ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਯਸਾਯਾਹ ਦੇ 53ਵੇਂ ਅਧਿਆਇ ਵਿਚ ਮਸੀਹਾ ਬਾਰੇ ਇਕ ਮਸ਼ਹੂਰ ਭਵਿੱਖਬਾਣੀ ਲਿਖੀ ਗਈ ਹੈ। ਯਸਾ 53 ਦਸਵੀਂ ਆਇਤ ਕਹਿੰਦੀ ਹੈ: “ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ।” ਇਸ ਦਾ ਕੀ ਮਤਲਬ ਹੈ?
ਅਸੀਂ ਸਮਝ ਸਕਦੇ ਹਾਂ ਕਿ ਯਸਾਯਾਹ 53:10 ਬਾਰੇ ਸਵਾਲ ਕਿਉਂ ਪੈਦਾ ਹੋ ਸਕਦਾ ਹੈ। ਸੱਚੇ ਮਸੀਹੀ ਇਹ ਜਾਣਦੇ ਹਨ ਕਿ ਉਨ੍ਹਾਂ ਦਾ ਦਇਆਵਾਨ ਅਤੇ ਕੋਮਲ ਪਰਮੇਸ਼ੁਰ ਕਿਸੇ ਨੂੰ ਕੁਚਲ ਕੇ ਜਾਂ ਸੋਗ ਵਿਚ ਪਾ ਕੇ ਖ਼ੁਸ਼ ਨਹੀਂ ਹੁੰਦਾ। ਬਾਈਬਲ ਸਾਨੂੰ ਇਸ ਗੱਲ ਬਾਰੇ ਵੀ ਪੂਰਾ ਯਕੀਨ ਦਿਲਾਉਂਦੀ ਹੈ ਕਿ ਪਰਮੇਸ਼ੁਰ ਬੇਕਸੂਰ ਲੋਕਾਂ ਨੂੰ ਦੁੱਖ ਨਹੀਂ ਦਿੰਦਾ। (ਬਿਵਸਥਾ ਸਾਰ 32:4; ਯਿਰਮਿਯਾਹ 7:30, 31) ਸਦੀਆਂ ਦੌਰਾਨ ਯਹੋਵਾਹ ਨੇ ਸਮੇਂ-ਸਮੇਂ ਤੇ ਆਪਣੀ ਬੁੱਧ ਅਤੇ ਪ੍ਰੇਮ ਦੇ ਅਨੁਸਾਰ ਲੋਕਾਂ ਨੂੰ ਦੁੱਖ ਝੱਲ ਲੈਣ ਦਿੱਤੇ ਹਨ। ਪਰ, ਉਸ ਨੇ ਆਪਣੇ ਪਿਆਰੇ ਪੁੱਤਰ ਯਿਸੂ ਉੱਤੇ ਦੁੱਖ ਨਹੀਂ ਲਿਆਂਦੇ ਸਨ। ਤਾਂ ਫਿਰ, ਇਸ ਆਇਤ ਦਾ ਕੀ ਮਤਲਬ ਹੈ?
ਅਸੀਂ ਇਸ ਨੂੰ ਸਮਝ ਸਕਾਂਗੇ ਜੇਕਰ ਅਸੀਂ ਪੂਰੀ ਆਇਤ ਪੜ੍ਹਦੇ ਹਾਂ ਅਤੇ ਦੋ ਵਾਰ ਵਰਤੇ ਗਏ ਸ਼ਬਦ ‘ਭਾਉਣ’ ਵੱਲ ਧਿਆਨ ਦਿੰਦੇ ਹਾਂ। ਯਸਾਯਾਹ 53:10 ਵਿਚ ਲਿਖਿਆ ਹੈ: “ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ, ਅਤੇ ਯਹੋਵਾਹ ਦੀ ਭਾਉਣੀ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ।”
ਇਸ ਆਇਤ ਦੇ ਅੰਤ ਵਿਚ “ਯਹੋਵਾਹ ਦੀ ਭਾਉਣੀ” ਬਾਰੇ ਗੱਲ ਕੀਤੀ ਗਈ ਹੈ। ਯਹੋਵਾਹ ਦੀ ਭਾਉਣੀ ਇਹ ਹੈ ਕਿ ਉਹ ਆਪਣੇ ਰਾਜ ਰਾਹੀਂ ਆਪਣਾ ਮਕਸਦ ਪੂਰਾ ਕਰੇਗਾ, ਜੋ ਕਿ ਬਾਈਬਲ ਦਾ ਮੁੱਖ ਸੁਨੇਹਾ ਹੈ। ਜਦੋਂ ਯਹੋਵਾਹ ਆਪਣਾ ਮਕਸਦ ਪੂਰਾ ਕਰੇਗਾ ਤਾਂ ਉਸ ਦੀ ਸਰਬਸੱਤਾ ਸਹੀ ਸਿੱਧ ਹੋਵੇਗੀ ਅਤੇ ਆਗਿਆਕਾਰ ਇਨਸਾਨਾਂ ਦਾ ਪਾਪ, ਜੋ ਵਿਰਸੇ ਵਿਚ ਪ੍ਰਾਪਤ ਕੀਤਾ ਗਿਆ ਹੈ, ਦੂਰ ਕੀਤਾ ਜਾਵੇਗਾ। (1 ਇਤਹਾਸ 29:11; ਜ਼ਬੂਰ 83:18; ਰਸੂਲਾਂ ਦੇ ਕਰਤੱਬ 4:24; ਇਬਰਾਨੀਆਂ 2:14, 15; 1 ਯੂਹੰਨਾ 3:8) ਇਨ੍ਹਾਂ ਗੱਲਾਂ ਨੂੰ ਮੁਮਕਿਨ ਬਣਾਉਣ ਲਈ ਪਰਮੇਸ਼ੁਰ ਦੇ ਪੁੱਤਰ ਨੂੰ ਇਨਸਾਨ ਦਾ ਰੂਪ ਧਾਰ ਕੇ ਰਿਹਾਈ ਦਾ ਬਲੀਦਾਨ ਦੇਣਾ ਪਿਆ। ਅਸੀਂ ਜਾਣਦੇ ਹਾਂ ਕਿ ਇਸ ਵਿਚ ਯਿਸੂ ਨੇ ਦੁੱਖ ਝੱਲਿਆ ਸੀ। ਬਾਈਬਲ ਦੱਸਦੀ ਹੈ ਕਿ “ਜਿਹੜੇ ਉਹ ਨੇ ਦੁਖ ਭੋਗੇ ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।” ਇਸ ਲਈ ਕਿਹਾ ਜਾ ਸਕਦਾ ਹੈ ਕਿ ਯਿਸੂ ਨੂੰ ਇਹ ਦੁੱਖ ਭੋਗਣ ਦੇ ਕਾਰਨ ਲਾਭ ਹੋਇਆ।—ਇਬਰਾਨੀਆਂ 5:7-9.
ਯਿਸੂ ਪਹਿਲਾਂ ਹੀ ਜਾਣਦਾ ਸੀ ਕਿ ਇਸ ਨੇਕ ਰਸਤੇ ਉੱਤੇ ਚੱਲ ਕੇ ਉਸ ਨੂੰ ਦੁੱਖ-ਦਰਦ ਝੱਲਣੇ ਪੈਣਗੇ। ਇਹ ਗੱਲ ਯੂਹੰਨਾ 12:23, 24 ਵਿਚ ਉਸ ਦੇ ਸ਼ਬਦਾਂ ਤੋਂ ਸਾਫ਼ ਜ਼ਾਹਰ ਹੁੰਦੀ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ” ਹੈ। ਜੀ ਹਾਂ, ਯਿਸੂ ਨੂੰ ਪਤਾ ਸੀ ਕਿ ਉਸ ਨੂੰ ਮੌਤ ਤਕ ਆਪਣੀ ਖਰਿਆਈ ਕਾਇਮ ਰੱਖਣੀ ਪੈਣੀ ਸੀ। ਬਿਰਤਾਂਤ ਅੱਗੇ ਕਹਿੰਦਾ ਹੈ: “ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ? ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ। ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ। ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।”—ਯੂਹੰਨਾ 12:27, 28; ਮੱਤੀ 26:38, 39.
ਇਨ੍ਹਾਂ ਸਾਰੀਆਂ ਗੱਲਾਂ ਨੂੰ ਮਨ ਵਿਚ ਰੱਖਦੇ ਹੋਏ ਅਸੀਂ ਯਸਾਯਾਹ 53:10 ਨੂੰ ਸਮਝ ਸਕਦੇ ਹਾਂ। ਯਹੋਵਾਹ ਅੱਛੀ ਤਰ੍ਹਾਂ ਜਾਣਦਾ ਸੀ ਕਿ ਉਸ ਦੇ ਪੁੱਤਰ ਨੂੰ ਕੁਚਲਿਆ ਜਾਣਾ ਸੀ। ਪਰ, ਯਹੋਵਾਹ ਇਹ ਵੀ ਜਾਣਦਾ ਸੀ ਕਿ ਨਤੀਜੇ ਵਜੋਂ ਸਾਰਿਆਂ ਦੀ ਭਲਿਆਈ ਹੋਣੀ ਸੀ, ਇਸ ਲਈ ਉਹ ਉਨ੍ਹਾਂ ਗੱਲਾਂ ਨਾਲ ਸਹਿਮਤ ਸੀ ਜੋ ਯਿਸੂ ਨਾਲ ਹੋਣੀਆਂ ਸਨ। ਇਸ ਭਾਵ ਵਿਚ ‘ਯਹੋਵਾਹ ਨੂੰ ਭਾਇਆ ਕਿ ਮਸੀਹਾ ਨੂੰ ਕੁਚਲਿਆ ਜਾਵੇ।’ ਅਤੇ ਯਿਸੂ ਵੀ ਖ਼ੁਸ਼ ਸੀ ਕਿ ਉਸ ਨੇ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦਾ ਸੀ। ਵਾਕਈ, ਜਿਵੇਂ ਯਸਾਯਾਹ 53:10 ਦੇ ਅੰਤ ਵਿਚ ਲਿਖਿਆ ਹੈ ‘ਯਹੋਵਾਹ ਦੀ ਭਾਉਣੀ ਉਸ ਦੇ ਹੱਥ ਵਿੱਚ ਸਫ਼ਲ ਹੋਈ।’