਉਸ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦੇ ਨਾਲ-ਨਾਲ ਹੋਰ ਕਈ ਬਾਈਬਲ-ਆਧਾਰਿਤ ਕਿਤਾਬਾਂ ਅਤੇ ਰਸਾਲੇ ਪੜ੍ਹਨ ਦਾ ਮੌਕਾ ਮਿਲਿਆ। ਔਨਟੋਨਿਓ ਨੇ ਜੋ ਕੁਝ ਇਨ੍ਹਾਂ ਕਿਤਾਬਾਂ ਵਿੱਚੋਂ ਸਿੱਖਿਆ, ਉਸ ਨੇ ਹਸਪਤਾਲ ਵਿਚ ਦੂਜੇ ਮਰੀਜ਼ਾਂ ਨੂੰ ਵੀ ਦੱਸਣਾ ਸ਼ੁਰੂ ਕਰ ਦਿੱਤਾ।
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਔਨਟੋਨਿਓ ਨੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਜਾਰੀ ਰੱਖੀ। ਹੁਣ ਔਨਟੋਨਿਓ, ਮਾਰੀਆ ਤੇ ਉਨ੍ਹਾਂ ਦੀਆਂ ਦੋ ਧੀਆਂ ਅਤੇ ਔਨਟੋਨਿਓ ਦੀ ਮਾਂ, ਸਾਰੇ ਹੀ ਯਹੋਵਾਹ ਦੀ ਭਗਤੀ ਕਰਦੇ ਹਨ ਤੇ ਪੂਰਾ ਪਰਿਵਾਰ ਬਹੁਤ ਖ਼ੁਸ਼ ਹੈ। ਔਨਟੋਨਿਓ ਕਹਿੰਦਾ ਹੈ ਕਿ ਹੁਣ ਮੈਨੂੰ ਇਨ੍ਹਾਂ ਸ਼ਬਦਾਂ ਦਾ ਸਹੀ ਮਤਲਬ ਸਮਝ ਆਇਆ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।”
[ਸਫ਼ੇ 8 ਉੱਤੇ ਤਸਵੀਰ]
ਰੀਓ ਡੇ ਜਨੇਰੋ ਵਿਚ ਪ੍ਰਚਾਰ