ਕੰਮ ਕਰਨ ਵਾਸਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਨੂੰ ਚਲੋ!
ਕੰਮ ਕਰਨ ਵਾਸਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਨੂੰ ਚਲੋ!
ਆਸਟ੍ਰੇਲੀਆ ਵਿਚ ਬਰਿਜ਼ਬੇਨ ਅਤੇ ਸਿਡਨੀ ਦੇ ਹਵਾਈ ਅੱਡਿਆਂ ਤੇ ਅੱਗੇ ਨਾਲੋਂ ਕਿਤੇ ਜ਼ਿਆਦਾ ਹੱਲ-ਚੱਲ ਮੱਚੀ ਹੋਈ ਸੀ। ਛਤਾਲ਼ੀ ਲੋਕ ਸਮੋਆ ਦੇ ਟਾਪੂ ਨੂੰ ਜਾਣ ਲਈ ਤਿਆਰ ਸਨ ਜਿੱਥੇ ਉਨ੍ਹਾਂ ਨੇ 39 ਹੋਰ ਲੋਕਾਂ ਨਾਲ ਮਿਲਣਾ ਸੀ। ਇਨ੍ਹਾਂ ਨੇ ਨਿਊਜ਼ੀਲੈਂਡ, ਹਵਾਈ, ਅਤੇ ਅਮਰੀਕਾ ਤੋਂ ਆਉਣਾ ਸੀ। ਉਨ੍ਹਾਂ ਦਾ ਸਾਮਾਨ ਆਮ ਯਾਤਰੀਆਂ ਦੇ ਸਾਮਾਨ ਤੋਂ ਬੜਾ ਅਜੀਬ ਸੀ। ਅਜਿਹੇ ਸੋਹਣੇ, ਨਿੱਘੇ
ਟਾਪੂ ਨੂੰ ਜਾ ਰਹੇ ਲੋਕ ਹਥੌੜੇ, ਆਰੀਆਂ, ਅਤੇ ਡਰਿੱਲਾਂ ਵਰਗੇ ਔਜ਼ਾਰ ਨਾਲ ਨਹੀਂ ਲੈ ਕੇ ਜਾਂਦੇ ਹਨ। ਪਰ ਇਨ੍ਹਾਂ ਬੰਦਿਆਂ ਦਾ ਉੱਥੇ ਜਾਣਾ ਕੋਈ ਸਾਧਾਰਣ ਜਿਹੀ ਗੱਲ ਨਹੀਂ ਸੀ।
ਉਹ ਸਾਰੇ ਆਪਣੇ ਹੀ ਖ਼ਰਚੇ ਤੇ ਜਾ ਰਹੇ ਸਨ। ਯਹੋਵਾਹ ਦੇ ਗਵਾਹਾਂ ਦੇ ਆਸਟ੍ਰੇਲੀਆ ਸ਼ਾਖਾ ਦੇ ਇੰਜੀਨੀਅਰੀ ਦਫ਼ਤਰ ਦੀ ਨਿਗਰਾਨੀ ਅਧੀਨ ਇਨ੍ਹਾਂ ਨੇ ਦੋ ਹਫ਼ਤਿਆਂ ਲਈ ਤਨਖ਼ਾਹ ਤੋਂ ਬਿਨਾਂ ਉਸਾਰੀ ਦਾ ਕੰਮ ਕਰਨਾ ਸੀ। ਸ਼ਾਂਤ ਮਹਾਂਸਾਗਰ ਦੇ ਟਾਪੂਆਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ। ਇਸ ਲਈ ਕਿੰਗਡਮ ਹਾਲ, ਸੰਮੇਲਨ ਭਵਨ, ਮਿਸ਼ਨਰੀਆਂ ਲਈ ਘਰ, ਅਤੇ ਸ਼ਾਖਾ ਦਫ਼ਤਰ ਜਾਂ ਅਨੁਵਾਦਕਾਂ ਲਈ ਦਫ਼ਤਰ ਬਣਾਉਣੇ ਜ਼ਰੂਰੀ ਹਨ। ਇਸ ਸਾਰੇ ਕੰਮ ਦਾ ਖ਼ਰਚਾ ਸਵੈ-ਇੱਛਿਤ ਦਾਨ ਤੋਂ ਭਰਿਆ ਜਾਂਦਾ ਹੈ। ਆਓ ਅਸੀਂ ਕੁਝ ਕਾਮਿਆਂ ਨਾਲ ਤੁਹਾਡੀ ਮੁਲਾਕਾਤ ਕਰਾਈਏ ਜੋ ਆਪਣੇ ਮੁਲਕਾਂ ਵਿਚ ਕਿੰਗਡਮ ਹਾਲ ਦੀਆਂ ਉਸਾਰੀ ਟੀਮਾਂ ਵਿਚ ਕੰਮ ਕਰਦੇ ਸਨ।
ਮੈਕਸ ਨਾਂ ਦਾ ਭਾਈ ਕੈਉਰਾ, ਨਿਊ ਸਾਉਥ ਵੇਲਜ਼ ਆਸਟ੍ਰੇਲੀਆ ਤੋਂ ਹੈ ਅਤੇ ਛੱਤਾਂ ਪਾਉਣ ਦਾ ਕੰਮ ਕਰਦਾ ਹੈ। ਉਹ ਸ਼ਾਦੀ-ਸ਼ੁਦਾ ਹੈ ਅਤੇ ਉਸ ਦੇ ਪੰਜ ਬੱਚੇ ਹਨ। ਆਰਨਲਡ ਨਾਂ ਦਾ ਇਕ ਹੋਰ ਭਰਾ ਹਵਾਈ ਟਾਪੂ ਤੋਂ ਹੈ। ਉਸ ਦੇ ਦੋ ਲੜਕੇ ਹਨ, ਅਤੇ ਉਹ ਪਾਇਨੀਅਰੀ ਵੀ ਕਰਦਾ ਹੈ। ਮੈਕਸ ਵਾਂਗ ਆਰਨਲਡ ਵੀ ਆਪਣੀ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਬਾਕੀ ਸਾਰੇ ਭਰਾ ਜੋ ਉਸਾਰੀ ਦੇ ਇਸ ਕੰਮ ਵਿਚ ਹਿੱਸਾ ਲੈਂਦੇ ਹਨ, ਇਨ੍ਹਾਂ ਭਰਾਵਾਂ ਵਰਗੇ ਹਨ। ਇਨ੍ਹਾਂ ਆਦਮੀਆਂ ਕੋਲ ਫ਼ਜ਼ੂਲ ਅਤੇ ਵੇਲਾ ਸਮਾਂ ਨਹੀਂ ਹੈ। ਇਹ ਇੱਥੇ ਕੰਮ ਕਰਨ ਲਈ ਆਉਂਦੇ ਹਨ ਕਿਉਂਕਿ ਇਹ ਅਤੇ ਇਨ੍ਹਾਂ ਦੇ ਪਰਿਵਾਰ ਜਾਣਦੇ ਹਨ ਕਿ ਕਾਮਿਆਂ ਦੀ ਜ਼ਰੂਰਤ ਹੈ ਅਤੇ ਉਹ ਮਦਦ ਕਰਨੀ ਚਾਹੁੰਦੇ ਹਨ।
ਬਹੁਕੌਮੀ ਮਜ਼ਦੂਰ ਜ਼ਰੂਰੀ ਕੰਮ ਕਰਨ ਆਏ
ਟੂਵਾਲੂ ਮੁਲਕ ਇਕ ਦੂਰ-ਦੁਰਾਡੀ ਜਗ੍ਹਾ ਹੈ ਜਿੱਥੇ ਇਨ੍ਹਾਂ ਮਜ਼ਦੂਰਾਂ ਦੀ ਕਾਰੀਗਰੀ ਦੀ ਜ਼ਰੂਰਤ ਸੀ। ਇਹ ਭੂਮੱਧ-ਰੇਖਾ ਦੇ ਲਾਗੇ ਸਮੋਆ ਟਾਪੂ ਤੋਂ ਉੱਤਰ-ਪੱਛਮੀ ਪਾਸੇ ਨੌਂ ਟਾਪੂਆਂ ਦਾ ਸਮੂਹ ਹੈ। ਇਸ ਮੁਲਕ ਦੀ ਆਬਾਦੀ 10,500 ਹੈ ਅਤੇ ਹਰ ਟਾਪੂ ਦਾ ਇਲਾਕਾ ਲਗਭਗ ਇਕ ਵਰਗ ਮਿਲ ਹੈ। ਇਸ ਮੁਲਕ ਵਿਚ ਰਹਿਣ ਵਾਲੇ 61 ਗਵਾਹਾਂ ਨੂੰ 1994 ਤਕ ਨਵੇਂ ਕਿੰਗਡਮ ਹਾਲ ਅਤੇ ਅਨੁਵਾਦਕਾਂ ਲਈ ਦਫ਼ਤਰਾਂ ਦੀ ਬਹੁਤ ਜ਼ਰੂਰਤ ਸੀ।
ਸ਼ਾਂਤ ਮਹਾਂਸਾਗਰ ਦੇ ਇਸ ਤਪਤ ਇਲਾਕੇ ਵਿਚ ਮਜ਼ਬੂਤ ਇਮਾਰਤਾਂ ਬਣਾਉਣ ਦੀ ਜ਼ਰੂਰਤ ਹੈ ਤਾਂਕਿ ਉਹ ਵਾਵਰੋਲਿਆਂ ਅਤੇ ਤੂਫ਼ਾਨਾਂ ਵਿਚ ਵੀ ਖੜ੍ਹੀਆਂ ਰਹਿਣ। ਅਜਿਹੇ ਤੂਫ਼ਾਨ ਅਤੇ ਵਾਵਰੋਲੇ ਇੱਥੇ ਆਮ
ਹਨ। ਪਰ ਇਨ੍ਹਾਂ ਟਾਪੂਆਂ ਵਿਚ ਇਮਾਰਤਾਂ ਬਣਾਉਣ ਲਈ ਚੰਗੀ ਸਾਮੱਗਰੀ ਮਿਲਣੀ ਔਖੀ ਹੈ। ਇਸ ਮੁਸੀਬਤ ਦਾ ਹੱਲ ਕੀ ਹੋ ਸਕਦਾ ਸੀ? ਸਭ ਕੁਝ ਆਸਟ੍ਰੇਲੀਆ ਤੋਂ ਸਮੁੰਦਰੀ ਜਹਾਜ਼ ਰਾਹੀਂ ਲਿਆਂਦਾ ਗਿਆ, ਭਾਵੇਂ ਛੱਤਾਂ ਦਾ ਸਾਮਾਨ, ਫਰਨੀਚਰ, ਪਰਦੇ, ਗੁਸਲਖ਼ਾਨਿਆਂ ਦਾ ਸਾਮਾਨ, ਨਹਾਉਣ ਲਈ ਸ਼ਾਵਰ, ਮੇਖਾਂ ਅਤੇ ਸਕ੍ਰੂ ਵੀ।ਸਾਰਾ ਕੁਝ ਆਉਣ ਤੋਂ ਪਹਿਲਾਂ, ਮਜ਼ਦੂਰਾਂ ਦੀ ਇਕ ਛੋਟੀ ਜਿਹੀ ਟੀਮ ਨੇ ਜ਼ਮੀਨ ਪੱਧਰੀ ਕੀਤੀ ਅਤੇ ਨੀਂਹ ਧਰੀ। ਫਿਰ ਅੰਤਰ-ਰਾਸ਼ਟਰੀ ਕਾਮਿਆਂ ਨੇ ਆ ਕੇ ਇਮਾਰਤਾਂ ਖੜ੍ਹੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਪੇਂਟ ਕਰਨ ਤੋਂ ਬਾਅਦ ਅੰਦਰ ਸਾਮਾਨ ਰੱਖਿਆ।
ਟੂਵਾਲੂ ਵਿਚ ਇੰਨਾ ਕੁਝ ਹੁੰਦਾ ਦੇਖ ਕੇ ਉੱਥੇ ਦਾ ਰਹਿਣ ਵਾਲਾ ਇਕ ਪਾਦਰੀ ਬਹੁਤ ਹੀ ਗੁੱਸੇ ਹੋਇਆ। ਉਸ ਨੇ ਰੇਡੀਓ ਉੱਤੇ ਐਲਾਨ ਕੀਤਾ ਕਿ ਯਹੋਵਾਹ ਦੇ ਗਵਾਹ “ਬਾਬਲ ਦਾ ਬੁਰਜ” ਬਣਾ ਰਹੇ ਸਨ! ਪਰ ਅਸਲੀਅਤ ਕੀ ਸੀ? “ਪੁਰਾਣੇ ਜ਼ਮਾਨੇ ਵਿਚ ਬਾਬਲ ਦਾ ਬੁਰਜ ਬਣਾਉਣ ਵਾਲਿਆਂ ਨੇ ਜਦੋਂ ਦੇਖਿਆ ਕਿ ਉਹ ਇਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸਨ, ਕਿਉਂਕਿ ਰੱਬ ਨੇ ਉਨ੍ਹਾਂ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਸੀ, ਤਾਂ ਉਨ੍ਹਾਂ ਨੇ ਬੁਰਜ ਉਸਾਰਨ ਦਾ ਕੰਮ ਕਰਨਾ ਛੱਡ ਦਿੱਤਾ ਸੀ,” ਗਰੇਮੀ ਨਾਂ ਦੇ ਇਕ ਵਲੰਟੀਅਰ ਨੇ ਕਿਹਾ। (ਉਤਪਤ 11:1-9) “ਪਰ ਯਹੋਵਾਹ ਪਰਮੇਸ਼ੁਰ ਲਈ ਕੰਮ ਕਰਨ ਵਾਲਿਆਂ ਨਾਲ ਇਸ ਤਰ੍ਹਾਂ ਨਹੀਂ ਹੈ। ਭਾਵੇਂ ਸਾਡੇ ਸਭਿਆਚਾਰ ਜਾਂ ਬੋਲੀ ਵਿਚ ਫ਼ਰਕ ਹੈ, ਕੰਮ ਜ਼ਰੂਰ ਪੂਰਾ ਹੋ ਜਾਂਦਾ ਹੈ।” ਅਤੇ ਟੂਵਾਲੂ ਉੱਤੇ ਵੀ ਕੰਮ ਪੂਰਾ ਹੋ ਗਿਆ ਸੀ, ਸਿਰਫ਼ ਦੋ ਹਫ਼ਤਿਆਂ ਵਿਚ। ਇਮਾਰਤਾਂ ਨੂੰ ਸਮਰਪਣ ਕਰਨ ਦੇ ਸਮੇਂ 163 ਲੋਕ ਆਏ ਸਨ ਜਿਨ੍ਹਾਂ ਵਿਚ ਪਰਧਾਨ ਮੰਤਰੀ ਦੀ ਬੀਵੀ ਵੀ ਸੀ।
ਡਗ ਨਾਂ ਦੇ ਭਰਾ ਨੇ ਇਸ ਕੰਮ ਦੀ ਨਿਗਰਾਨੀ ਕੀਤੀ ਸੀ। ਉਹ ਉਸ ਸਮੇਂ ਬਾਰੇ ਸੋਚਦੇ ਹੋਏ ਕਹਿੰਦਾ ਹੈ: “ਦੂਸਰਿਆਂ ਦੇਸ਼ਾਂ ਤੋਂ ਆਏ ਹੋਏ ਵਲੰਟੀਅਰਾਂ ਨਾਲ ਕੰਮ ਕਰ ਕੇ ਬੜਾ ਮਜ਼ਾ ਆਇਆ। ਸਾਡੇ ਕੰਮ ਕਰਨ ਦੇ ਤਰੀਕੇ ਵੱਖਰੇ ਹਨ, ਚੀਜ਼ਾਂ ਜਾਂ ਕੰਮਾਂ ਦੇ ਨਾਂ ਵੱਖਰੇ ਹਨ, ਅਤੇ ਅਸੀਂ ਮਿਣਤੀ ਵੀ ਵੱਖਰੀ ਤਰ੍ਹਾਂ ਕਰਦੇ ਹਾਂ, ਪਰ ਇਨ੍ਹਾਂ ਵਿੱਚੋਂ ਇਕ ਵੀ ਗੱਲ ਅੜਿੱਕਾ ਨਹੀਂ ਬਣੀ।” ਅਜਿਹੇ ਕਈਆਂ ਪ੍ਰਾਜੈਕਟਾਂ ਵਿਚ ਹਿੱਸਾ ਲੈਣ ਤੋਂ ਬਾਅਦ ਉਸ ਨੇ ਕਿਹਾ: “ਹੁਣ ਮੈਨੂੰ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੀ ਮਦਦ ਨਾਲ, ਉਸ ਦੇ ਲੋਕ ਧਰਤੀ ਦੇ ਕਿਸੇ ਵੀ ਕੋਣੇ ਵਿਚ ਇਕ ਇਮਾਰਤ ਖੜ੍ਹੀ ਕਰ ਸਕਦੇ ਹਨ, ਭਾਵੇਂ ਉਹ ਜਗ੍ਹਾ ਜਿੰਨੀ ਮਰਜ਼ੀ ਦੂਰ-ਦੁਰਾਡੀ ਕਿਉਂ ਨਾ ਹੋਵੇ। ਇਹ ਗੱਲ ਸੱਚ ਹੈ ਕਿ ਸਾਡੇ ਭਰਾ ਕਾਫ਼ੀ ਕਾਰੀਗਰ ਹਨ ਪਰ ਸਿਰਫ਼ ਯਹੋਵਾਹ ਦੀ ਸ਼ਕਤੀ ਹੀ ਇਸ ਕੰਮ ਨੂੰ ਮੁਮਕਿਨ ਬਣਾਉਂਦੀ ਹੈ।”
ਟਾਪੂਆਂ ਤੇ ਰਹਿੰਦੇ ਪਰਿਵਾਰਾਂ ਨੂੰ ਵੀ ਪਰਮੇਸ਼ੁਰ ਦੀ ਸ਼ਕਤੀ ਉਤੇਜਿਤ ਕਰਦੀ ਹੈ। ਉਨ੍ਹਾਂ ਨੇ ਕਾਮਿਆਂ ਦੇ ਰਹਿਣ ਲਈ ਜਗ੍ਹਾ ਅਤੇ ਰੋਟੀ-ਪਾਣੀ ਦਾ ਇੰਤਜ਼ਾਮ ਕੀਤਾ। ਉਨ੍ਹਾਂ ਲਈ ਇਹ ਕਰਨਾ ਆਸਾਨ ਨਹੀਂ ਸੀ ਅਤੇ ਬਾਹਰੋਂ ਆਏ ਕਾਮਿਆਂ ਨੇ ਇਸ ਦੀ ਬਹੁਤ ਹੀ ਕਦਰ ਕੀਤੀ। ਕੈਂਨ ਨਾਂ ਦਾ ਬੰਦਾ ਮੈਲਬੋਰਨ ਆਸਟ੍ਰੇਲੀਆ ਤੋਂ ਹੈ ਅਤੇ ਉਸ ਨੇ ਫਰਾਂਸੀਸੀ ਪੌਲੀਨੀਸ਼ੀਆ ਵਿਚ ਵੀ ਅਜਿਹਾ ਉਸਾਰੀ ਦਾ ਕੰਮ ਕੀਤਾ ਹੈ। ਉਹ ਕਹਿੰਦਾ ਹੈ: “ਅਸੀਂ ਨੌਕਰ ਬਣ ਕੇ ਆਏ ਸੀ, ਪਰ ਸਾਡੀ ਸੇਵਾ ਰਾਜਿਆਂ ਵਾਂਗ ਕੀਤੀ ਗਈ।” ਜਦੋਂ ਵੀ ਹੋ ਸਕੇ ਤਾਂ ਉੱਥੇ ਦੇ ਰਹਿਣ ਵਾਲੇ ਗਵਾਹ ਵੀ ਉਸਾਰੀ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਸੋਲਮਨ ਦੀਪ-ਸਮੂਹ ਵਿਚ ਔਰਤਾਂ ਨੇ ਹੱਥਾਂ ਨਾਲ ਕੰਕਰੀਟ ਤਿਆਰ ਕੀਤੀ। ਇਕ ਸੌ ਆਦਮੀਆਂ ਅਤੇ ਔਰਤਾਂ ਨੇ ਚਿੱਕੜ ਭਰੀਆਂ ਪਹਾੜੀਆਂ ਤੋਂ 40 ਟਨ ਲੱਕੜ ਥੱਲੇ ਲਿਆਂਦੀ। ਨੌਜਵਾਨਾਂ ਨੇ ਵੀ ਨਾਲ ਨਾਲ ਕੰਮ ਕੀਤਾ। ਨਿਊਜ਼ੀਲੈਂਡ ਤੋਂ ਇਕ ਭਰਾ ਦੱਸਦਾ ਹੈ: “ਮੈਨੂੰ ਇਕ ਜਵਾਨ ਭਰਾ ਯਾਦ ਆਉਂਦਾ ਹੈ, ਜੋ ਇੱਕੋ ਵਾਰ ਸੀਮਿੰਟ ਦੀਆਂ ਦੋ ਜਾਂ ਤਿੰਨ ਬੋਰੀਆਂ ਚੁੱਕਦਾ ਸੀ। ਉਹ ਸਾਰਾ ਦਿਨ ਬੇਲਚੇ ਨਾਲ ਰੋੜੀ ਚੁੱਕਦਾ ਸੀ, ਭਾਵੇਂ ਧੁੱਪੇ ਭਾਵੇਂ ਮੀਂਹ ਵਿਚ।”
ਉੱਥੇ ਦੇ ਗਵਾਹਾਂ ਨੂੰ ਕੰਮ ਵਿਚ ਹਿੱਸਾ ਲੈਣ ਨਾਲ ਹੋਰ ਵੀ ਫ਼ਾਇਦਾ ਹੁੰਦਾ ਹੈ। ਸਮੋਆ ਤੋਂ ਵਾਚ ਟਾਵਰ ਸੋਸਾਇਟੀ ਦਾ ਸ਼ਾਖਾ ਦਫ਼ਤਰ ਰਿਪੋਰਟ ਕਰਦਾ ਹੈ: “ਟਾਪੂਆਂ ਤੇ ਰਹਿਣ ਵਾਲੇ ਭਰਾਵਾਂ ਨੂੰ ਅਜਿਹੀ ਕਾਰੀਗਰੀ ਦੀ ਸਿਖਲਾਈ ਮਿਲੀ ਹੈ ਜੋ ਉਹ ਕਿੰਗਡਮ ਹਾਲ ਉਸਾਰਨ ਅਤੇ ਤੂਫ਼ਾਨਾਂ ਤੋਂ ਬਾਅਦ ਮੁਰੰਮਤ ਕਰਨ ਲਈ ਵਰਤ ਸਕਦੇ ਹਨ। ਇਸ ਨਾਲ ਉਹ ਸ਼ਾਇਦ ਆਪਣਾ ਗੁਜ਼ਾਰਾ ਵੀ ਕਰ ਸਕਣ, ਕਿਉਂਕਿ ਕਾਫ਼ੀ ਲੋਕਾਂ ਲਈ ਇੱਥੇ ਨੌਕਰੀ ਮਿਲਣੀ ਮੁਸ਼ਕਲ ਹੈ।”
ਉਸਾਰੀ ਦੇ ਕੰਮ ਤੋਂ ਚੰਗੀ ਗਵਾਹੀ
ਕੌਲਿਨ ਨਾਂ ਦੇ ਬੰਦੇ ਨੇ ਹੌਨਿਆਰਾ ਵਿਚ ਸੋਲਮਨ ਦੀਪ-ਸਮੂਹ ਦਾ ਸੰਮੇਲਨ ਭਵਨ ਬਣਦਾ ਦੇਖਿਆ ਸੀ। ਉਹ ਬੜਾ ਹੀ ਪ੍ਰਭਾਵਿਤ ਹੋਇਆ ਅਤੇ ਉਸ ਨੇ ਵਾਚ ਟਾਵਰ ਸੋਸਾਇਟੀ ਦੇ ਸ਼ਾਖਾ ਦਫ਼ਤਰ ਨੂੰ ਇਸ ਤਰ੍ਹਾਂ ਸਾਧਾਰਣ ਜਿਹੀ ਭਾਸ਼ਾ ਵਿਚ ਲਿਖਿਆ: “ਉਹ ਸਾਰੇ ਇਕ ਮਨ ਲੱਗਦੇ ਸਨ। ਉਨ੍ਹਾਂ ’ਚੋਂ ਇਕ ਵੀ ਚਿੜਚਿੜਾ ਨਹੀਂ ਸੀ ਅਤੇ ਉਹ ਸਾਰੇ ਇੱਕੋ ਟੱਬਰ ਜਾਪਦੇ ਸਨ।” ਉਸ ਤੋਂ ਥੋੜ੍ਹੀ ਦੇਰ ਬਾਅਦ ਉਹ 25 ਮਿਲ ਦੂਰ ਆਰੂਲੀਗੋ ਵਿਚ, ਆਪਣੇ ਪਿੰਡ ਵਾਪਸ ਆਇਆ। ਉੱਥੇ ਉਸ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਇਕ ਕਿੰਗਡਮ ਹਾਲ ਬਣਾਇਆ। ਫਿਰ ਉਨ੍ਹਾਂ ਨੇ ਸ਼ਾਖਾ ਦਫ਼ਤਰ ਨੂੰ ਇਕ ਹੋਰ ਸੁਨੇਹਾ ਭੇਜਿਆ: “ਸਾਡਾ ਕਿੰਗਡਮ ਹਾਲ ਤਿਆਰ ਹੈ, ਅਤੇ ਪੋਡੀਅਮ ਵੀ ਤਿਆਰ ਹੈ, ਤਾਂ ਫਿਰ ਕੀ ਅਸੀਂ ਹੁਣ ਮੀਟਿੰਗਾਂ ਕਰ ਸਕਦੇ ਹਾਂ?” ਮੀਟਿੰਗਾਂ ਦਾ ਇਕਦਮ ਇੰਤਜ਼ਾਮ ਕੀਤਾ ਗਿਆ ਅਤੇ ਹੁਣ 60 ਤੋਂ ਜ਼ਿਆਦਾ ਲੋਕ ਹਰ ਹਫ਼ਤੇ ਹਾਜ਼ਰ ਹੁੰਦੇ ਹਨ।
ਯੂਰਪੀ ਸੰਘ ਦੇ ਇਕ ਸਲਾਹਕਾਰ ਨੇ ਟੂਵਾਲੂ ਵਿਚ ਉਸਾਰੀ ਦਾ ਕੰਮ ਹੁੰਦਾ ਦੇਖਿਆ। ਉਸ ਨੇ ਉੱਥੇ ਕੰਮ ਕਰਨ ਵਾਲੇ ਇਕ ਭਰਾ ਨੂੰ ਕਿਹਾ ਕਿ “ਸਾਰੇ ਤੁਹਾਨੂੰ ਇਸ ਤਰ੍ਹਾਂ ਕਹਿੰਦੇ ਹੋਣਗੇ ਪਰ ਮੇਰੇ ਲਈ ਤਾਂ ਇਹ ਇਕ ਚਮਤਕਾਰ ਹੈ!” ਟੈਲੀਫ਼ੋਨ ਕੇਂਦਰ ਵਿਚ ਕੰਮ ਕਰ ਰਹੀ ਇਕ ਹੋਰ ਔਰਤ ਨੇ ਇਕ ਵਲੰਟੀਅਰ ਨੂੰ ਪੁੱਛਿਆ: “ਤੁਸੀਂ ਸਾਰੇ ਇੰਨੇ ਖ਼ੁਸ਼ ਕਿਉਂ ਹੋ? ਇੱਥੇ ਇੰਨੀ ਗਰਮੀ ਪਈ ਹੋਈ ਹੈ!” ਉਨ੍ਹਾਂ ਨੇ ਪਹਿਲਾਂ ਕਦੇ ਲੋਕਾਂ ਨੂੰ ਇਕ ਦੂਸਰੇ ਲਈ ਇਸ ਤਰ੍ਹਾਂ ਕੰਮ ਕਰਦੇ ਹੋਏ ਨਹੀਂ ਦੇਖਿਆ ਸੀ।
ਪਛਤਾਵੇ ਤੋਂ ਬਿਨਾਂ ਕੁਰਬਾਨੀਆਂ
“ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ,” 2 ਕੁਰਿੰਥੀਆਂ 9:6 ਵਿਚ ਬਾਈਬਲ ਇਸ ਤਰ੍ਹਾਂ ਕਹਿੰਦੀ ਹੈ। ਕਾਮੇ, ਉਨ੍ਹਾਂ ਦੇ ਪਰਿਵਾਰ, ਅਤੇ ਉਨ੍ਹਾਂ ਦੀਆਂ ਕਲੀਸਿਯਾਵਾਂ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਵਿਚ ਰਹਿਣ ਵਾਲੇ ਗਵਾਹਾਂ ਦੀ ਮਦਦ ਕਰਨ ਦੁਆਰਾ ਖੁਲ੍ਹੇ ਹੱਥ ਬੀਜੀ ਜਾਂਦੇ ਹਨ। ਸਿਡਨੀ ਦੇ ਲਾਗੇ ਕੀਨਕੰਭਰ ਵਿਚ ਰਹਿਣ ਵਾਲੇ ਰੌਸ ਨਾਂ ਦੇ ਬਜ਼ੁਰਗ ਨੇ ਕਿਹਾ: “ਮੇਰੀ ਕਲੀਸਿਯਾ ਦੇ ਭਰਾਵਾਂ ਨੇ ਮੇਰੇ ਟਿਕਟ ਦਾ ਲਗਭਗ ਤੀਜਾ ਹਿੱਸਾ ਮੈਨੂੰ ਦਿੱਤਾ, ਅਤੇ ਮੇਰੇ ਇਕ ਰਿਸ਼ਤੇਦਾਰ ਨੇ ਮੈਨੂੰ 500 ਹੋਰ ਡਾਲਰ ਖ਼ਰਚੇ ਲਈ ਦਿੱਤੇ, ਅਤੇ ਉਹ ਵੀ ਮੇਰੇ ਨਾਲ ਆਇਆ।” ਇਕ ਹੋਰ ਭਰਾ ਨੇ ਆਪਣੀ ਕਾਰ ਵੇਚ ਕੇ ਆਪਣਾ ਖ਼ਰਚਾ ਭਰਿਆ। ਦੂਜੇ ਨੇ ਥੋੜ੍ਹੀ ਜਿਹੀ ਜ਼ਮੀਨ ਵੇਚੀ। ਕੈਵਿਨ ਨੂੰ 900 ਡਾਲਰ ਹੋਰ ਚਾਹੀਦੇ ਸਨ, ਇਸ ਲਈ ਉਸ ਨੇ ਆਪਣੇ ਦੋ-ਸਾਲਾ 16 ਕਬੂਤਰਾਂ ਨੂੰ ਵੇਚਣ ਦਾ ਫ਼ੈਸਲਾ ਕੀਤਾ। ਉਸ ਦੇ ਇਕ ਵਾਕਫ਼ ਰਾਹੀਂ ਉਸ ਨੂੰ ਗਾਹਕ ਮਿਲ ਗਿਆ ਜਿਸ ਨੇ ਕਬੂਤਰਾਂ ਲਈ ਉਸ ਨੂੰ ਪੂਰੇ 900 ਡਾਲਰ ਦਿੱਤੇ!
ਡੈਨੀ ਅਤੇ ਸ਼ਰਲ ਨੂੰ ਪੁੱਛਿਆ ਗਿਆ: “ਕੀ ਜਹਾਜ਼ ਦੇ ਟਿਕਟ ਅਤੇ ਤਨਖ਼ਾਹ ਤੋਂ ਬਿਨਾਂ ਕੰਮ ਤੋਂ ਛੁੱਟੀ ਲੈਣ ਦੇ 6,000 ਡਾਲਰਾਂ ਦੇ ਖ਼ਰਚੇ ਦਾ ਤੁਹਾਨੂੰ ਕੋਈ ਫ਼ਾਇਦਾ ਹੋਇਆ?” ਉਨ੍ਹਾਂ ਨੇ ਜਵਾਬ ਦਿੱਤਾ, “ਜੀ ਹਾਂ! ਇਸ ਤੋਂ ਦੁਗਣੇ ਖ਼ਰਚੇ ਤੇ ਵੀ ਇਹ ਲਾਭਕਾਰੀ ਹੋਣਾ ਸੀ।” ਨੈਲਸਨ, ਨਿਊਜ਼ੀਲੈਂਡ ਦੇ ਰਹਿਣ ਵਾਲੇ ਐਲਨ ਨੇ ਕਿਹਾ: “ਟੂਵਾਲੂ ਜਾਣ ਨੂੰ ਜਿੰਨਾ ਮੇਰਾ ਖ਼ਰਚਾ ਹੋਇਆ, ਉਸ ਤੋਂ ਘੱਟ ਪੈਸੇ ਨਾਲ ਮੈਂ ਯੂਰਪ ਜਾ ਸਕਦਾ ਸੀ। ਪਰ ਕੀ ਮੈਨੂੰ ਇੰਨੀਆਂ ਬਰਕਤਾਂ ਮਿਲਣੀਆਂ ਸਨ, ਜਾਂ ਵੱਖੋ-ਵੱਖਰੇ ਮੁਲਕਾਂ ਅਤੇ ਸਭਿਆਚਾਰਾਂ ਤੋਂ ਮੈਂ ਇੰਨੇ ਸਾਰੇ ਦੋਸਤ ਬਣਾਉਣੇ ਸਨ? ਜਾਂ ਕੀ ਮੈਂ ਆਪਣੇ ਤੋਂ ਬਜਾਇ ਕਿਸੇ ਹੋਰ ਲਈ ਕੁਝ ਕਰ ਸਕਦਾ ਸੀ? ਨਹੀਂ! ਪਰ ਫਿਰ ਵੀ, ਮੈਂ ਟਾਪੂਆਂ ਤੇ ਰਹਿੰਦੇ ਆਪਣੇ ਭਰਾਵਾਂ ਲਈ ਜਿੰਨਾ ਮਰਜ਼ੀ ਕੀਤਾ, ਉਨ੍ਹਾਂ ਨੇ ਬਦਲੇ ਵਿਚ ਮੈਨੂੰ ਉਸ ਤੋਂ ਕਿਤੇ ਵੱਧ ਦਿੱਤਾ ਹੈ।”
ਉਸਾਰੀ ਦੇ ਇਸ ਕੰਮ ਦੀ ਕਾਮਯਾਬੀ ਪਰਿਵਾਰਾਂ ਦੀ ਮਦਦ ਨਾਲ ਹੀ ਹੁੰਦੀ ਹੈ। ਕੁਝ ਆਦਮੀ ਆਪਣੀਆਂ ਘਰ ਵਾਲੀਆਂ ਨੂੰ ਨਾਲ ਲੈ ਕੇ ਜਾ ਸਕਦੇ ਹਨ ਅਤੇ ਉਹ ਉਨ੍ਹਾਂ ਨਾਲ ਕੰਮ ਵੀ ਕਰ ਸਕਦੀਆਂ ਹਨ, ਪਰ ਦੂਸਰੇ ਭਰਾਵਾਂ ਦੀਆਂ ਪਤਨੀਆਂ ਉਨ੍ਹਾਂ ਦੇ ਨਾਲ ਨਹੀਂ ਆ ਸਕਦੀਆਂ ਕਿਉਂਕਿ ਉਨ੍ਹਾਂ ਦੇ ਬੱਚੇ ਅਜੇ ਸਕੂਲੇ ਜਾਂਦੇ ਹਨ ਜਾਂ ਉਨ੍ਹਾਂ ਨੇ ਘਰ ਦਾ ਕਾਰੋਬਾਰ ਚਲਾਉਣਾ ਹੁੰਦਾ ਹੈ। ਕਲੇ ਨਾਂ ਦਾ ਇਕ ਪਤੀ ਦੱਸਦਾ ਹੈ ਕਿ “ਮੇਰੀ ਘਰ ਵਾਲੀ ਨੇ ਪਿੱਛੇ ਰਹਿ ਕੇ ਘਰ ਅਤੇ ਬੱਚਿਆਂ ਦੀ ਦੇਖ-ਭਾਲ ਕਰ ਕੇ ਮੇਰੇ ਨਾਲੋਂ ਕਿਤੇ ਜ਼ਿਆਦਾ ਕੁਰਬਾਨ ਕੀਤਾ।” ਜੀ ਹਾਂ, ਸਾਰੇ ਪਤੀ ਜੋ ਆਪਣੀਆਂ ਬੀਵੀਆਂ ਨੂੰ ਨਾਲ ਨਹੀਂ ਲੈ ਕੇ ਜਾ ਸਕੇ ਇਸ ਨਾਲ ਸਹਿਮਤ ਹੋਣਗੇ।
ਟੂਵਾਲੂ ਵਿਚ ਕੰਮ ਖ਼ਤਮ ਹੋਣ ਤੋਂ ਬਾਅਦ ਵਲੰਟੀਅਰਾਂ ਨੇ ਫ਼ਿਜੀ, ਟੋਂਗਾ, ਪਾਪੂਆ ਨਿਊ ਗਿਨੀ, ਨਿਊ ਕੈਲੇਡੋਨੀਆ, ਅਤੇ ਹੋਰ ਥਾਂਵਾਂ ਤੇ ਕਿੰਗਡਮ ਹਾਲ, ਸੰਮੇਲਨ ਭਵਨ, ਮਿਸ਼ਨਰੀਆਂ ਲਈ ਘਰ ਅਤੇ ਅਨੁਵਾਦਕਾਂ ਲਈ ਦਫ਼ਤਰ ਬਣਾਏ ਹਨ। ਦੱਖਣ-ਪੂਰਬੀ ਏਸ਼ੀਆ ਅਤੇ ਕਈ ਹੋਰ ਥਾਂਵਾਂ ਤੇ ਅਜਿਹੇ ਕੰਮ ਦੀ ਅਜੇ ਤਿਆਰੀ ਹੋ ਰਹੀ ਹੈ। ਕੀ ਕਾਮਿਆਂ ਦੀ ਥੁੜ ਹੋਵੇਗੀ?
ਇਸ ਤਰ੍ਹਾਂ ਨਹੀਂ ਹੋਵੇਗਾ। ਹਵਾਈ ਟਾਪੂ ਦਾ ਸ਼ਾਖਾ ਦਫ਼ਤਰ ਲਿਖਦਾ ਹੈ ਕਿ “ਜਿਨ੍ਹਾਂ ਨੇ ਉਸਾਰੀ ਦੇ ਅੰਤਰ-ਰਾਸ਼ਟਰੀ ਕੰਮ ਵਿਚ ਇੱਥੇ ਹਿੱਸਾ ਲਿਆ ਹੈ ਉਹ ਫਿਰ ਜਾਣਾ ਚਾਹੁੰਦੇ ਹਨ। ਘਰ ਵਾਪਸ ਜਾਂਦੇ ਹੀ ਉਹ ਪੈਸੇ ਜੋੜਨ ਲੱਗ ਪੈਂਦੇ ਹਨ।” ਅਜਿਹਾ ਕੰਮ ਕਾਮਯਾਬ ਕਿਸ ਤਰ੍ਹਾਂ ਨਹੀਂ ਹੋਵੇਗਾ ਜਿਸ ਵਿਚ ਯਹੋਵਾਹ ਦੀਆਂ ਬਰਕਤਾਂ ਦੇ ਨਾਲ-ਨਾਲ ਲੋਕ ਅਜਿਹੀਆਂ ਕੁਰਬਾਨੀਆਂ ਕਰਨ ਲਈ ਤਿਆਰ ਹਨ?
[ਸਫ਼ੇ 9 ਉੱਤੇ ਤਸਵੀਰ]
ਉਸਾਰੀ ਦਾ ਸਾਮਾਨ
[ਸਫ਼ੇ 9 ਉੱਤੇ ਤਸਵੀਰਾਂ]
ਕਾਮੇ ਕੰਮ ਕਰ ਰਹੇ
[ਸਫ਼ੇ 10 ਉੱਤੇ ਤਸਵੀਰਾਂ]
ਕੰਮ ਪੂਰਾ ਹੁੰਦਾ ਦੇਖ ਕੇ ਅਸੀਂ ਖ਼ੁਸ਼ ਹੋਏ ਕਿ ਯਹੋਵਾਹ ਦੀ ਸ਼ਕਤੀ ਕੀ ਕੁਝ ਕਰਵਾ ਸਕਦੀ ਹੈ