ਤਾਈਵਾਨ ਦੇ ਚੌਲ਼-ਖੇਤਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਅਸੀਂ ਉਹ ਹਾਂ ਜਿਹੜੇ ਨਿਹਚਾ ਕਰਦੇ ਹਨ
ਤਾਈਵਾਨ ਦੇ ਚੌਲ਼-ਖੇਤਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਤਾਈਵਾਨ ਵਿਚ ਆਮ ਤੌਰ ਤੇ ਕਾਫ਼ੀ ਮੀਂਹ ਪੈਂਦਾ ਹੈ, ਜਿਸ ਕਰਕੇ ਹਰ ਸਾਲ ਇੱਥੇ ਦੋ ਵਾਰ ਚੌਲ਼ਾਂ ਦੀ ਫ਼ਸਲ ਇਕੱਠੀ ਕੀਤੀ ਜਾ ਸਕਦੀ ਹੈ। ਪਰ ਕਦੀ-ਕਦੀ ਸਮੇਂ ਸਿਰ ਮੀਂਹ ਨਾ ਪੈਣ ਕਰਕੇ ਚੌਲ਼ਾਂ ਦੇ ਛੋਟੇ ਪੌਦੇ ਕੁਮਲਾ ਜਾਂਦੇ ਹਨ। ਇਸ ਤਰ੍ਹਾਂ ਹੋਣ ਦੇ ਕਾਰਨ, ਕੀ ਕਿਸਾਨ ਚੌਲ਼ ਬੀਜਣੇ ਛੱਡ ਦਿੰਦਾ ਹੈ? ਬਿਲਕੁਲ ਨਹੀਂ। ਉਸ ਨੂੰ ਪਤਾ ਹੈ ਕਿ ਉਸ ਨੂੰ ਜੁਟੇ ਰਹਿਣ ਦੀ ਲੋੜ ਹੈ। ਉਹ ਹੋਰ ਨਵੇਂ ਪੌਦੇ ਬੀਜਦਾ ਹੈ ਅਤੇ ਉਨ੍ਹਾਂ ਨੂੰ ਖੇਤ ਵਿਚ ਦੁਬਾਰਾ ਲਾਉਂਦਾ ਹੈ। ਫਿਰ ਜੇ ਹਾਲਾਤ ਠੀਕ ਰਹਿਣ ਤਾਂ ਉਸ ਨੂੰ ਚੰਗੀ ਫ਼ਸਲ ਦੀ ਉਮੀਦ ਹੁੰਦੀ ਹੈ। ਕਦੀ-ਕਦੀ ਰੂਹਾਨੀ ਖੇਤੀਬਾੜੀ ਵੀ ਇਸੇ ਤਰ੍ਹਾਂ ਹੁੰਦੀ ਹੈ।
ਰੂਹਾਨੀ ਖੇਤੀਬਾੜੀ ਵਿਚ ਜੁਟੇ ਰਹਿਣਾ
ਸਾਲਾਂ ਦੌਰਾਨ ਤਾਈਵਾਨ ਵਿਚ ਯਹੋਵਾਹ ਦੇ ਗਵਾਹਾਂ ਨੇ ਕੁਝ ਇਲਾਕਿਆਂ ਵਿਚ ਸੱਚਾਈ ਦੇ ਬੀਜ ਬੀਜਣ ਅਤੇ ਵਾਢੀ ਕਰਨ ਵਿਚ ਕਾਫ਼ੀ ਮਿਹਨਤ ਕੀਤੀ ਹੈ। ਪਰ ਇਨ੍ਹਾਂ ਇਲਾਕਿਆਂ ਵਿਚ ਬਹੁਤੀ ਉਪਜ ਨਹੀਂ ਹੋਈ। ਉਦਾਹਰਣ ਲਈ ਮੀਅਲੀ ਨਾਂ ਦੇ ਜ਼ਿਲ੍ਹੇ ਵਿਚ ਸਮੇਂ-ਸਮੇਂ ਤੇ ਦਿੱਤੀ ਗਈ ਗਵਾਹੀ ਦਾ ਬਹੁਤਾ ਫ਼ਰਕ ਨਹੀਂ ਪਿਆ ਸੀ। ਇਸ ਕਰਕੇ 1973 ਵਿਚ ਇਕ ਵਿਆਹੁਤਾ ਜੋੜੇ ਨੂੰ ਵਿਸ਼ੇਸ਼ ਪਾਇਨੀਅਰੀ ਕਰਨ ਲਈ ਉੱਥੇ ਭੇਜਿਆ ਗਿਆ। ਪਹਿਲਾਂ-ਪਹਿਲਾਂ ਤਾਂ ਕੁਝ ਲੋਕਾਂ ਨੇ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਲਈ, ਪਰ ਬਹੁਤੀ ਦੇਰ ਲਈ ਨਹੀਂ। ਇਸ ਕਰਕੇ ਉਸ ਜੋੜੇ ਨੂੰ ਕਿਸੇ ਨਵੇਂ ਥਾਂ ਭੇਜ ਦਿੱਤਾ ਗਿਆ।
ਫਿਰ 1991 ਵਿਚ ਦੋ ਭੈਣਾਂ ਨੂੰ ਵਿਸ਼ੇਸ਼ ਪਾਇਨੀਅਰੀ ਕਰਨ ਲਈ ਮੀਅਲੀ ਭੇਜਿਆ ਗਿਆ। ਇਕ ਵਾਰ ਫਿਰ ਇਸ ਤਰ੍ਹਾਂ ਲੱਗਾ ਕਿ ਰੂਹਾਨੀ ਉਪਜ ਲਈ ਅਜੇ ਵੀ ਮੌਸਮ ਠੀਕ ਨਹੀਂ ਸੀ। ਕੁਝ ਸਾਲਾਂ ਬਾਅਦ ਇਨ੍ਹਾਂ ਭੈਣਾਂ ਨੂੰ ਕਿਤੇ ਹੋਰ ਭੇਜ ਦਿੱਤਾ ਗਿਆ, ਜਿੱਥੇ ਰੂਹਾਨੀ ਤੌਰ ਤੇ ਜ਼ਿਆਦਾ ਚੰਗੀ ਉਪਜ ਦੀ ਉਮੀਦ ਸੀ। ਇਸ ਤਰ੍ਹਾਂ ਇਹ ਇਲਾਕਾ ਬੰਜਰ ਜ਼ਮੀਨ ਵਜੋਂ ਪਿਆ ਰਿਹਾ ਅਤੇ ਉੱਥੇ ਹੋਰ ਗਵਾਹੀ ਨਹੀਂ ਦਿੱਤੀ ਗਈ।
ਨਵੇਂ ਜਤਨਾਂ ਨਾਲ ਸਫ਼ਲਤਾ
ਤਾਈਵਾਨ ਦੇ ਕਈ ਵੱਡੇ-ਚੌੜੇ ਇਲਾਕੇ ਕਿਸੇ ਕਲੀਸਿਯਾ ਨੂੰ ਗਵਾਹੀ ਦੇਣ ਲਈ ਨਹੀਂ ਸੌਂਪੇ ਹੋਏ ਸਨ। ਇਸ ਲਈ ਸਤੰਬਰ 1998 ਵਿਚ ਉਨ੍ਹਾਂ ਇਲਾਕਿਆਂ ਵੱਲ ਧਿਆਨ ਦਿੱਤਾ ਗਿਆ ਜਿੱਥੇ ਰੂਹਾਨੀ ਤੌਰ ਤੇ ਤਰੱਕੀ ਦੀ ਉਮੀਦ ਸੀ। ਇਹ ਕਿਸ ਤਰ੍ਹਾਂ ਕੀਤਾ ਗਿਆ? ਕੁਝ 40 ਭੈਣਾਂ-ਭਰਾਵਾਂ ਨੂੰ ਤਿੰਨਾਂ ਮਹੀਨਿਆਂ ਲਈ ਉਨ੍ਹਾਂ ਇਲਾਕਿਆਂ ਵਿਚ ਵਿਸ਼ੇਸ਼ ਪਾਇਨੀਅਰੀ ਕਰਨ ਲਈ ਭੇਜਿਆ ਗਿਆ ਜਿੱਥੇ ਆਬਾਦੀ ਜ਼ਿਆਦਾ ਸੰਘਣੀ ਸੀ ਅਤੇ ਜਿੱਥੇ ਪ੍ਰਚਾਰ ਦਾ ਕੰਮ ਨਹੀਂ ਕੀਤਾ ਜਾ ਰਿਹਾ ਸੀ।
ਪ੍ਰਚਾਰ ਦੇ ਇਸ ਖ਼ਾਸ ਸਮੇਂ ਲਈ ਮੀਅਲੀ ਜ਼ਿਲ੍ਹੇ ਦੇ ਲਾਗੇ ਦੋ ਸ਼ਹਿਰ ਚੁਣੇ ਗਏ ਸਨ। ਇਸ ਇਲਾਕੇ ਦੀ ਜਾਂਚ ਕਰਨ ਲਈ ਚਾਰ ਭੈਣਾਂ ਨੂੰ ਤਿੰਨ ਮਹੀਨਿਆਂ ਲਈ ਭੇਜਿਆ ਗਿਆ। ਉੱਥੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਖ਼ੁਸ਼ੀ-ਭਰੀਆਂ ਰਿਪੋਰਟਾਂ ਲਿਖੀਆਂ ਕਿ ਉਹ ਕਿੰਨਿਆਂ ਲੋਕਾਂ ਨੂੰ ਮਿਲ ਰਹੀਆਂ ਸਨ ਜੋ ਬਾਈਬਲ ਦੀ ਸੱਚਾਈ ਵਿਚ ਬੜੀ ਦਿਲਚਸਪੀ ਲੈ ਰਹੇ ਸਨ। ਜਦੋਂ ਇਨ੍ਹਾਂ ਭੈਣਾਂ ਦੇ ਤਿੰਨ ਮਹੀਨੇ ਪੂਰੇ ਹੋਣ ਵਾਲੇ ਸਨ ਤਾਂ ਉਹ ਬਹੁਤ ਸਾਰਿਆਂ ਲੋਕਾਂ ਨਾਲ ਬਾਈਬਲ ਸਟੱਡੀ ਕਰ ਰਹੀਆਂ ਸਨ। ਲਾਗੇ ਦੀ ਇਕ ਕਲੀਸਿਯਾ ਤੋਂ ਆਏ ਇਕ ਬਜ਼ੁਰਗ ਦੀ ਮਦਦ ਨਾਲ ਉਨ੍ਹਾਂ ਨੇ ਇਕ ਬੁੱਕ ਸਟੱਡੀ ਗਰੁੱਪ ਵੀ ਸ਼ੁਰੂ ਕੀਤਾ।
ਇਨ੍ਹਾਂ ਵਿੱਚੋਂ ਤਿੰਨਾਂ ਭੈਣਾਂ ਨੇ ਕਿਹਾ ਕਿ ਉਹ ਉੱਥੇ ਰਹਿ ਕੇ ਸੱਚਾਈ ਵਿਚ ਚੰਗੀ ਤਰੱਕੀ ਕਰ ਰਹੇ ਨਵੇਂ “ਪੌਦਿਆਂ” ਦੀ ਦੇਖ-ਭਾਲ ਕਰੀ ਜਾਣਾ ਚਾਹੁੰਦੀਆਂ ਸਨ। ਨਤੀਜੇ ਵਜੋਂ, ਦੋ ਭੈਣਾਂ ਨੂੰ ਉੱਥੇ ਪੱਕੀ ਤੌਰ ਤੇ ਵਿਸ਼ੇਸ਼ ਪਾਇਨੀਅਰੀ ਕਰਨ ਲਈ ਕਿਹਾ ਗਿਆ, ਅਤੇ ਤੀਜੀ ਭੈਣ ਨੇ ਵੀ ਉੱਥੇ ਰਹਿ ਕੇ ਆਪਣੀ ਪਾਇਨੀਅਰੀ ਨਿਯਮਿਤ ਤੌਰ ਤੇ ਜਾਰੀ ਰੱਖੀ। ਲਾਗੇ ਦੀ ਕਲੀਸਿਯਾ ਤੋਂ ਇਕ ਬਜ਼ੁਰਗ ਨੇ ਵੀ ਆਪਣੀ ਬਦਲੀ ਉੱਥੇ ਕਰਵਾ ਲਈ ਤਾਂਕਿ ਉਹ ਉਨ੍ਹਾਂ ਭੈਣਾਂ ਦੀ ਮਦਦ ਕਰ ਸਕੇ। ਜਦੋਂ ਉਸ ਇਲਾਕੇ ਵਿਚ ਪਹਿਲੀ ਵਾਰ ਪਬਲਿਕ ਭਾਸ਼ਣ ਦਿੱਤਾ ਗਿਆ ਸੀ ਤਾਂ 60 ਤੋਂ ਜ਼ਿਆਦਾ ਲੋਕ ਹਾਜ਼ਰ ਹੋਏ। ਲਾਗੇ ਦੀ ਕਲੀਸਿਯਾ ਹੁਣ ਇਸ ਨਵੇਂ-ਨਵੇਂ ਸਮੂਹ ਦੀ ਮਦਦ ਕਰਦੀ ਹੈ ਤਾਂਕਿ ਉਹ
ਬੁੱਕ ਸਟੱਡੀਆਂ ਤੋਂ ਇਲਾਵਾ ਐਤਵਾਰ ਨੂੰ ਸਭਾਵਾਂ ਲਗਾ ਸਕਣ। ਥੋੜ੍ਹੇ ਸਮੇਂ ਵਿਚ ਉੱਥੇ ਇਕ ਕਲੀਸਿਯਾ ਸ਼ੁਰੂ ਕਰਨ ਦੀ ਉਮੀਦ ਹੈ।ਤਾਈਵਾਨ ਦੇ ਦੂਜਿਆਂ ਇਲਾਕਿਆਂ ਵਿਚ ਵੀ ਜੁਟੇ ਰਹਿਣ ਦੇ ਫ਼ਾਇਦੇ
ਹੋਰ ਇਲਾਕਿਆਂ ਵਿਚ ਵੀ ਇਸੇ ਤਰ੍ਹਾਂ ਤਰੱਕੀ ਹੋਈ ਹੈ। ਇਸ ਟਾਪੂ ਦੇ ਉੱਤਰ-ਪੂਰਬ ਵਿਚ ਈਲਾਨ ਨਾਂ ਦਾ ਜ਼ਿਲ੍ਹਾ ਹੈ। ਇੱਥੇ ਤਿੰਨ ਮਹੀਨਿਆਂ ਲਈ ਵਿਸ਼ੇਸ਼ ਪਾਇਨੀਅਰੀ ਕੀਤੀ ਗਈ ਸੀ। ਹੁਣ ਇੱਥੇ ਬੁੱਕ ਸਟੱਡੀ ਕਰਨ ਲਈ ਇਕ ਨਵਾਂ ਗਰੁੱਪ ਸ਼ੁਰੂ ਕੀਤਾ ਗਿਆ ਹੈ।
ਇਕ ਪਾਇਨੀਅਰ ਭੈਣ ਨੇ ਸ਼ਾਮੀਂ ਘਰ ਤੋਂ ਘਰ ਗਵਾਹੀ ਦਿੰਦੇ ਸਮੇਂ ਇਕ ਨੌਜਵਾਨ ਨੂੰ ਕਲੀਸਿਯਾ ਦੀਆਂ ਸਭਾਵਾਂ ਦੇ ਸਮੇਂ ਦੀ ਸੂਚੀ ਦਿਖਾਈ। ਉਸ ਨੌਜਵਾਨ ਨੇ ਇਕਦਮ ਪੁੱਛਿਆ: “ਮੈਂ ਕੱਲ੍ਹ ਸ਼ਾਮ ਸਭਾ ਵਿਚ ਆ ਸਕਦਾ ਹਾਂ? ਤਾਂ ਮੈਂ ਕਿੱਦਾਂ ਦੇ ਕੱਪੜੇ ਪਾ ਕੇ ਆਵਾਂ?” ਇਹ ਭੈਣ ਹਰ ਹਫ਼ਤੇ ਅੱਠ ਜਣਿਆਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ। ਇਨ੍ਹਾਂ ਵਿੱਚੋਂ ਕਈ ਪ੍ਰਚਾਰ ਦਾ ਕੰਮ ਖ਼ੁਦ ਸ਼ੁਰੂ ਕਰਨ ਲਈ ਤਿਆਰ ਸਨ ਅਤੇ ਬਪਤਿਸਮਾ ਲੈਣਾ ਚਾਹੁੰਦੇ ਸਨ।
ਇਸ ਸ਼ਹਿਰ ਵਿਚ ਇਕ ਔਰਤ ਕਈਆਂ ਸਾਲਾਂ ਤੋਂ ਚਰਚ ਜਾ ਰਹੀ ਸੀ ਪਰ ਉਸ ਨੂੰ ਬਾਈਬਲ ਸਿਖਾਉਣ ਵਾਲਾ ਕੋਈ ਨਹੀਂ ਮਿਲ ਰਿਹਾ ਸੀ। ਜਦੋਂ ਉਸ ਨੂੰ ਬਾਈਬਲ ਸਟੱਡੀ ਦੇ ਇੰਤਜ਼ਾਮ ਬਾਰੇ ਪਤਾ ਲੱਗਾ ਤਾਂ ਉਹ ਸਿੱਖਣ ਲਈ ਝੱਟ ਤਿਆਰ ਹੋ ਗਈ। ਉਸ ਨੂੰ ਕਿਹਾ ਗਿਆ ਕਿ ਉਹ ਸਟੱਡੀ ਤੋਂ ਪਹਿਲਾਂ ਤਿਆਰੀ ਕਰਿਆ ਕਰੇ। ਜਦੋਂ ਪਾਇਨੀਅਰ ਭੈਣ ਉਸ ਦੇ ਘਰ ਸਟੱਡੀ ਕਰਾਉਣ ਆਈ ਤਾਂ ਉਸ ਨੇ ਦੇਖਿਆ ਕਿ ਔਰਤ ਨੇ ਚੰਗੀ ਤਰ੍ਹਾਂ ਤਿਆਰੀ ਕੀਤੀ ਹੋਈ ਸੀ। ਉਸ ਨੇ ਇਕ ਕਾਪੀ ਖ਼ਰੀਦੀ ਸੀ ਜਿਸ ਵਿਚ ਉਸ ਨੇ ਹਰੇਕ ਸਵਾਲ ਅਤੇ ਉਸ ਦਾ ਜਵਾਬ ਲਿਖਿਆ ਹੋਇਆ ਸੀ। ਉਸ ਨੇ ਬਾਈਬਲ ਵਿੱਚੋਂ ਦਿੱਤੇ ਗਏ ਸਾਰੇ ਹਵਾਲੇ ਵੀ ਲਿਖੇ ਹੋਏ ਸਨ। ਜਦੋਂ ਸਾਡੀ ਭੈਣ ਉਸ ਨਾਲ ਪਹਿਲੀ ਸਟੱਡੀ ਕਰਨ ਆਈ, ਤਾਂ ਉਸ ਔਰਤ ਨੇ ਪਹਿਲੇ ਤਿੰਨ ਪਾਠ ਤਿਆਰ ਕੀਤੇ ਹੋਏ ਸਨ!
ਕੇਂਦਰੀ ਤਾਈਵਾਨ ਵਿਚ ਡੋਂਗਸ਼ੀ ਨਾਂ ਦੇ ਸ਼ਹਿਰ ਵਿਚ ਵੀ ਇਸੇ ਤਰ੍ਹਾਂ ਤਰੱਕੀ ਹੋਈ। ਵਿਸ਼ੇਸ਼ ਪਾਇਨੀਅਰੀ ਕਰਨ ਆਏ ਭੈਣਾਂ-ਭਰਾਵਾਂ ਨੇ ਤਿੰਨਾਂ ਮਹੀਨਿਆਂ ਵਿਚ 2,000 ਤੋਂ ਜ਼ਿਆਦਾ ਬ੍ਰੋਸ਼ਰ ਵੰਡੇ। ਤੀਜੇ ਮਹੀਨੇ ਤੀਕਰ ਉਹ 16 ਬਾਈਬਲ ਸਟੱਡੀਆਂ ਕਰ ਰਹੇ ਸਨ। ਤਾਈਵਾਨ ਦਾ ਇਹ ਕੇਂਦਰੀ ਸ਼ਹਿਰ 21 ਸਤੰਬਰ 1999 ਵਿਚ ਇਕ ਭੁਚਾਲ ਕਰਕੇ ਮਾਨੋ ਤਬਾਹ ਹੋ ਗਿਆ ਸੀ। ਪਰ ਕੁਝ ਲੋਕ ਅਜੇ ਵੀ ਰੂਹਾਨੀ ਤਰੱਕੀ ਕਰ ਰਹੇ ਹਨ, ਭਾਵੇਂ ਉਨ੍ਹਾਂ ਨੂੰ ਸਭਾਵਾਂ ਵਿਚ ਜਾਣ ਲਈ ਲਾਗੇ ਦੇ ਕਿੰਗਡਮ ਹਾਲ ਤਕ ਪਹੁੰਚਣ ਲਈ ਪੂਰਾ ਘੰਟਾ ਲੱਗ ਜਾਂਦਾ ਹੈ। ਜੀ ਹਾਂ, ਫ਼ਸਲ ਦੀ ਚੰਗੀ ਵਾਢੀ ਕਰਨ ਲਈ ਜੁਟੇ ਰਹਿਣ ਦੀ ਲੋੜ ਹੈ, ਭਾਵੇਂ ਉਹ ਫ਼ਸਲ ਅਸਲੀ ਕਿਸਮ ਦੀ ਜਾਂ ਰੂਹਾਨੀ ਕਿਸਮ ਦੀ ਹੋਵੇ।
[ਸਫ਼ੇ 8 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਚੀਨ
ਤਾਈਵਾਨ ਸਟ੍ਰੇਟ
ਤਾਈਵਾਨ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.