ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਕੁਝ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਅਸੀਂ ਯਕੀਨ ਨਾਲ ਇਹ ਕਿਉਂ ਕਹਿ ਸਕਦੇ ਹਾਂ ਕਿ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਬਾਰੇ ਯਸਾਯਾਹ 65:17-19 ਦੀ ਭਵਿੱਖਬਾਣੀ ਦੀ ਪੂਰਤੀ ਵਿਚ ਸਿਰਫ਼ ਯਹੂਦੀ ਹੀ ਨਹੀਂ ਸ਼ਾਮਲ ਸਨ, ਜੋ ਬਾਬਲ ਦੀ ਕੈਦ ਤੋਂ ਮੁਕਤ ਹੋਏ ਸਨ?
ਕਿਉਂਕਿ ਪਹਿਲੀ ਸਦੀ ਸਾ.ਯੁ. ਵਿਚ ਪਤਰਸ ਅਤੇ ਯੂਹੰਨਾ ਰਸੂਲਾਂ ਨੇ ਲਿਖਿਆ ਸੀ ਕਿ ਇਸ ਦੀ ਪੂਰਤੀ ਭਵਿੱਖ ਵਿਚ ਹੋਵੇਗੀ ਅਤੇ ਇਸ ਦੀਆਂ ਬਰਕਤਾਂ ਆਉਣ ਵਾਲੇ ਸਮੇਂ ਲਈ ਸਨ। (2 ਪਤਰਸ 3:13; ਪਰਕਾਸ਼ ਦੀ ਪੋਥੀ 21:1-4)—4/15, ਸਫ਼ੇ 10-12.
• ਹਿੰਸਕ ਦੇਵਤੇ-ਸਰੂਪ ਆਦਮੀਆਂ ਦੀਆਂ ਪ੍ਰਾਚੀਨ ਯੂਨਾਨੀ ਕਹਾਣੀਆਂ ਸ਼ਾਇਦ ਕਿੱਥੋਂ ਸ਼ੁਰੂ ਹੋਈਆਂ ਸਨ?
ਹੋ ਸਕਦਾ ਹੈ ਕਿ ਇਹ ਜਲ-ਪਰਲੋ ਤੋਂ ਪਹਿਲਾਂ ਦੇ ਹਾਲਾਤਾਂ ਤੇ ਆਧਾਰਿਤ ਹੋਣ ਜਦੋਂ ਕੁਝ ਦੂਤਾਂ ਨੇ ਮਨੁੱਖਾਂ ਦਾ ਰੂਪ ਧਾਰ ਕੇ ਧਰਤੀ ਉੱਤੇ ਹਿੰਸਕ ਅਤੇ ਅਨੈਤਿਕ ਜ਼ਿੰਦਗੀਆਂ ਬਤੀਤ ਕੀਤੀਆਂ ਸਨ। (ਉਤਪਤ 6:1, 2)—4/15, ਸਾਫ਼ਾ 27.
• ਵਿਆਹਾਂ ਤੇ ਸਿਆਣੇ ਮਸੀਹੀਆਂ ਨੂੰ ਕਿਨ੍ਹਾਂ ਕੁਝ ਖ਼ਤਰਿਆਂ ਤੋਂ ਬਚਣਾ ਚਾਹੀਦਾ ਹੈ?
ਇਹ ਜ਼ਰੂਰੀ ਹੈ ਕਿ ਮਸੀਹੀ ਉੱਚੀ-ਉੱਚੀ ਰੌਲਾ ਨਾ ਪਾਉਣ। ਇਹ ਸ਼ਾਇਦ ਉਦੋਂ ਹੋ ਸਕਦਾ ਹੈ ਜਦੋਂ ਜ਼ਿਆਦਾ ਸ਼ਰਾਬ ਪੀਣ ਦੀ ਇਜਾਜ਼ਤ ਹੋਵੇ ਨਾਲੇ ਉੱਚੀ-ਉੱਚੀ ਗਾਣੇ ਲਾਏ ਹੋਣ ਅਤੇ ਅਸ਼ਲੀਲ ਡਾਂਸ ਹੋਵੇ। ਜਦ ਤਕ ਇਹ ਨਾ ਦੱਸਿਆ ਜਾਵੇ ਕਿ ਰਿਸੈਪਸ਼ਨ ਵਿਚ ਕੋਈ ਵੀ ਆ ਸਕਦਾ ਹੈ ਤਾਂ ਬਿਨ-ਬੁਲਾਏ ਲੋਕਾਂ ਨੂੰ ਹਾਜ਼ਰ ਨਹੀਂ ਹੋਣਾ ਚਾਹੀਦਾ। ਲਾੜੇ ਨੂੰ ਜ਼ਿੰਮੇਵਾਰ ਮਸੀਹੀਆਂ ਨੂੰ ਪਾਰਟੀ ਖ਼ਤਮ ਹੋਣ ਤਕ ਨਿਗਰਾਨੀ ਰੱਖਣ ਦੀ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ ਅਤੇ ਪ੍ਰੋਗ੍ਰਾਮ ਨੂੰ ਢੁਕਵੇਂ ਸਮੇਂ ਤੇ ਖ਼ਤਮ ਕਰਨਾ ਚਾਹੀਦਾ ਹੈ।—5/1, ਸਫ਼ੇ 19-22.
• ਜ਼ਬੂਰ 128:3 ਤੇ ਇਸ ਦਾ ਕੀ ਮਤਲਬ ਹੈ ਕਿ ਬੱਚੇ “ਜ਼ੈਤੂਨ ਦੇ ਬੂਟਿਆਂ ਵਾਂਙੁ” ਆਦਮੀ ਦੇ ਮੇਜ਼ ਦੇ ਆਲੇ ਦੁਆਲੇ ਹੋਣਗੇ?
ਜ਼ੈਤੂਨ ਦੇ ਦਰਖ਼ਤ ਬਾਰੇ ਅਜੀਬ ਗੱਲ ਇਹ ਹੈ ਕਿ ਨਵੇਂ ਪੌਦੇ ਅਕਸਰ ਉਸ ਦੇ ਤਣੇ ਤੋਂ ਉੱਗਦੇ ਹਨ। ਜਦੋਂ ਇਕ ਦਰਖ਼ਤ ਬਹੁਤ ਬੁੱਢਾ ਹੋ ਜਾਂਦਾ ਹੈ ਅਤੇ ਪਹਿਲਾਂ ਵਾਂਗ ਫਲ ਨਹੀਂ ਦਿੰਦਾ ਹੈ ਤਾਂ ਹੋ ਸਕਦਾ ਹੈ ਕਿ ਇਸ ਦੇ ਆਲੇ-ਦੁਆਲੇ ਦੇ ਨਵੇਂ ਬੂਟੇ ਮਜ਼ਬੂਤ ਖੜ੍ਹੇ ਹੋ ਜਾਣ। ਇਸੇ ਤਰ੍ਹਾਂ, ਮਾਂ-ਬਾਪ ਦੀਆਂ ਮਜ਼ਬੂਤ ਰੂਹਾਨੀ ਜੜ੍ਹਾਂ ਕਰਕੇ ਉਨ੍ਹਾਂ ਦੇ ਧੀ-ਪੁੱਤਰ ਨਿਹਚਾ ਵਿਚ ਵੱਧ ਸਕਦੇ ਹਨ ਅਤੇ ਉਹ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਖ਼ੁਸ਼ ਹੁੰਦੇ ਹਨ।—5/15, ਸਫ਼ਾ 27.
• ਪਰਿਵਾਰ ਦੇ ਚੰਗੇ ਮਾਹੌਲ ਤੋਂ ਬੱਚਿਆਂ ਨੂੰ ਕੀ ਫ਼ਾਇਦੇ ਹੋ ਸਕਦੇ ਹਨ?
ਬੱਚੇ ਅਧਿਕਾਰ ਪ੍ਰਤੀ ਚੰਗਾ ਨਜ਼ਰੀਆ ਰੱਖਣਗੇ, ਚੰਗੀਆਂ ਕਦਰਾਂ-ਕੀਮਤਾਂ ਦੀ ਕਦਰ ਕਰਨਗੇ, ਅਤੇ ਦੂਸਰਿਆਂ ਨਾਲ ਚੰਗੇ ਸੰਬੰਧ ਰੱਖਣਗੇ। ਅਜਿਹਾ ਮਾਹੌਲ ਬੱਚਿਆਂ ਨੂੰ ਯਹੋਵਾਹ ਨਾਲ ਦੋਸਤੀ ਕਰਨ ਵਿਚ ਵੀ ਮਦਦ ਦੇ ਸਕਦਾ ਹੈ।—6/1, ਸਫ਼ਾ 18.
• ਇਕ ਪੂਰਬੀ ਦੇਸ਼ ਵਿਚ ਇਹ ਸਮਝਾਉਣ ਲਈ ਕੀ ਕੀਤਾ ਗਿਆ ਸੀ ਕਿ ਸਾਰੇ ਮਸੀਹੀ ਇਕ ਦੂਜੇ ਦੇ “ਭਰਾ” ਹਨ?
ਸਾਰੀਆਂ ਕਲੀਸਿਯਾਵਾਂ ਨੂੰ ਸਮਝਾਇਆ ਗਿਆ ਸੀ ਕਿ ਸਿਰਫ਼ ਕੁਝ ਹੀ ਭਰਾਵਾਂ ਨੂੰ ਬਹੁਤ ਹੀ ਇੱਜ਼ਤ ਵਾਲੇ ਸ਼ਬਦਾਂ ਨਾਲ ਨਹੀਂ ਬੁਲਾਉਣਾ ਚਾਹੀਦਾ। ਇਸ ਦੀ ਬਜਾਇ, ਸਾਰਿਆਂ ਨੂੰ ਇਕੋ ਜਿਹੇ ਸਮਝਣਾ ਚਾਹੀਦਾ ਹੈ।—6/15, ਸਫ਼ੇ 21, 22.
• ਕੀ ਯਹੋਵਾਹ ਦੇ ਗਵਾਹਾਂ ਨੂੰ ਲਹੂ ਤੋਂ ਪ੍ਰਾਪਤ ਕੀਤੀਆਂ ਗਈਆਂ ਦਵਾਈਆਂ ਮਨਜ਼ੂਰ ਹਨ?
ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਾਈਬਲ ਵਿਚ ‘ਲਹੂ ਤੋਂ ਬਚਣ’ ਦਾ ਹੁਕਮ ਸੁਧੇ ਲਹੂ ਦੇ ਟ੍ਰਾਂਸਫਯੁਜ਼ਨ ਅਤੇ ਲਹੂ ਵਿੱਚੋਂ ਵੱਖਰੇ ਕੀਤੇ ਗਏ ਮੁੱਖ ਹਿੱਸਿਆਂ (ਪਲਾਜ਼ਮਾ [ਸੀਰਮ], ਲਾਲ ਸੈੱਲ; ਚਿੱਟੇ ਸੈੱਲ, ਅਤੇ ਬਿੰਬਾਣੂ [ਪਲੇਟਲੈਟ]) ਦੇ ਟ੍ਰਾਂਸਫਯੁਜ਼ਨ ਉੱਤੇ ਲਾਗੂ ਹੁੰਦਾ ਹੈ। (ਰਸੂਲਾਂ ਦੇ ਕਰਤੱਬ 15:28, 29) ਇਨ੍ਹਾਂ ਮੁੱਖ ਹਿੱਸਿਆਂ ਵਿੱਚੋਂ ਜੋ ਫਰੈਕਸ਼ਨ ਵੱਖਰੇ ਕੀਤੇ ਜਾਂਦੇ ਹਨ ਉਨ੍ਹਾਂ ਦੇ ਸੰਬੰਧ ਵਿਚ ਮਸੀਹੀਆਂ ਨੂੰ ਬਾਈਬਲ ਦੀਆਂ ਗੱਲਾਂ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਧਿਆਨ ਵਿਚ ਰੱਖ ਕੇ ਆਪੋ-ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ।—6/15, ਸਫ਼ੇ 29-31.
• ਕੀ ਅੱਜ ਸੱਚ-ਮੁੱਚ ਮਨ ਦੀ ਸ਼ਾਂਤੀ ਮਿਲ ਸਕਦੀ ਹੈ?
ਜੀ ਹਾਂ। ਬਾਈਬਲ ਰਾਹੀਂ, ਯਿਸੂ ਮਸੀਹ ਲੋਕਾਂ ਨੂੰ ਸੱਚੀ ਭਗਤੀ ਅਤੇ ਯਸਾਯਾਹ 32:18 ਵਿਚ ਦੱਸੀ ਗਈ ਸ਼ਾਂਤੀ ਦਾ ਰਾਹ ਦਿਖਾ ਰਿਹਾ ਹੈ। ਇਸ ਤੋਂ ਇਲਾਵਾ, ਜ਼ਬੂਰ 37:11, 29 ਦੀ ਪੂਰਤੀ ਵਿਚ, ਅਜਿਹੀ ਸ਼ਾਂਤੀ ਪਾਉਣ ਵਾਲਿਆਂ ਕੋਲ ਧਰਤੀ ਉੱਤੇ ਹਮੇਸ਼ਾ ਦੀ ਸ਼ਾਂਤੀ ਵਿਚ ਰਹਿਣ ਦੀ ਉਮੀਦ ਹੈ।—7/1, ਸਫ਼ਾ 7.
• ਜੌਰਜ ਯੰਗ ਨੇ ਪਰਮੇਸ਼ੁਰ ਦੇ ਲੋਕਾਂ ਦੇ ਆਧੁਨਿਕ ਇਤਿਹਾਸ ਵਿਚ ਕਿਹੜੀ ਭੂਮਿਕਾ ਅਦਾ ਕੀਤੀ ਸੀ?
ਸਾਲ 1917 ਵਿਚ ਸ਼ੁਰੂ ਕਰਦੇ ਹੋਏ ਉਹ ਕਈਆਂ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਚਾਨਣ-ਮੁਨਾਰਾ ਸਾਬਤ ਹੋਇਆ। ਉਸ ਨੇ ਪ੍ਰਚਾਰ ਦਾ ਕੰਮ ਕੈਨੇਡਾ ਵਿਚ, ਕੈਰਿਬੀਅਨ ਦੇ ਟਾਪੂਆਂ ਵਿਚ, ਬ੍ਰਾਜ਼ੀਲ ਵਿਚ, ਮੱਧ ਅਮਰੀਕਾ, ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਵਿਚ ਵੀ ਕੀਤਾ। ਇਸ ਤੋਂ ਬਾਅਦ ਉਹ ਸਪੇਨ ਅਤੇ ਪੁਰਤਗਾਲ ਨੂੰ ਗਿਆ, ਜੋ ਕਿ ਉਦੋਂ ਸੋਵੀਅਤ ਸੰਘ ਸੀ, ਅਤੇ ਫਿਰ ਅਮਰੀਕਾ ਨੂੰ ਗਿਆ।—7/1, ਸਫ਼ੇ 22-7.
• ਕੁਰਿੰਥੀਆਂ ਦੀ ਪਹਿਲੀ ਪੱਤਰੀ 15:29 ਵਿਚ ‘ਮੁਰਦਿਆਂ ਦੇ ਲਈ ਬਪਤਿਸਮਾ ਲੈਣ’ ਦਾ ਕੀ ਮਤਲਬ ਹੈ?
ਇਸ ਦਾ ਮਤਲਬ ਹੈ ਕਿ ਜਦੋਂ ਮਸੀਹੀ ਪਵਿੱਤਰ ਆਤਮਾ ਦੁਆਰਾ ਮਸਹ ਕੀਤੇ ਜਾਂਦੇ ਹਨ, ਤਾਂ ਉਹ ਅਜਿਹਾ ਜੀਵਨ ਸਵੀਕਾਰ ਕਰਦੇ ਹਨ ਜਿਸ ਦੇ ਅੰਤ ਵਿਚ ਉਹ ਮਰਨਗੇ ਅਤੇ ਸਵਰਗੀ ਜੀਵਨ ਲਈ ਜੀ ਉਠਾਏ ਜਾਣਗੇ।—7/15, ਸਫ਼ਾ 17.
• ਪੌਲੁਸ ਰਸੂਲ ਉਨ੍ਹਾਂ ਸਾਲਾਂ ਦੌਰਾਨ ਕੀ ਕਰ ਰਿਹਾ ਸੀ ਜਿਨ੍ਹਾਂ ਨੂੰ ਉਸ ਦੇ ਗੁਪਤ ਸਾਲ ਕਿਹਾ ਗਿਆ ਹੈ?
ਹੋ ਸਕਦਾ ਹੈ ਕਿ ਉਸ ਨੇ ਸੀਰੀਆ ਅਤੇ ਕਿਲਿਕਿਯਾ ਦੀਆਂ ਕਲੀਸਿਯਾਵਾਂ ਨੂੰ ਸਥਾਪਿਤ ਕਰਨ ਅਤੇ ਭਰਾਵਾਂ ਨੂੰ ਉਤਸ਼ਾਹ ਦੇਣ ਵਿਚ ਮਦਦ ਕੀਤੀ ਹੋਵੇ। ਕੁਰਿੰਥੀਆਂ ਦੀ ਦੂਜੀ ਪੱਤਰੀ 11:23-27 ਵਿਚ ਜਿਨ੍ਹਾਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਹੈ ਉਹ ਇਸ ਸਮੇਂ ਦੌਰਾਨ ਹੋਈਆਂ ਹੋਣੀਆਂ, ਇਸ ਲਈ ਇਹ ਦਿਖਾਉਂਦਾ ਹੈ ਕਿ ਉਹ ਸੇਵਕਾਈ ਵਿਚ ਰੁੱਝਾ ਹੋਇਆ ਸੀ।—7/15, ਸਫ਼ੇ 26, 27.
• ਉੱਚੀਆਂ-ਉੱਚੀਆਂ ਆਸਾਂ ਨਾ ਲਾਉਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?
ਇਹ ਗੱਲ ਯਾਦ ਰੱਖੋ ਕਿ ਯਹੋਵਾਹ ਸਾਡੇ ਹਾਲਾਤਾਂ ਨੂੰ ਜਾਣਦਾ ਹੈ। ਉਸ ਨੂੰ ਪ੍ਰਾਰਥਨਾ ਕਰਨ ਨਾਲ ਸਾਡੀ ਸੋਚਣੀ ਸੁਧਾਰਦੀ ਹੈ ਅਤੇ ਪ੍ਰਾਰਥਨਾ ਕਰਨ ਦੁਆਰਾ ਅਸੀਂ ਨਿਮਰਤਾ ਦਿਖਾਉਂਦੇ ਹਾਂ। ਜੇ ਅਸੀਂ ਕਿਸੇ ਸਿਆਣੇ ਮਿੱਤਰ ਨਾਲ ਆਪਣੀ ਸਮੱਸਿਆ ਬਾਰੇ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਦੇਖਣ ਵਿਚ ਵੀ ਮਦਦ ਮਿਲੇਗੀ ਕਿ ਸਾਡੀ ਸਮੱਸਿਆ ਦਾ ਕੀ ਕਾਰਨ ਹੈ।—8/1, ਸਫ਼ੇ 29, 30.